ਰੱਬ ਦੇ ਬੰਦੇ ਦੀ ਰਬਾਬ

09/20/2019 10:13:19 AM

ਰੱਬ ਦੇ ਬੰਦੇ ਦੀ ਰਬਾਬ
ਰਬਾਬ ਇਕ ਤੰਤੀ ਪ੍ਰਾਚੀਨ ਲੋਕ ਸਾਜ਼ (ਤਾਰਾਂ ਵਾਲਾ) ਹੈ। ਜਿਸ ਦਾ ਜ਼ਿਕਰ 8ਵੀਂ ਸਦੀ ਤੋਂ ਵੀ ਪਹਿਲਾਂ ਤੋਂ ਮਿਲਦਾ ਹੈ।

ਰਬਾਬ ਗੁਰਮਤਿ ਸੰਗੀਤ ਦਾ ਪਹਿਲਾ ਅਤੇ ਪ੍ਰਮੁੱਖ ਤੰਤੀ ਸਾਜ਼ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਬਾਬ ਦਾ ਉਲੇਖ ਇਸ ਤਰ੍ਹਾਂ ਆਇਆ ਹੈ :-

ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁਵਜਾਵੈ।। (ਆਦਿ ਗ੍ਰੰਥ, ਆਸਾ ਮਹਲਾ 5, ਪੰਨਾ 381)

ਰਬਾਬ ਸਾਜ਼ ਦਾ ਇਤਿਹਾਸਕ ਪਿਛੋਕੜ ਦਾ ਵਰਨਣ ਕਰਦੇ ‘ਭਾਰਤੀ ਸੰਗੀਤ ਵਾਦਿਆ’ ਪੁਸਤਕ ਦੇ ਉਘੇ ਲੇਖਕ ਡਾ. ਲਾਲ ਮਣੀ ਮਿਸ਼ਰ ਨੇ ਮੰਨਿਆ ਹੈ ਕਿ ਰਬਾਬ ਪ੍ਰਾਚੀਨ ਚਿਤਰਾ ਵੀਣਾ ਦਾ ਵਿਕਸਿਤ ਰੂਪ ਹੈ, ਜੋ ਲਗਭਗ ਚੌਦਵੀਂ ਸ਼ਤਾਬਦੀ ਵਿਚ ਵਿਕਸਿਤ ਹੋਇਆ। ਉਨ੍ਹਾਂ ਦੇ ਅਨੁਸਾਰ, ਭਾਰਤ ਵਿਚ ਦੋ ਤਰ੍ਹਾਂ ਦੇ ਰਬਾਬ ਦੀ ਪ੍ਰੰਪਰਾ ਰਹੀ ਹੈ। ਇਕ ਰਬਾਬ ਨੂੰ ਤਿਕੌਣੀ ਨਾਲ ਜਾਂ ਹੱਡੀ ਨਾਲ ਵਜਾਇਆ ਜਾਂਦਾ ਹੈ, ਜਿਸ ਨੂੰ ਜਵਾ ਕਹਿੰਦੇ ਹਨ ਅਤੇ ਦੂਜੀ ਤਰ੍ਹਾਂ ਦੀ ਰਬਾਬ ਨੂੰ ਗਜ਼ ਨਾਲ ਵਜਾਇਆ ਜਾਂਦਾ ਸੀ। ਭਿੰਨ-ਭਿੰਨ ਵਿਦਵਾਨ ਰਬਾਬ ਸਾਜ਼ ਦਾ ਵਿਕਾਸ ਪ੍ਰਾਚੀਨ ਰੁਦਰ ਵੀਣਾ, ਚਿਤਰਾ ਵੀਣਾ ਜਾਂ ਰਾਵਣ ਵੀਣਾ ਤੋਂ ਮੰਨਦੇ ਹਨ। ਪੰਜਾਬ ਵਿਚ ਰਬਾਬ ਦੇ ਜਿਸ ਰੂਪ ਦਾ ਪ੍ਰਚਲਣ ਹੈ, ਉਹ ਪ੍ਰਾਚੀਨ ਚਿਤਰਾ ਵੀਣਾ ਦਾ ਹੀ ਵਿਕਸਿਤ ਰੂਪ ਹੈ, ਜਿਸ ਨੂੰ ਜਵਾ ਨਾਲ ਵਜਾਇਆ ਜਾਂਦਾ ਹੈ।

ਰਬਾਬ ਇਕ ਖਾਸ ਲੱਕੜੀ ਦਾ ਬਣਿਆ ਤਿੰਨ ਜਾਂ ਸਾਢੇ ਤਿੰਨ ਫੁਟ ਦਾ ਪੀਸ ਹੁੰਦਾ ਹੈ, ਜਿਸ ਨੂੰ ਅੰਦਰੋਂ ਖੋਖਲਾ ਕੀਤਾ ਜਾਂਦਾ ਹੈ। ਉਸ ਨੂੰ ਡਾਂਡ ਕਿਹਾ ਜਾਂਦਾ ਹੈ। ਰਬਾਬ ਦਾ ਤੂੰਬਾ ਡਾਂਡ ਨਾਲ ਜੋੜਿਆ ਹੁੰਦਾ ਹੈ। ਲੱਕੜੀ ਦਾ ਬਣਿਆ ਹੋਇਆ ਇਹ ਤੂੰਬਾ ਕੁਝ ਚੌੜਾ ਹੁੰਦਾ ਹੈ ਅਤੇ ਡਾਂਡ ਵਾਲੇ ਪਾਸਿਓਂ ਇਸ ਦੀ ਕੁਝ ਮੋਟਾਈ ਘੱਟ ਹੁੰਦੀ ਹੈ। ਤੂੰਬੇ ਦਾ ਉਪਰਲਾ ਹਿੱਸਾ ਪੱਧਰਾ ਕਰ ਕੇ ਬੱਕਰੀ ਜਾਂ ਕਿਸੇ ਹੋਰ ਜਾਨਵਰ ਦੀ ਖੱਲ ਨਾਲ ਮੜ੍ਹਿਹਆ ਜਾਂਦਾ ਹੈ। ਇਸ ਨੂੰ ‘ਮਾਂਦ’ ਕਹਿੰਦੇ ਹਨ। ਮਾਂਦ ਦੇ ਉੱਪਰ ਵਿਚਕਾਰ ਹੱਡੀ ਦੀ ਘੋੜੀ ਰੱਖੀ ਹੁੰਦੀ ਹੈ। ਜਿਸ ਨੂੰ ਘੁੜਚ ਜਾਂ ਘੁੜਚ ਘਣੀ ਕਹਿੰਦੇ ਹਨ। ਇਸ ’ਤੇ ਰਬਾਬ ਦੇ ਤਾਰ ਟਿਕੇ ਰਹਿੰਦੇ ਹਨ। ਡਾਂਡ ਦੇ ਉਪਰਲੇ ਪਾਸੇ ਇਕ ਘੁੜਚ ਲਾਇਆ ਜਾਂਦਾ ਹੈ, ਜਿਸ ਵਿਚੋਂ ਤਾਰਾਂ ਲੰਘਦੀਆਂ ਹਨ, ਇਸ ਨੂੰ ‘ਤਾਰ ਘਣੀ’ ਕਹਿੰਦੇ ਹਨ। ਅੱਜ ਕੱਲ ਪ੍ਰਚੱਲਿਤ ਰਬਾਬ ਵਿਚ ਚਾਰ ਦੀ ਬਜਾਏ 6 ਤਾਰਾਂ ਹੁੰਦੀਆਂ ਹਨ। ਇਨ੍ਹਾਂ ਦੇ ਨਾਮ ਹਨ-ਜੀਲ ਦੀ ਤਾਰ, ਮਿਆਨ ਦੀ ਤਾਰ, ਸੁਰ ਦੀ ਤਾਰ, ਮੰਦਰ ਦੀ ਤਾਰ, ਘੌਰ ਦੀ ਤਾਰ ਅਤੇ ਖਰਜ਼ ਦੀ ਤਾਰ। ਇਨ੍ਹਾਂ ਤਾਰਾਂ ਨੂੰ ਕ੍ਰਮ ਅਨੁਸਾਰ ਮੱਧ ਪ, ਮੱਧ ਰੇ, ਮੱਧ ਸ, ਮੰਦਰ ਪ, ਮੰਦਰ ਮ ਅਤੇ ਮੰਦਰ ਸਪਤਕ ਦੇ ਸ ਨਾਲ ਮਿਲਾਇਆ ਜਾਂਦਾ ਹੈ। ਵਰਤਮਾਨ ਸਮੇਂ ਵਿਚ ਕਈ ਰਬਾਬ ਵਾਦਕ ਤਰਬ ਦੀਆਂ ਤਾਰਾਂ ਦਾ ਵੀ ਪ੍ਰਯੋਗ ਕਰਦੇ ਹਨ। ਤਰਬ ਦੀਆਂ ਤਾਰਾਂ ਨੂੰ ਰਾਗ ਦੀ ਸੁਰ ਵਿਵਸਥਾ ਅਨੁਸਾਰ ਮਿਲਾਇਆ ਜਾਂਦਾ ਹੈ। ਰਬਾਬ ਨੂੰ ਲੱਕੜੀ ਜਾਂ ਹਾਥੀ ਦੰਦ ਦੇ ਬਣੇ ਇਕ ਤਿਕੌਣੇ ਟੁਕੜੇ ਨਾਲ ਵਜਾਇਆ ਜਾਂਦਾ ਹੈ, ਜਿਸਨੂੰ ਜਵਾ ਜਾਂ ਜ਼ਰਬ ਕਿਹਾ ਜਾਂਦਾ ਹੈ। ਪ੍ਰੰਪਰਾਗਤ ਰਬਾਬ ਵਿਚ ਪਰਦੇ ਨਹੀਂ ਹੁੰਦੇ ਸਨ ਪਰ ਰਬਾਬ ਵਿਚ ਪਰਦੇ ਵੀ ਲਾਏ ਜਾ ਸਕਦੇ ਹਨ। ਮੱਧ ਕਾਲੀਨ ਰਬਾਬ, ਜੋ ਕਿ ਬਿਨਾਂ ਪਰਦੇ ਦੇ ਹੁੰਦੀ ਸੀ, ਉਸ ਨੂੰ ਧਰੁਪਦੀਆ ਕਿਹਾ ਜਾਂਦਾ ਹੈ।

ਦੱਸਦੇ ਹਨ ਕਿ ਇਸ ਸਾਜ਼ ਦੀ ਹੋਂਦ ਸਿਕੰਦਰ ਦੇ ਕਾਲ ਵਿਚ ਹੋਈ ਸੀ। ਮਹਾਨ ਅਲੈਗਜ਼ੈਂਡਰ ਨੇ ਇਸ ਸਾਜ਼ ਦੀ ਖੋਜ ਕੀਤੀ ਸੀ। ਇਹ ਪੰਜ ਮੂਲ ਸਾਜ਼ਾਂ ਵੀਣਾ, ਮ੍ਰਿਦੰਗ, ਸ਼ਹਿਨਾਈ ਤੇ ਸਾਰੰਗੀ ਵਿਚੋਂ ਇਕ ਸਿਰਕੱਢਵਾਂ ਸਾਜ਼ ਹੈ।

ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ (1469) ਦੇ ਸਾਥੀ ਭਾਈ ਮਰਦਾਨਾ ਪ੍ਰਸਿੱਧ ਰਬਾਬ ਵਾਦਕ ਕਰ ਕੇ ਜਾਣੇ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਦੀ ਮਿੱਠੀ ਅਤੇ ਮਧੁਰ ਆਵਾਜ਼ ਨਾਲ ‘ਧੁਰ ਕੀ ਬਾਣੀ’ ਦੀ, ਭਾਈ ਮਰਦਾਨਾ ਨੇ ਜੀਵਨ ਭਰ ਰਬਾਬ ਨਾਲ ਸੰਗਤ ਕੀਤੀ, ਜਿਹੜੀ ਇਕ ਅਜੀਬ ਅਤੇ ਉਤਸ਼ਾਹ ਭਰਪੂਰ ਵਾਤਾਵਰਣ ਪੈਦਾ ਕਰ ਦਿੰਦੀ ਸੀ। ਇਸ ਦਾ ਵਰਨਣ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਇਸ ਤਰ੍ਹਾਂ ਕੀਤਾ ਹੈ :-

ਫਿਰਿ ਬਾਬਾ ਗਇਆ ਬਗਦਾਦਿਨੋਬਾਹਰਿਜਾਇ ਕੀਆ ਅਸਥਾਨਾ।।

ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।।

(ਵਾਰਾਂ ਭਾਈ ਗੁਰਦਾਸ, ਵਾਰ 1, ਪਾਉੜੀ 35)

ਇਹੀ ਨਹੀਂ, ਭਾਈ ਮਰਦਾਨੇ ਦੇ ਰਬਾਬ ਵਜਾਉਣ ਵਿਚ ਪ੍ਰਵੀਣ ਹੋਣ ਬਾਰੇ ਇਕ ਹੋਰ ਹਵਾਲਾ ਇਸ ਤਰ੍ਹਾਂ ਮਿਲਦਾ ਹੈ :-

ਭਲਾ ਰਬਾਬ ਵਜਾਇੰਦਾਮਜਲਸ ਮਰਦਾਨਾ ਮੀਰਾਸੀ।

(ਵਾਰਾਂ ਭਾਈ ਗੁਰਦਾਸ, ਵਾਰ 11, ਪਉੜੀ 13)

ਸਿੱਖ ਕਾਲ ਦੇ ਆਰੰਭ ਤੋਂ ਹੀ ਭਾਵ ਗੁਰੂ ਨਾਨਕ ਦੇਵ ਦੇ ਸਮੇਂ ਤੋਂ ਹੀ ਗੁਰਮਤਿ ਸੰਗੀਤ ਪ੍ਰੰਪਰਾ ਦਾ ਇਕ ਪ੍ਰਮੁੱਖ ਸਾਜ਼ ਸੀ। ਭਾਈ ਮਰਦਾਨਾ ਇਕ ਉੱਤਮ ਰਬਾਬ ਵਾਦਕ ਸਨ।

ਗੁਰੂ ਨਾਨਕ ਸਾਹਿਬ ਜੀ ਨੇ ਜਿਸ ਸਮੇਂ ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾਉਣ ਦਾ ਫੈਸਲਾ ਕੀਤਾ ਤਾਂ ਬੀਬੀ ਨਾਨਕੀ ਤੋਂ ਕੁਝ ਮਾਇਆ ਲੈ ਕੇ ਭਾਈ ਮਰਦਾਨੇ ਨੂੰ ਦਿੱਤੀ ਤੇ ਭਾਈ ਫਰੰਦੇ ਕੋਲ ਰਬਾਬ ਬਣਾਉਣ ਲਈ ਭੇਜਿਆ ਤਾਂ ਕਿ ਉਸ ਨਾਲ ਕੀਰਤਨ ਕਰ ਕੇ ਪ੍ਰਭੂ ਦਾ ਜਸ ਤੇ ਪ੍ਰਚਾਰ ਕੀਤਾ ਜਾ ਸਕੇ। ਜਦੋਂ ਭਾਈ ਮਰਦਾਨੇ ਨੇ ਭਾਈ ਫਰੰਦੇ ਨੂੰ ਰਬਾਬ ਦੀ ਕੀਮਤ ਬਾਰੇ ਪੁੱਛਿਆ ਤਾਂ ਭਾਈ ਫਰੰਦਾ, ਜੋ ਉਸ ਸਮੇਂ ਤੱਕ ਗੁਰੂ ਨਾਨਕ ਸਾਹਿਬ ਸਬੰਧੀ ਕਾਫੀ ਕੁਝ ਸੁਣ ਚੁੱਕਿਆ ਸੀ, ਕਹਿਣ ਲੱਗਾ ਜੇ ਇਸ ਰਬਾਬ ਨਾਲ ਗੁਰੂ ਨਾਨਕ ਦੀ ਬਾਣੀ ਦਾ ਕੀਰਤਨ ਕਰਨਾ ਹੈ ਤਾਂ ਇਸ ਦੀ ਕੀਮਤ ਨਹੀਂ ਦੱਸੀ ਜਾ ਸਕਦੀ। ਇਸ ਦੀ ਕੀਮਤ ਸਿਰਫ ਇਹ ਹੋਵੇਗੀ ਕਿ ਇਸ ਨੂੰ ਪ੍ਰਭੂ ਦੀ ਕੀਰਤੀ ਲਈ ਹੀ ਵਰਤਿਆ ਜਾਵੇ ਤੇ ਇਹ ਕਿਸੇ ਰਾਜੇ ਦੇ ਦਰਬਾਰ ਵਿਚ ਜਾਂ ਕਿਸੇ ਹੋਰ ਪ੍ਰਭਾਵਸ਼ਾਲੀ ਵਿਅਕਤੀ ਦੀ ਸ਼ੋਭਾ ਗਾਉਣ ਲਈ ਨਾ ਵਰਤੀ ਜਾਏ। ਭਾਈ ਮਰਦਾਨਾ ਦਾ ਜੀਵਨ ਦੱਸਦਾ ਹੈ ਕਿ ਉਨ੍ਹਾਂ ਕਦੀ ਵੀ ਪ੍ਰਭੂ ਦੀ ਕੀਰਤੀ ਤੋਂ ਇਲਾਵਾ ਹੋਰ ਕਿਸੇ ਵਿਅਕਤੀ ਦੀ ਕੀਰਤੀ ਕਰਨ ਲਈ, ਨਾ ਹੀ ਆਪਣੀ ਰਬਾਬ ਵਰਤੀ ਹੈ ਤੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਦੇ ਸੋਹਲੇ ਗਾਏ।

ਗੁਰੂ ਨਾਨਕ ਦੇਵ ਜੀ ਬਹੁਤ ਸੁਰੀਲੇ ਗਲ਼ੇ ਦੇ ਧਨੀ ਵੀ ਸਨ। ਜਪੁ ਜੀ ਸਾਹਿਬ ਤੋਂ ਬਿਨਾਂ ਉਨ੍ਹਾਂ ਦੀ ਸਾਰੀ ਬਾਣੀ ਵੱਖ-ਵੱਖ ਰਾਗਾਂ ਵਿਚ ਹੈ। ਰਾਗਾਂ ਦੇ ਸੰਪੂਰਨ ਗਿਆਨ ਤੋਂ ਬਿਨਾਂ ਇਹ ਰਚੀ ਨਹੀਂ ਜਾ ਸਕਦੀ ਸੀ। ਉਦਾਸੀਆਂ ਸਮੇਂ ਗੁਰੂ ਜੀ ਨਾਲ ਬਾਲਾ ਅਤੇ ਮਰਦਾਨਾ ਹੁੰਦੇ ਸਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦੇ ਮਹਾਨ ਗਾਇਕ ਸਨ। ਆਵਾਜ਼ ਇੰਨੀ ਸੁਰੀਲੀ ਕਿ ਪੰਛੀਆਂ ਦੀ ਪਰਵਾਜ਼ ਵੀ ਰੁਕ ਜਾਂਦੀ ਸੀ। ਮੱਝੀਆਂ ਮੂੰਹ ਚੁੱਕ ਕੇ ਖਲੋ ਜਾਂਦੀਆਂ। ਨਦੀਆਂ ਵੀ ਵਿਸਮਾਦ ’ਚ ਚਲੀਆਂ ਜਾਂਦੀਆਂ। ਜਦ ਰਬਾਬ ਦੀਆਂ ਤਾਰਾਂ ਨੂੰ ਹੱਥ ਨਾਲ ਛੇੜਦਾ ਸੀ ਤਾਂ ਕੁਲ ਕਾਇਨਾਤ ਵੀ ਮੰਤਰ ਮੁਗਧ ਹੋ ਜਾਂਦੀ ਸੀ। ਗੁਰੂ ਸਾਹਿਬ ਦੀ ਸਿਫਤ ਸਲਾਹ ਅਤੇ ਕਲਾ ਨੂੰ ਲਿਖਣ ਵਾਸਤੇ ਸ਼ਬਦ ਅਜੇ ਤੱਕ ਨਾ ਬਣੇ ਹਨ ਅਤੇ ਨਾ ਹੀ ਬਣਨਗੇ। ਭਾਈ ਮਰਦਾਨਾ ਵੀ ਦੁਨੀਆ ਦਾ ਇਕ ਮਹਾਨ ਸੰਗੀਤਕਾਰ ਹੀ ਸੀ ਭਾਵੇਂ ਜਾਤ ਦਾ ਮਰਾਸੀ ਸੀ ਪਰ ਹੈ ਅੱਵਲ ਦਰਜੇ ਦਾ ਸੰਗੀਤਕਾਰ ਤੇ ਨਾਨਕ ਦਾ ਸਾਥੀ, ਜਿਸ ਦੇ ਭੋਲੇਪਨ ਨੇ ਦੁਨੀਆ ਦੇ ਵੱਡੇ ਵੱਡੇ ਸਵਾਲ ਗੁਰੂ ਨਾਨਕ ਜੀ ਅੱਗੇ ਰੱਖੇ।

ਬਾਲਾ ਜੀ ਮੁੱਖ ਤੌਰ ’ਤੇ ਸ਼ਰਧਾਲੂ ਅਤੇ ਸੇਵਕ ਸਨ। ਮਰਦਾਨਾ ਜੀ ਰਬਾਬ ਵਜਾਉਂਦੇ ਸਨ, ਜਿਸ ਦੀ ਸੰਗਤ ਵਿਚ ਰਾਗਾਂ ਵਿਚ ਗਾਉਣਾ ਸੰਭਵ ਹੈ। ਗੁਰੂ ਸਾਹਿਬ ਗਾ ਕੇ ਬਾਣੀ ਉਚਾਰਦੇ ਹੋਣਗੇ। ਜਨਮ ਸਾਖੀਆਂ ਵਿਚ ਵੀ ਆਉਂਦਾ ਹੈ ਕਿ ਗੁਰੂ ਸਾਹਿਬ ਭਾਈ ਮਰਦਾਨੇ ਨੂੰ ਕਹਿੰਦੇ ਹੁੰਦੇ ਸਨ : ‘ਮਰਦਾਨਿਆ, ਰਬਾਬ ਉਠਾ। ਬਾਣੀ ਆਈ ਹੈ।’ ਇਕ ਸਲੋਕ ਵਿਚ ਗੁਰੂ ਸਾਹਿਬ ਨੇ ਕਿਹਾ ਹੈ : ‘ਨਾਨਕ ਨਾਮ ਪਦਾਰਥ ਦੀਜੈਹਿਰਦੈ ਕੰਠ ਬਣਾਈ। ਭਾਵ : ‘ਨਾਨਕ ਨੂੰ ਆਪਣੇ ਨਾਮ ਦੀ ਦੌਲਤ ਪ੍ਰਦਾਨ ਕਰ, ਹੇ ਸੁਆਮੀ। ਉਸ ਨਾਲ ਉਹ ਆਪਣੇ ਦਿਲ ਅਤੇ ਗਲ਼ੇ ਨੂੰ ਸ਼ਿੰਗਾਰ ਲਵੇਗਾ।’ ਗੁਰੂ ਸਾਹਿਬ ਨੂੰ ਰਾਗਾਂ ਵਿਚ ਬਾਣੀ ਉਚਾਰਦੇ ਹੋਏ ਕਲਪਨਾ ਕਰ ਕੇ ਰੂਹਸਰਸ਼ਾਰ ਹੋ ਜਾਂਦੀ ਹੈ।

-ਅਵਤਾਰ ਸਿੰਘ ਆਨੰਦ,

98551-20287


Related News