ਮੈਨਜ਼ ਯੂਨੀਅਨ ਨੇ ਰੇਡਿਕਾ ਪ੍ਰਸ਼ਾਸਨ ਖਿਲਾਫ ਦਿੱਤਾ ਧਰਨਾ

07/23/2017 6:35:18 AM

ਕਪੂਰਥਲਾ, (ਮੱਲ੍ਹੀ)- ਰੇਲ ਕੋਚ ਫੈਕਟਰੀ (ਕਪੂਰਥਲਾ) ਦੀ ਮਾਨਤਾ ਪ੍ਰਾਪਤ ਜਥੇਬੰਦੀ ਰੇਲ ਕੋਚ ਫੈਕਟਰੀ ਮੈਨਜ਼ ਯੂਨੀਅਨ ਵਲੋਂ ਰੇਲ ਕੋਚ ਉਤਪਾਦਨ ਸਮੱਗਰੀ ਦੀ ਕਿੱਲਤ ਨੂੰ ਲੈ ਕੇ ਰੇਡਿਕਾ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਧਰਨੇ ਦਾ ਆਯੋਜਨ ਕੀਤਾ ਗਿਆ। ਫੈਕਟਰੀ ਦੇ ਵਰਕਸ਼ਾਪ ਗੇਟ ਸਾਹਮਣੇ ਡਾ. ਭੀਮ ਰਾਓ ਅੰਬੇਡਕਰ ਚੌਕ ਵਿਖੇ ਆਯੋਜਿਤ ਉਕਤ ਰੋਸ ਧਰਨੇ ਦੀ ਅਗਵਾਈ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਾਜਬੀਰ ਸ਼ਰਮਾ ਤੇ ਸੈਕਟਰੀ ਜਸਵੰਤ ਸਿੰਘ ਸੈਣੀ ਨੇ ਕਿਹਾ ਕਿ ਆਰ. ਸੀ. ਐੱਫ. ਦੀ ਵਰਕਸ਼ਾਪ 'ਚ ਰੇਲ ਡੱਬੇ ਬਣਾਉਣ ਲਈ ਮਹਿਸੂਸ ਕੀਤੀ ਜਾ ਰਹੀ ਸਮੱਗਰੀ ਦੀ ਕਿੱਲਤ ਨੂੰ ਦੂਰ ਕਰਨ ਲਈ ਰੇਡਿਕਾ (ਰੇਲ ਡੱਬਾ ਕਾਰਖਾਨਾ) ਪ੍ਰਸ਼ਾਸਨ ਨੇ ਕੋਈ ਵੀ ਲੋੜੀਂਦੇ ਕਦਮ ਨਹੀਂ ਚੁੱਕੇ, ਜਿਸ ਕਰਕੇ ਯੂਨੀਅਨ ਨੂੰ ਸੰਘਰਸ਼ ਦਾ ਰਾਹ ਚੁਣਨਾ ਪਿਆ, ਜਦਕਿ ਉਨ੍ਹਾਂ ਦੇ ਯੂਨੀਅਨ ਵਫਦ ਵਲੋਂ ਅਨੇਕਾਂ ਵਾਰ ਰੇਡਿਕਾ ਪ੍ਰਸ਼ਾਸਨ ਨੂੰ ਮਿਲ ਕੇ ਮਟੀਰੀਅਲ ਦੀ ਕਿੱਲਤ ਬਾਰੇ ਸਮੇਂ-ਸਮੇਂ 'ਤੇ ਜਾਣੂ ਵੀ ਕਰਵਾਇਆ ਜਾਂਦਾ ਰਿਹਾ ਹੈ। 
ਯੂਨੀਅਨ ਆਗੂ ਤਾਲਿਬ ਮੁਹੰਮਦ ਤੇ ਹਰੀ ਦੱਤ ਸ਼ਰਮਾ ਨੇ ਕਿਹਾ ਕਿ ਵਰਕਸ਼ਾਪ 'ਚ ਰੇਲ ਡੱਬਿਆਂ ਦੇ ਉਤਪਾਦਨ ਲਈ ਸਮੱਗਰੀ ਦੀ ਘਾਟ ਕਾਰਨ ਰੇਲ ਡੱਬਿਆਂ ਦਾ ਟੀਚਾ ਸਮੇਂ ਸਿਰ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਜਦਕਿ ਰੇਡਿਕਾ ਪ੍ਰਸ਼ਾਸਨ ਆਊਟ ਸੋਰਸਿੰਗ ਤੇ ਠੇਕੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਰੇਲ ਕਰਮਚਾਰੀਆਂ ਨੂੰ ਸਮੱਗਰੀ ਮੁਹੱਈਆ ਕਰਾਉਣ ਦੀ ਥਾਂ ਠੇਕੇਦਾਰਾਂ ਨੂੰ ਸਮੱਗਰੀ ਮੁਹੱਈਆ ਕਰਵਾ ਰਿਹਾ ਹੈ ਜੋ ਕਿਸੇ ਸਾਜ਼ਿਸ਼ ਤੋਂ ਘੱਟ ਨਹੀਂ ਹੈ, ਜਿਸ ਨੂੰ ਉਹ ਹਰਗਿਜ਼ ਸਹਿਣ ਨਹੀਂ ਕਰਨਗੇ। 
ਉਨ੍ਹਾਂ ਕਿਹਾ ਕਿ ਰੇਲ ਕੋਚ ਫੈਕਟਰੀ ਅੰਦਰ 200 ਦੇ ਕਰੀਬ ਨਿੱਕੇ-ਵੱਡੇ ਕੁਲ-ਪੁਰਜ਼ਿਆਂ ਦੀ ਕਿੱਲਤ ਹੈ ਜਿਸ ਨੂੰ ਦੂਰ ਕਰਨ ਲਈ ਆਰ. ਸੀ. ਐੱਫ. ਪ੍ਰਸ਼ਾਸਨ ਯੋਗ ਕਦਮ ਨਹੀਂ ਚੁੱਕੇਗਾ ਤਾਂ ਉਹ ਆਪਣੇ ਰੋਸ ਧਰਨੇ ਨੂੰ ਨਿਰੰਤਰ ਜਾਰੀ ਰੱਖਣ ਲਈ ਮਜਬੂਰ ਹੋਣਗੇ।
ਯੂਨੀਅਨ ਆਗੂ ਰਜਿੰਦਰ ਸਿੰਘ, ਕਾਮਰੇਡ ਮੁਕੰਦ ਸਿੰਘ, ਹਰਜੀਤ ਸਿੰਘ ਤੇ ਇੰਦਰਜੀਤ ਰੂਪੋਵਾਲੀ ਆਦਿ ਨੇ ਕਿਹਾ ਕਿ ਰੇਲ ਉਦਘਾਟਨ ਸਮੱਗਰੀ ਦੀ ਘਾਟ ਕਾਰਨ ਜੇ ਰੋਲ ਕੋਚ ਦਾ ਉਤਪਾਦਨ ਘਟਿਆ ਹੈ ਤਾਂ ਰੇਲ ਕਰਮਚਾਰੀਆਂ ਨੂੰ ਮਿਲਣ ਵਾਲਾ ਇੰਸੈਂਟਿਵ ਵੀ ਪ੍ਰਭਾਵਿਤ ਹੋਇਆ ਹੈ। ਕੇਂਦਰੀ ਰੇਲਵੇ ਬੋਰਡ ਤਕ ਇਸ ਗੱਲ ਦਾ ਗਲਤ ਪ੍ਰਭਾਵ ਜਾ ਰਿਹਾ ਹੈ ਕਿ ਆਰ. ਸੀ. ਐੱਫ. ਕਪੂਰਥਲਾ ਰੇਲ ਡੱਬਿਆਂ ਦਾ ਲੋੜੀਂਦਾ ਉਦਪਾਦਨ ਸਮੇਂ ਸਿਰ ਕਰਨ ਦੇ ਸਮਰੱਥ ਨਹੀਂ ਰਹੀ, ਜਦਕਿ ਅਸਲ ਕਾਰਨ ਤਾਂ ਮਟੀਰੀਅਲ ਦੀ ਕਮੀ ਹੈ। ਰੋਸ ਪ੍ਰਦਰਸ਼ਨ ਦੌਰਾਨ ਯੂਨੀਅਨ ਆਗੂ ਸੇਠ ਪਾਲ, ਬਚਿੱਤਰ ਸਿੰਘ, ਅਰਵਿੰਦਰ ਕੁਮਾਰ, ਗੁਰਚਰਨ ਸਿੰਘ, ਜਸਵਿੰਦਰ ਸਿੰਘ, ਬੁੱਧ ਸਿੰਘ, ਨਵੀਨ ਕੁਮਾਰ, ਅਜਮੇਰ ਸਿੰਘ, ਰਵਿੰਦਰ ਸਿੰਘ, ਰਣਜੀਤ ਸਿੰਘ, ਕ੍ਰਿਸ਼ਨ ਕੁਮਾਰ, ਸੁਖਦੀਪ ਬਾਜਵਾ, ਸੁਭਾਸ਼ ਚੰਦਰ, ਸੰਦੀਪ ਕੁਮਾਰ, ਨੀਰਜ ਕੁਮਾਰ, ਪਰਮਜੀਤ ਪਾਲ, ਜਸਵੰਤ ਸਿੰਘ ਯੋਗੇਸ਼ ਕੁਮਾਰ ਆਦਿ ਨੇ ਵੀ ਵੱਡੀ ਗਿਣਤੀ 'ਚ ਹਾਜ਼ਰ ਰੇਲ ਕਰਮਚਾਰੀਆਂ ਤੇ ਰੋਸ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ ਤੇ ਰੇਡਿਕਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜਿੰਨਾ ਚਿਰ ਮਟੀਰੀਅਲ ਤੇ ਇੰਸੈਂਟਿਵ ਦੀ ਸਪਲਾਈ ਠੀਕ ਨਹੀਂ ਹੋ ਜਾਂਦੀ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।


Related News