ਬਾਦਲ, ਸੁਖਬੀਰ ਅਤੇ ਭਾਈ ਗੁਰਮੁੱਖ ਸਿੰਘ ਦਾ ਕਰਵਾਇਆ ਜਾਵੇ ਨਾਰਕੋ ਟੈਸਟ

12/13/2017 6:37:01 AM

ਮੋਹਾਲੀ(ਕਲਸੀ, ਨਿਆਮੀਆਂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੀ ਜੜ੍ਹ ਤੱਕ ਪਹੁੰਚਣ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਅੱਜ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਭਾਈ ਗੁਰਮੁੱਖ ਸਿੰਘ ਦੇ ਭਰਾ ਭਾਈ ਹਿੰਮਤ ਸਿੰਘ ਨੇ ਦਰਖਾਸਤ ਦੇ ਕੇ ਇਨ੍ਹਾਂ ਘਟਨਾਵਾਂ ਦੇ ਮੁੱਖ ਸੂਤਰਧਾਰ ਕਥਿਤ ਤੌਰ 'ਤੇ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਦੱਸਦਿਆਂ ਕਈ ਅਹਿਮ ਖੁਲਾਸੇ ਵੀ ਕੀਤੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੰ ਦਿੱਤੀ ਦਰਖਾਸਤ ਵਿਚ ਭਾਈ ਹਿੰਮਤ ਸਿੰਘ ਨੇ ਆਪਣੇ ਆਪ ਨੂੰ ਚਸ਼ਮਦੀਦ ਗਵਾਹ ਦੱਸਦਿਆਂ ਇਸ ਸਭ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੀ ਗਿਣੀ-ਮਿੱਥੀ ਸਾਜ਼ਿਸ਼ ਕਰਾਰ ਦਿੱਤਾ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਅੱਜ ਦਿੱਤੀ ਆਪਣੀ ਅਰਜ਼ੀ ਵਿਚ ਹਿੰਮਤ ਸਿੰਘ ਨੇ ਕਿਹਾ ਕਿ ਪੰਜਾਬ ਭਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕੁਰਾਨ ਆਦਿ ਦੀਆਂ ਬੇਅਦਬੀਆਂ ਦਾ ਮੁੱਢ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਕੁਰਸੀ ਦੀ ਭੁੱਖ ਨੂੰ ਪੂਰਾ ਕਰਨ ਕਰ ਕੇ ਬੰਨ੍ਹਿਆ ਗਿਆ । ਜੇਕਰ ਬਾਦਲ ਸਿਰਸੇ ਵਾਲੇ ਰਾਮ ਰਹੀਮ ਨੂੰ ਮੁਆਫੀ ਨਾ ਦਵਾਉਂਦੇ ਤਾਂ ਹੋ ਸਕਦਾ ਸੀ ਕਿ ਇਹ ਬੇਅਦਬੀ ਦੀਆਂ ਘਟਨਾਵਾਂ ਦਾ ਦੌਰ ਪੰਜਾਬ ਵਿਚ ਸ਼ੁਰੂ ਹੀ ਨਾ ਹੁੰਦਾ।  ਹਿੰਮਤ ਸਿੰਘ ਨੇ ਅੱਗੇ ਦੱਸਿਆ ਕਿ ਰਾਮ ਰਹੀਮ ਨੂੰ ਦਿੱਤੀ ਗਈ ਮੁਆਫੀ ਦੇ ਫੈਸਲੇ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਦੀ ਗੋਲਕ ਵਿਚੋਂ ਲੱਖਾਂ ਰੁਪਿਆਂ ਦੇ ਅਖਬਾਰਾਂ ਵਿਚ ਇਸ਼ਤਿਹਾਰਾਂ ਵਜੋਂ ਦੇ ਕੇ ਗੁਰੂ ਘਰ ਦੀ ਗੋਲਕ ਨੂੰ ਲੁੱਟਿਆ। ਹਿੰਮਤ ਸਿੰਘ ਨੇ ਕਮਿਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਭਾਈ ਗੁਰਮੁੱਖ ਸਿੰਘ ਤਿੰਨਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ ਤਾਂ ਸਾਰੀ ਅਸਲੀਅਤ ਸਪੱਸ਼ਟ ਹੋ ਜਾਵੇਗੀ ਤੇ ਸਚਾਈ ਸੰਗਤ ਸਾਹਮਣੇ ਆ ਜਾਵੇਗੀ। 


Related News