ਕਾਲੀ ਵੇਈਂ ਦੀ ਕਾਰ ਸੇਵਾ ਅਤੇ ਕੁਦਰਤ ਦਾ ਅਦਬ ਭੁੱਲੀ ਸਰਕਾਰ

10/22/2019 10:09:39 AM

ਕਾਲੀ ਵੇਈਂ ਦੀ ਕਾਰ ਸੇਵਾ ਅਤੇ ਕੁਦਰਤ ਦਾ ਅਦਬ ਭੁੱਲੀ ਸਰਕਾਰ

ਸੁਲਤਾਨਪੁਰ ਲੋਧੀ ਵਿਚ ਵਿਚਰਦਿਆਂ ਵੇਖਿਆ ਗਿਆ ਹੈ ਕਿ ਇਸ ਸਮੇਂ ਕਾਲੀ ਵੇਈਂ ਦੇ ਕੰਢੇ ਸਰਕਾਰਾਂ ਦੇ ਬਦਤਰ ਇੰਤਜ਼ਾਮ ਵੀ ਸਾਹਮਣੇ ਉੱਭਰ ਕੇ ਆਏ ਹਨ। ਇਸ ਦਾ ਨਤੀਜਾ ਇਹ ਹੈ ਕਿ ਸੁਰੱਖਿਆ ਦੇ ਨਾਮ ਥੱਲੇ ਦਰੱਖਤਾਂ ਦੀ ਕਟਾਈ-ਛਟਾਈ ਹੋ ਰਹੀ ਹੈ ਅਤੇ ਪਵਿੱਤਰ ਕਾਲੀ ਵੇਈਂ ਵਿਚ ਕੂੜਾ ਆਦਿ ਬੇਝਿਜਕ ਸੁੱਟਿਆ ਜਾ ਰਿਹਾ ਹੈ। ਅਜਿਹੇ ’ਚ ਕਾਲੀ ਵੇਈਂ ਦੇ ਕੰਢੇ ਪਹੁੰਚੀਆਂ ਧਾਰਮਿਕ ਜਥੇਬੰਦੀਆਂ ਸੇਵਾ ਦੇ ਕਾਰਜ ਵਿਚ ਰੁੱਝੀਆਂ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਭੁੱਲ ਗਈਆਂ ਹਨ ਅਤੇ ਸਰਕਾਰ ਵੀ ਗੁਰੂ ਨਾਨਕ ਸਾਹਿਬ ਦੇ ਕੁਦਰਤ ਪ੍ਰਤੀ ਦਿੱਤੇ ਗਏ ਸੰਦੇਸ਼ਾਂ ਨੂੰ ਅਣਗੌਲਿਆਂ ਕਰ ਗਈ ਹੈ।

ਇਤਿਹਾਸਿਕ ਕਾਰ ਸੇਵਾ

ਪੰਜਾਬ ਦੀ ਖੇਤੀਬਾੜੀ ਲੱਕ ਤੋੜ ਰਹੀ ਹੈ। ਆਰਥਿਕਤਾ ਢਲਾਨ ਵਿਚ ਹੈ। ਕੁਦਰਤੀ ਸੋਮੇ ਬਰਬਾਦ ਹੋ ਰਹੇ ਹਨ। ਪਾਣੀ ਡੂੰਘੇ ਹੋ ਰਹੇ ਹਨ। ਮਿੱਟੀ ਹਵਾ ਅਤੇ ਪਾਣੀ ਪ੍ਰਦੂਸ਼ਿਤ ਹੋ ਰਹੇ ਹਨ। 10 ਜੁਲਾਈ 2000 ਦੀ ਇਤਿਹਾਸਕ ਤਾਰੀਖ਼ ਨੂੰ ਪੰਜਾਬ ਦੀ ਸਰਜ਼ਮੀਨ ਤੇ ਉਹ ਹੋਇਆ ਜੋ ਇਸ ਦੌਰ ਦੀਆਂ ਬਹੁਤ ਸਾਰੀਆਂ ਗੁੰਝਲਾਂ ਵਿਚ ਉਮੀਦ ਹੈ। ਉਨ੍ਹਾਂ ਸਮਿਆਂ ਵਿਚ ਜਲੰਧਰ ’ਚ ਹੋਈ ਬੈਠਕ ਨੇ ਸਭ ਕੁਝ ਬਦਲ ਦਿੱਤਾ ਸੀ ਅਤੇ ਇਸ ਬੈਠਕ ’ਚ ਸੰਤ ਸੀਚੇਵਾਲ ਨੇ ਕਿਹਾ ਸੀ ਕਿ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਅਤੇ ਇਸ ਲਈ ਸਾਨੂੰ ਖੁਦ ਕਾਲੀ ਵੇਈਂ ਵਿਚ ਵੜਨਾ ਪੈਣਾ ਹੈ।

165 ਕਿਲੋਮੀਟਰ ਲੰਮੀ ਕਾਲੀ ਵੇਈਂ ਨੂੰ ਹਜ਼ਾਰਾਂ ਸੰਗਤਾਂ ਨਾਲ ਮਿਲ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਫ ਕੀਤਾ ਸੀ। ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਿੱਖ ਫਲਸਫੇ ਵਿਚ ਕੁਦਰਤ ਦੀ ਸ਼ੁੱਧਤਾ ਦਾ ਹੀ ਸੰਦੇਸ਼ ਦਿੱਤਾ ਹੈ। ਅਸੀਂ ਲਗਾਤਾਰ ਪ੍ਰਦੂਸ਼ਿਤ ਵਾਤਾਵਰਣ ਅਤੇ ਹੋਰ ਅਜਿਹੀਆਂ ਦੁਸ਼ਵਾਰੀਆਂ ਦੇ ਨਾਲ ਜੂਝਦੇ ਹਾਂ ਅਤੇ ਲੋਕਾਂ ਨੂੰ ਲਗਾਤਾਰ ਜਾਗਰੂਕ ਕਰਦੇ ਹਾਂ ਪਰ 550ਵੇਂ ਪ੍ਰਕਾਸ਼ ਪੁਰਬ ਮੌਕੇ ਜੇ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਿਆ ਗਿਆ।

PunjabKesari

ਕਾਲੀ ਵੇਈਂ ਦੇ ਸੋਮੇ ਪ੍ਰਤੀ ਉਦਾਸੀਨਤਾ

ਪਵਿੱਤਰ ਕਾਲੀ ਵੇਈਂ ਦੀ ਸਾਫ-ਸਫ਼ਾਈ ਮਨੁੱਖੀ ਸੱਭਿਅਤਾ ਦੇ ਅੰਦਰ ਸੰਗਤਾਂ ਦੇ ਵੱਡੇ ਇਕੱਠ ਦੀ ਮਿਸਾਲ ਹੈ। ਪਰ ਸਰਕਾਰਾਂ ਪ੍ਰਕਾਸ਼ ਪੁਰਬ ਮੌਕੇ ਵੀ ਪੰਜਾਬ ਦੀ ਆਬੋ ਹਵਾ ਅਤੇ ਇਨ੍ਹਾਂ ਨਦੀਆਂ ਲਈ ਅਵੇਸਲੀਆਂ ਸਾਬਤ ਹੋ ਰਹੀਆਂ ਹਨ। ਮੁਕੇਰੀਆਂ ਦੇ ਨੇੜੇ ਪਿੰਡ ਧਨੋਆ ਕੋਲੋਂ ਜਿੱਥੋਂ ਕਾਲੀ ਵੇਈਂ ਸ਼ੁਰੂ ਹੁੰਦੀ ਹੈ ਉਥੋਂ ਵੀ ਪਾਣੀ ਦਾ ਵਹਾਅ ਲਗਾਤਾਰ ਨਹੀਂ ਚਲਾਇਆ ਜਾਂਦਾ। ਇੱਥੇ 2 ਸਾਲ ਪਹਿਲਾਂ ਪੱਥਰ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਅਜੇ ਤੱਕ ਮੁਕੰਮਲ ਨਹੀਂ ਹੋਇਆ।

2013 ਅਤੇ 2017 ਵਿਚ ਕਾਲੀ ਵੇਈਂ ਦੇ ਸਾਫ ਪਾਣੀ ਦੀ ਸਪਲਾਈ ਬੰਦ ਕਰਨ ਅਤੇ ਗੰਦੇ ਪਾਣੀ ਦੇ ਵਹਾਅ ਨੂੰ ਨਾ ਰੋਕਣ ਦਾ ਨਤੀਜਾ ਇਹ ਰਿਹਾ ਕਿ ਇੱਥੇ ਵੱਡੀ ਮਾਤਰਾ ਵਿਚ ਮੱਛੀਆਂ ਮਰ ਗਈਆਂ। 2 ਸਾਲ ਪਹਿਲਾਂ ਦੀ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਮਨਦੀਪ ਸਿੰਘ ਢਿੱਲੋਂ ਕਹਿੰਦੇ ਹਨ ਕਿ ਸਾਨੂੰ ਯਾਦ ਹੈ ਕਿ ਅਸੀਂ ਉਦੋਂ 8 ਟਰਾਲੀਆਂ ਮਰੀਆਂ ਮੱਛੀਆਂ ਬਾਹਰ ਕੱਢ ਕੇ ਟੋਏ ਵਿੱਚ ਦੱਬੀਆਂ ਸਨ।

550 ਵੇ ਮੌਕੇ ਪ੍ਰਕਾਸ਼ ਪੁਰਬ ਮਨਾਉਂਦਿਆਂ, ਤਮਾਮ ਸੁੰਦਰੀਕਰਨ ਦੇ ਪ੍ਰਾਜੈਕਟ ਉਸਾਰਦਿਆਂ ਇਨ੍ਹਾਂ ਗੱਲਾਂ ਦਾ ਧਿਆਨ ਕਿਉਂ ਨਹੀਂ ਰੱਖ ਰਹੇ ਕਿ ਸਿੱਖ ਫਲਸਫੇ ਅੰਦਰ ਕੁਦਰਤ ਅਤੇ ਆਬੋ ਹਵਾ ਦੇ ਸੰਦੇਸ਼ ਕੀ ਹਨ? ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਪਾਤਸ਼ਾਹ ਨੇ ਖੇਤੀ ਕਰਦਿਆਂ ਸਾਨੂੰ ਕੀ ਇਸ਼ਾਰੇ ਦਿੱਤੇ? ਕੀ ਸਮੇਂ ਦੀਆਂ ਸਰਕਾਰਾਂ 550 ਵੇਂ ਪ੍ਰਕਾਸ਼ ਪੁਰਬ ਮੌਕੇ ਸਿਰਫ਼ ਵੱਡਾ ਜਾਹੋ ਜਲਾਲ ਹੀ ਪੈਦਾ ਕਰਨਾ ਚਾਹੁੰਦੀਆਂ ਹਨ?

ਇਸ ਪੂਰੇ ਮਾਮਲੇ ਬਾਰੇ ਸੁਲਤਾਨਪੁਰ ਲੋਧੀ ਦੇ ਐਸ. ਡੀ. ਐਮ ਡਾ. ਚਾਰੂਮਿਤਾ ਦਾ ਕਹਿਣਾ ਸੀ ਸੁਰੱਖਿਆ ਕਾਰਨਾਂ ਕਰ ਕੇ ਦਰੱਖਤਾਂ ਦੀ ਕਟਾਈ ਛਟਾਈ ਕੀਤੀ ਜਾ ਸਕਦੀ ਹੈ। ਉਹ ਦਰੱਖ਼ਤਾਂ ਨੂੰ ਵੱਢ ਨਹੀਂ ਰਹੇ ਉਹ ਸਿਰਫ਼ ਕਟਾਈ-ਛਟਾਈ ਕਰ ਰਹੇ। ਮਾਛੀ ਜੋਆ ਪੁੱਲ ਦੇ ਨੇੜੇ ਕਾਲੀ ਵੇਈਂ ਵਿਚ ਵਾਧੂ ਵੇਸਟੇਜ ਅਤੇ ਗੰਦਾ ਪਾਣੀ ਪਾਉਣ ਦੇ ਮਾਮਲੇ ਬਾਰੇ ਫਿਲਹਾਲ ਉਨ੍ਹਾਂ ਦੇ ਧਿਆਨ ਵਿਚ ਇਹ ਮਸਲਾ ਨਹੀਂ ਹੈ ਅਤੇ ਅਜਿਹਾ ਹੋਣ ਦੀ ਸੂਰਤ ਵਿਚ ਹੀ ਕੋਈ ਫ਼ੈਸਲਾ ਲਿਆ ਜਾਵੇਗਾ।

ਜਦੋਂ ਡਾਕਟਰ ਅਬਦੁਲ ਕਲਾਮ ਨੇ ਬੂਟਾ ਲਾਇਆ

ਇਹ ਉਹ ਦਰੱਖਤ ਹੈ ਜੋ ਸੁਲਤਾਨਪੁਰ ਲੋਧੀ ਵਿਖੇ ਭਾਰਤ ਦੇ ਰਾਸ਼ਟਰਪਤੀ ਡਾ. ਅਬਦੁਲ ਕਲਾਮ ਵੱਲੋਂ 16 ਅਗਸਤ 2006 ਨੂੰ ਸੁਲਤਾਨਪੁਰ ਲੋਧੀ ਵਿਖੇ ਆਪਣੇ ਹੱਥੀਂ ਲਾਇਆ ਗਿਆ ਸੀ। ਉਨ੍ਹਾਂ ਨੇ ਕਾਲੀ ਵੇਈਂ ਦੀ ਸੇਵਾ ਦੀ ਇਸ ਕਹਾਣੀ ਨੂੰ ‘9 ਅਚੀਵਮੈਂਟ ਆਫ ਇੰਡੀਆ’ ਵਿਚ ਮੰਨਿਆ ਅਤੇ ਆਪਣੀਆਂ 50 ਤੋਂ ਵੱਧ ਕੌਮਾਂਤਰੀ ਤਕਰੀਰਾਂ ’ਚ ਕਾਲੀ ਵੇਈਂ ਦੀ ਸੇਵਾ ਦਾ ਜ਼ਿਕਰ ਕੀਤਾ। ਇਸ ਮੌਕੇ ਡਾ ਕਲਾਮ ਨੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਬਾਰੇ ਬੋਲਦਿਆਂ ਕਿਹਾ ਸੀ : -

“ਜਿਸ ਥਾਂ ’ਤੇ ਸਾਫ਼ ਸ਼ੁੱਧ ਹਵਾ ਪਾਣੀ ਹੋਵੇ ਅਸਲ ਮੰਦਰ ਉਹ ਹੈ। ਇਹ ਸਾਡੇ ਜਿਊਣ ਦੇ ਅਧਿਕਾਰ ਦੀ ਪ੍ਰਵਾਹ ਕਰਦੇ ਉੱਦਮ ਹਨ। ਸਿਆਸਤ ਅਤੇ ਮੁਨਾਫ਼ੇ ਭਰੀ ਦੁਨੀਆਂ ਨੂੰ ਸੁਧਾਰਨ ਜਾਂ ਦੀ ਇਸ ਕੋਸ਼ਿਸ਼ ਤੋਂ ਕੁਝ ਸਿੱਖਣਾ ਚਾਹੀਦਾ ਹੈ।’’

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੋਂ ਗੁਰਵਿੰਦਰ ਸਿੰਘ ਬੋਪਾਰਾਏ ਕਹਿੰਦੇ ਹਨ ਕਿ ਇਸ ਧਰਤੀ ’ਤੇ ਭਾਰਤ ਦੇ ਰਾਸ਼ਟਰਪਤੀ 2 ਵਾਰ ਆਏ ਅਤੇ ਹੋਰ ਵੀ ਸ਼ਖ਼ਸੀਅਤਾਂ ਸਮੇਂ-ਸਮੇਂ ਸਿਰ ਆਉਂਦੀਆਂ ਰਹੀਆਂ ਹਨ। ਵੇਈਂ ਦੀ ਕਾਰ ਸੇਵਾ ਕੋਈ ਸਾਧਾਰਨ ਗੱਲ ਨਹੀਂ ਸੀ। ਇਸ ਮੁਕੱਦਸ ਧਰਤੀ ਤੇ ਗੁਰੂ ਨਾਨਕ ਦੇਵ ਜੀ 14 ਸਾਲ 9 ਮਹੀਨੇ 13 ਦਿਨ ਰਹੇ ਅਤੇ ਉਹ ਸਭ ਦੇ ਸਾਹਮਣੇ ਪ੍ਰਗਟ ਹੋਏ ਅਤੇ ਸੰਸਾਰ ਨੂੰ ਸੰਦੇਸ਼ ਦਿੱਤਾ :-

ਨਾ ਕੋ ਹਿੰਦੂ ਨਾ ਕੋ ਮੁਸਲਮਾਨ

ਕਾਲੀ ਵੇਈਂ ਦੀ ਕਾਰ ਸੇਵਾ ਨੂੰ ਸੰਗਤਾਂ ਨੇ ਸਾਲ 2000 ਤੋਂ 2019 ਤੱਕ ਲੰਮੀ ਘਾਲਣਾ ਦੇ ਨਾਲ ਸਾਫ ਕੀਤਾ ਹੈ। ਸੇਵਾ ਦੇ ਨਾਲ ਇੱਥੇ ਪੰਜਾਬ ਦੇ ਜਨੌਰ ਅਤੇ ਜਲਚਰ ਜੀਵ ਵਧੇ ਹਨ। ਭੂਮੀ ਰੱਖਿਆ ਮਹਿਕਮਾ ਦੀ ਰਿਪੋਰਟ ਹੈ ਕਿ ਪੰਜਾਬ ਦੇ 138 ਬਲਾਕਾਂ ਵਿਚੋਂ ਬਹੁਤੇ ਬਲੈਕ ਜ਼ੋਨ ਐਲਾਨੇ ਗਏ ਹਨ ਪਰ ਇਹ ਸੁਲਤਾਨਪੁਰ ਹੀ ਅਜਿਹਾ ਬਲਾਕ ਸੀ ਜਿੱਥੇ 2005 ਤੋਂ 2014 ਤੱਕ 2.5 ਮੀਟਰ ਦੇ ਹਿਸਾਬ ਨਾਲ ਪਾਣੀ ਦਾ ਪੱਧਰ ਸੁਧਰਿਆ ਹੈ।

ਉਹ ਕਹਿੰਦੇ ਹਨ ਕਿ ਤੁਸੀਂ ਸਮਝ ਸਕਦੇ ਹੋ ਕਿ ਇਹ ਸੇਵਾ ਦੀ ਘਾਲਣਾ ਕਿੰਨੀ ਲੰਮੀ ਹੈ ਅਤੇ ਇਹ ਰੁੱਖ ਕਿੰਨੀ ਮਿਹਨਤ ਨਾਲ ਵੱਡੇ ਕੀਤੇ ਗਏ ਸਨ ਪਰ ਇਨ੍ਹਾਂ ਨੂੰ ਸੁਰੱਖਿਆ ਕਾਰਣਾਂ ਦਾ ਬਹਾਨਾ ਬਣਾ ਕੇ ਕੱਟਣਾ ਵੱਢਣਾ ਮੰਦਭਾਗਾ ਹੈ। ਇਸ ਲਈ ਸਰਕਾਰ ਨੂੰ ਹੋਰ ਪੁਖ਼ਤਾ ਇੰਤਜ਼ਾਮ ਕਰਨੇ ਚਾਹੀਦੇ ਸਨ ਅਤੇ ਨਾਲ ਹੀ ਧਾਰਮਿਕ ਜਥੇਬੰਦੀਆਂ ਨੂੰ ਵੀ ਪਵਿੱਤਰ ਕਾਲੀ ਵੇਈਂ ਦੇ ਵਿਚ ਕੂੜਾ ਕਰਕਟ ਸੁੱਟਦਿਆਂ ਸਮਝਣਾ ਚਾਹੀਦਾ ਸੀ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਇਸ ਮੁੱਢਲੀ ਧਰਤੀ ਤੇ ਹੀ ਉਨ੍ਹਾਂ ਦੀ ਦਿੱਤੀ ਸਿੱਖਿਆ ਨੂੰ ਭੁੱਲ ਰਹੇ ਹਾਂ।

ਹਰਪ੍ਰੀਤ ਸਿੰਘ ਕਾਹਲੋਂ


Related News