ਗੁਰੂ ਨਾਨਕ ਬਾਣੀ 'ਚ ਪ੍ਰਭ ਉਸਤਤਿ

09/13/2019 5:30:16 PM

ਗੁਰੂ ਨਾਨਕ ਬਾਣੀ 'ਚ ਪ੍ਰਭ ਉਸਤਤਿ
ਅਕਾਲ ਪੁਰਖ ਸਾਡਾ ਸਾਰਿਆਂ ਦਾ ਮਾਲਕ ਹੈ। ਇਹ ਸ੍ਰਿਸ਼ਟੀ ਉਸ ਨੇ ਹੀ ਸਾਜੀ ਹੈ ਅਤੇ ਉਹ ਆਪ ਹੀ ਸਭ ਦਾ ਰਿਜ਼ਕ ਦਾਤਾ ਹੈ। ਅਸੀਂ ਸਾਰੇ ਉਸ ਦੀ ਸੰਤਾਨ ਹਾਂ। ਸਮਰੱਥ ਅਤੇ ਪ੍ਰਭੂ ਪ੍ਰਮੇਸ਼ਵਰ ਦੀ ਸਿਫਤ ਸਲਾਹ, ਵਡਿਆਈ ਅਤੇ ਉਪਮਾ ਹੋਰਨਾਂ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਵਿਚ ਵਾਰ-ਵਾਰ ਆਉਂਦੀ ਹੈ। ਅਸਲ ਵਿਚ ਸੰਸਾਰ ਦਾ ਸਾਰਾ ਧਾਰਮਿਕ ਸਾਹਿਤ ਪ੍ਰਭੂ ਦੀ ਵਡਿਆਈ ਅਤੇ ਉਪਮਾ ਨਾਲ ਹੀ ਭਰਪੂਰ ਹੈ। ਉਸ ਦੀ ਉਪਮਾ ਨੂੰ ਪੂਰੀ ਤਰ੍ਹਾਂ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸ਼ਾਹਕਾਰ ਰਚਨਾ ਜਪੁਜੀ ਸਾਹਿਬ ਵਿਚ ਅਕਾਲ ਪੁਰਖ ਦੀ ਉਸਤਤ ਕਰਦਿਆਂ ਫਰਮਾਉਂਦੇ ਹਨ ਕਿ ਸ੍ਰਿਸ਼ਟੀ ਵਿਚ ਹਰ ਕੋਈ ਅਕਾਲ ਪੁਰਖ ਦੀ ਹੀ ਕੀਰਤੀ ਗਾ ਰਿਹਾ ਹੈ। ਰਾਗ ਆਸਾ ਦੇ ਇਕ ਸ਼ਬਦ ਵਿਚ ਗੁਰੂ ਸਾਹਿਬ ਫਰਮਾਉਂਦੇ ਹਨ :

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥

ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥

ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥

ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥

ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥

ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥

ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥

ਪ੍ਰਮਾਤਮਾ ਦੀ ਉਪਮਾ ਕਰਦਿਆਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਮਨ ,ਇੰਦਰੀਆਂ ਤੋਂ ਪਰ੍ਹੇ ਹੈ ਤੇ ਉਹ ਹੁੰਦਾ ਹੋਇਆ ਵੀ ਸਧਾਰਨ ਅੱਖ ਨਾਲ ਦਿੱਸਦਾ ਨਹੀਂ।

ਜੋ ਦੀਸੈ ਸੋ ਆਪੇ ਆਪਿ ॥

ਆਪਿ ਉਪਾਇ ਆਪੇ ਘਟ ਥਾਪਿ ॥ 

ਆਪਿ ਅਗੋਚਰੁ ਧੰਧੈ ਲੋਈ ॥

ਜੋਗ ਜੁਗਤਿ ਜਗਜੀਵਨੁ ਸੋਈ ॥

 

ਗੁਰੂ ਜੀ ਫਰਮਾਉਂਦੇ ਹਨ ਕਿ ਅਕਾਲ ਪੁਰਖ ਇੰਨਾ ਬੇਅੰਤ ਹੈ ਕਿ ਕਿਸੇ ਕਲਮ ਨਾਲ, ਕਿਸੇ ਵੀ ਪੱਟੀ ਉੱਤੇ ਉਸ ਦੀ ਉਸਤਤ ਲਿਖੀ ਨਹੀਂ ਜਾ ਸਕਦੀ।

ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥ 
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥

ਅਕਾਲ ਪੁਰਖ ਦੀ ਉਸਤਤ ਕਰਦਿਆਂ/ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਇੰਨਾ ਸਮਰੱਥ ਅਤੇ ਪਰੀਪੂਰਣ ਹੈ ਕਿ ਉਸ ਦੇ ਇਕੋ ਵਾਕ ਨਾਲ ਇਹ ਸ੍ਰਿਸ਼ਟੀ ਹੋਂਦ ਵਿਚ ਆ ਗਈ।

ਜਪੁਜੀ ਸਾਹਿਬ ਵਿਚ ਆਪ ਦਾ ਇਸ ਬਾਰੇ ਫਰਮਾਨ ਹੈ।

ਕੀਤਾ ਪਸਾਉ ਏਕੋ ਕਵਾਉ ॥ 
ਤਿਸ ਤੇ ਹੋਏ ਲਖ ਦਰੀਆਉ ॥ 
ਕੁਦਰਤਿ ਕਵਣ ਕਹਾ ਵੀਚਾਰੁ ॥ 
ਵਾਰਿਆ ਨ ਜਾਵਾ ਏਕ ਵਾਰ ॥ 
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ 
ਤੂ ਸਦਾ ਸਲਾਮਤਿ ਨਿਰੰਕਾਰ ॥

 

ਕਾਦਰ ਦੀ ਕੁਦਰਤ ਤੋਂ ਬਲਿਹਾਰੇ ਜਾਂਦੇ ਹੋਏ ਸਤਿਗੁਰ ਜੀ ਫਰਮਾਨ ਕਰਦੇ ਹਨ ਕਿ ਉਸ ਦੀ ਕੁਦਰਤ ਅਰਥਾਤ ਤਾਕਤ ਅਤੇ ਸਮਰੱਥਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥

ਅਤੇ

ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥

ਉਹ ਅਕਾਲ ਪੁਰਖ ਇੰਨਾ ਵੱਡਾ ਦਾਤਾ ਹੈ ਕਿ ਬਿਨਾਂ ਮੰਗੇ ਤੋਂ ਹੀ ਸਭ ਦਾਤਾਂ ਸਾਡੀ ਝੋਲੀ ਪਾਈ ਜਾਂਦਾ ਹੈ। ਇਸ ਲਈ ਮਨੁੱਖ ਨੁੰ ਚਿੰਤਾ ਛੱਡ ਕੇ ਅਚਿੰਤ ਹੋਣਾ ਚਾਹੀਦਾ ਹੈ।

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
 

ਅਰਥਾਤ

ਥਾਨ ਥਨੰਤਰਿ ਰਵਿ ਰਹਿਆ ਗੁਰ ਸਬਦੀ ਵੀਚਾਰਿ ॥ 
ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ ॥

ਧਨਾਸਰੀ ਰਾਗ ਦੇ ਇਕ ਸਬਦ ਵਿਚ ਆਪ ਫਰਮਾਉਂਦੇ ਨੇ-

ਤੁਧੁ ਬਾਝੁ ਪਿਆਰੇ ਕੇਵ ਰਹਾ ॥ 
ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ 

ਰਾਗ ਧਨਾਸਰੀ ਦੇ ਇਕ ਸ਼ਬਦ ਰਾਹੀਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਾਰਾ ਬ੍ਰਹਿਮੰਡ ਹੀ ਉਸ ਅਕਾਲ ਪੁਰਖ ਕਰਤੇ ਦੀਆਂ ਵਡਿਆਈਆਂ ਕਰਦਿਆਂ ਉਸ ਦੀ ਆਰਤੀ ਵਿਚ ਨਿਰੰਤਰ ਤੌਰ ’ਤੇ ਲੀਨ ਹੈ। ਆਓ ਆਪਾਂ ਵੀ ਇਸ ਨਿਰੰਤਰ ਆਰਤੀ ਦਾ ਹਿੱਸਾ ਬਣ ਕੇ ਉਸ ਦੀ ਕਿਰਪਾ ਦੇ ਪਾਤਰ ਬਣੀਏ।

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥

ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥

ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥

ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥

ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁਹੀ ॥

ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥

ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥

ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥

ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥

ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥

ਤਿਲੰਗ ਮਹਲਾ ਪਹਿਲਾ ਵਿਚ ਆਪ ਫਰਮਾਉਂਦੇ ਨੇ ਕਿ ਮੈਂ ਉਨ੍ਹਾਂ ਦੇ ਬਲਿਹਾਰੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਜਿਹੜੇ ਤੇਰੀ ਉਸਤਤ ਕਰਦੇ ਹਨ।

ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥

ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥

ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥

 

–ਤੀਰਥ ਸਿੰਘ ਢਿੱਲੋਂ

98154-61710


Related News