ਬਿਜਲੀ ਦੇ ਰੇਟਾਂ ''ਚ ਵਾਧੇ ਖਿਲਾਫ ਪੰਜਾਬ ਦੀਆਂ ਉਦਯੋਗ ਜਥੇਬੰਦੀਆਂ ਨੇ ਵਜਾਇਆ ਸੰਘਰਸ਼ ਦਾ ਬਿਗੁਲ

12/12/2017 4:09:25 AM

ਲੁਧਿਆਣਾ(ਬਹਿਲ)-ਸਰਕਾਰ ਵੱਲੋਂ ਬਿਜਲੀ ਦੇ ਰੇਟਾਂ 'ਚ ਵਾਧੇ ਦੇ ਮੁੱਦੇ 'ਤੇ ਲਾਮਬੰਦ ਹੁੰਦੇ ਹੋਏ ਪੰਜਾਬ ਦੀਆਂ ਪ੍ਰਮੁੱਖ 40 ਉਦਯੋਗ ਜਥੇਬੰਦੀਆਂ ਨੇ ਕੈਪਟਨ ਸਰਕਾਰ ਨੂੰ 19 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਵਧੀਆਂ ਹੋਈਆਂ ਬਿਜਲੀ ਦਰਾਂ ਵਾਪਸ ਲੈਣ ਅਤੇ ਟੂ-ਪਾਰਟ ਟੈਰਿਫ ਖਤਮ ਕਰਨ ਦੀ ਮੰਗ ਕੀਤੀ ਹੈ। ਜੇਕਰ ਸਰਕਾਰ ਨੇ ਉਦਯੋਗਾਂ ਦੀ ਬਿਜਲੀ ਸਬੰਧੀ ਸਮੱਸਿਆ ਨੂੰ ਨਜ਼ਰ-ਅੰਦਾਜ਼ ਕੀਤਾ ਤਾਂ 21 ਦਸੰਬਰ ਤੋਂ ਲੁਧਿਆਣਾ ਦੇ ਵਿਸ਼ਵਕਰਮਾ ਚੌਕ 'ਤੇ ਲੜੀਵਾਰ ਭੁੱਖ ਹੜਤਾਲ ਅਤੇ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ। ਇਹ ਐਲਾਨ ਸੋਮਵਾਰ ਨੂੰ ਆਲ ਇੰਡਸਟਰੀਜ਼ ਐਂਡ ਟਰੇਡ ਫੋਰਮ ਆਫ ਪੰਜਾਬ ਵੱਲੋਂ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਕਰਦੇ ਹੋਏ ਕਾਰੋਬਾਰੀਆਂ ਨੇ Îਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਹਾਸਲ ਕਰਨ ਲਈ ਚੋਣ ਮੈਨੀਫੈਸਟੋ ਵਿਚ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਸਮੇਤ ਕਈ ਵਾਅਦੇ ਕੀਤੇ ਅਤੇ ਹੁਣ ਉਨ੍ਹਾਂ ਵਾਅਦਿਆਂ ਤੋਂ ਪਿੱਛੇ ਹਟ ਕੇ ਪੰਜਾਬ ਦੀ ਇੰਡਸਟਰੀ ਨਾਲ ਧੋਖਾ ਕੀਤਾ ਜਾ ਰਿਹਾ ਹੈ।  ਮੀਟਿੰਗ 'ਚ ਸਰਬਸੰਮਤੀ ਨਾਲ ਫੈਸਲਾ ਲੈਂਦੇ ਹੋਏ ਉਦਯੋਗਪਤੀਆਂ ਨੇ ਕਿਹਾ ਕਿ ਸਰਕਾਰ ਦੇ ਕਿਸੇ ਵੀ ਵਿਧਾਇਕ, ਮੰਤਰੀ ਜਾਂ ਐੱਮ. ਪੀ. ਦਾ ਕਾਰੋਬਾਰੀਆਂ ਵੱਲੋਂ ਸਵਾਗਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਚਲਾਈਆਂ ਸਕੀਮਾਂ ਵਿਚ ਵੀ ਕਾਰੋਬਾਰੀ ਸਹਿਯੋਗ ਨਹੀਂ ਕਰਨਗੇ ਅਤੇ ਨਾ ਹੀ ਸ਼ਾਮਲ ਹੋਣਗੇ।
ਲੜੀਵਾਰ ਭੁੱਖ ਹੜਤਾਲ 'ਚ ਰੋਜ਼ਾਨਾ 5 ਜਥੇਬੰਦੀਆਂ ਦੇ ਨੁਮਾਇੰਦੇ ਹੋਣਗੇ ਸ਼ਾਮਲ
ਆਲ ਇੰਡਸਟਰੀ ਐਂਡ ਟਰੇਡ ਫੋਰਮ ਆਫ ਪੰਜਾਬ ਦੀ ਮੀਟਿੰਗ ਵਿਚ ਲਏ ਫੈਸਲੇ ਮੁਤਾਬਕ ਬਿਜਲੀ ਦੇ ਰੇਟਾਂ ਵਿਚ ਵਾਧੇ ਦੇ ਫੈਸਲੇ ਨੂੰ ਵਾਪਸ ਨਾ ਲੈਣ ਤੱਕ ਸਰਕਾਰ ਖਿਲਾਫ ਰੋਜ਼ਾਨਾ 5 ਜਥੇਬੰਦੀਆਂ ਦੇ ਨੁਮਾਇੰਦੇ ਲੜੀਵਾਰ ਭੁੱਖ-ਹੜਤਾਲ ਕਰਨਗੇ। ਵਿਸ਼ਵਕਰਮਾ ਚੌਕ 'ਤੇ 21 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਧਰਨੇ ਵਿਚ ਯੂ. ਸੀ. ਪੀ. ਐੱਮ. ਏ. ਪ੍ਰਧਾਨ ਇੰਦਰਜੀਤ ਨਵਯੁਗ, ਨਾਰਥ ਇੰਡੀਆ ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਕੇ. ਕੇ. ਗਰਗ, ਫੋਪਸੀਆ ਦੇ ਪ੍ਰਧਾਨ ਬਦੀਸ਼ ਜਿੰਦਲ, ਮੰਡੀ ਗੋਬਿੰਦਗੜ੍ਹ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਗੁਪਤਾ ਅਤੇ ਮਸ਼ੀਨ ਟੂਲ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਭੁੱਖ-ਹੜਤਾਲ 'ਤੇ ਬੈਠਣਗੇ।


Related News