ਖੇਤੀ ਮਾਹਰਾਂ ਦੇ ਘੋਲ ਦਾ ਕਿਸਾਨ ਜਥੇਬੰਦੀਆਂ ਵੱਲੋਂ ਭਰਵਾਂ ਸਮਰਥਨ

07/28/2022 7:25:55 PM

ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਉੱਚ ਯੋਗਤਾ ਰੱਖਦੇ ਖੇਤੀਬਾੜੀ ਵਿਕਾਸ ਅਫ਼ਸਰਾਂ ਦੇ ਕਾਡਰ ਵਿੱਚ ਹੇਠਲੇ ਕਾਡਰ ਖੇਤੀਬਾੜੀ ਵਿਸਥਾਰ ਅਫ਼ਸਰਾਂ ਦੀਆਂ ਨਿਯਮਾਂ ਵਿਰੁੱਧ ਕੀਤੀਆਂ ਗਈਆਂ ਬਦਲੀਆਂ ਦੀ ਪੁਰਜ਼ੋਰ ਨਿੰਦਾ ਕੀਤੀ ਗਈ। ਕਿਸਾਨ ਆਗੂਆਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਯੂਨੀਵਰਸਿਟੀ/ਕਾਲਜਾਂ ਤੋਂ ਖੇਤੀਬਾੜੀ ਦੀ ਪੜ੍ਹਾਈ ਕੀਤੇ ਪੋਸਟ ਗ੍ਰੈਜੂਏਟਸ, ਪੀ. ਐਚ. ਡੀ. ਖੇਤੀ ਮਾਹਰਾਂ ਦੀਆਂ ਖੇਤੀ ਪਸਾਰ ਸੇਵਾਵਾਂ ਤੋਂ ਵਿਰਵੇ ਰੱਖਣਾ ਹਰਗਿਜ਼ ਜਾਇਜ਼ ਨਹੀਂ ਹੈ। ਕਿਸਾਨ ਜਥੇਬੰਦੀਆਂ ਨਿਯਮਾਂ ਦੇ ਉਲਟ ਕੀਤੀਆਂ ਗਈਆਂ ਇਨ੍ਹਾਂ ਬਦਲੀਆਂ ਦਾ ਗੰਭੀਰ ਨੋਟਿਸ ਲੈਂਦੀਆਂ ਹਨ। 

ਹੇਠਲੇ ਕਾਡਰ ਤੋਂ ਉਪਰਲੇ ਕਾਡਰ ਵਿੱਚ ਕਿਸੇ ਨੂੰ ਹਰਾਰਕੀ ਤੋੜ ਕੇ ਬਦਲਣਾ ਨਿਯਮਾਂ ਦੀ ਉਲੰਘਣਾ ਹੈ। ਧਿਆਨ ਵਿੱਚ ਆਇਆ ਹੈ ਕਿ ਕੁੱਝ ਲੋਕਾਂ ਵੱਲੋਂ ਆਪਣੇ ਨਿੱਜੀ ਮੁਫਾਦ ਲਈ ਸਿਆਸੀ ਲੋਕਾਂ ਅਤੇ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਇਹ ਬਦਲੀਆਂ ਕਰਵਾਈਆਂ ਗਈਆਂ ਹਨ। ਇਸ ਲਈ ਉਕਤ ਪੱਤਰ ਰਾਹੀਂ ਇਨ੍ਹਾਂ ਬਦਲੀਆਂ ਦੇ ਜਾਰੀ ਕੀਤੇ ਹੁਕਮ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ। ਇਸ ਖੇਤਰ ਵਿੱਚ ਫ਼ਸਲਾਂ ਦੀ ਸਫ਼ਲਤਾਪੂਰਵਕ ਕਾਸ਼ਤ ਲਈ ਉੱਚ ਯੋਗਤਾ ਪ੍ਰਾਪਤ ਖੇਤੀ ਮਾਹਰਾਂ ਦੀ ਗਿਣਤੀ ਵਧਾਈ ਜਾਵੇ। 

ਇਸ ਤੋਂ ਇਲਾਵਾ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਉੱਤੇ ਯੂਨੀਵਰਸਿਟੀਆਂ ਵਿੱਚੋਂ ਆਪਣਾ ਭਵਿੱਖ ਬਣਾਉਣ ਲਈ ਪੜ੍ਹ ਚੁੱਕੇ ਵਿਦਿਆਰਥੀਆਂ ਲਈ ਪਹਿਲ ਦੇ ਆਧਾਰ 'ਤੇ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਜਾਵੇ ਅਤੇ ਭਰਤੀ ਪ੍ਰਕਿਰਿਆ ਜਲਦ ਪੂਰੀ ਕਰਾ ਕੇ ਨਿਯੁਕਤ ਕਰਾਇਆ ਜਾਵੇ, ਤਾਂ ਜੋ ਸੰਕਟਗ੍ਰਸਤ ਕਿਰਸਾਨੀ ਦੀਆਂ ਸਮੱਸਿਆਵਾਂ ਨੂੰ ਸਮੇਂ-ਸਿਰ ਹੱਲ ਕਰਨ ਲਈ ਫੋਕਲ ਪੁਆਇੰਟ ਪੱਧਰ 'ਤੇ ਕਿਸਾਨਾਂ ਨੂੰ ਉੱਚ ਯੋਗਤਾ ਪ੍ਰਾਪਤ ਇਨ੍ਹਾਂ ਖੇਤੀ ਮਾਹਰਾਂ ਦੀਆਂ ਸੇਵਾਵਾਂ ਉਪਲੱਬਧ ਹੋ ਸਕਣ। ਬਿਆਨ ਜਾਰੀ ਕਰਨ ਵਾਲੀਆਂ ਜਥੇਬੰਦੀਆਂ ਵਿੱਚ ਬੂਟਾ ਸਿੰਘ ਬੁਰਜ ਗਿੱਲ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ), ਗੁਰਜੀਤ ਸਿੰਘ ਰਾਏ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ (ਦੁਆਬਾ) ਜਤਿੰਦਰ ਸਿੰਘ ਛੀਨਾ, ਕਿਰਤੀ ਕਿਸਾਨ ਯੂਨੀਅਨ, ਹਰਦੇਵ ਸਿੰਘ ਸੰਧੂ ਪ੍ਰਧਾਨ ਆਦਿ ਸ਼ਾਮਲ ਹਨ।


rajwinder kaur

Content Editor

Related News