ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਵੱਲੋਂ ਰੋਸ ਪ੍ਰਦਰਸ਼ਨ

12/12/2017 2:48:21 AM

ਹੁਸ਼ਿਆਰਪੁਰ, (ਘੁੰਮਣ)- ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦਾ ਇਕੱਠ ਬਲਾਕ 1-ਏ ਅਤੇ 2-ਏ ਦੇ ਪ੍ਰਧਾਨ ਰਣਵੀਰ ਕੁਮਾਰ ਅਤੇ ਯੋਧਾ ਮੱਲ ਦੀ ਪ੍ਰਧਾਨਗੀ ਹੇਠ ਪਿੰਡ ਬੱਸੀ ਦੌਲਤ ਖਾਂ ਹੁਸ਼ਿਆਰਪੁਰ ਵਿਖੇ ਹੋਇਆ, ਜਿਸ ਵਿਚ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ, ਜ਼ਿਲਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਜਨਰਲ ਸਕੱਤਰ ਡਾ. ਜਸਵੰਤ ਰਾਏ ਅਤੇ ਮੀਤ ਪ੍ਰਧਾਨ ਲੈਕ. ਬਲਦੇਵ ਸਿੰਘ ਧੁੱਗਾ ਨੇ ਸ਼ਿਰਕਤ ਕੀਤੀ। 
ਸ. ਪਾਲ ਨੇ ਮੁਲਾਜ਼ਮਾਂ ਅਤੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਉਨ੍ਹਾਂ ਦੀ ਸਰਕਾਰ ਬਣਨ ਦੇ 8 ਮਹੀਨਿਆਂ ਬਾਅਦ ਵੀ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ 35000 ਕੱਚੇ ਅਤੇ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਨਾਲ ਸਰਕਾਰ 'ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ। ਸੂਬੇ ਦੀ 57 ਫੀਸਦੀ ਆਬਾਦੀ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਮੁਲਾਜ਼ਮਾਂ ਨੂੰ ਰੋਸਟਰ ਨੁਕਤੇ 'ਤੇ ਕੰਮ ਕਰਦਿਆਂ ਸੀਨੀਆਰਤਾ ਦਾ ਲਾਭ ਦੇਣ 'ਤੇ ਵੀ ਕੋਈ ਪੈਸਾ ਖਰਚ ਨਹੀਂ ਹੁੰਦਾ। ਮੁੱਖ ਮੰਤਰੀ ਵੱਲੋਂ ਇਹ ਚੋਣ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਜਨਵਰੀ 2017, ਜੁਲਾਈ 2017 ਦੀਆਂ ਡੀ. ਏ. ਦੀਆਂ ਕਿਸ਼ਤਾਂ ਅਤੇ ਇਸ ਦਾ ਨਿਗੂਣਾ ਬਕਾਇਆ ਵੀ ਨਹੀਂ ਦਿੱਤਾ ਗਿਆ। 
ਬੁਲਾਰਿਆਂ ਨੇ ਦੱਸਿਆ ਕਿ ਪਿਛਲੇ ਅੱਠ ਮਹੀਨਿਆਂ ਤੋਂ ਸੇਵਾਮੁਕਤ 1500 ਦੇ ਕਰੀਬ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਪੈਨਸ਼ਨਰੀ ਲਾਭ ਦੇ ਲਗਭਗ 928 ਕਰੋੜ ਰੁਪਏ ਦੇ ਬਿੱਲ ਖ਼ਜ਼ਾਨਾ ਦਫ਼ਤਰਾਂ ਵਿਚ ਧੂੜ ਚੱਟ ਰਹੇ ਹਨ, ਜਿਸ ਕਰ ਕੇ ਉਨ੍ਹਾਂ ਵਿਚ ਭਾਰੀ ਰੋਸ ਹੈ। ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਪ੍ਰਿਥਵੀਪਾਲ ਸਿੰਘ, ਯੋਧਾ ਮੱਲ, ਰਣਵੀਰ ਕੁਮਾਰ, ਬਲਦੇਵ ਸਿੰਘ, ਮਾਸਟਰ ਸੰਜੀਵ ਕੁਮਾਰ, ਲਖਵਿੰਦਰ ਰਾਮ, ਜਸਵਿੰਦਰ ਸਿੰਘ, ਜਤਿੰਦਰ ਸਿੰਘ ਨਿਆੜਾ, ਸੰਦੀਪ ਕੁਮਾਰ, ਵਿਜੈ ਕੁਮਾਰ, ਸੂਬੇਦਾਰ ਲਸ਼ਕਰ ਸਿੰਘ, ਮੰਗਲ ਨਾਥ, ਮਨਵਿੰਦਰ ਸਿੰਘ, ਲਖਵਿੰਦਰ ਸਿੰਘ, ਕੁਲਵੀਰ ਸਿੰਘ, ਸੈਂਟਰ ਹੈੱਡ ਟੀਚਰ ਬਖਸ਼ੀ ਰਾਮ, ਸਤਪਾਲ ਸਿੰਘ, ਬਿੱਟੀ, ਸੋਨੂੰ ਆਦਿ ਵੀ ਹਾਜ਼ਰ ਸਨ।


Related News