ਜਮਹੂਰੀ ਕਿਸਾਨ ਸਭਾ ਤੇ ਕਿਰਤੀ ਕਿਸਾਨ ਯੂਨੀਅਨਾਂ ਆਹਮੋ-ਸਾਹਮਣੇ

06/27/2017 1:47:49 AM

ਅਜਨਾਲਾ,   (ਬਾਠ)- ਅਜਨਾਲਾ ਦੇ ਨੇੜਲੇ ਪਿੰਡ ਭਲਾ ਪਿੰਡ ਦੀ ਵਿਧਵਾ ਬੀਬੀ ਕੁਲਬੀਰ ਕੌਰ ਦੇ ਪਰਿਵਾਰਕ ਜ਼ਮੀਨ ਦੀ ਵੰਡ 'ਚੋਂ ਉਪਜੇ ਵਾਦ-ਵਿਵਾਦ ਨੂੰ ਠੱਲ੍ਹ ਪਾਉਣ ਅਤੇ ਬੀਬੀ ਨੂੰ ਇਨਸਾਫ ਦਿਵਾਉਣ ਅਤੇ ਕਥਿਤ ਧੋਖਾਦੇਹੀ ਨਾਲ ਦੂਸਰੀ ਧਿਰ ਵੱਲੋਂ ਹੜੱਪੀ ਜਾ ਰਹੀ ਜ਼ਮੀਨ ਦਾ ਕਬਜ਼ਾ ਦਿਵਾ ਕੇ ਵਹਾਉਣ ਆਦਿ ਦੀ ਮੰਗ ਪੂਰੀ ਕਰਵਾਉਣ ਲਈ ਅੱਜ ਇਥੇ ਪੁਲਸ ਥਾਣਾ ਅਜਨਾਲਾ ਦੇ ਸਾਹਮਣੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਦਤਾਰ ਸਿੰਘ, ਸੂਬਾ ਕਮੇਟੀ ਮੈਂਬਰ ਜਤਿੰਦਰ ਸਿੰਘ ਛੀਨਾ ਅਤੇ ਸੂਬਾ ਕਮੇਟੀ ਮੈਂਬਰ ਤੇ ਜ਼ਿਲਾ ਪ੍ਰਧਾਨ ਧਨਵੰਤ ਸਿੰਘ ਖਤਰਾਏਂ ਦੀ ਸਾਂਝੀ ਅਗਵਾਈ 'ਚ ਯੂਨੀਅਨ ਦੇ ਸੈਂਕੜੇ ਵਰਕਰਾਂ ਨੇ ਅਣਮਿੱਥੇ ਸਮੇਂ ਲਈ ਰਾਤ-ਦਿਨ ਦਾ ਰੋਸ ਧਰਨਾ ਤੇ ਮੁਜ਼ਾਹਰਾ ਸ਼ੁਰੂ ਕੀਤਾ। 
ਜ਼ਿਕਰਯੋਗ ਹੈ ਕਿ ਭਲਾ ਪਿੰਡ ਦੀ ਮਾਲਕੀ ਜ਼ਮੀਨ ਦੀ ਪਰਿਵਾਰਕ ਵੰਡ ਦੇ ਵਾਦ-ਵਿਵਾਦ, ਮੁਕੱਦਮੇਬਾਜ਼ੀ ਦੇ ਉਲਝੇ ਮਾਮਲੇ 'ਚ ਇਕ-ਦੂਜੀ ਧਿਰ ਦੇ ਹੱਕ 'ਚ ਖੜ੍ਹੇ ਹੋਣ ਦੀ ਕਥਿਤ ਜ਼ਿੱਦ ਦੇ ਮੱਦੇਨਜ਼ਰ ਇਲਾਕੇ 'ਚ ਕਿਸਾਨੀ ਹਿੱਤਾਂ ਦੀ ਰਾਖੀ ਲਈ ਜੂਝ ਰਹੀਆਂ ਕਿਰਤੀ ਕਿਸਾਨ ਯੂਨੀਅਨ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਆਹਮੋ-ਸਾਹਮਣੀ ਖੜ੍ਹੀਆਂ ਹੋ ਗਈਆਂ ਹਨ। 
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਭੂਮਿਕਾ 'ਤੇ ਸ਼ੱਕ ਦੀ ਉਂਗਲ ਉਠਾਉਂਦਿਆਂ ਕਿਹਾ ਕਿ ਇਹ ਸਭਾ ਦੇ ਆਗੂ ਭਲਾ ਪਿੰਡ ਜ਼ਮੀਨ ਮਾਮਲੇ 'ਚ ਕੁਲਬੀਰ ਕੌਰ ਦੀ ਵਿਰੋਧੀ ਧਿਰ ਕਸ਼ਮੀਰ ਸਿੰਘ ਤੇ ਕਾਬਲ ਸਿੰਘ ਵਗੈਰਾ ਨੂੰ ਕਥਿਤ ਤੌਰ ਉੱਤੇ ਨਾਜਾਇਜ਼ ਕਾਬਜ਼ ਕਰਵਾਉਣ ਲਈ ਪੁਲਸ 'ਤੇ ਦਬਾਓ ਵਧਾਉਣ ਹਿੱਤ ਥਾਣਾ ਅਜਨਾਲਾ ਸਾਹਮਣੇ ਰੋਸ ਧਰਨੇ ਦੇਣ ਤੋਂ ਇਲਾਵਾ ਕਥਿਤ ਅਖੌਤੀ ਤੱਥ ਖੋਜ ਕਮੇਟੀ ਦੀ ਰਿਪੋਰਟ ਜਾਰੀ ਕਰਵਾ ਕਿ ਕਥਿਤ ਦੋਸ਼ੀਆਂ ਦੇ ਹੱਕ ਵਿਚ ਸਿੱਧੇ ਤੌਰ 'ਤੇ ਭੁਗਤ ਰਹੇ ਹਨ ਅਤੇ ਭੰਬਲਭੂਸਾ ਪੈਦਾ ਕਰ ਰਹੇ ਹਨ ਜਦੋਂ ਕਿ ਵਿਧਵਾ ਕੁਲਬੀਰ ਕੌਰ ਨਾਲ ਪਹਿਲਾਂ ਹੀ ਅਜਨਾਲਾ ਪੁਲਸ ਵੱਲੋਂ ਵੱਡੇ ਪੱਧਰ 'ਤੇ ਸਿਆਸੀ ਦਖਲ-ਅੰਦਾਜ਼ੀ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਕੁਲਬੀਰ ਕੌਰ ਨੂੰ ਇਨਸਾਫ ਦਿਵਾਉਣ ਤੱਕ ਰੋਸ ਧਰਨਾ ਜਾਰੀ ਰਹੇਗਾ। 
ਇਸ ਸਮੇਂ ਸੁਖਦੇਵ ਸਿੰਘ ਡੱਬਰ, ਬਲਵਿੰਦਰ ਸਿੰਘ ਭਿੰਡੀਆਂ, ਬਾਬਾ ਸੁੱਚਾ ਸਿੰਘ ਤੇੜਾ, ਬਲਦੇਵ ਸਿੰਘ ਲੁਹਾਰਕਾ, ਅਵਤਾਰ ਸਿੰਘ ਜੱਸੜ, ਸਤਨਾਮ ਸਿੰਘ ਝੰਡੇਰ, ਨਿਹੰਗ ਸੰਤੋਖ ਸਿੰਘ ਤੇੜਾ, ਬਲਵਿੰਦਰ ਸਿੰਘ ਮੁਕਾਮ, ਅੰਗਰੇਜ਼ ਸਿੰਘ ਕਾਮਲਪੁਰਾ, ਜਗੀਰ ਸਿੰਘ ਲੀਡਰ ਸਾਰੰਗਦੇਵ, ਜਥੇਦਾਰ ਤਸਬੀਰ ਸਿੰਘ ਹਾਸ਼ਮਪੁਰ, ਕਾਬਲ ਸਿੰਘ ਛੀਨਾ, ਹੁਸ਼ਿਆਰ ਸਿੰਘ ਝੰਡੇਰ, ਅਵਤਾਰ ਸਿੰਘ ਸੁਧਾਰ, ਸੁੱਖਾ ਸਿੰਘ ਭਗਤ, ਸੰਤੋਖ ਸਿੰਘ ਚਾਹੜਪੁਰ, ਜੋਗਿੰਦਰ ਸਿੰਘ ਘੂਕੇਵਾਲੀ, ਪਲਵਿੰਦਰ ਸਿੰਘ ਜਗਦੇਵ ਕਲਾਂ, ਮੇਜਰ ਸਿੰਘ ਕੜਿਆਲ, ਕੰਵਲਜੀਤ ਜਸਰਾਓਰ, ਹਰਜੀਤ ਸਿੰਘ ਅਵਾਣ ਲੱਖਾ, ਸੁਖਰਾਜ ਸਿੰਘ ਛੀਨਾ, ਰਵਿੰਦਰ ਸਿੰਘ ਰਵੀ, ਸੁਖਦੇਵ ਸਿੰਘ ਸੈਂਸਰਾਂ ਆਦਿ ਹਾਜ਼ਰ ਸਨ।
ਓਧਰ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਸੰਪਰਕ ਕਰਨ 'ਤੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦਾ ਕਸ਼ਮੀਰ ਸਿੰਘ ਧਿਰ ਨੂੰ ਨਿਆਂ ਦਿਵਾਉਣ ਲਈ ਸੰਘਰਸ਼ ਬਿਲਕੁੱਲ ਦਰੁਸਤ ਸੇਧਤ ਹੈ।


Related News