ਪੰਜਾਬ ''ਚ ਹੋਏ ਧਾਰਮਿਕ ਨੇਤਾਵਾਂ ਦੀਆਂ ਹੱਤਿਆਵਾਂ ਦੇ ਪਿੱਛੇ ਬੱਬਰ ਖਾਲਸਾ ਦਾ ਹੱਥ!

11/18/2017 6:33:43 PM

ਜਲੰਧਰ(ਧਵਨ)— ਪੰਜਾਬ 'ਚ ਪਿਛਲੇ 2 ਸਾਲਾਂ ਦੌਰਾਨ ਧਾਰਮਿਕ ਨੇਤਾਵਾਂ ਦੀਆਂ ਹੋਈਆਂ ਹੱਤਿਆਵਾਂ ਦੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੰਜਾਬ ਪੁਲਸ ਦੇ ਆਲਾ ਅਧਿਕਾਰੀ ਬੱਬਰ ਖਾਲਸਾ ਦੀ ਭੂਮਿਕਾ ਦੀ ਜਾਂਚ 'ਚ ਜੁਟੇ ਹੋਏ ਹਨ। ਸੂਬੇ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਵੀ ਮੰਨਣਾ ਹੈ ਕਿ ਬੱਬਰ ਖਾਲਸਾ ਨੇ ਹੀ ਧਾਰਮਿਕ ਨੇਤਾਵਾਂ ਦੇ ਕਤਲ ਕਰਵਾਏ ਹੋਣਗੇ। ਸੂਬੇ 'ਚ ਸ਼ਿਅਦ ਅਤੇ ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ 'ਚ ਕਈ ਧਾਰਮਿਕ ਨੇਤਾਵਾਂ ਦੇ ਕਤਲ ਹੋਏ ਸਨ। 28 ਜੁਲਾਈ 2009 ਨੂੰ ਪਟਿਆਲਾ 'ਚ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੂਲਦਾ ਸਿੰਘ ਦਾ ਕਤਲ ਕੀਤਾ ਗਿਆ ਸੀ। 
ਇਹ ਸੰਗਠਨ ਆਰ. ਐੱਸ. ਐੱਸ. ਦੇ ਨਾਲ ਜੁੜਿਆ ਹੋਇਆ ਹੈ। ਰੂਲਦਾ ਸਿੰਘ ਦੀ ਹੱਤਿਆ ਦੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇਕ ਮੈਂਬਰ ਗੁਰਸ਼ਰਨਬੀਰ ਸਿੰਘ ਦਾ ਹੱਥ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਆਲਾ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੱਬਰ ਖਾਲਸਾ ਦਾ ਉਕਤ ਮੈਂਬਰ ਗੁਰਸ਼ਰਨਬੀਰ ਸਿੰਘ ਰੂਲਦਾ ਦੀ ਹੱਤਿਆ ਕਰਨ ਤੋਂ ਬਾਅਦ ਇੰਗਲੈਂਡ ਚਲਾ ਗਿਆ ਸੀ। ਜੁਲਾਈ 2010 'ਚ ਪੰਜਾਬ ਪੁਲਸ ਦੀ ਇੰਗਲੈਂਡ 'ਚ ਵੈਸਟ ਮਿਡਲੈਂਡਸ ਪੁਲਸ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਕੁਝ ਜਾਣਕਾਰੀ ਸਾਂਝੀ ਕੀਤੀ ਸੀ। 
ਇੰਗਲੈਂਡ ਦੀ ਪੁਲਸ ਦਸੰਬਰ 2010 'ਚ ਪਟਿਆਲਾ ਦਾ ਦੌਰਾ ਕਰ ਚੁੱਕੀ ਹੈ ਅਤੇ ਉਸ ਨੇ ਨਾਭਾ ਜੇਲ 'ਚ ਬੰਦ ਕੁਝ ਕੈਦੀਆਂ ਤੋਂ ਪੁੱਛਗਿੱਛ ਵੀ ਕੀਤੀ ਸੀ। ਫਰਵਰੀ 2015 'ਚ ਪਟਿਆਲਾ ਦੀ ਅਦਾਲਤ 'ਚ ਰੂਲਦਾ ਸਿੰਘ ਦੀ ਹੱਤਿਆ ਦੇ ਮਾਮਲੇ 'ਚ 5 ਲੋਕਾਂ ਨੂੰ ਰਿਹਾਅ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦੇ ਖਿਲਾਫ ਸਬੂਤ ਨਹੀਂ ਸਨ। ਇਸ ਮਾਮਲੇ 'ਚ ਪੰਜਾਬ ਪੁਲਸ ਗੁਰਸ਼ਰਨ ਨੂੰ ਲੋੜੀਂਦਾ ਦੋਸ਼ੀ ਕਰਾਰ ਦੇ ਚੁੱਕੀ ਹੈ। ਸੂਬਾ ਪੁਲਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ 'ਚ ਟਾਰਗੇਟ ਕਿਲਿੰਗ ਦੀਆਂ ਯੋਜਨਾਵਾਂ ਪਾਕਿਸਤਾਨ, ਇੰਗਲੈਂਡ, ਕੈਨੇਡਾ ਅਤੇ ਹਾਂਗਕਾਂਗ 'ਚ ਬੈਠੇ ਕੁਝ ਅੱਤਵਾਦੀ ਤੱਤਾਂ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਪੰਜਾਬ ਪੁਲਸ ਹੁਣ ਸਬੰਧਤ ਦੇਸ਼ ਦੇ ਨਾਲ ਗੱਲਬਾਤ ਕਰਨ 'ਚ ਲੱਗੀ ਹੋਈ ਹੈ। ਪੰਜਾਬ 'ਚ ਸੂਬਾ ਪੁਲਸ ਨੇ ਹਾਲ ਹੀ 'ਚ ਕਈ ਅਪਰਾਧਕ ਹੱਤਿਆਵਾਂ ਦਾ ਪਰਦਾਫਾਸ਼ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। 
ਪੰਜਾਬ ਪੁਲਸ ਨੇ ਆਰ.ਐੱਸ.ਐੱਸ. ਨੇਤਾ ਜਗਦੀਸ਼ ਗਗਨੇਜਾ, ਲੁਧਿਆਣਾ 'ਚ ਰਵਿੰਦਰ ਗੋਸਾਈਂ ਸਮੇਤ ਲਗਭਗ ਕਤਲਾਂ ਦੀ ਗੁੱਥੀ ਨੂੰ ਸੁਲਝਾਇਆ, ਜਿਸ 'ਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਕੁਝ ਵਿਦੇਸ਼ੀ ਤਾਕਤਾਂ ਵੀ ਪੰਜਾਬ ਨੂੰ ਅਸਥਿਰ ਕਰਨ 'ਚ ਲੱਗੀਆਂ ਹੋਈਆਂ ਹਨ। ਇਸੇ ਦੇ ਤਹਿਤ ਸੂਬਾ ਸਰਕਾਰ ਹੁਣ ਬੱਬਰ ਖਾਲਸਾ ਦੇ ਕੁਝ ਹੋਰ ਹੱਤਿਆਵਾਂ ਦੇ ਪਿੱਛੇ ਹੱਥ ਹੋਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ 'ਚ ਜੁਟ ਗਈ ਹੈ। ਆਉਣ ਵਾਲੇ ਦਿਨਾਂ 'ਚ ਪੁਲਸ ਨੂੰ ਇਸ ਸਬੰਧ 'ਚ ਕੁਝ ਕਾਮਯਾਬੀ ਹਾਸਲ ਹੋ ਸਕਦੀ ਹੈ।


Related News