ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

10/10/2019 10:14:02 AM

ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
(ਕਿਸ਼ਤ ਬਾਈਵੀਂ)

ਵੈਦ ਦਾ ਐਲਾਨ : ਨਾਨਕ ਸਾਹਿਬ ਪੈਗੰਬਰੀ/ਅਵਤਾਰੀ ਪੁਰਸ਼ ਹਨ

ਨਾਨਕ ਸਾਹਿਬ ਦੇ ਮਨੋਹਰ, ਰਸਭਿੰਨੇ, ਮਿੱਠੇ ਪਰ ਤਿੱਖੇ ਆਵੇਸ਼ਮਈ ਅੰਤਰਮੁਖੀ ਬਚਨ ਸੁਣ, ਵੈਦ ਡਰ ਦਾ ਮਾਰਾ ਦੋ ਕਦਮ ਪਿਛਾਂਹ ਹਟ ਗਿਆ। ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਉਸ ਨੂੰ ਆਪਣਾ ਆਪ ਅਤੇ ਸਾਰਾ ਸੰਸਾਰ ਰੋਗਾਂ ਵਿਚ ਗਰੱਸਿਆ ਨਜ਼ਰੀ ਪਿਆ ਜਦੋਂਕਿ ਨਾਨਕ ਸਾਹਿਬ ਬਿਲਕੁਲ ਤੰਦਰੁਸਤ, ਨਵੇਂ-ਨਰੋਏ ਅਤੇ ਰੋਗੀਆਂ ਦੇ ਸੱਚੇ ਵੈਦ ਦਿਸ ਪਏ। ਇਵੇਂ ਪ੍ਰਤੀਤ ਹੋਣ ਦੀ ਦੇਰ ਸੀ ਕਿ ਉਸ ਦੀਆਂ ਅੱਖਾਂ ਵਿਚ ਆਪ ਮੁਹਾਰੇ ਨੀਰ ਵਹਿ ਤੁਰਿਆ। ਉਹ ਉਸੇ ਵੇਲੇ ਦੋਵੇਂ ਹੱਥ ਜੋੜ, ਨਾਨਕ ਸਾਹਿਬ ਦੇ ਚਰਨਾਂ ’ਤੇ ਢਹਿ ਪਿਆ। ਵੈਰਾਗ ਦੇ ਹੜ੍ਹ ਅੰਦਰ ਅਰਜ਼ ਗੁਜ਼ਾਰੀ :

ਅਬ ਮੁਝ ਪਰ ਇਹ ਕਰੁਨਾ ਕਰੀਏ।। ਮਨ ਕੇ ਰੋਗ ਸਗਲ ਪਰਿਹਰੀਏ।।

ਸੰਵੇਦਨਸ਼ੀਲਤਾ ਦੇ ਸਾਗਰ ਅਤੇ ਮਿਹਰਾਂ ਦੇ ਦਾਤੇ ਨਾਨਕ ਸਾਹਿਬ ਨੇ ਵੈਦ ਜੀ ਨੂੰ ਬਾਹੋਂ ਫੜ ਉਠਾਇਆ, ਘੁੱਟ ਗਲਵਕੜੀ ਪਾ ਸੀਨੇ ਨਾਲ ਲਾਇਆ ਅਤੇ ਨਾਲ ਹੀ ਆਸ਼ੀਰਵਾਦ ਦਿੱਤਾ :

ਸ਼੍ਰੀ ਗੁਰ ਕਹਯੋ ‘ਕਰੋ ਸਤਿਸੰਗਾ।। ਦਿਨ ਥੋਰਨ ਮੈਂ ਹੋਵਹਿ ਭੰਗਾ।।

ਨਾਨਕ ਸਾਹਿਬ ਦੀ ਅਸੀਸ ਦਾ ਬੇਸ਼ਕੀਮਤੀ ਪ੍ਰਸਾਦਿ/ਸਰਮਾਇਆ ਲੈ, ਵੈਦ ਨੇ ਦੁਬਾਰਾ ਨਮਸਕਾਰ ਕੀਤੀ, ਚਰਨ ਵੰਦਨਾ ਕੀਤੀ ਅਤੇ ਚਾਈਂ-ਚਾਈਂ ਵਿਦਾ ਹੋਇਆ। ਜਾਂਦਾ ਹੋਇਆ ਪਰਿਵਾਰ ਨੂੰ ਕਹਿ ਗਿਆ ਕਿ ਇਹ ਮਹਾ ਪੁਰਖ ਹਨ। ਤੁਸੀਂ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਕਰਨੀ। ਇਹ ਰੋਗੀ ਬਿਲਕੁਲ ਨਹੀਂ। ਇਹ ਤਾਂ ਸਗੋਂ ਸੰਸਾਰ ਦੇ ਸਭ ਪ੍ਰਕਾਰ ਦੇ ਰੋਗਾਂ ਅਤੇ ਦੁੱਖੀਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਰੋਗ/ਦੁੱਖ ਨਿਵਾਰਕ ਹਨ l ਬਹੁਤ ਵੱਡੇ ਵੈਦ ਹਨ, ਚਕਿਤਸਕ ਹਨ।

ਇਸ ਘਟਨਾ ਤੋਂ ਬਾਅਦ ਨਾਨਕ ਸਾਹਿਬ ਕਈ ਦਿਨਾਂ ਤੱਕ ਜਿਉਂ ਦੇ ਤਿਉਂ ਦਿਨ-ਰਾਤ ਪਰਮਾਤਮਾ ਦੀ ਬੰਦਗੀ ਵਿਚ ਲੀਨ ਰਹੇ। ਪ੍ਰਭੂ ਦੇ ਅਨੋਖੇ ਵਿਸਮਾਦੀ ਰੰਗ ਵਿਚ ਰੰਗੇ ਰਹੇ। ਮਸਤੀ ਅਤੇ ਦੀਵਾਨਗੀ ਦੇ ਇਨ੍ਹਾਂ ਦਿਨਾਂ ਦੌਰਾਨ ਹੀ ਇਕ ਦਿਨ ਉਨ੍ਹਾਂ ਦੇ ਕੁੱਲ ਪਰੋਹਿਤ ਪੰਡਿਤ ਹਰਿਦਿਆਲ ਜੀ ਅਤੇ ਉਸਤਾਦ ਰਹਿ ਚੁੱਕੇ ਦੋਵੇਂ ਵਿਦਵਾਨ, ਪੰਡਤ ਗੋਪਾਲ ਜੀ ਅਤੇ ਪੰਡਤ ਬ੍ਰਿਜ ਨਾਥ ਜੀ, ਇਕੱਠਿਆਂ ਉਨ੍ਹਾਂ ਦੇ ਦਰਸ਼ਨਾਂ ਲਈ ਆਏ। ਸ਼ਰਧਾ ਅਤੇ ਸਤਿਕਾਰ ਪੇਸ਼ ਕਰਦਿਆਂ ਦੋਨਾਂ ਧਿਰਾਂ ਨੇ ਸਾਦਰ ਨਮਸਕਾਰ ਕੀਤੀ। ਇਕ-ਦੂਜੇ ਨਾਲ ਦੁਆ ਸਲਾਮ ਸਾਂਝੀ ਕੀਤੀ। ਹਾਲ-ਚਾਲ ਵੀ ਪੁੱਛਿਆ। ਦੋਵੇਂ ਧਿਰਾਂ ਕੁੱਝ ਸਮਾਂ ਆਹਮੋ-ਸਾਹਮਣੇ ਨੇੜੇ-ਨੇੜੇ ਮੰਜਿਆਂ ’ਤੇ ਬੈਠੀਆਂ ਰਹੀਆਂ। ਇਸ ਦੌਰਾਨ ਕੇਵਲ ਕੁੱਝ ਕੁ ਗਿਆਨ-ਮੂਲਕ ਬਚਨ-ਬਿਲਾਸ ਹੀ ਹੋਇਆ। ਜ਼ਿਆਦਾ ਵਕਤ ਦੋਨੋਂ ਧਿਰਾਂ ਚੁੱਪ ਹੀ ਰਹੀਆਂ, ਬਸ ਇਕ ਦੂਜੇ ਨੂੰ ਨਿਹਾਰਦੀਆਂ ਰਹੀਆਂ।

ਮੇਲ-ਮਿਲਾਪ ਉਪਰੰਤ ਜਦੋਂ ਤਿੰਨੇ ਗੁਣੀ-ਜਨ ਜਾਣ ਲੱਗੇ ਤਾਂ ਘਰ ਵਾਲਿਆਂ ਦੀ ਚਿੰਤਾ ਨੂੰ ਮੁੱਖ ਰੱਖਦਿਆਂ ਉਨ੍ਹਾਂ ਤੋਂ ਰਿਹਾ ਨਾ ਗਿਆ। ਤਿੰਨੇ ਜਣੇ ਝਕਦਿਆਂ-ਝਕਦਿਆਂ ਬਿਨੈਨੁਮਾ ਢੰਗ ਨਾਲ ਨਾਨਕ ਸਾਹਿਬ ਨੂੰ ਸਮਝਾਉਣ ਲੱਗੇ, ਪਿਆਰੇ ਨਾਨਕ ਜੀਓ! ਤੁਸਾਂ ਦੀ ਗੋਸ਼ਾਨਸ਼ੀਨੀ ਅਤੇ ਦਿਲਗਿਰੀ ਕਾਰਣ, ਮਾਤਾ-ਪਿਤਾ ਦੁੱਖੀ ਹਨ। ਤੁਸੀਂ ਉਠੋ, ਉਨ੍ਹਾਂ ਨੂੰ ਸੁੱਖੀ ਕਰੋ। ਭਾਈ ਵੀਰ ਸਿੰਘ ਜੀ ਦੀ ਡਾਢੀ ਪਿਆਰੀ ਖ਼ਿਆਲ-ਉਡਾਰੀ ਅਨੁਸਾਰ ਤਿੰਨੇ ਉਸਤਾਦਾਂ ਅਤੇ ਗੁਣੀ-ਜਨਾਂ ਦੇ ਦਿਲ-ਟੁੰਬਵੇਂ ਬੋਲ ਸੁਣ, “ਆਪ ਦੇ ਨੈਣ ਅਰਸ਼ਾਂ ਵੱਲ ਉੱਠੇ, ਕੋਈ ਅਚਰਜ ਭਾਵ ਅੰਦਰੋਂ ਲੰਘੇ ਅਤੇ ਫਿਰ ਨੈਣ ਮੁੰਦ ਗਏ, ਫਿਰ ਉੱਠੇ, ਤਦ ਓਹ ਭਾਵ, ਏਸ ਸ਼ਬਦ ਦਾ ਰੂਪ ਲੈ ਕੇ ਅੰਦਰੋਂ ਬਾਹਰ ਆਏ” :

ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ।।

ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ।।

ਮੇਰੇ ਸਾਹਿਬਾ ਕਉਣੁ ਜਣੈ ਗੁਣ ਤੇਰੇ।। ਕਹੇ ਨ ਜਾਨੀ ਅਉਗਣ ਮੇਰੇ।। ਰਹਾਉ।।

ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ।। ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ।।

ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ।। ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ।।

ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ।। ਲੈ ਕੇ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ।।

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ।।

ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ।।

ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ।।

ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ।।

ਉਪਰੋਕਤ ਸਾਰੇ ਘਟਨਾਕ੍ਰਮ, ਵਾਰਤਾਲਾਪ ਅਤੇ ਬਿਰਤਾਂਤ ਤੋਂ ਜ਼ਾਹਰ ਹੈ ਕਿ ਨਾਨਕ ਸਾਹਿਬ ਇਕ ਪਹੁੰਚੇ ਹੋਏ ਅਵਤਾਰੀ ਜਾਂ ਪੈਗੰਬਰੀ ਪੁਰਸ਼ ਸਨ। ਅਵਤਾਰ/ਪੈਗੰਬਰ ਹੋਣ ਸਦਕਾ ਉਹ ਚਸ਼ਮੇ ਦੇ ਫੁੱਟਣ ਵਾਂਗ ਅਤੇ ਫੁੱਲ ਦੇ ਖਿੜਨ ਵਾਂਗ ਸੁਤੇਸਿੱਧ ਹੀ ਸਭ ਕੁੱਝ ਜਾਣਦੇ ਸਨ। ਉਨ੍ਹਾਂ ਦੀ ਆਰਜ਼ਾ ਭਾਵੇਂ ਛੋਟੀ ਸੀ ਪਰ ਉਹ ਧਰਮ, ਦਰਸ਼ਨ, ਸਾਹਿਤ, ਸੰਗੀਤ, ਕਲਾ ਆਦਿ ਸਭ ਕਾਸੇ ਦੇ ਗਿਆਤਾ ਸਨ। ਸਰਬ ਕਲਾ ਸਮਰੱਥ ਸਨ। ਇਹੀ ਕਾਰਣ ਹੈ ਕਿ ਉਹ ਮਾਤਰ ਨੌਂ ਸਾਲ ਦੀ ਉਮਰ ਵਿਚ ਹੀ ਇਕ ਪੈਗੰਬਰ, ਪ੍ਰਪੱਕ ਦਾਰਸ਼ਨਿਕ, ਧਾਰਮਿਕ ਰਹਿਬਰ, ਦਰਵੇਸ਼ ਕਵੀ, ਸੰਗੀਤਕਾਰ ਅਤੇ ਸੰਵਾਦਕਾਰ/ਪ੍ਰਵਚਨਕਾਰ/ਵਿਆਖਿਆਕਾਰ ਵਜੋਂ ਆਪਣੀ ਅਨੋਖੀ ਪ੍ਰਤਿਭਾ ਦਾ ਲੋਹਾ ਮੰਨਵਾਉਂਦੇ ਵਿਖਾਈ ਪੈਂਦੇ ਹਨ।

ਇੱਥੇ ਹੀ ਬਸ ਨਹੀਂ ਚਸ਼ਮੇ ਵਾਂਗ ਆਪ ਮੁਹਾਰੇ ਵਹਿ ਤੁਰੇ ਤਰੋ-ਤਾਜ਼ਾ ਅਨੁਭਵੀ ਰੂਹਾਨੀ ਗਿਆਨ ਨਾਲ ਸਰਸ਼ਾਰ ਹੋਣ ਕਾਰਣ, ਉਹ ਸਮੇਂ ਦੇ ਜੜ੍ਹ ਹੋ (ਤਲਾਬ ਬਣ) ਚੁੱਕੇ ਪ੍ਰਚੱਲਿਤ ਕਿਤਾਬੀ/ਸੰਸਾਰਕ ਗਿਆਨ ਅਤੇ ਉਸ ਦੇ ਅਨੁਸਾਰੀ ਚਲਾਵੇਂ ਜੀਣ ਢੰਗ ਨੂੰ ਪੂਰੀ ਤਰ੍ਹਾਂ ਬਦਲਣ ਅਤੇ ਇਸ ਨੂੰ ਇਕ ਉਚੇਰਾ ਆਦਰਸ਼ਕ-ਪ੍ਰਤਿਮਾਨਕ ਮੁਹਾਂਦਰਾ ਪ੍ਰਦਾਨ ਕਰਨ ਦਾ ਵੱਡਾ ਸਦਾਚਾਰਕ ਤਾਣ ਰੱਖਦੇ ਹਨ। ਅਰਥਾਤ ਸਮਾਜ ਅੰਦਰ ਵੱਡਾ ਬਦਲਾਓ (ਸਭਿਆਚਾਰਕ ਇਨਕਲਾਬ) ਲਿਆਉਣ ਲਈ ਲੋੜੀਂਦੀ ਨਿੱਗਰ ਵਿਚਾਰਧਾਰਕ ਊਰਜਾ ਅਤੇ ਦਲੇਰੀ ਰੱਖਦੇ ਹਨ।

ਇਸ ਪ੍ਰਸੰਗ ਵਿਚ ਉਲੇਖਯੋਗ ਨੁਕਤਾ ਇਹ ਹੈ ਕਿ ਪੀਰ, ਪੈਗੰਬਰ, ਭਗਤ ਅਤੇ ਅਵਤਾਰ, ਇਨ੍ਹਾਂ ਚਾਰਾਂ ਦਾ ਸਾਂਝਾ ਉਘੜਵਾਂ ਪਛਾਣ-ਚਿੰਨ੍ਹ ਇਹ ਹੁੰਦਾ ਹੈ ਕਿ ਇਹ ਚਾਰੇ ਹੀ ਪਰਮਾਤਮਾ/ਅੱਲ੍ਹਾ ਦੇ ਦਰ ’ਤੇ ਪੁੱਜੇ, ਮਹਾਨ ਪੁਰਸ਼ ਹੁੰਦੇ ਹਨ। ਪ੍ਰਭੂ ਦੇ ਦਰ ’ਤੇ ਪਹੁੰਚੇ ਹੋਣ ਕਾਰਣ, ਇਨ੍ਹਾਂ ਦੇ ਮਨ ਅਤੇ ਰੂਹ ਦੀ ਅਵਸਥਾ ਇਕੋ ਜਿਹੀ ਹੁੰਦੀ ਹੈ। ਪੀਰ ਅਤੇ ਭਗਤ ਦੇ ਮੁਕਾਬਲੇ ਪੈਗ਼ੰਬਰ ਅਤੇ ਅਵਤਾਰ ਦੇ ਵਿਅਕਤੀਤਵ ਅਤੇ ਚਰਿੱਤਰ ਦੀ ਖ਼ਾਸੀਅਤ ਅਤੇ ਸੂਖ਼ਮ ਸਿਫ਼ਤੀ ਵੱਖਰਤਾਈ ਇਹ ਹੁੰਦੀ ਹੈ ਕਿ ਉਹ ਇਕ ਵਾਰ ਪਰਮਾਤਮਾ ਦੇ ਦਰ ’ਤੇ ਪੁੱਜਣ ਤੋਂ ਬਾਅਦ, ਪਰਉਪਕਾਰ ਦੇ ਉਚੇਰੇ ਉਦੇਸ਼ ਅਧੀਨ, ਸੰਸਾਰ ਦੇ ਉਦਾਰ ਲਈ, ਦੁਬਾਰਾ ਜਨਮ ਲੈਂਦਾ ਹੈ। ਮੁੜ ਅਵਤਾਰ ਧਾਰਦਾ ਹੈ।

ਇਹੀ ਠੋਸ ਵਜ੍ਹਾ ਹੈ ਕਿ ਤਲਵੰਡੀ ਅਤੇ ਇਸ ਦੇ ਆਲੇ-ਦੁਆਲੇ ਦੇ ਸਾਰੇ ਗੁਣੀ-ਜਨ ਅਤੇ ਪਤਵੰਤੇ ਸੱਜਣ, ਜਿਵੇਂ ਪ੍ਰੋਹਿਤ ਹਰਿਦਿਆਲ ਜੀ, ਪੰਡਤ ਗੋਪਾਲ ਜੀ, ਪੰਡਤ ਬ੍ਰਿਜ ਨਾਥ ਜੀ, ਮੌਲਵੀ ਕੁਤਬਦੀਨ ਜੀ, ਚੌਧਰੀ ਰਾਇ ਬੁਲਾਰ ਸਾਹਿਬ, ਵੈਦ ਜੀ ਆਦਿ ਨਾਨਕ ਸਾਹਿਬ ਦੇ ਇਲਾਹੀ ਛੋਹ ਅਤੇ ਲਿਸ਼ਕਾਰੇ ਵਾਲੇ ਅਨੋਖੇ ਵਿਅਕਤੀਤਵ (ਪੈਗੰਬਰੀ ਜਾਂ ਅਵਤਾਰੀ ਸਰੂਪ) ਨੂੰ ਨਾ ਕੇਵਲ ਪਛਾਣਦੇ ਅਤੇ ਸਵੀਕਾਰਦੇ ਹਨ ਸਗੋਂ ਤਹਿ ਦਿਲੋਂ ਵੱਡੀ ਵਡਿਆਈ ਕਰਦਿਆਂ ਸਿਜਦਾ ਅਤੇ ਸਲਾਮ ਵੀ ਕਰਦੇ ਹਨ। ਨਮਸਕਾਰ ਵੀ ਕਰਦੇ ਹਨ। (ਚਲਦਾ...)

 

-ਜਗਜੀਵਨ ਸਿੰਘ (ਡਾ.)

ਫੋਨ : 99143-01328


Related News