ਮਾਮਲਾ ਡਾ. ਦੀਪਸ਼ਿਖਾ ਦੀ ਮੌਤ ਦਾ : ਭਰਾ ਤੇ ਭੈਣ ਨੇ ਖਤਰੇ ਦਾ ਜਤਾਇਆ ਸ਼ੱਕ

12/11/2017 11:14:42 AM

ਬਠਿੰਡਾ (ਬਲਵਿੰਦਰ)-ਡਾ. ਗਜਿੰਦਰ ਸ਼ੇਖਾਵਤ ਦੇ ਹਸਪਤਾਲ 'ਚ ਲੱਗੀ ਅੱਗ ਕਾਰਨ ਉਨ੍ਹਾਂ ਦੀ ਪਤਨੀ ਡਾ. ਦੀਪਸ਼ਿਖਾ ਦੀ ਮੌਤ ਹੋ ਗਈ ਸੀ ਪਰ ਮ੍ਰਿਤਕਾ ਦੀ ਭੈਣ, ਭਰਾ ਆਦਿ ਵੱਲੋਂ ਇਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਪੁਲਸ ਨੇ ਡਾ. ਸ਼ੇਖਾਵਤ ਵਿਰੁੱਧ ਮੁਕੱਦਮਾ ਵੀ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਕੋਈ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। 
ਦੂਜੇ ਪਾਸੇ ਮ੍ਰਿਤਕਾ ਦੇ ਭਰਾ ਅਰੁਣ ਸ਼ਾਰਦਾ, ਸੰਜੇ ਸ਼ਾਰਦਾ, ਭੈਣ ਕਾਂਤਾ ਸੋਮਾਨੀ ਤੇ ਭਾਬੀ ਸ਼ਕੁੰਤਲਾ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਵੀ ਜਾਨੀ ਨੁਕਸਾਨ ਹੋਣ ਦਾ ਸ਼ੱਕ ਹੈ, ਜਿਸ ਕਾਰਨ ਉਹ ਬਹੁਤ ਡਰੇ ਹੋਏ ਹਨ। ਉਹ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਡਾ. ਦੀਪਸ਼ਿਖਾ ਤੇ ਡਾ. ਸ਼ੇਖਾਵਤ ਦੀ ਸ਼ੁਰੂ ਤੋਂ ਹੀ ਅਣਬਣ ਸੀ ਪਰ ਪੇਕੇ ਪਰਿਵਾਰ ਕਾਫੀ ਦੇਰ ਬਾਅਦ ਪਤਾ ਲੱਗਿਆ। ਡਾ. ਸ਼ੇਖਾਵਤ ਬੱਚਾ ਵੀ ਸਰੋਗੇਸੀ ਰਾਹੀਂ ਚਾਹੁੰਦੇ ਸਨ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਲੜਾਈ-ਝਗੜੇ ਤੋਂ ਅਲੱਗ ਹੋ ਕੇ ਦੀਪਸ਼ਿਖਾ ਨੌਕਰੀ ਕਰਨਾ ਚਾਹੁੰਦੀ ਸੀ ਤੇ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦੀ ਸੀ। ਉਸ ਦੇ ਨਾਂ 'ਤੇ ਸ਼ਹਿਰ ਦੀ ਕਾਫੀ ਪ੍ਰਾਪਰਟੀ ਵੀ ਸੀ। ਡਾ. ਸ਼ੇਖਾਵਤ ਨੂੰ ਸ਼ੱਕ ਸੀ ਕਿ ਜੇਕਰ ਉਹ ਨੌਕਰੀ ਕਰਦੀ ਹੈ ਤਾਂ ਉਸ ਤੋਂ ਅਲੱਗ ਵੀ ਹੋ ਸਕਦੀ ਸੀ। ਇਸ ਹਾਲਾਤ ਵਿਚ ਦੀਪਸ਼ਿਖਾ ਦੀ ਪ੍ਰਾਪਰਟੀ ਵੀ ਡਾ. ਸ਼ੇਖਾਵਤ ਦੇ ਹੱਥੋਂ ਨਿਕਲ ਜਾਵੇਗੀ। ਉਸ ਨੇ ਪੇਕੇ ਪਰਿਵਾਰ ਨੂੰ ਆਪਣੇ ਕੋਲ ਵੀ ਬੁਲਾ ਲਿਆ ਸੀ, ਜਿਸ ਬਾਰੇ ਡਾ. ਸ਼ੇਖਾਵਤ ਨੂੰ ਵੀ ਪਤਾ ਲੱਗ ਗਿਆ ਸੀ। ਪੇਕੇ ਪਰਿਵਾਰ ਦੇ ਆਉਣ ਤੋਂ ਦੋ ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਜਾਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। 
ਦੀਪਸ਼ਿਖਾ ਨੇ ਇਕ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਹੁਣ ਉਸ ਨੇ ਆਪਣਾ ਮਨ ਬਦਲ ਲਿਆ ਸੀ, ਉਹ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੁੰਦੀ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ਅਤੇ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।


Related News