ਕਾਲੀਆਂ ਪੱਟੀਆਂ ਬੰਨ੍ਹ ਕੇ ਕੱਢਿਆ ਰੋਸ ਮਾਰਚ

08/15/2017 12:49:24 AM

ਬਰਨਾਲਾ,  (ਵਿਵੇਕ ਸਿੰਧਵਾਨੀ,ਰਵੀ)—   ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲਾ ਬਰਨਾਲਾ ਨੇ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਕਲਾਂ ਦੀ ਅਗਵਾਈ ਹੇਠ ਜ਼ਿਲੇ ਨਾਲ ਸਬੰਧਿਤ ਅਨੇਕਾਂ ਕਿਸਾਨ ਆਗੂਆਂ ਨਾਲ ਮਿਲ ਕੇ ਆਜ਼ਾਦੀ ਦਿਵਸ ਨੂੰ ਕਿਸਾਨ ਵਿਰੋਧੀ ਦਿਹਾੜੇ ਵਜੋਂ ਮਨਾਇਆ। 
ਇਸ ਮੌਕੇ ਭਾਕਿਯੂ ਲੱਖੋਵਾਲ ਨਾਲ ਸਬੰਧਿਤ ਅਨੇਕਾਂ ਵਰਕਰਾਂ ਅਤੇ ਆਗੂਆਂ ਨੇ ਆਜ਼ਾਦੀ ਦਿਵਸ ਨੂੰ ਗੁਲਾਮੀ ਦਿਹਾੜੇ ਦਾ ਨਾਂ ਦਿੰਦਿਆਂ ਸਿਰਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਗਲ 'ਚ ਰੱਸੇ ਪਾ ਕੇ ਸ਼ਹਿਰ 'ਚ ਨਿਵੇਕਲੇ ਢੰਗ ਨਾਲ ਮੋਟਰਸਾਈਕਲ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਭਖਦੀਆਂ ਕਿਸਾਨੀ ਮੰਗਾਂ ਲਈ ਮੰਗ ਪੱਤਰ ਦਿੱਤਾ। 
ਇਸ ਮੌਕੇ ਭਾਕਿਯੂ ਲੱਖੋਵਾਲ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਕਲਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਸਮੇਂ ਦੀਆਂ ਸਰਕਾਰਾਂ ਦੀ ਨਾਲਾਇਕੀ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਬਾਕੀ ਮੰਤਰੀ ਕੌਮੀ ਝੰਡਾ ਲਹਿਰਾਉਣ ਤੋਂ ਪਹਿਲਾਂ ਰਾਸ਼ਟਰ ਦੀਆਂ ਅਖਲਾਕੀ ਲੋੜਾਂ ਪੂਰੀਆਂ ਕਰਨ ਅਤੇ ਨਾਲ ਹੀ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਵਾਸਤੇ ਨੌਕਰੀਆਂ ਅਤੇ ਯੋਗ ਮੁਆਵਜ਼ੇ ਦਾ ਪ੍ਰਬੰਧ ਕਰਨ। ਇਸ ਸਮੇਂ ਨੌਜਵਾਨ ਕਿਸਾਨ ਆਗੂ ਜਗਸੀਰ ਸਿੰਘ ਛੀਨੀਵਾਲ ਕਲਾਂ ਨੇ ਕਿਹਾ ਕਿ ਹੁਣ ਤੱਕ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਨਿਗੂਣਾ ਕਰਜ਼ਾ ਮੁਆਫ ਕਰਨ ਦਾ ਐਲਾਨ ਵੀ ਪੂਰਾ ਨਹੀਂ ਕੀਤਾ ਗਿਆ। ਇਸ ਕਰ ਕੇ ਜ਼ਿਲਾ ਬਰਨਾਲਾ ਸਣੇ ਭਾਕਿਯੂ ਲੱਖੋਵਾਲ ਦੀ ਸੂਬਾ ਜਥੇਬੰਦੀ ਵਿਚ ਵੀ ਸਰਕਾਰ ਦੀ ਅਣਦੇਖੀ ਖਿਲਾਫ ਰੋਸ ਪਾਇਆ ਜਾ ਰਿਹਾ ਹੈ।
ਕੌਣ ਸਨ ਸ਼ਾਮਲ
ਮਹਿੰਦਰ ਸਿੰਘ ਵੜੈਚ, ਜਸਮੇਲ ਸਿੰਘ ਕਾਲੇਕੇ, ਹਾਕਮ ਸਿੰਘ ਛੀਨੀਵਾਲ, ਸਰਪੰਚ ਸਿਕੰਦਰ ਸਿੰਘ ਮੌੜ, ਬਲਵਿੰਦਰ ਸਿੰਘ ਦੁੱਗਲ, ਹਰਭਜਨ ਸਿੰਘ ਕਲਾਲਾ, ਗਗਨਦੀਪ ਸਿੰਘ ਸਹਿਜੜਾ, ਰਾਮ ਸਿੰਘ ਕੋਟਦੁੰਨਾ, ਮੋਹਣ ਸਿੰਘ ਠੀਕਰੀਵਾਲ, ਜਸਵੀਰ ਸਿੰਘ ਸੁਖਪੁਰਾ, ਤਿੰਨੋ ਬਲਾਕ ਪ੍ਰਧਾਨ, ਸ਼ਿੰਗਾਰਾ ਸਿੰਘ ਰਾਜੀਆ, ਸਤਨਾਮ ਸਿੰਘ ਰਾਏਸਰ, ਜੱਗੀ ਸਿੰਘ ਭੈਣੀ, ਦਰਸ਼ਨ ਸਿੰਘ ਚੰਨਣਵਾਲ, ਸਤਨਾਮ ਸਿੰਘ ਧਨੇਰ, ਨੈਬ ਸਿੰਘ ਪੱਖੋ ਕੇ, ਰਾਜਿੰਦਰ ਸਿੰਘ ਭੰਗੂ ਤੇ ਮਲਕੀਤ ਸਿੰਘ ਆਦਿ।


Related News