ਪਿਸਤੌਲ ਦੀ ਨੋਕ ''ਤੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਲੁੱਟੇ 60 ਹਜ਼ਾਰ ਰੁਪਏ

10/20/2017 3:49:42 PM

ਬਟਾਲਾ (ਬੇਰੀ) - ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਸ਼ਹਿਰ ਬਟਾਲਾ ਦੇ ਨਜ਼ਦੀਕੀ ਪਿੰਡ ਊਧੋਵਾਲ ਕਲਾਂ ਵਿਖੇ ਸਥਿਤ ਰੰਧਾਵਾ ਫਿਲਿੰਗ ਸਟੇਸ਼ਨ 'ਚ ਦੀਵਾਲੀ ਵਾਲੇ ਦਿਨ ਹਥਿਆਰਬੰਦ ਕਾਰ ਸਵਾਰਾਂ ਨੇ ਪਿਸਤੌਲ ਦੀ ਨੋਕ 'ਤੇ ਲੁੱਟ ਲਿਆ ਅਤੇ ਪੰਪ ਦੇ ਕਰਿੰਦੇ ਕੋਲੋਂ 60 ਹਜ਼ਾਰ ਰੁਪਏ ਨਕਦੀ ਖੋਹ ਕੇ ਫਰਾਰ ਹੋ ਗਏ।  
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁੱਟ ਦਾ ਸ਼ਿਕਾਰ ਹੋਏ ਪੰਪ ਦੇ ਕਰਿੰਦੇ ਰਜਨੀਸ਼ ਕੁਮਾਰ ਸਪੁੱਤਰ ਹਰਬੰਸ ਲਾਲ ਵਾਸੀ ਗੁਰਾਟੂ ਜ਼ਿਲਾ ਕਾਂਗੜਾ ਹਿਮਾਚਲ ਨੇ ਦੱਸਿਆ ਕਿ ਇਕ ਸਵਿਫਟ ਗੱਡੀ 'ਚ ਕੁਝ ਅਣਪਛਾਤੇ ਵਿਅਕਤੀ ਆਏ ਅਤੇ ਗੱਡੀ ਦੀ ਟੈਂਕੀ ਫੁੱਲ ਕਰਨ ਨੂੰ ਕਿਹਾ ਤੇ ਮੈਂ ਡੀਜ਼ਲ ਨਾਲ ਉਨ੍ਹਾਂ ਦੀ ਗੱਡੀ ਦੀ ਟੈਂਕੀ ਫੁੱਲ ਕਰ ਦਿੱਤੀ। ਉਸਨੇ ਕਿਹਾ ਕਿ ਜਦੋਂ ਮੈਂ ਉਕਤ ਵਿਅਕਤੀਆਂ ਕੋਲੋਂ ਪੈਸੇ ਮੰਗਣ ਲੱਗਾ ਤਾਂ ਉਕਤ ਵਿਅਕਤੀਆਂ ਨੇ ਮੈਨੂੰ ਕਾਰ ਦੀ ਬਾਰੀ 'ਚੋਂ ਅੰਦਰ ਖਿਚ ਲਿਆ ਅਤੇ ਪਿਸਤੌਲ ਦੀ ਨੋਕ 'ਤੇ ਮੇਰੇ ਕੋਲ ਸੇਲ ਕੀਤੀ ਹੋਈ ਲਗਭਗ 60 ਹਜ਼ਾਰ ਦੇ ਕਰੀਬ ਨਕਦੀ ਸੀ, ਨੂੰ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਐੱਸ. ਐੱਚ. ਓ. ਮੁਖਤਿਆਰ ਸਿੰਘ, ਚੌਂਕੀ ਇੰਚਾਰਜ ਦਿਆਲਗੜ ਸੁਰਿੰਦਰ ਸਿੰਘ ਅਤੇ ਏ. ਐੱਸ. ਆਈ ਨਰਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਜਾਇਜ਼ਾ ਲਿਆ। ਇਸ ਸਬੰਧ 'ਚ ਐੱਸ. ਐੱਚ. ਓ ਮੁਖਤਿਆਰ ਸਿੰਘ ਨੇ ਦੱਸਿਆ ਇਹ ਸਾਰੀ ਘਟਨਾ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ ਦੀ ਫੁਟੇਜ ਖੰਗਾਲ ਕੇ ਦੇਖਿਆ ਜਾਵੇਗਾ ਤਾਂ ਜੋ ਲੁਟੇਰੇ ਗਿਰੋਹ ਦੇ ਮੈਂਬਰਾਂ ਨੂੰ ਜਲਦ ਕਾਬੂ ਕੀਤਾ ਜਾਵੇ।
 


Related News