ਸੁੰਦਰੀਕਰਨ ਦੇ ਫਿਤੂਰ ’ਚ ਸੁਲਤਾਨਪੁਰ ਲੋਧੀ ਵਿਖੇ ਵਿਰਾਸਤੀ ਨਿਸ਼ਾਨੀਆਂ ਦਾ ਕੀਤਾ ਸੱਤਿਆਨਾਸ

11/06/2019 11:53:23 AM

ਵਿਰਾਸਤ ਤਵਾਰੀਖ ਦੀ ਨਿਸ਼ਾਨਦੇਹੀ ਹੁੰਦੀ ਹੈ। ਸੱਭਿਆਚਾਰ ਸੱਭਿਅਤਾ ਦਾ ਆਚਰਣ ਹੁੰਦਾ ਹੈ। ਧਰਾਤਲ ਉੱਤੇ ਪਈਆਂ ਇਮਾਰਤਾਂ ਇਤਿਹਾਸ ਦੀਆਂ ਗਵਾਹ ਹਨ। ਇਤਿਹਾਸ ਨੂੰ ਵੇਖਣਾ ਸਮਝਣਾ ਪਿੱਛੇ ਨੂੰ ਮੁੜਨਾ ਨਹੀਂ ਹੁੰਦਾ। ਇਤਿਹਾਸ ਅੱਜ ਦੀ ਬਰਕਤ ਹੈ। ਇਤਿਹਾਸ ਵਿਚ ਪਏ ਵੱਡੇ ਵਰਤਾਰੇ ਸਾਡੇ ਵਜੂਦ ਦਾ ਦਸਤਖ਼ਤ ਹੈ।

ਪੰਜਾਬ ਦਾ ਵਿਰਾਸਤੀ ਸੈਰ-ਸਪਾਟਾ ਮਹਿਕਮਾ ਇਸ ਨੂੰ ਇੰਝ ਕਿਉਂ ਨਹੀਂ ਵੇਖ ਰਿਹਾ? ਇਸ ਬਾਰੇ ਨਾ ਕੋਈ ਗੱਲ ਕਰਨਾ ਚਾਹੁੰਦਾ ਹੈ, ਨਾ ਕੋਈ ਦੱਸਣਾ ਚਾਹੁੰਦਾ ਹੈ। 550ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸ ਅੰਦਰ ਪਈ ਵਿਰਾਸਤ ਦੇ ਰੂ-ਬ-ਰੂ ਹੋਣ ਦਾ ਮੌਕਾ ਸੁਲਤਾਨਪੁਰ ਲੋਧੀ ਮੁੱਢਲੇ ਤੌਰ ’ਤੇ ਪਿਆ ਸੀ। ਨਿੱਕਾ ਸ਼ਹਿਰ ਹੋਣ ਕਰ ਕੇ, ਵੱਡੀ ਆਵਾਜਾਈ ਤੋਂ ਦੂਰ ਹੋਣ ਕਰ ਕੇ ਇਸ ਸ਼ਹਿਰ ਵਿਚ ਬਹੁਤ ਸਾਰੇ ਨਿਸ਼ਾਨ ਪਏ ਸਨ, ਜੋ ਸੁੰਦਰੀਕਰਨ ਦੇ ਨਾਂ ਥੱਲੇ ਬਰਬਾਦ ਕਰ ਦਿੱਤੇ ਗਏ।

ਮੁੱਖ ਪੰਡਾਲ ਦੇ ਨੇੜੇ ਇਕ ਪੁਰਾਤਨ ਮਕਬਰਾ ਹੈ। ਪੁਰਾਤੱਤਵ ਮਹਿਕਮੇ ਦੇ ਪਹਿਲੇ ਡਾਇਰੈਕਟਰ ਕਨਿੰਘਮ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਇਹ ਆਪਣੇ ਨਮੂਨੇ ਦਾ ਅਜਿਹਾ ਦੂਜਾ ਮਕਬਰਾ ਹੈ। ਅਸ਼ਟ ਪੂਜਾ ਸ਼ੈਲੀ ਨਾਲ ਬਣਿਆ ਹੋਇਆ ਸੁਲਤਾਨਪੁਰ ਲੋਧੀ ਦਾ ਇਹ ਮਕਬਰਾ ਦਿੱਲੀ ਵਿਚ ਬਣੇ ਹੋਏ ਮਕਬਰੇ ਦੀ ਤਰਜ਼ ’ਤੇ ਸੀ। ਇਸ ਮਕਬਰੇ ਨੂੰ ਹਦੀਰਾ ਜਾਂ ਹਜ਼ੀਰਾ ਵੀ ਕਿਹਾ ਜਾਂਦਾ ਹੈ। ਇਤਿਹਾਸਕ ਇਮਾਰਤਸਾਜ਼ੀ ਦੇ ਮਾਹਿਰ ਸੁਭਾਸ਼ ਪਰਿਹਾਰ ਮੁਤਾਬਕ ਇਹ ਮਕਬਰਾ ਹੈ। ਕੁਝ ਵਿਦਵਾਨਾਂ ਦਾ ਇਸ਼ਾਰਾ ਹੈ ਕਿ ਇਹ ਉਸਤਾਦ ਅਬਦੁੱਲ ਲਤੀਫ ਦਾ ਮਕਬਰਾ ਹੈ। ਸੁਲਤਾਨਪੁਰ ਲੋਧੀ ਦੀ ਇਸੇ ਧਰਤੀ ’ਤੇ ਉਸਤਾਦ ਅਬਦੁਲ ਲਤੀਫ ਔਰੰਗਜ਼ੇਬ ਅਤੇ ਦਾਰਾ ਸ਼ਿਕੋਹ ਦਾ ਗੁਰੂ ਸੀ। ਰਾਮ ਜੱਸ ਨੇ ਆਪਣੀ ਕਿਤਾਬ ਤਵਾਰੀਖ਼ ਕਪੂਰਥਲਾ ਰਿਆਸਤ ਵਿਚ ਇਸ ਨੂੰ ਹਦੀਰਾ ਜਾਂ ਮਕਬਰਾ ਕਿਹਾ ਹੈ। ਸੁਭਾਸ਼ ਪਰਿਹਾਰ ਮੁਤਾਬਕ ਇਹ ਮਕਬਰਾ ਪੁਰਾਤਨ ਇਮਾਰਤ ਸ਼ੈਲੀ ਦਾ ਸੀ, ਜੋ ਕਿ ਇੰਝ ਤਾਂ ਹਰਗਿਜ਼ ਨਹੀਂ ਸੀ, ਜਿਵੇਂ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁੰਦਰੀਕਰਨ ਦੇ ਨਾਮ ਹੇਠ ਕਰ ਦਿੱਤਾ ਗਿਆ ਹੈ।

PunjabKesari

ਸੁਭਾਸ਼ ਪਰਿਹਾਰ ਦੱਸਦੇ ਹਨ ਕਿ ਅਜਿਹਾ ਮਕਬਰਾ ਬਹਿਲੋਲਪੁਰ ਲੁਧਿਆਣਾ ਵਿਖੇ ਵੀ ਹੈ। ਇਸਲਾਮਿਕ ਵਾਸਤੂ ਕਲਾ ਮੁਤਾਬਕ ਮੁਸਲਮਾਨ ਇਸ ਤਰ੍ਹਾਂ ਦੀ ਇਮਾਰਤ ਆਪਣੇ ਜਿਊਂਦਿਆਂ ਵੀ ਬਣਵਾ ਲੈਂਦੇ ਸਨ ਤਾਂ ਜੋ ਮਰਨ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਦਫ਼ਨ ਕੀਤਾ ਜਾ ਸਕੇ। ਇਸ ਇਮਾਰਤਸਾਜ਼ੀ ਦੇ ਅੰਦਰ ਇੰਟੀਰੀਅਰ ਚੂਨੇ ਦਾ ਕੀਤਾ ਜਾਂਦਾ ਹੈ ਅਤੇ ਇਸ ਵਿਚ ਸਣ ਵਰਤੀ ਜਾਂਦੀ ਹੈ ਤਾਂ ਕਿ ਇਮਾਰਤ ਦੀ ਪਕੜ ਮਜ਼ਬੂਤ ਹੋਵੇ। ਇਨ੍ਹਾਂ ਇਮਾਰਤਾਂ ਵਿਚ ਤੁਹਾਨੂੰ ਅਰਬੀ ਜ਼ੁਬਾਨ ਵਿਚ ਲਿਖਿਆ ਹੋਇਆ ਬਹੁਤ ਕੁਝ ਮਿਲੇਗਾ। ਸੁਭਾਸ਼ ਪਰਿਹਾਰ ਦੱਸਦੇ ਹਨ ਕਿ ਘੁਮੱਕੜ ਬੰਦੇ ਇਨ੍ਹਾਂ ਇਮਾਰਤਾਂ ਵਿਚ ਅਕਸਰ ਹੀ ਲਿਖ ਜਾਇਆ ਕਰਦੇ ਸਨ।

ਇਮਾਰਤਸਾਜ਼ੀ ਦੇ ਅੰਦਰ ਇਸ ਤਰ੍ਹਾਂ ਦਾ ਖਿਲਵਾੜ ਪਹਿਲਾਂ ‘ਬੇਬੇ ਨਾਨਕੀ ਦੇ ਘਰ’ ਨੂੰ ਬਣਾਉਣ ਲੱਗਿਆਂ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਅਤੇ ਸੇਵਾਦਾਰਾਂ ਨੇ ਕੀਤਾ ਹੈ। 1991 ਵਿਚ ਬਣੇ ਬੇਬੇ ਨਾਨਕੀ ਦੇ ਘਰ ਦੀ ਇਮਾਰਤ ਦਾ ਆਧਾਰ ਬਾਬਾ ਜਗਤਾਰ ਸਿੰਘ ਨੂੰ ਆਇਆ ਇਕ ਸੁਪਨਾ ਸੀ। ਇਮਾਰਤਸਾਜ਼ੀ ਦੇ ਅੰਦਰ ਸਿੱਖ ਵਾਸਤੂ ਕਲਾ ਦੇ ਲਿਹਾਜ਼ ਨਾਲ ਇਹ ਸਿਆਣਪ ਭਰਿਆ ਰਵੱਈਆ ਨਹੀਂ ਸੀ। ਨਾਨਕਸ਼ਾਹੀ ਇੱਟ ਅਤੇ ਨਾਨਕਸ਼ਾਹੀ ਇੱਟ ਦਾ ਭੁਲੇਖਾ ਦੋ ਵੱਖਰੀਆਂ ਗੱਲਾਂ ਹਨ। ਇਸ ਖਿਲਵਾੜ ਦਾ ਨਤੀਜਾ ਇਹ ਹੋਇਆ ਹੈ ਕਿ ਹੁਣ ਇਸ ਗੁਰਦੁਆਰੇ ਵਿਚ ਦਰਸ਼ਨ ਕਰਨ ਵਾਲੀ ਸੰਗਤ ਇਸ ਨੂੰ ਬੇਬੇ ਨਾਨਕੀ ਦਾ ਪੁਰਾਤਨ ਘਰ ਹੀ ਮੰਨਣ ਲੱਗ ਪਈ ਹੈ।

ਕਾਲੀ ਵੇਈਂ ਦਾ ਕੁਦਰਤੀ ਕੰਡਾ ਕਿਸੇ ਵੀ ਸ਼ਹਿਰੀ ਸੈਰਗਾਹ ਦੀ ਤਰਜ਼ ’ਤੇ ਲੋਹੇ ਦੀਆਂ ਗਰਿੱਲਾਂ ਦੇ ਨਾਲ ਵਲ ਦਿੱਤਾ ਗਿਆ ਹੈ। ਕਿਸੇ ਨੇ ਇਸ ਅਹਿਸਾਸ ਨੂੰ ਸਮਝਣਾ ਜ਼ਰੂਰੀ ਨਹੀਂ ਸਮਝਿਆ ਕਿ ਸੁਲਤਾਨਪੁਰ ਲੋਧੀ ਦੀ ਸਭ ਤੋਂ ਪੁਰਾਤਨ ਨਿਸ਼ਾਨੀ ਜੋ ਇਸ ਸਮੇਂ ਮੌਜੂਦ ਹੈ, ਉਹ ਪੁਰਾਤਨ ਪੁਲ ਸਨ। ਇਨ੍ਹਾਂ ਵਿਚੋਂ ਇਕ ਪੁਲ ਬੱਸ ਸਟੈਂਡ ਦੇ ਸਾਹਮਣੇ ਪੁਰਾਤਨ ਪੁਲ ਸੀ, ਜੋ ਇਸ ਸਮੇਂ ਨਜ਼ਰ ਨਹੀਂ ਆਵੇਗਾ। ਇਤਿਹਾਸਕਾਰ ਇਸ ਦੀ ਉਸਾਰੀ ਦਾ ਸਮਾਂ 1332 ਈਸਵੀ ਮੰਨਦੇ ਹਨ। 1969 ਵਿਚ 500 ਸਾਲਾ ਮੌਕੇ ਖੁੱਲ੍ਹੇ ਗੁਰੂ ਨਾਨਕ ਖ਼ਾਲਸਾ ਕਾਲਜ ਵਿਚ ਸੇਵਾਵਾਂ ਨਿਭਾ ਚੁੱਕੇ ਪ੍ਰੋਫੈਸਰ ਡਾਕਟਰ ਆਸਾ ਸਿੰਘ ਘੁੰਮਣ ਮੁਤਾਬਕ ਸੁਲਤਾਨਪੁਰ ਲੋਧੀ ਵਿਖੇ ਅਜੇ ਵੀ ਦੋ ਪੁਲ ਖੰਡਰਨੁਮਾ ਹਾਲਤ ਵਿਚ ਮੌਜੂਦ ਹਨ। ਗੁਰਦੁਆਰਾ ਬੇਰ ਸਾਹਿਬ ਵੱਲ ਨੂੰ ਜਾਂਦਿਆਂ ਮੌਜੂਦਾ ਟੈਂਟ ਸਿਟੀ ਦੇ ਮੁੱਖ ਪੰਡਾਲ ਕੋਲ ਇਹ ਪੁਲ ਮੌਜੂਦ ਹੈ। ਇਸ ਦੀਆਂ ਸ਼ਹਿਰ ਵਾਲੇ ਪਾਸੇ 7 ਪੁਲੀਆਂ ਕਾਇਮ ਹਨ, ਦੂਜੇ ਪਾਸੇ 3 ਪੁਲੀਆਂ ਮੌਜੂਦ ਹਨ ਜਦੋਂਕਿ ਵਿਚਕਾਰ ਦਾ ਕੁਝ ਹਿੱਸਾ ਪਾਣੀ ਵਿਚ ਡੁੱਬਾ ਹੋਇਆ ਪਿਆ ਹੈ।

ਇਸ ਬਾਰੇ ਲੱਗਦਾ ਹੈ ਕਿ ਇਹ ਪਹਿਲੇ ਪੁਲ ਤੋਂ 200 ਸਾਲ ਬਾਅਦ ਵਿਚ ਲੋਧੀ ਹਕੂਮਤ ਸਮੇਂ ਤਾਮੀਰ ਹੋਇਆ। ਡਾ. ਆਸਾ ਸਿੰਘ ਘੁੰਮਣ ਇਸ ਦੀਆਂ ਬਾਰੀਕੀਆਂ ਨੂੰ ਦੱਸਦੇ ਹੋਏ ਕਹਿੰਦੇ ਹਨ ਕਿ ਧਿਆਨ ਨਾਲ ਵੇਖੋ ਪੁਰਾਣੇ ਪੁਲ ਦੀਆਂ ਪੁਲੀਆਂ ਗੋਲਾਈ ਵਿਚ ਹਨ ਅਤੇ ਇਸ ਦੀਆਂ ਤਿਕੋਣੀਆਂ ਹਨ। ਇਸ ਦੀਆਂ ਮਹਿਰਾਬਾਂ ਮਸੀਤਾਂ ਵਾਂਗ ਗੁੰਬਦ ਦੀ ਸ਼ਕਲ ਦੀਆਂ ਹਨ ਤੇ ਪੁਲ 32 ਫੁੱਟ ਚੌੜਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਪੁਲ ਹਾਥੀਆਂ, ਘੋੜਿਆਂ, ਫੌਜਾਂ ਆਦਿ ਲੰਘਾਉਣ ਲਈ ਬਣਾਇਆ ਗਿਆ ਹੋਵੇ। ਇਹ ਪੁਲ ਜਹਾਂਗੀਰ ਪੁਲ, ਨਵਾਂ ਪੁਲ, ਸ਼ਾਹੀ ਪੁਲ, ਕੰਜਰੀ ਪੁਲ ਨਾਵਾਂ ਨਾਲ ਜਾਣਿਆ ਜਾਂਦਾ ਹੈ।

ਗੁਰਦੁਆਰਾ ਬੇਰ ਸਾਹਿਬ ਦੇ ਨੇੜਲੇ ਪੁਲ ’ਤੇ ਬਿਧੀ ਚੰਦ ਜਥੇ ਸੁਰ ਸਿੰਘ ਵਾਲਿਆਂ ਦਾ ਗੁਰਦੁਆਰਾ ਬਣ ਚੁੱਕਾ ਹੈ। ਜਥੇ ਮੁਤਾਬਕ ਉਨ੍ਹਾਂ ਨੇ ਇਹ ਜ਼ਮੀਨ ਬਕਾਇਦਾ ਕਾਨੂੰਨੀ ਖਰੀਦੀ ਹੈ ਤਾਂ ਸਵਾਲ ਇਹ ਬਣਦਾ ਹੈ ਕਿ ਇਨ੍ਹਾਂ ਪੁਲਾਂ ਪ੍ਰਤੀ ਪੰਜਾਬ ਦੇ ਵਿਰਾਸਤੀ ਸੈਰ-ਸਪਾਟਾ ਮਹਿਕਮੇ ਨੇ ਘੇਸਲ਼ ਕਿਉਂ ਵੱਟ ਕੇ ਰੱਖੀ। ਦਿੱਲੀ ਦੀਆਂ ਬਾਉਲੀਆਂ ਤੇ ਅਤੇ ਹੋਰ ਇਤਿਹਾਸਕ ਵਿਰਾਸਤੀ ਇਮਾਰਤਾਂ ਬਾਰੇ ਕੰਮ ਕਰਨ ਵਾਲੇ ਬਿਕਰਮਜੀਤ ਸਿੰਘ ਰੂਪਰਾਏ ਕਹਿੰਦੇ ਨੇ ਕਿ ਦਿੱਲੀ ਵਿਚ ਅੱਜ ਵੀ ਅੱਠ ਪੁਲਾਂ ਬਾਰਾਂਪੁਲਾ ਪੁਰਾਤਨ ਪੁਲ ਸਾਂਭ ਕੇ ਰੱਖੇ ਹਨ ਅਤੇ ਉਸ ਦੇ ਬਰਾਬਰ ਨਵੇਂ ਪੁਲ ਬਣਾਏ ਗਏ ਹਨ ਅਤੇ ਇਸ ਬਹਾਨੇ ਲੋਕ ਇਨ੍ਹਾਂ ਪੁਲਾਂ ਤੋਂ ਗੁਜ਼ਰਦਿਆਂ ਸਮਝਦੇ ਹਨ ਕਿ ਪੁਰਾਤਨ ਵਿਰਾਸਤ ਕਿਸ ਤਰ੍ਹਾਂ ਦੀ ਸੀ।

ਕਿਸੇ ਵੇਲੇ ਸੁਲਤਾਨਪੁਰ ਲੋਧੀ ਦੇ ਕਿਲਾ ਸਰਾਏ ਵਿਚ ਪੁੰਨਿਆਂ ਬੈਠਕ ਸਜਾਉਂਦੇ ਭਾਈ ਬਲਦੀਪ ਸਿੰਘ ਵਿਰਾਸਤ ਦੀ ਗੰਭੀਰਤਾ ਅਤੇ ਸੂਖਮ ਕਲਾਵਾਂ ਪ੍ਰਤੀ ਉਦਾਸੀਨ ਸਮਝ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਹਿੰਦੇ ਹਨ ਕਿ ਇਸ ਤੋਂ ਬਿਹਤਰ ਹੋ ਸਕਦਾ ਸੀ। ਭਾਈ ਬਲਦੀਪ ਸਿੰਘ ਕਹਿੰਦੇ ਹਨ ਕਿ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਦਾ ਵੱਡਾ ਮੁਕਾਮ ਹੈ ਅਤੇ ਇਸ ਪਵਿੱਤਰ ਸ਼ਹਿਰ ਅੰਦਰ ਸਾਨੂੰ ਸਿੱਖ ਵਿਰਾਸਤ ਅਤੇ ਸੂਖਮ ਕਲਾਵਾਂ ਦੀ ਵੱਡੀ ਟਕਸਾਲ ਨੂੰ ਪੈਦਾ ਕਰਨਾ ਚਾਹੀਦਾ ਸੀ। ਭਾਈ ਬਲਦੀਪ ਸਿੰਘ ਦੱਸਦੇ ਹਨ ਕਿ ਸਿਆਸੀ ਖਿੱਚੋਤਾਣ ਕਾਰਣ ਇੱਥੋਂ ਗੁਰਮਤਿ ਸੰਗੀਤ ਦੀਆਂ ਕਲਾਸਾਂ ਬੰਦ ਹੋ ਗਈਆਂ। ਸੁਲਤਾਨਪੁਰ ਲੋਧੀ ਵਿਖੇ ਸੰਗੀਤ ਸਿੱਖਦੇ ਇਹ ਬੱਚੇ ਅੱਜ ਦੇ ਇਸ ਮੁਕੱਦਸ ਦਿਨ ਵਿਚ ਕੁਝ ਨਵਾਂ ਸਿਰਜ ਰਹੇ ਹੁੰਦੇ ਜੇ ਉਨ੍ਹਾਂ ਦੀਆਂ ਜਮਾਤਾਂ ਬੰਦ ਨਾ ਕੀਤੀਆਂ ਹੁੰਦੀਆਂ। ਭਾਈ ਸਾਹਿਬ ਮੁਤਾਬਕ ਇਸ ਖਿੱਚੋਤਾਣ ਦੇ ਵਿਚ ਪ੍ਰਸ਼ਾਸਨ ਨੇ ਜ਼ਬਰਦਸਤੀ ਸਾਡੇ ਸਾਜ਼ ਬਹੁਤ ਬੇਰਹਿਮੀ ਨਾਲ ਬਾਹਰ ਸੁੱਟ ਦਿੱਤੇ ਸਨ ਜਦੋਂਕਿ ਉਹ ਸਾਜ਼ ਸੈਂਕੜੇ ਸਾਲਾਂ ਪੁਰਾਤਨ ਸਨ ਅਤੇ ਉਨ੍ਹਾਂ ਦੀ ਕੋਈ ਅਹਿਮੀਅਤ ਸੀ। ਇਹ ਸਿਰਫ ਇਸ ਕਰ ਕੇ ਹੋਇਆ ਕਿਉਂਕਿ ਵਿਰਾਸਤ ਬਾਰੇ ਇੰਨੀ ਸੂਖ਼ਮ ਸਮਝ ਅਸੀਂ ਪੈਦਾ ਨਹੀਂ ਕਰ ਸਕੇ।

-ਹਰਪ੍ਰੀਤ ਸਿੰਘ ਕਾਹਲੋਂ

 


Related News