ਆਂਗਣਵਾੜੀ ਮੁਲਾਜ਼ਮ ਨੇ ਸਾੜਿਆ ਮੇਨਕਾਂ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ

09/22/2017 3:21:11 PM


ਗਿੱਦੜਬਾਹਾ (ਕੁਲਭੂਸ਼ਨ/ਰਾਠੌੜ) - ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਕੌਰ ਚਹਿਲ ਦੀ ਅਗਵਾਈ 'ਚ ਸਥਾਨਕ ਸੀ. ਡੀ. ਪੀ. ਓ. ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਕਚਹਿਰੀ ਚੌਂਕ ਵਿਖੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਤਿੰਨ ਤੋਂ 6 ਸਾਲ ਦੇ ਬੱਚਿਆਂ ਲਈ ਜੋ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ, ਉਹ ਸਿੱਧਾ ਰਾਜ ਦੀਆ 53 ਹਜ਼ਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਬੱਚਿਆਂ ਦੇ ਮੂੰਹਾਂ 'ਚੋਂ ਰੋਟੀ ਖੋਹਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਗੱਲਬਾਤ ਕੀਤੀ ਅਤੇ ਆਈ. ਸੀ. ਡੀ. ਐੱਸ. ਸਕੀਮ ਉੱਤੇ ਪ੍ਰੀ-ਪ੍ਰਾਇਮਰੀ 'ਤੇ ਹਾਨੀ-ਲਾਭ ਦਾ ਜਾਇਜ਼ਾ ਲਏ ਬਿਨਾਂ ਫੈਸਲਾ ਲਿਆ ਗਿਆ ਹੈ।

PunjabKesari

ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਨਾਲ ਰਾਜ 'ਚ ਚੱਲ ਰਹੇ 26 ਹਜ਼ਾਰ 656 ਆਂਗਣਵਾੜੀ ਕੇਂਦਰ ਬੰਦ ਹੀ ਨਹੀਂ ਹੋਣਗੇ ਸਗੋਂ ਇਸ ਨਾਲ ਆਈ. ਸੀ. ਡੀ. ਐੱਸ. ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕੇਂਦਰੀ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਵੱਲੋਂ ਬੀਤੇ ਦਿਨੀਂ ਦਿੱਤੇ ਬਿਆਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਮ 'ਤੇ ਉਕਤ ਸਕੀਮ ਨੂੰ ਖਤਮ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਨੂੰ ਡਾਕ ਰਾਹੀਂ ਫੀਡ ਦੇਣ ਦੀ ਪ੍ਰਕ੍ਰਿਰਿਆ ਸਿੱਧਾ ਦੇਸ਼ ਦੀਆਂ 27 ਲੱਖ ਵਰਕਰਾਂ ਤੇ ਹੈਲਪਰਾਂ ਦਾ ਰੋਜ਼ਗਾਰ ਖੋਹ ਕੇ ਉਨ੍ਹਾਂ ਨੂੰ ਬੇਰੁਜ਼ਗਾਰ ਕਰਨਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਕਰੋ ਜਾਂ ਮਰੋ ਲਈ ਸਿਰ 'ਤੇ ਕਫ਼ਨ ਬੰਨ੍ਹ ਕੇ ਆਪਣੇ ਰੁਜ਼ਗਾਰ ਦੀ ਰਾਖੀ ਲਈ ਸੜਕਾਂ 'ਤੇ ਉਤਰਨ ਲਈ ਤਿਆਰ ਹਨ। ਉਨ੍ਹਾਂ ਐਲਾਨ ਕੀਤਾ ਕਿ 26 ਸਤੰਬਰ ਨੂੰ ਚੰਡੀਗੜ੍ਹ ਵਿਖੇ ਯੂਨੀਅਨ ਦੀ ਜਰਨਲ ਬਾਡੀ ਦੀ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕਰਕੇ ਆਰ-ਪਾਰ ਦੀ ਲੜ੍ਹਾਈ ਲਈ ਉਤਰਿਆ ਜਾਵੇਗਾ।

ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ 3 ਤੋਂ 6 ਸਾਲ ਦੇ ਬੱਚਿਆਂ ਲਈ ਆਂਗਣਵਾੜੀ ਸੈਂਟਰਾਂ 'ਚ ਹੀ ਪ੍ਰੀ-ਪ੍ਰਾਇਮਰੀ ਸਿੱਖਿਆ ਲਾਜ਼ਮੀ ਕੀਤੀ ਜਾਵੇ। ਆਂਗਣਵਾੜੀ ਕੇਂਦਰਾਂ 'ਚ ਬੱਚਿਆਂ, ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਤਾਜ਼ਾ ਪੱਕਿਆ ਭੋਜਨ ਹੀ ਜਾਰੀ ਕੀਤਾ ਜਾਵੇ, ਨਹੀਂ ਤਾਂ ਅੰਦੋਲਣ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ। ਇਸ ਮੌਕੇ ਆਂਗਣਵਾੜੀ ਵਰਕਰਾਂ ਵੱਲੋਂ ਸਥਾਨਕ ਐੱਸ. ਡੀ. ਐੱਮ. ਦਫ਼ਤਰ ਵਿਖੇ ਉਕਤ ਸੰਬੰਧੀ ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਯੂਨੀਅਨ ਦੀ ਸੀਨੀਅਰ ਮੀਤ ਪ੍ਰਧਾਨ ਨੀਨਾ ਰਾਣੀ, ਵੀਰਪਾਲ ਕੌਰ, ਰਮਨਦੀਪ ਕੌਰ, ਵੀਰਪਾਲ ਕੌਰ ਚੱਕ, ਪਰਮਜੀਤ ਕੌਰ ਗਿਲਜੇਵਾਲਾ ਆਦਿ ਹਾਜ਼ਰ ਸਨ।


Related News