ਸਿੱਧੀ ਬਿਜਾਈ ਕਰਨ ਵਾਲੇ ਯੋਧੇ ਕਿਸਾਨਾਂ ਨੇ ਗੰਭੀਰ ਚੁਣੌਤੀਆਂ ਦੇ ਬਾਵਜੂਦ ਸਿਰਜਿਆ ਇਤਿਹਾਸ
Tuesday, Jul 14, 2020 - 03:25 PM (IST)
ਗੁਰਦਾਸਪੁਰ (ਹਰਮਨਪ੍ਰੀਤ) - ਇਸ ਸਾਲ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੇਸ਼ ਆਈਆਂ ਕਈ ਔਕੜਾਂ ਦੇ ਬਾਵਜੂਦ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਨੇ ਨਾ ਸਿਰਫ ਪਿਛਲੇ 10 ਸਾਲਾਂ ਦੌਰਾਨ ਸਿੱਧੀ ਬਿਜਾਈ ਵਿਧੀ ਨਾਲ ਲੱਗੇ ਕੁੱਲ ਰਕਬੇ ਤੋਂ ਜ਼ਿਆਦਾ ਰਕਬੇ ’ਚ ਸਿੱਧੀ ਬਿਜਾਈ ਕਰਕੇ ਰਿਕਾਰਡ ਤੋੜ ਦਿੱਤੇ ਹਨ। ਇਨ੍ਹਾਂ ਹਿੰਮਤੀ ਕਿਸਾਨਾਂ ਨੇ ਆਪਣੇ ਸਿੱਦਕ ਅਤੇ ਜ਼ਜਬੇ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਕਰਨ ਦੇ ਨਾਲ-ਨਾਲ ਰਵਾਇਤੀ ਢੰਗ ਨਾਲ ਕੀਤੀ ਜਾਣ ਵਾਲੀ ਲਵਾਈ ਦੇ ਮੁਕਾਬਲੇ ਕਰੀਬ 500 ਕਰੋੜ ਰੁਪਏ ਤੋਂ ਵੀ ਜ਼ਿਆਦਾ ਰਾਸ਼ੀ ਦੀ ਬਚਤ ਵੀ ਕੀਤੀ ਹੈ।
ਇਸ ਵਾਰ ਸਭ ਤੋਂ ਤਸੱਲੀ ਵਾਲੀ ਗੱਲ ਇਹ ਰਹੀ ਹੈ ਕਿ ਬੇਸ਼ੱਕ ਸਿੱਧੀ ਬਿਜਾਈ ਵਾਲੇ ਝੋਨੇ ਦੇ ਕਰੰਡ ਹੋਣ ਸਮੇਤ ਨਦੀਨਾਂ ਦੀ ਸਮੱਸਿਆ ਸਹਿਤ ਹੋਰ ਕਈ ਚੁਣੌਤੀਆਂ ਨੇ ਕੁਝ ਦਿਨਾਂ ਲਈ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਨਿਰਾਸ਼ ਕੀਤਾ ਸੀ। ਪਰ ਇਸ ਦੇ ਬਾਵਜੂਦ ਕਿਸਾਨ ਆਪਣੀ ਮਿਹਨਤ ਸਕਦਾ ਸਿੱਧੀ ਬਿਜਾਈ ਵਾਲੇ ਝੋਨੇ ਨੂੰ ਬਚਾਉਣ ਵਿਚ ਸਫਲ ਰਹੇ ਹਨ। ਇਸ ਵਾਰ ਇਕ ਹੋਰ ਤਸੱਲੀ ਵਾਲੀ ਇਹ ਵੀ ਰਹੀ ਹੈ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਇਸ ਸਾਲ ਸੂਬੇ ਅੰਦਰ ਲੱਗਣ ਵਾਲੇ ਕੁੱਲ ਝੋਨੇ ਦਾ ਕਰੀਬ 20 ਫੀਸਦੀ ਰਕਬਾ ਸਿੱਧੀ ਬਿਜਾਈ ਵਿਧੀ ਹੇਠ ਲਿਆਉਣ ਦਾ ਟੀਚਾ ਮਿਥਿਆ ਸੀ। ਪਰ ਕਿਸਾਨਾਂ ਨੇ ਇਸ ਵਿਧੀ ਨੂੰ ਏਨਾ ਹੁੰਗਾਰਾ ਦਿੱਤਾ ਹੈ ਕਿ ਇਕੋ ਸਾਲ ਵਿਚ ਕਿਸਾਨਾਂ ਨੇ ਕਰੀਬ 34 ਫੀਸਦੀ ਰਕਬੇ ਵਿਚ ਇਸ ਵਿਧੀ ਨਾਲ ਬਿਜਾਈ ਕੀਤੀ ਹੈ।
ਮੱਤੇਵਾੜਾ ਜੰਗਲ ਦੇ ਕੁਦਰਤੀ ਮਾਹੌਲ ਨੂੰ ਵਿਗਾੜਨ ਦੀ ਚਿੰਤਾ ਨਾਲ ਉਸਰਨ ਜਾ ਰਿਹੈ ‘ਸਨਅਤੀ ਪਾਰਕ’
ਪਿਛਲੇ 10 ਸਾਲ ਬਨਾਮ ਮੌਜੂਦਾ 2020 ਦਾ ਸੀਜਨ
ਪੰਜਾਬ ਅੰਦਰ ਝੋਨੇ ਦੀ ਸਿੱਧੀ ਬਿਜਾਈ 2009 ਤੋਂ ਸ਼ੁਰੂ ਹੋਈ ਸੀ, ਜਿਸ ਦੇ ਬਾਅਦ ਪਿਛਲੇ ਸਾਲ ਤੱਕ ਦੇ 10 ਸਾਲਾਂ ਦੌਰਾਨ ਪੰਜਾਬ ਦੇ ਕਿਸਾਨਾਂ ਨੇ ਕੁੱਲ 9 ਲੱਖ 55 ਹਜ਼ਾਰ ਏਕੜ ਰਕਬੇ ਵਿਚ ਸਿੱਧੀ ਬਿਜਾਈ ਕੀਤੀ ਸੀ। ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਇਸ ਸਾਲ ਜਦੋਂ ਸੂਬੇ ਅੰਦਰ ਲੇਬਰ ਦੀ ਘਾਟ ਸੀ ਤਾਂ ਸੂਬੇ ਦੇ ਕਿਸਾਨਾਂ ਨੇ ਇਸ ਇਕੋਸਾਲ ਵਿਚ ਹੁਣ ਤੱਕ ਕਰੀਬ 12.82 ਲੱਖ ਏਕੜ ਵਿਚ ਸਿੱਧੀ ਬਿਜਾਈ ਦਾ ਕੰਮ ਮੁਕੰਮਲ ਕਰ ਲਿਆ ਹੈ, ਜੋ ਪਿਛਲੇ ਸਾਲਾਂ ਦੇ ਕੁੱਲ ਰਕਬੇ ਨਾਲੋਂ ਜ਼ਿਆਦਾ ਹੈ।
ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?
ਸਿੱਧੀ ਬਿਜਾਈ ਰਾਹੀਂ ਕਿਹੜੇ ਸਾਲ ਲੱਗਾ ਕਿੰਨਾ ਝੋਨਾ?
ਪਹਿਲੇ ਦੋ ਸਾਲਾਂ ਦੌਰਾਨ 2010 ਅਤੇ 2011 ਦੌਰਾਨ ਸਿਰਫ 100 ਹੈਕਟੇਅਰ ਰਕਬੇ ਦੇ ਕਰੀਬ ਹੀ ਸਿੱਧੀ ਬਿਜਾਈ ਹੋਈ, ਜਦੋਂਕਿ 2012 ਦੌਰਾਨ ਇਹ ਰਕਬਾ 8922 ਹੈਕਟੇਅਰ ਤੱਕ ਪਹੁੰਚ ਗਿਆ। ਇਸ ਦੇ ਬਾਅਦ 2103 ਵਿਚ 38 ਹਜ਼ਾਰ 900 ਹੈਕਟੇਅਰ ਰਕਬਾ ਸਿੱਧੀ ਬਿਜਾਈ ਹੇਠ ਲਿਆਉਣ ਵਾਲੇ ਕਿਸਾਨਾਂ ਨੇ ਇਸ ਵਿਧੀ ਨੂੰ ਇਸ ਹੱਦ ਤੱਕ ਸਫਲ ਕਰਕੇ ਦਿਖਾਇਆ ਕਿ 2014 ਵਿਚ 1.15 ਅਤੇ 2016 ਦੌਰਾਨ 1.65 ਲੱਖ ਹੈਕਟੇਅਰ ਰਕਬੇ ਵਿਚ ਸਿੱਧੀ ਬਿਜਾਈ ਸੀ। ਉਪਰੰਤ ਮੁੜ ਤਿੰਨ ਸਾਲ ਕਿਸਾਨਾਂ ਨੇ ਸਿੱਧੀ ਬਿਜਾਈ ਵੱਲ ਜ਼ਿਆਦਾ ਰੁਝਾਨ ਨਹੀਂ ਦਿਖਾਇਆ।
ਦੇਸ਼ ਦੀ ਡੁੱਬਦੀ ਆਰਥਿਕਤਾ ਦੀ ਬੇੜੀ ਨੂੰ ਹੁਣ ਬਚਾਏਗੀ ‘ਖੇਤੀਬਾੜੀ’ (ਵੀਡੀਓ)
ਸਾਲ | ਰਕਬਾ (ਹੈਕਟੇਅਰ) |
2010 | 100 |
2011 | 110 |
2012 | 8922 |
2013 | 38900 |
2014 | 1 ਲੱਖ 15 ਹਜ਼ਾਰ |
2015 | 1 ਲੱਖ 65 ਹਜ਼ਾਰ |
2016 | 19 ਹਜ਼ਾਰ 660 |
2017 | 9440 |
2018 | 6200 |
2019 | 23300 |
2020 | 12 ਲੱਖ |
82 ਹਜ਼ਾਰ (6ਜੁਲਾਈ ਤੱਕ)
500 ਕਰੋੜ ਰੁਪਏ ਤੋਂ ਵੀ ਜ਼ਿਆਦਾ ਰਾਸ਼ੀ ਦੀ ਕੀਤੀ ਬਚਤ
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਮਾਹਿਰਾਂ ਅਨੁਸਾਰ ਸਿੱਧੀ ਬਿਜਾਈ ਕਰਕੇ ਕਿਸਾਨਾਂ ਨੇ ਇਸ ਸਾਲ 500 ਕਰੋੜ ਤੋਂ ਵੀ ਜ਼ਿਆਦਾ ਰਾਸ਼ੀ ਦੀ ਬਚਤ ਕੀਤੀ ਹੈ। ਮਿਸਾਲ ਦੇ ਤੌਰ 'ਤੇ ਕਿਸਾਨਾਂ ਨੂੰ ਨਾਂ ਤਾਂ ਪਨੀਰੀ 'ਤੇ 1500 ਤੋਂ 2000 ਰੁਪਏ ਪ੍ਰਤੀ ਏਕੜ ਖਰਚ ਕਰਨਾ ਪਿਆ ਅਤੇ ਨਾ ਹੀ ਝੋਨੇ ਦੀ ਲਵਾਈ ਲਈ ਲੇਬਰ ਨੂੰ ਕਰੀਬ 5500 ਤੋਂ 6000 ਰੁਪਏ ਪ੍ਰਤੀ ਏਕੜ ਦੇਣਾ ਪਿਆ। ਪਰ ਇਸ ਤਰ੍ਹਾਂ ਜੇਕਰ ਸਿੱਧੀ ਬਿਜਾਈ 'ਤੇ ਆਏ ਖਰਚਿਆਂ ਦੀ ਕਟੌਤੀ ਕਰਕੇ ਪ੍ਰਤੀ ਏਕੜ ਔਸਤਨ 4 ਹਜ਼ਾਰ ਰੁਪਏ ਦੀ ਬਚਤ ਦੇ ਹਿਸਾਬ ਨਾਲ ਅਨੁਮਾਨ ਲਗਾਇਆ ਜਾਵੇ ਤਾਂ ਕਿਸਾਨਾਂ ਵੱਲੋਂ ਹੁਣ ਤੱਕ 500 ਕਰੋੜ ਰੁਪਏ ਤੋਂ ਵੀ ਜ਼ਿਆਦਾ ਬਚਤ ਕੀਤੀ ਜਾ ਚੁੱਕੀ ਹੈ। ਇਸੇ ਤਰਾਂ ਏਨੇ ਵੱਡੇ ਰਕਬੇ ਵਿਚ ਸਿੱਧੀ ਬਿਜਾਈ ਹੋਣ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਕਰੀਬ 30 ਫੀਸਦੀ ਤੋਂ ਜ਼ਿਆਦਾ ਬਚਤ ਹੋਈ ਹੈ।
ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’
ਲੇਬਰ ਦੀ ਘਾਟ ਬਨਾਮ ਮਸ਼ੀਨਰੀ
ਪੰਜਾਬ ਅੰਦਰ ਲਗਾਏ ਝੋਨੇ ਅਤੇ ਬਾਸਮਤੀ ਹੇਠਲੇ ਕੁੱਲ 29 ਤੋਂ 30 ਲੱਖ ਹੈਕਟੇਅਰ ਰਕਬੇ 'ਚ ਝੋਨੇ ਦੀ ਸਮੇ ਸਿਰ ਲਵਾਈ ਲਈ ਇਕ ਅੰਦਾਜੇ ਮੁਤਾਬਕ ਸਾਢੇ 6 ਲੱਖ ਪ੍ਰਵਾਸੀ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ। ਪਰ ਇਸ ਸਾਲ ਸਿਰਫ 10 ਫੀਸਦੀ ਲੇਬਰ ਹੀ ਮੌਜੂਦ ਸੀ, ਜਿਸ ਕਾਰਨ ਕਿਸਾਨਾਂ ਨੇ ਸੂਬੇ ਅੰਦਰ ਪਹਿਲਾਂ ਤੋਂ ਮੌਜੂਦ 2000 ਡੀ.ਐੱਸ.ਆਰ. ਮਸ਼ੀਨਾਂ ਦੇ ਨਾਲ-ਨਾਲ ਸਰਕਾਰ ਕੋਲੋਂ 4 ਹਜ਼ਾਰ ਨਵੀਆਂ ਮਸ਼ੀਨਾਂ ਸਬਸਿਡੀ 'ਤੇ ਲੈ ਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਇਸ ਨਾਲ ਕਿਸਾਨਾਂ ਨੇ ਲੇਬਰ ਦੀ ਘਾਟ ਦੀ ਵੱਡੀ ਚੁਣੌਤੀ ਹੋਣ ਦੇ ਬਾਵਜੂਦ ਲਗਭਗ ਪਿਛਲੇ ਦੇ ਬਰਾਬਰ ਹੀ ਝੋਨੇ ਦੀ ਲਵਾਈ ਅਤੇ ਬਿਜਾਈ ਦਾ ਕੰਮ ਮੁਕੰਮਲ ਕਰ ਲਿਆ ਹੈ। ਪਿਛਲੇ ਸਾਲ 6 ਜੁਲਾਈ ਤੱਕ ਕਿਸਾਨਾਂ ਨੇ ਕਰੀਬ 25. 55 ਲੱਖ ਹੈਕਟੇਅਰ ਰਕਬੇ ਵਿਚ ਲਵਾਈ ਦਾ ਕੰਮ ਮੁਕੰਮਲ ਕੀਤਾ ਸੀ, ਜਦੋਂਕਿ ਇਸ ਸਾਲ ਸਿੱਧੀ ਬਿਜਾਈ ਸਮੇਤ ਇਹ ਕੰਮ 22. 73 ਫੀਸਦੀ ਰਕਬੇ ਵਿਚ ਮੁਕੰਮਲ ਹੋ ਸਕਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 11 ਫੀਸਦੀ ਘੱਟ ਹੈ।
ਖਤਰਨਾਕ ਕੀੜਿਆਂ ਦੀ ‘ਜੈਵਿਕ ਰੋਕਥਾਮ’ ਸਬੰਧੀ ਜਾਣਕਾਰੀ ਤੋਂ ਕੋਹਾਂ ਦੂਰ ਹਨ ਅਜੋਕੇ ਦੌਰ ਦੇ ਕਿਸਾਨ
ਕਿਸਾਨਾਂ ਦੇ ਹੌਂਸਲੇ ਬੁਲੰਦ ਰੱਖਣ ਲਈ ਯਤਨਸ਼ੀਲ ਹਨ ਖੇਤੀ ਅਧਿਕਾਰੀ
ਮੁੱਖ ਖੇਤੀਬਾੜੀ ਅਫਸਰ ਰਮਿੰਦਰ ਸਿੰਘ ਧੰਜੂ, ਖੇਤੀਬਾੜੀ ਅਧਿਕਾਰੀ ਰਣਧੀਰ ਸਿੰਘ ਠਾਕੁਰ, ਨੋਡਲ ਅਧਿਕਾਰੀ ਸ਼ਾਹਬਾਜ ਸਿੰਘ ਚੀਮਾ ਸਮੇਤ ਹੋਰ ਅਧਿਕਾਰੀਆਂ ਨੇ ਕਿਹਾ ਕਿ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਦੇ ਬਾਅਦ ਹੁਣ ਜਿਹੜੇ ਖੇਤਾਂ ਵਿਚ ਸਿੱਧੀ ਬਿਜਾਈ ਵਾਲੇ ਝੋਨੇ ਦਾ ਮੁਢਲੀ ਅਵਸਥਾ ਵਿਚ ਫੁਟਾਰਾ ਜ਼ਿਆਦਾ ਨਹੀਂ ਹੋਇਆ। ਜਿਥੇ ਬੀਜ ਘੱਟ ਉਗਿਆ ਹੈ, ਉਨ੍ਹਾਂ ਖੇਤਾਂ ਨਾਲ ਸਬੰਧਿਤ ਕਿਸਾਨਾਂ ਨੂੰ ਝੋਨਾ ਵਾਹੁਣ ਤੋਂ ਰੋਕਣ ਦੀ ਵੱਡੀ ਚੁਣੌਤੀ ਵੀ ਸਾਹਮਣੇ ਆਈ ਹੈ। ਇਸ ਲਈ ਖੇਤੀ ਅਧਿਕਾਰੀਆਂ ਵੱਲੋਂ ਲਗਾਤਾਰ ਖੇਤਾਂ ਵਿਚ ਜਾ ਕੇ ਕਿਸਾਨਾਂ ਨੂੰ ਗੈਪ ਫਿਲਿੰਗ ਕਰਨ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਦੀ ਸਫਲ ਕਾਸ਼ਤ ਲਈ ਹੋਰ ਤਕਨੀਕੀ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਵਾਲੇ ਝੋਨੇ ਦੀ ਹਾਲਤ ਬਹੁਤ ਵਧੀਆ ਹੈ ਅਤੇ ਅਗਲੇ ਸਾਲ ਇਸ ਤੋਂ ਜ਼ਿਆਦਾ ਰਕਬੇ ਵਿਚ ਸਿੱਧੀ ਬਿਜਾਈ ਹੋਵੇਗੀ।
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’