ਸ਼ਹੀਦ ਭਗਤ ਸਿੰਘ ਕਲੱਬ ਬਾਰਨ ਨੂੰ ਮਿਲਿਆ ਜ਼ਿਲਾ ਪੱਧਰੀ ਸਨਮਾਨ

08/18/2017 6:11:41 AM

ਪਟਿਆਲਾ (ਰਾਜੇਸ਼) - ਸਮਾਜ ਸੇਵਾ ਦੇ ਖੇਤਰ ਵਿਚ 2001 ਤੋਂ ਲੋੜਵੰਦਾਂ ਦੀ ਮਦਦ ਲਈ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਸ਼ਹੀਦ ਭਗਤ ਸਿੰਘ ਕਲੱਬ ਬਾਰਨ ਨੂੰ 71ਵੇਂ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।  ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਕਲੱਬ ਬਾਰਨ ਵੱਲੋਂ 2001 ਤੋਂ ਪਿੰਡ ਵਿਖੇ ਕਰਵਾਏ ਇਕ ਸਮਾਗਮ ਵਿਚ ਪਹੁੰਚੇ ਪਦਮਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਸਦਕਾ ਯੂਥ ਕਲੱਬ ਦੇ ਮੈਂਬਰਾਂ ਨੇ ਲੋੜਵੰਦਾਂ ਦੀ ਮਦਦ ਲਈ ਵਿਸ਼ੇਸ਼ ਉਪਰਾਲੇ ਕੀਤੇ। ਸ਼੍ਰੀ ਚੋਪੜਾ ਕਲੱਬ ਵੱਲੋਂ ਕਰਵਾਏ ਜਾਂਦੇ ਸਮਾਜ-ਸੇਵੀ ਕੰਮਾਂ ਵਿਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦੇ ਹਨ। ਉਨ੍ਹਾਂ ਵੱਲੋਂ ਹਮੇਸ਼ਾ ਹੀ ਕਲੱਬ ਵੱਲੋਂ ਕੀਤੇ ਜਾਂਦੇ ਅਜਿਹੇ ਕਾਰਜਾਂ ਦੀ ਸ਼ਲਾਘਾ ਕੀਤੀ ਜਾਂਦੀ ਰਹੀ ਹੈ।
ਕਲੱਬ ਪ੍ਰਧਾਨ ਇੰਦਰਪ੍ਰੀਤ ਬਾਰਨ ਨੇ ਦੱਸਿਆ ਕਿ ਪਦਮਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰੇਰਣਾ ਸਦਕਾ ਕਲੱਬ ਮੈਂਬਰ ਸਮਾਜ ਸੇਵਾ ਦੇ ਕੰਮਾਂ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਵੱਲੋਂ ਦਰਸਾਏ ਰਾਹ 'ਤੇ ਚੱਲ ਕੇ ਕਲੱਬ ਵੱਖ-ਵੱਖ ਸਮਾਜ-ਸੇਵੀ ਗਤੀਵਿਧੀਆਂ ਵਿਚ ਹਿੱਸਾ ਪਾ ਕੇ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ। ਕਲੱਬ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਤੇ ਮੀਤ ਪ੍ਰਧਾਨ ਸੁਖਦੇਵ ਸਿੰਘ ਬਾਰਨ ਨੇ ਕਿਹਾ ਕਿ ਆਜ਼ਾਦੀ ਦਿਵਸ ਮੌਕੇ ਮਿਲੇ ਇਸ ਜ਼ਿਲਾ ਪੱਧਰੀ ਸਨਮਾਨ ਦੇ ਹੱਕਦਾਰ ਸਮੂਹ ਕਲੱਬ ਮੈਂਬਰ ਹਨ ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਲੋੜਵੰਦਾਂ ਦੀ ਮਦਦ ਲਈ ਯੋਗ ਉਪਰਾਲੇ ਕੀਤੇ ਹਨ। ਕਲੱਬ ਦੇ ਮੈਂਬਰ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਸਮਾਜ ਸੇਵਾ ਲਈ ਕੰਮ ਕਰਦੇ ਰਹਿਣਗੇ।
ਇਹ ਹਨ ਕਲੱਬ ਦੀਆਂ ਉਪਲਬਧੀਆਂ
ਦੱਸਣਯੋਗ ਹੈ ਕਿ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ 2016-17 ਵਿਚ ਬਜ਼ੁਰਗਾਂ ਲਈ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਨਾਲ ਮਿਲ ਕੇ ਪਿੰਡਾਂ ਵਿਚ ਕੈਂਪ ਲਾਏ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਲਈ ਵਰਦੀਆਂ, ਜਰਸੀਆਂ, ਬੂਟ ਅਤੇ ਸਟੇਸ਼ਨਰੀ ਦਾ ਪ੍ਰਬੰੰਧ ਕੀਤਾ। ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਗਰੀਬ ਲੜਕੀਆਂ ਦੇ ਵਿਆਹ, ਵਾਤਾਵਰਣ ਨੂੰ ਸੁੰਦਰ ਬਣਾਉਣ ਲਈ ਪੌਦੇ ਅਤੇ ਸਮਾਜਿਕ ਬੁਰਾਈਆਂ ਖਿਲਾਫ਼  ਸਮੇਂ-ਸਮੇਂ 'ਤੇ ਲੋਕਾਂ ਨੂੰ ਜਾਗਰੂਕ ਕੀਤਾ। ਕਲੱਬ ਮੈਂਬਰਾਂ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜ਼ਿਲਾ ਪੱਧਰੀ ਸਨਮਾਨ ਲਈ ਚੁਣਿਆ ਗਿਆ।  ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸ. ਐੱਸ. ਪੀ. ਡਾ. ਐੱਸ. ਭੂਪਤੀ, ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਐੱਮ. ਪੀ. ਡਾ. ਧਰਮਵੀਰ ਗਾਂਧੀ ਤੇ ਹਲਕਾ ਸਮਾਣਾ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ ਆਦਿ ਹਾਜ਼ਰ ਸਨ।


Related News