ਕਰਤਾਰਪੁਰਿ ਕਰਤਾ ਵਸੈ -1

10/31/2019 10:59:36 AM

ਕਰਤਾਰਪੁਰਿ ਕਰਤਾ ਵਸੈ -1

9 ਨਵੰਬਰ 2019 ਨੂੰ ਪੰਜਾਬ ਦੀ ਤਾਰੀਖ਼ ਦਾ ਯਾਦਗਾਰੀ ਦਿਨ ਏ। ਬਾਬੇ ਨਾਨਕ ਤੇ ਬਾਬੇ ਫ਼ਰੀਦ ਦੇ ਵਿਚਾਲੇ ਉਕੇਰੀ ਲੀਕ ਧੁੰਦਲੀ ਹੋਵੇਗੀ। ਵਿਛੜੇ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਹੋਣਗੇ। ਲਾਂਘੇ ਦੇ ਨਾਲ ਹੀ ਅਸੀਂ ਸਾਰਿਆਂ ਨੂੰ ਉਸ ਗੁਰੂ ਬਾਬਾ ਨਾਨਕ ਜੀ ਦੀ ਨਗਰੀ ਕਰਤਾਰਪੁਰ ਦੀ ਸਾਂਭ-ਸੰਭਾਲ ਦਾ ਤਵਾਰੀਖ਼ੀ ਮੌਕਾ ਮਿਲ਼ਿਆ ਏ-ਜਿਥੇ ਉਨ੍ਹਾਂ ਅਾਪਣੇ ਜੀਵਨ ਦਾ 20 ਸਾਲ ਦੇ ਕਰੀਬ ਸਮਾਂ ਲੰਘਾਇਆ-ਜਿਸ ਮਿੱਟੀ ਵਿਚ ਅਾਪਣੇ ਹੱਥੀਂ ਕਿਰਸਾਨੀ ਕਰ, ਸੰਗਤ ਜੋੜ-ਨਾਮ ਜਪਣ, ਕਿਰਤ ਕਰਨ, ਵੰਡ ਛਕਣ ਤੇ ਸਭ ਵਿਚ ਇਕ ਰੱਬ ਦਾ ਰੂਪ ਵੇਖਣ ਦੇ ਫ਼ਲਸਫ਼ੇ ਨੂੰ ਸਾਕਾਰ ਕੀਤਾ ਤੇ ਇਸੇ ਮਿੱਟੀ ਵਿਚ ਆਪ ਮਿੱਟੀ ਹੋਏ।

ਕਰਤਾਰਪੁਰਿ ਕਰਤਾ ਵਸੈ ਸੰਤਨ ਕੈ ਪਾਸਿ - ਗੁਰੂ ਅਰਜਨ ਸਾਹਿਬ ਦਾ ਉਚਾਰਿਆ ਸ਼ਬਦ ਪ੍ਰਵਾਨ ਹੋਵੇਗਾ। ਕਰਤੇ ਕੀਆਂ ਬਾਤਾਂ ਸੁਣਨ 5000 ਭਾਰਤ ਤੋਂ ਤੇ ਕਈ ਹਜ਼ਾਰ ਹੋਰ ਜਗਤਪਸਾਰੇ ’ਚ ਵੱਸਦੇ ਸਿੱਖ ਹਰ ਰੋਜ਼ ਹੁੰਮ-ਹੁਮਾ ਕੇ ਪਹੁੰਚਣਗੇ।

ਪਹਿਲੇ ਪੜਾਅ ’ਚ ਮੁਕੰਮਲ ਸੁੰਦਰ ਲਾਂਘਾ, ਰਿਹਾਇਸ਼ੀ ਇਮਾਰਤਾਂ, ਸਰੋਵਰ ਤੇ ਵੰਨ-ਸੁਵੰਨੇ ਪਕਵਾਨਾਂ ਦੇ ਨਾਲ ਸੰਗਤਾਂ ਨਿਹਾਲ ਹੋਣਗੀਆਂ ਤੇ ਬਾਬੇ ਨਾਨਕ ਦਾ ਜੱਸ ਗਾਉਣਗੀਆਂ।

ਲਾਂਘੇ ਦੇ ਗੀਤ ਲਿਖੇ ਜਾਣਗੇ। ਸਿੱਖ ਜੈਕਾਰੇ ਛੱਡਦੇ ਵਹੀਰਾਂ ਘੱਤ ਕੇ ਅਾਪਣੀ 72 ਸਾਲਾਂ ਤੋਂ ਵਿਛੜੀ ਸਰਜ਼ਮੀਨ ਚੁੰਮਣਗੇ। ਭਾਰਤ ਵਾਲੇ ਪਾਸੇ ਵੀ ਕਮਲ ਦੇ ਫੁੱਲ ਦੀ ਸ਼ਕਲ ਵਾਲਾ 500 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਟਰਮੀਨਲ ਅਤੇ ਉਸ ’ਤੇ ਲਹਿਰਾਉਂਦਾ 300 ਫੁੱਟ ਉੱਚਾ ਤਿਰੰਗਾ ਪਾਕਿਸਤਾਨ ਦੇ ਅਤੇ ਖ਼ਾਲਸੇ ਦੇ ਨਿਸ਼ਾਨ ਦੇ ਨਾਲ ਦਿਸੇਗਾ। ਕੋਈ ਗਲੇ ਮਿਲੇਗਾ, ਕੋਈ ਸੜੇਗਾ। ਸਿਆਸਤਾਂ ਮਘਣਗੀਆਂ।

ਹਕੂਮਤਾਂ ਤੇ ਮੁਨਾਫ਼ੇਖ਼ੋਰ ਸਰਮਾਏਦਾਰ ਦੂਜੇ ਪੜਾਅ ਦੀ ਤਿਆਰੀ ਵਿਚ ਰੁੱਝ ਜਾਣਗੇ। ਹਾਲੇ ਤਾਂ ਇਥੇ ਪੰਜ ਤੇ ਸੱਤ-ਸਿਤਾਰਾ ਹੋਟਲ ਉਸਰਨੇ ਨੇ ਤੇ ਉਨ੍ਹਾਂ ਧਾਰਮਿਕ ਸੈਲਾਨੀਆਂ ਲਈ ਸ਼ਾਪਿੰਗ ਮਾਲਜ਼ ਖੁੱਲ੍ਹਣੇ ਨੇ।

ਤੇ ਬਾਬੇ ਨਾਨਕ ਦਾ ਕਰਤਾਰਪੁਰ ਇਸ ਸਾਰੇ ਰੌਲੇ ਵਿਚ ਗੁਆਚ ਜਾਣਾ ਏ। ਕਰਤਾਰਪੁਰ ਦੀ ਮਿੱਟੀ ਕਰੋੜਾਂ ਨਾਨਕ ਨਾਮਲੇਵਾ ਲੋਕਾਂ ਲਈ ਮੁਕੱਦਸ ਏ-ਸਦਾ ਲਈ ਚਿੱਟੇ ਪੱਥਰ ਹੇਠ ਦਫ਼ਨ ਹੋ ਜਾਣੀ ਏ।

ਮੈਂ ਅੱਜ ਤੁਹਾਡੇ ਨਾਲ ਬਾਬੇ ਨਾਨਕ ਦਾ ਕਰਤਾਰਪੁਰ ਸਾਂਝਾ ਕਰਨ ਆਈ ਹਾਂ ਅਤੇ ਫ਼ਰਿਆਦ ਕਰਨ ਵੀ ਕਿ ਰਲ-ਮਿਲ ਕੇ ਆਪਾਂ ਹਕੂਮਤਾਂ ਦੇ ਕੰਨਾਂ ਵਿਚ ਇਹ ਗੱਲ ਪਾ ਦੇਈਏ ਕਿ ਬਾਬੇ ਨਾਨਕ ਦਾ ਅਸਲ ਕਰਤਾਰਪੁਰ ਬਚਾਉਣ ਵਿਚ ਬਹੁਤ ਸਿਆਣਪ ਤੇ ਦੂਰਅੰਦੇਸ਼ੀ ਹੋਵੇਗੀ, ਜੋ ਉਸ ਨੂੰ ਪੱਥਰ ਅਤੇ ਚਕਾਚੌਂਧ ਵਿਚ ਗੁਆ ਦੇਣ ਵਿਚ ਨਹੀਂ।

ਆਓ ਜ਼ਰਾ ਸੰਨ 1515 ਵਲ ਝਾਤੀ ਮਾਰਨੇ ਆਂ।

ਸਿੱਖ ਵਿਦਵਾਨ ਪ੍ਰੋਫ਼ੈਸਰ ਸਾਹਿਬ ਸਿੰਘ ਜੀਵਨ ਬਿਰਤਾਂਤ ਗੁਰੂ ਨਾਨਕ ਵਿਚ ਜਨਮ ਸਾਖੀਆਂ ਦੇ ਹਵਾਲੇ ਨਾਲ ਦੱਸਦੇ ਹਨ ਕਿ ਸੰਨ 1515 ਦੇ ਅਖ਼ੀਰ ਵਿਚ ਤਲਵੰਡੀ ਤੇ ਲਾਹੌਰ ਤੋਂ ਸ਼ੁਰੂ ਹੋ ਕੇ ਦੱਖਣ ਭਾਰਤ ਤੀਕਣ 8 ਵਰ੍ਹਿਆਂ ਤੇ ਸਾਢੇ 6 ਹਜ਼ਾਰ ਮੀਲ ਲੰਬੀਆਂ ਦੋ ਉਦਾਸੀਆਂ ਮਗਰੋਂ ਅਾਪਣੇ ਮਾਤਾ-ਪਿਤਾ ਨੂੰ ਤਲਵੰਡੀ ਅਤੇ ਭੈਣ ਨਾਨਕੀ ਨੂੰ ਸੁਲਤਾਨਪੁਰ ਲੋਧੀ ਮਿਲ ਕੇ ਗੁਰੂ ਜੀ ਆਪਣੇ ਪਰਿਵਾਰ, ਬੀਬੀ ਸੁਲੱਖਣੀ ਤੇ ਅਾਪਣੇ ਦੋ ਪੁੱਤਰਾਂ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਮਿਲਣ ਪੱਖੋਕੇ ਰੰਧਾਵੇ ਆਉਂਦੇ ਨੇ, ਜਿੱਥੇ ਮੂਲ ਚੰਦ ਉਨ੍ਹਾਂ ਦੇ ਸਹੁਰਾ ਸਾਹਿਬ ਪਟਵਾਰ ਦਾ ਕਿੱਤਾ ਕਰਦੇ ਨੇ। ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਨੇ। ਗੁਰੂ ਸਾਹਿਬ ਰਾਵੀ ਦੇ ਕੰਢੇ ਸੁਬਹ-ਸ਼ਾਮ ਕੁਦਰਤ ਦੀ ਗੋਦ ਵਿਚ ਵਿਚਰਦੇ ਦਰਬਾਰ ਲਾਉਂਦੇ ਨੇ। ਫ਼ਿਜ਼ਾ ਵਿਚ ਮਰਦਾਨੇ ਦੀ ਰਬਾਬ ਅਤੇ ਗੁਰੂ ਦੀ ਬਾਣੀ ਅੰਮ੍ਰਿਤ ਰਸ ਘੋਲਦੀ ਏ। ਮੋਹ ਦੇ ਮਾਰੇ ਰਾਵੀ ਦੇ ਦੋਵੇਂ ਪਾਸੇ ਸਾਰੇ ਪਿੰਡਾਂ ਦੇ ਲੋਕ ਉਨ੍ਹਾਂ ਦੇ ਮੁਰੀਦ ਬਣ ਚੁੱਕੇ ਹਨ। ਸਿਮਰਨ-ਕੀਰਤਨ, ਗਿਆਨ-ਗੋਸ਼ਟਿ, ਚਰਚਾ-ਵਿਚਾਰ ਹੁੰਦੇ ਨੇ। ਪਤਾ ਨਹੀਂ ਕਿ ਇਹ ਗੁਰੂ ਸਾਹਿਬ ਦੀ ਇਸ ਮਿੱਟੀ ਨਾਲ ਖਿੱਚ ਦੇ ਸਦਕੇ ਏ ਜਾਂ ਇਥੇ ਵਸਣ ਵਾਲਿਆਂ ਦੇ ਪਿਆਰ ਦੇ ਸਦਕੇ ਕਿ ਗੁਰੂ ਸਾਹਿਬ ਅਾਪਣੇ ਮਨ ਦੀ ਗੱਲ ਇਕ ਧਰਮਸਾਲ ਦੀ ਗੱਲ, ਰੂਹਾਨੀਅਤ ਦੀ ਜਿਊਂਦੀ ਜਾਗਦੀ ਟਕਸਾਲ ਦੀ ਗੱਲ ਛੇੜਦੇ ਨੇ।

ਪਿੰਡ ਦੋਦੇ ਦਾ ਚੌਧਰੀ ਦੋਦਾ ਰੰਧਾਵਾ ਪਿੰਡ ਪੱਖੋਕੇ ਦਾ ਅਜਿੱਤਾ ਰੰਧਾਵਾ ਤੇ ਹੋਰ ਪਿੰਡਾਂ ਦੇ ਲੋਕ ਆਪਣੀਆਂ ਜ਼ਮੀਨਾਂ ਇਸ ਨੇਕ ਕੰਮ ਲਈ ਦਾਨ ਕਰਦੇ ਨੇ। ਹਾਕਮ ਦੁਨੀ ਚੰਦ ਜੋ ਉਨ੍ਹਾਂ ਨਾਲ਼ ਖਾਰ ਖਾਂਦਾ ਸੀ, ਉਹ ਵੀ ਉਨ੍ਹਾਂ ਦਾ ਮੁਰੀਦ ਹੋ ਚੁੱਕਿਆ ਏ। ਉਹ ਅਾਪਣੇ ਹੱਥੀਂ ਜ਼ਮੀਨ ਦਾ ਪੱਟਾ ਲਿਖਵਾਉਂਦਾ ਏ ਤੇ ਕਰਤਾਰਪੁਰ ਦਾ ਮੁੱਢ 9 ਜਨਵਰੀ 1516 ਈ. ਨੂੰ ਬੰਨ੍ਹਿਆ ਜਾਂਦਾ ਏ।

ਜਨਮ ਸਾਖੀਆਂ ਵਿਚ ਪਹਿਲੀ ਜ਼ਮੀਨ ਕੋਈ 100 ਘੁਮਾਉਂ ਦੀ ਦੱਸੀ ਗਈ ਏ, ਜੋ ਬਾਅਦ ਵਿਚ ਸੰਨ 1521 ਵਿਚ ਗੁਰੂ ਸਾਹਿਬ ਦੇ ਪੱਕੇ ਤੌਰ ’ਤੇ ਵੱਸ ਜਾਣ ਤੇ ਵੱਧ ਕੇ ਕਈ ਪਿੰਡਾਂ ਤਕ ਫੈਲ ਜਾਂਦੀ ਏ। 1922-25 ਦੀ ਜਮ੍ਹਾਬੰਦੀ ਕਰਤਾਰਪੁਰ ਦੇ ਨਾਮ 171 ਦੇ ਕਰੀਬ ਕਿੱਲੇ ਦੱਸਦੀ ਏ।

ਸੰਨ 1516 ਵਿਚ ਬਾਬਾ ਜੀ ਤੇ ਮਰਦਾਨਾ ਜੀ ਸੰਗਤ ਦੇ ਨਾਲ ਆਪਣੇ ਹੱਥੀਂ ਧਰਮਸਾਲ ਤੇ ਕੋਠਿਆਂ ਦੀ ਉਸਾਰੀ ਕਰਦੇ ਨੇ, ਖੇਤੀ ਵਾਹੀ ਕਰਦੇ ਨੇ ਤੇ ਸਾਲ ਦੇ ਅਖ਼ੀਰ ਵਿਚ ਬਾਬਾ ਨਾਨਕ ਤੇ ਭਾਈ ਮਰਦਾਨਾ ਅਾਪਣੇ ਪਰਿਵਾਰ ਨੂੰ ਕਰਤਾਰਪੁਰ ਸੱਦ ਲੈਂਦੇ ਨੇ। ਦੋ ਸਾਲ ਕਰਤਾਰਪੁਰ ਨੂੰ ਸ਼ਕਲ ਦੇਣ ਮਗਰੋਂ ਬਾਬਾ ਤੇ ਮਰਦਾਨਾ ਦੋ ਹੋਰ ਉਦਾਸੀਆਂ ’ਤੇ ਜਾਂਦੇ ਹਨ, ਇਕ ਉੱਤਰ ਪਹਾੜਾਂ ਵੱਲ ਅਤੇ ਦੂਜੀ ਮੱਕੇ ਤੇ ਬਗਦਾਦ ਵਲ ਪਰ ਹਰ ਵਾਰ ਮੁੜ ਕਰਤਾਰਪੁਰ ਆਉਂਦੇ ਹਨ। ਉਨ੍ਹਾਂ ਦੇ ਜਾਣ ਦੇ ਮਗਰੋਂ ਵੀ ਉਸਾਰੀ ਦਾ ਕੰਮ ਚੱਲੀ ਜਾਂਦਾ ਏ, ਸੰਗਤ ਜੁੜਦੀ ਏ, ਕਰਤਾਰਪੁਰ ਬਾਬੇ ਤੇ ਮਰਦਾਨੇ ਦਾ ਘਰ ਵੱਸ ਰਿਹਾ ਏ, ਉਨ੍ਹਾਂ ਨੂੰ ਉਡੀਕ ਰਿਹਾ ਏ।

ਸੰਨ 1521 ਵਿਚ 52 ਵਰ੍ਹਿਆਂ ਦੀ ਉਮਰ ਵਿਚ ਬਾਬਾ ਜੀ ਤੇ 62 ਕੁ ਵਰ੍ਹਿਆਂ ਦੇ ਮਰਦਾਨਾ ਜੀ ਇਥੇ ਪੱਕੇ ਆ ਵੱਸਦੇ ਹਨ। ਅਗਲੇ 18 ਵਰ੍ਹਿਆਂ ਵਿਚ ਕਰਤਾਰਪੁਰ ਵਿਚ ਬਹੁਤ ਕੁਝ ਵਾਪਰਨਾ ਏ। ਹਰ ਥਾਂ ਤੋਂ, ਹਰ ਤਬਕੇ ਦੇ, ਹਰ ਮਜ਼੍ਹਬ ਦੇ, ਹਰ ਜਾਤ ਦੇ, ਹਰ ਉਮਰ ਦੇ, ਹਰ ਵਿਚਾਰਧਾਰਾ ਦੇ ਲੋਕ ਬਾਬਾ ਜੀ ਕੋਲ ਆਉਂਦੇ ਨੇ। ਕਈ ਉਨ੍ਹਾਂ ਨੂੰ ਮਿਲਣ ਤੇ ਸਵਾਲ ਪੁੱਛਣ, ਕਈ ਉਨ੍ਹਾਂ ਨੂੰ ਸੁਣਨ ਤੇ ਕੀਰਤਨ ਰਸ ਮਾਣਨ, ਕਈ ਉਨ੍ਹਾਂ ਨੂੰ ਵੰਗਾਰਨ ਤੇ ਉਨ੍ਹਾਂ ਨਾਲ਼ ਬਹਿਸਣ ਪਰ ਆਖ਼ਿਰਕਾਰ ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਏ ਤੇ ਕਈ ਕਰਤਾਰਪੁਰ ਦੇ ਵਾਸੀ ਹੀ ਹੋ ਜਾਂਦੇ ਨੇ।

ਉਨ੍ਹਾਂ ਵਿਚ ਬਾਬਾ ਬੁੱਢਾ ਵੀ ਨੇ, ਜੋ 12 ਸਾਲ ਦੀ ਉਮਰ ਤੋਂ ਬਾਬੇ ਦੇ ਸਿੱਖ ਹੋ ਕੇ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਤੀਕਣ ਸਿੱਖੀ-ਸੇਵਾ ਨਿਭਾਉਂਦੇ ਨੇ; ਭਾਈ ਲਹਿਣਾ ਵੀ ਨੇ, ਜੋ ਦੇਵੀ ਦੀ ਪੂਜਾ-ਯਾਤਰਾ ਛੱਡ ਗੁਰੂ ਦੇ ਚਰਨਾਂ ’ਤੇ ਅਜਿਹੇ ਢਹਿੰਦੇ ਨੇ ਕਿ ਲਹਿਣੇ ਤੋਂ ਗੁਰੂ ਅੰਗਦ ਹੋ ਜਾਂਦੇ ਨੇ ਤੇ ਭਾਈ ਸ਼ਾਹਜ਼ਾਦ ਨੇ, ਜੋ ਅਾਪਣੇ ਪਿਤਾ ਭਾਈ ਮਰਦਾਨੇ ਦੇ ਚਲਾਣੇ ਉਪਰੰਤ ਰਬਾਬ ਫੜ ਲੈਂਦੇ ਨੇ ਤੇ ਅਾਪਣੇ ਅਖ਼ੀਰਲੇ ਸਾਹ ਨੂੰ ਤਾਂ ਕੀ-ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕੀਰਤਨ ਦੇ ਲੜ ਲਾ ਜਾਂਦੇ ਨੇ।

-ਗੁਰਮੀਤ ਕੌਰ

+14048843501


Related News