ਦਰਸ਼ਨ-ਏ-ਗੁਰਧਾਮ : ਗੁਰਦੁਆਰਾ ਸ੍ਰੀ ਕਿਆਰਾ ਸਾਹਿਬ

09/06/2019 9:20:56 AM

ਦਰਸ਼ਨ-ਏ-ਗੁਰਧਾਮ
ਗੁਰਦੁਆਰਾ ਸ੍ਰੀ ਕਿਆਰਾ ਸਾਹਿਬ

ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਜਨਮ ਲੈਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਜਿੱਥੇ ਕੌਤਕ ਰਚੇ, ਉਸ ਮੁਕੱਦਸ ਧਰਤੀ ਦੀ ਸਭ ਤੋਂ ਪਹਿਲੀ ਨਿਸ਼ਾਨਦੇਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਰਵਾਈ ਦੱਸੀ ਜਾਂਦੀ ਹੈ।

ਗੁਰਦੁਆਰਾ ਸ੍ਰੀ ਮੱਲ ਜੀ ਸਾਹਿਬ ਦੇ ਨਾਲ ਹੀ ਇਕ ਗੁਰਦੁਆਰਾ ਸ੍ਰੀ ਕਿਆਰਾ ਸਾਹਿਬ ਹੈ, ਜਿੱਥੇ ਦੱਸਦੇ ਹਨ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਛੋਟੀ ਉਮਰ ਵਿਚ ਡੰਗਰ ਚਾਰੇ ਸਨ।

ਇਕ ਵਾਰ ਜਦੋਂ ਗੁਰੂ ਨਾਨਕ ਦੇਵ ਜੀ ਪਸ਼ੂ ਲੈ ਕੇ ਆਪਣੇ ਖੇਤਾਂ ਨੂੰ ਗਏ ਤਾਂ ਉੱਥੇ ਗੁਰੂ ਸਾਹਿਬ ਦੀ ਦੁਪਹਿਰ ਵੇਲੇ ਗਰਮੀ ਹੋਣ ਕਰ ਕੇ ਅੱਖ ਲੱਗ ਗਈ। ਪਸ਼ੂ ਕਿਸੇ ਹੋਰ ਦੇ ਖੇਤਾਂ ਵਿਚ ਚਰਨ ਲੱਗ ਪਏ। ਇੰਨੇ ਨੂੰ ਖੇਤਾਂ ਦਾ ਮਾਲਕ ਵੀ ਆ ਗਿਆ। ਉਸ ਨੇ ਆਪਣੇ ਖੇਤਾਂ ਵਿਚ ਜਦੋਂ ਗੁਰੂ ਨਾਨਕ ਸਾਹਿਬ ਦੇ ਪਸ਼ੂ ਉਜਾੜਾ ਕਰਦੇ ਵੇਖੇ ਤਾਂ ਉਸ ਨੇ ਜਾ ਕੇ ਪਿੰਡ ਦੇ ਮੁਖੀ ਰਾਇ ਬੁਲਾਰ ਜੀ ਨੂੰ ਸ਼ਿਕਾਇਤ ਕਰ ਦਿੱਤੀ ਕਿ ਨਾਨਕ ਦੀਆਂ ਮੱਝਾਂ, ਗਾਵਾਂ ਨੇ ਮੇਰੀ ਸਾਰੀ ਹੀ ਫ਼ਸਲ ਉਜਾੜ ਦਿੱਤੀ ਹੈ।

ਇੰਨੀ ਗੱਲ ਸੁਣਦਿਆਂ ਸਾਰ ਹੀ ਰਾਇ ਬੁਲਾਰ ਜੀ ਉਨ੍ਹਾਂ ਖੇਤਾਂ ਵਲ ਗਏ, ਜਿੱਥੇ ਨਾਨਕ ਸਾਹਿਬ ਦੇ ਪਸ਼ੂ ਚਰ ਰਹੇ ਸਨ। ਕੀ ਦੇਖਦੇ ਹਨ ਕਿ ਫਸਲ ਪਹਿਲਾਂ ਨਾਲੋਂ ਵੀ ਹਰੀ-ਭਰੀ ਹੈ। ਸ਼ਿਕਾਇਤ ਕਰਨ ਵਾਲਾ ਬੜਾ ਹੈਰਾਨ ਹੋਇਆ ਅਤੇ ਮੁਆਫੀ ਮੰਗ ਕੇ ਚਲਾ ਗਿਆ ਪਰ ਰਾਇ ਬੁਲਾਰ ਸਾਹਿਬ ਤਾਂ ਇਸ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੂੰ ਇਕ ਰੱਬੀ ਨੂਰ ਸਮਝ ਚੁੱਕੇ ਸਨ।

ਇਹ ਪਾਵਨ ਪਵਿੱਤਰ ਗੁਰਦੁਆਰਾ ਸਾਹਿਬ ਉਸੇ ਖੇਤਾਂ ਵਾਲੀ ਜਗ੍ਹਾ ’ਤੇ ਸੁਸ਼ੋਭਿਤ ਹੈ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੱਝਾਂ ਨੇ ਖੇਤੀ ਉਜਾੜ ਦਿੱਤੀ ਸੀ। ਉਸ ਗੁਰਦੁਆਰਾ ਸਾਹਿਬ ਦੀ ਇਮਾਰਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਉਸਾਰੀ ਗਈ। ਇਸ ਖਾਸ ਖੇਤਰ ਨੂੰ ਸਤਿਕਾਰ ਨਾਲ ਕਿਆਰਾ ਸਾਹਿਬ ਕਿਹਾ ਜਾਂਦਾ ਹੈ। ਇਸ ਨੂੰ ਸੰਤ ਗੁਰਮੁੱਖ ਸਿੰਘ ਸਿਵਾਵਲੇ ਦੁਆਰਾ 1947 ਦੀ ਵੰਡ ਤੋਂ ਪਹਿਲਾਂ ਇਕ ਵਾਰ ਬਣਾਇਆ ਗਿਆ ਸੀ। ਨਵੀਂ ਇਮਾਰਤ ਵਿਚ ਇਕ ਵਰਗਾਕਾਰ, ਗੁੰਬਦਦਾਰ ਪ੍ਰਕਾਸ਼ ਅਸਥਾਨ ਅਤੇ ਪਲੰਤੀ ’ਤੇ ਬਣਿਆ ਇਕ ਪ੍ਰੰਪਰਾਗਤ ਵਰਾਂਡਾ ਸ਼ਾਮਲ ਹੈ। ਗੁਰਦੁਆਰਾ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ।

------------------------------------------

ਅਵਤਾਰ ਸਿੰਘ ਆਨੰਦ

98551-20287


Related News