ਮੁੱਢੋਂ ਤਾਇਨਾਤੀ ਸਮੇਂ ਡਾਕਟਰਾਂ ਨੂੰ ਪੂਰੀ ਤਣਖਾਹ ਦੇਣ ਦਾ ਪੇ-ਕਮਿਸ਼ਨ ਦੇ ਸਾਹਮਣੇ ਰੱਖਿਆ ਮੁੱਦਾ

12/10/2017 2:25:51 AM

ਮੋਗਾ,   (ਸੰਦੀਪ)-  ਪੀ. ਸੀ. ਐੱਮ. ਐੱਸ. ਐਸੋਸੀਏਸ਼ਨ ਦਾ ਵਫਦ ਪੈਟਰਨ ਡਾ. ਮਨਜੀਤ ਸਿੰਘ ਅਤੇ ਪ੍ਰਧਾਨ ਡਾ. ਗਗਨਦੀਪ ਸਿੰਘ ਦੀ ਅਗਵਾਈ 'ਚ 6ਵੇਂ ਪੇ-ਕਮਿਸ਼ਨ ਪੰਜਾਬ ਨੂੰ ਮਿਲਿਆ। ਲਗਭਗ ਡੇਢ ਘੰਟਾ ਹੋਈ ਮੀਟਿੰਗ ਦੌਰਾਨ ਵਫਦ ਨੇ ਪੀ. ਸੀ. ਐੱਮ. ਐੱਸ. ਕੇਡਰ ਦੇ ਮੈਡੀਕਲ ਅਫਸਰ ਤੋਂ ਲੈ ਕੇ ਡਾਇਰੈਕਟਰ ਲੈਵਲ ਤੱਕ ਡਾਕਟਰਾਂ ਦੀਆਂ ਮੰਗਾਂ ਸਬੰਧੀ ਆਪਣਾ ਪੱਖ ਪੇਸ਼ ਕੀਤਾ ਤੇ ਡਾਕਟਰਾਂ ਦੇ ਪੇ-ਸਕੇਲ, ਭੱਤਿਆਂ ਅਤੇ ਤਰੱਕੀਆਂ ਦੇ ਵਧੇਰੇ ਮੌਕੇ ਦੇਣ ਬਾਰੇ ਮੰਗ-ਪੱਤਰ ਦਿੱਤਾ।
 ਡਾ. ਮਨੋਹਰ ਸਿੰਘ ਮੀਤ ਪ੍ਰਧਾਨ ਅਤੇ ਡਾ. ਇੰਦਰਵੀਰ ਗਿੱਲ ਜਥੇਬੰਦਕ ਸਕੱਤਰ ਨੇ ਦੱਸਿਆ ਕਿ ਡਾਕਟਰਾਂ ਦੀ ਲੰਮੀ ਪੜ੍ਹਾਈ, ਨੌਕਰੀ 'ਚ ਦੇਰੀ ਨਾਲ ਪ੍ਰਵੇਸ਼, ਅਸੁਰੱਖਿਅਤ ਹਾਲਾਤ 'ਚ ਕੰਮ ਕਰਨ ਅਤੇ ਘੱਟ ਤੋਂ ਘੱਟ ਛੁੱਟੀਆਂ ਕਰਕੇ ਉਚੇ ਤੇ ਸਨਮਾਣਯੋਗ ਪੇ-ਸਕੇਲ ਦੇ ਨਾਲ-ਨਾਲ ਹਰ ਚਾਰ ਸਾਲਾਂ ਬਾਅਦ ਤਰੱਕੀਆਂ ਦੇ ਵਧੇਰੇ ਮੌਕੇ ਦਿੱਤੇ ਜਾਣ ਦੀ ਮੰਗ-ਕੀਤੀ ਤਾਂ ਜੋ ਤਜਰਬੇਕਾਰ ਡਾਕਟਰ ਲੰਮਾ ਸਮਾਂ ਲੋਕਾਂ ਦੀ ਸੇਵਾ ਕਰ ਸਕਣ ਅਤੇ ਆਪਣੀ ਸਰਵਿਸ ਦੌਰਾਨ ਡਾਕਟਰਾਂ ਵੱਲੋਂ ਨੌਕਰੀ ਛੱਡਣ ਦਾ ਰੁਝਾਨ ਘੱਟ ਸਕੇ। 
ਹੁਣ ਦੇ ਮੁਤਾਬਕ ਡਾਕਟਰਾਂ ਵੱਲੋਂ ਨੌਕਰੀ ਛੱਡਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਕਿਉਂਕਿ 24-25 ਸਾਲਾਂ ਦੀ ਨੌਕਰੀ ਕਰਨ ਦੇ ਬਾਵਜੂਦ ਤਰੱਕੀ ਨਾ ਮਿਲਣ ਕਾਰਨ ਉਹ ਨਿਰਾਸ਼ ਹੋ ਕੇ ਨੌਕਰੀ ਛੱਡ ਜਾਂਦੇ ਹਨ। ਜਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਨਵੇਂ ਭਰਤੀ ਕੀਤੇ ਡਾਕਟਰਾਂ ਦਾ ਸ਼ੋਸ਼ਣ ਰੋਕਣ ਲਈ ਉਨ੍ਹਾਂ ਨੂੰ ਮੁੱਢੋਂ ਪੂਰੀ ਤਨਖਾਹ ਦਿੱਤੀ ਜਾਵੇ, ਉਨ੍ਹਾਂ ਦਾ ਪਰਖ ਅਧੀਨ ਸਮਾਂ ਦੋ ਸਾਲ ਹੀ ਰੱਖਿਆ ਜਾਵੇ, ਸਪੈਸ਼ਲਿਸਟ ਡਾਕਟਰਾਂ ਨੂੰ ਹਰ ਸਕੇਲ 'ਤੇ 6 ਵਾਧੂ ਇੰਕਰੀਮੈਂਟ, 33 ਫੀਸਦੀ ਐੱਨ. ਪੀ. ਏ., ਵਧੇਰੇ ਵਿਦਿਅਕ ਭੱਤਾ, ਵਧੇਰੇ ਪੇਂਡੂ ਸਿਹਤ ਭੱਤਾ ਅਤੇ ਗ੍ਰੈਚੂਟੀ 'ਚ ਵਾਧਾ ਕੀਤਾ ਜਾਵੇ।  ਵਫਦ ਨੇ ਡਾਇਰੈਕਟਰ ਜਨਰਲ ਸਿਹਤ ਸੇਵਾਵਾਂ, ਡਾਇਰੈਕਟਰ ਸਿਹਤ, ਸੀਨੀਅਰ ਮੈਡੀਕਲ ਅਫਸਰਾਂ ਅਤੇ ਡਿਪਟੀ ਡਾਇਰੈਕਟਰ ਦੀਆਂ ਅਸਾਮੀਆਂ 'ਚ ਵਾਧਾ ਕਰਨ ਅਤੇ ਸਿਹਤ ਵਿਭਾਗ ਦਾ ਕੇਡਰ ਰੀਵਿਊ ਕਰਨ ਦੀ ਮੰਗ ਵੀ ਰੱਖੀ। ਇਸ ਵਫਦ 'ਚ ਡਾ. ਮਹੇਸ਼ ਜਿੰਦਲ ਤੇ ਡਾ. ਸੋਹਨ ਸਿੰਘ (ਮੀਤ ਪ੍ਰਧਾਨ), ਡਾ. ਹਰਪ੍ਰੀਤ ਸਿੰਘ ਸੇਖੋਂ (ਸੂਬਾ ਆਗੂ), ਡਾ. ਸੰਜੀਵ ਜੈਨ (ਰਜਿਸਟਰਾਰ), ਡਾ. ਬਲਜੀਤ ਕੌਰ (ਸਹਾਇਕ ਡਾਇਰੈਕਟਰ), ਸਲਾਹਕਾਰ ਡਾ. ਸਵਰਨ ਸਿੰਘ ਤੇ ਹੋਰ ਨੁਮਾਇੰਦੇ ਵੀ ਸ਼ਾਮਲ ਸਨ।


Related News