ਚੰਡੀਗੜ੍ਹ ''ਚ ਸਕੂਲੀ ਬੱਚੀ ਨਾਲ ਹੋਏ ਜਬਰ-ਜ਼ਨਾਹ ਦੇ ਰੋਸ ਵਜੋਂ , ਸ਼ਹਿਰ ''ਚ ਰੋਸ ਪ੍ਰਦਰਸ਼ਨ

08/18/2017 6:13:57 AM

ਪਟਿਆਲਾ  (ਪਰਮੀਤ) - ਦੇਸ਼ ਵਿਚ ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਦਰਿੰਦਿਆਂ ਨੂੰ ਕਰੜੀਆਂ ਸਜ਼ਾਵਾਂ ਦੇਣ ਲਈ ਸਖਤ ਕਾਨੂੰਨ ਬਣਨਾ ਚਾਹੀਦਾ ਹੈ। ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਪ੍ਰਗਟਾਵਾ ਦੰਦਾਂ ਦੀ ਡਾਕਟਰ ਗੁਰਪ੍ਰੀਤ ਕੌਰ ਸੈਣੀ ਨੇ ਬੀਤੀ ਰਾਤ ਆਜ਼ਾਦੀ ਦਿਵਸ ਮੌਕੇ ਚੰਡੀਗੜ੍ਹ ਵਿਖੇ 12 ਸਾਲਾ ਮਾਸੂਮ ਸਕੂਲੀ ਬੱਚੀ ਨਾਲ ਹੋਏ ਜਬਰ-ਜ਼ਨਾਹ ਦੀ ਘਟਨਾ ਨੂੰ ਲੈ ਕੇ ਪਟਿਆਲਾ ਸ਼ਹਿਰ 'ਚ ਕੀਤੇ ਗਏ ਰੋਸ ਅਤੇ ਕੈਂਡਲ ਮਾਰਚ ਮੌਕੇ ਆਪਣੇ ਸੰਬੋਧਨ ਵਿਚ ਕੀਤਾ। ਇਸ ਰੋਸ ਮਾਰਚ ਵਿਚ ਦੰਦਾਂ ਦੇ ਡਾਕਟਰ, ਆਰਟ ਆਫ ਲਿਵਿੰਗ (ਯੂਨਿਟ) ਪਟਿਆਲਾ ਅਤੇ ਮੋਦੀ ਕਾਲਜ ਦੇ ਐੈੱਨ. ਐੈੱਸ. ਐੈੱਸ. ਦੇ ਵਾਲੰਟੀਅਰਾਂ ਨੇ ਹਿੱਸਾ ਲਿਆ। ਉਨ੍ਹਾਂ ਆਪਣੇ ਹੱਥਾਂ ਵਿਚ ਅਜਿਹੀਆਂ ਮੰਦਭਾਗੀ ਘਟਨਾਵਾਂ ਵਾਪਰਨ ਦੀ ਨਿਖੇਧੀ ਲਈ ਤਖਤੀਆਂ ਅਤੇ ਬੈਨਰ ਵੀ ਚੁੱਕੇ ਹੋਏ ਸਨ।
ਇਹ ਰੋਸ ਅਤੇ ਕੈਂਡਲ ਮਾਰਚ ਸ਼ਹਿਰ 'ਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਚਿਲਡਰਨ ਮੈਮੋਰੀਅਲ ਚੌਕ ਵਿਖੇ ਸਮਾਪਤ ਹੋਇਆ। ਡਾ. ਗੁਰਪ੍ਰੀਤ ਨੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕੇ ਸਖਤ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਮਾਜ ਦੇ ਲੋਕਾਂ ਨੂੰ ਵੀ ਅਜਿਹੇ ਦਰਿੰਦਿਆਂ ਨਾਲ ਕੋਈ ਵੀ ਸਾਂਝ ਨਹੀਂ ਰੱਖਣੀ ਚਾਹੀਦੀ। ਅਜਿਹੇ ਵਿਅਕਤੀਆਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਜਿਹੀਆਂ ਮੰਦਭਾਗੀ ਘਟਨਾਵਾਂ ਨੂੰ ਰੋਕਣ ਲਈ ਐਕਸ਼ਨ ਪਲਾਨ ਤਿਆਰ ਕਰਨਾ ਚਾਹੀਦਾ ਹੈ ਜੋ ਕਿ ਸ਼ਹਿਰਾਂ ਅਤੇ ਪਿੰਡ ਪੱਧਰ 'ਤੇ ਲਾਗੂ ਹੋਣਾ ਚਾਹੀਦਾ ਹੈ।


Related News