ਪ੍ਰਧਾਨ ਮੰਤਰੀ ਖਿਲਾਫ਼ ਸੁਪਰੀਮ ਕੋਰਟ ''ਚ ਜਨ ਹਿੱਤ ਪਟੀਸ਼ਨ ਪਾਉਣ ਦਾ ਐਲਾਨ

10/18/2017 10:03:25 AM


ਫ਼ਰੀਦਕੋਟ (ਹਾਲੀ) - ਇਸਤਰੀ ਜਾਤੀ ਦੇ ਸਨਮਾਨ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਗੰਭੀਰਤਾ ਦਿਖਾਉਂਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਸੁਪਰੀਮ ਕੋਰਟ 'ਚ ਜਨ ਹਿੱਤ ਪਟੀਸ਼ਨ ਪਾਉਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੂਬਾਈ ਸਪੋਕਸਮੈਨ ਜਸਵਿੰਦਰ ਸਿੰਘ ਸਿੱਖਾਂਵਾਲਾ ਨੇ ਕਿਹਾ ਕਿ ਨੇਤਾ ਅਤੇ ਖਾਸ ਕਰ ਕੇ ਦੇਸ਼ ਤੇ ਰਾਜ ਦੇ ਪ੍ਰਮੁੱਖ ਅਹੁਦਿਆਂ 'ਤੇ ਬੈਠੇ ਵਿਅਕਤੀ ਨੌਜਵਾਨ ਪੀੜ੍ਹੀ ਲਈ ਆਦਰਸ਼ ਰੋਲ ਮਾਡਲ ਹੁੰਦੇ ਹਨ। ਇਸ ਸਮੇਂ ਉਨ੍ਹਾਂ ਨਾਲ ਡਬਲਜੀਤ ਸਿੰਘ ਧੌਂਸੀ, ਸਤਿੰਦਰ ਸਿੰਘ ਸੱਤਾ ਤੇ ਜਸਪਾਲ ਸਿੰਘ ਭੱਟੀ ਮੌਜੂਦ ਸਨ।
ਜਸਵਿੰਦਰ ਸਿੱਖਾਂਵਾਲਾ ਨੇ ਕਿਹਾ ਕਿ ਨੌਜਵਾਨ ਦੇਸ਼ ਦੇ ਆਗੂਆਂ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਵਿਚ ਉਨ੍ਹਾਂ ਦੀ ਰੀਸ ਕਰਦੇ ਹਨ ਪਰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਨੌਜਵਾਨ ਜੇ ਸੇਧ ਲੈਣਗੇ, ਉਹ ਔਰਤ ਜਾਤੀ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਹੋਵੇਗੀ ਕਿਉਂਕਿ ਉਨ੍ਹਾਂ ਯਸ਼ੋਦਾਬੇਨ ਨਾਲ ਵਿਆਹ ਕਰਵਾ ਕੇ ਨਾ ਉਸ ਨੂੰ ਰਵਾਇਤ ਅਨੁਸਾਰ ਅਪਣਾਇਆ ਤੇ ਨਾ ਹੀ ਕਾਨੂੰਨੀ ਤੌਰ 'ਤੇ ਤਲਾਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਰਗੇ ਉੱਚ ਅਹੁਦੇ 'ਤੇ ਬੈਠੇ ਵਿਅਕਤੀ ਤੋਂ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਦੀ ਆਸ ਰੱਖ ਸਕਦੀ ਹੈ।
ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਭਾਰਤੀ ਸੰਸਕ੍ਰਿਤੀ ਨੂੰ ਅਪਣਾਉਂਦਿਆਂ ਸਤਿਕਾਰ ਸਹਿਤ ਆਪਣੀ ਪਤਨੀ ਨੂੰ ਘਰ ਲੈ ਕੇ ਆਉਣ ਜਾਂ ਫ਼ਿਰ ਕਾਨੂੰਨੀ ਤੌਰ 'ਤੇ ਤਲਾਕ ਲਈ ਚਾਰਾਜੋਈ ਸ਼ੁਰੂ ਕਰ ਦੇਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਇਸਤਰੀ ਜਾਤੀ ਦੇ ਸਨਮਾਨ ਲਈ ਸੁਪਰੀਮ ਕੋਰਟ ਦਾ ਸਹਾਰਾ ਲੈਣਗੇ। ਪਾਰਟੀ ਦੇ ਸਪੋਕਸਮੈਨ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪੱਕੇ ਪੈਰੀ ਹੋਣੀ ਸ਼ੁਰੂ ਹੋ ਗਈ ਹੈ ਤੇ ਗੁਰਦਾਸਪੁਰ ਦੀ ਚੋਣ ਜਿੱਤ ਕੇ ਕਾਂਗਰਸ ਨੇ 2019 ਦੀਆਂ ਚੋਣਾਂ ਦੀ ਜਿੱਤ ਦਾ ਮੁੱਢ ਬੰਨ੍ਹ ਲਿਆ ਹੈ।


Related News