ਤਰਨਤਾਰਨ ''ਚ ਫਿਰ ਵਾਪਰਿਆ ਵੱਡਾ ਹਾਦਸਾ, ਦਿਲ ਦਹਿਲਾਉਣ ਵਾਲੇ ਹਾਦਸੇ ਨੇ ਲਈ ਦੋ ਦੀ ਜਾਨ (ਤਸਵੀਰਾਂ)

08/18/2017 5:55:23 PM

ਝਬਾਲ (ਹਰਬੰਸ ਲਾਲੂਘੁੰਮਣ) : ਤਰਨਤਾਰਨ, ਝਬਾਲ ਰੋਡ ਸਥਿਤ ਪਿੰਡ ਕੋਟ ਧਰਮ ਚੰਦ ਖੁਰਦ ਨੇੜੇ ਸ਼ੁੱਕਰਵਾਰ ਨੂੰ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਅਤੇ ਦੋ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ 'ਚ ਮਾਰਿਆ ਗਿਆ ਇਕ ਨੌਜਵਾਨ ਜਿਥੇ ਘਰ ਦਾ ਇਕਲੌਤਾ ਚਿਰਾਗ ਦੱਸਿਆ ਜਾ ਰਿਹਾ ਹੈ, ਉਥੇ ਹੀ ਉਸਦੇ ਪਿਤਾ ਦੀ ਵੀ ਕੁਝ ਚਿਰ ਪਹਿਲਾਂ ਮੌਤ ਹੋ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਨਵਤੇਜ ਸਿੰਘ ਤੇਜੀ ਨਾਮੀ ਨੌਜਵਾਨ ਆਪਣੀ ਮਾਤਾ ਹਰਜੀਤ ਕੌਰ ਸਮੇਤ ਬੁਲਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਰਨਤਾਰਨ ਤੋਂ ਆਪਣੇ ਨਾਨਕਿਆਂ ਤੋਂ ਵਾਪਸ ਪਿੰਡ ਮਾਨਕਪੁਰਾ ਨੂੰ ਪਰਤ ਰਿਹਾ ਸੀ ਕਿ ਉਕਤ ਸਥਾਨ 'ਤੇ ਝਬਾਲ ਵਾਲੇ ਪਾਸਿਓਂ ਆ ਰਹੇ ਇਕ ਹੀਰੋ ਹਾਂਡਾ ਮੋਟਰਸਾਈਕਲ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ।
ਪ੍ਰਤੱਖ ਦਰਸ਼ੀਆਂ ਮੁਤਾਬਕ ਟੱਕਰ ਇੰਨੀਂ ਜ਼ਬਰਦਸ਼ਤ ਸੀ ਕਿ ਜਿਥੇ ਦੋਵੇਂ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਾਸਨੇ ਗਏ ਉਥੇ ਹੀ ਮੌਕੇ ਉਪਰ ਦੋਵਾਂ ਮੋਟਰਸਾਈਕਲਾਂ 'ਤੇ ਸਵਾਰ ਚਾਰ ਲੋਕ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਥਾਨਿਕ ਲੋਕਾਂ ਵੱਲੋਂ ਸਿਵਲ ਹਸਪਤਾਲ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਲਿਜਾਇਆ ਗਿਆ। ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਏ ਗਏ ਬੁਲਟ ਮੋਟਰਸਾਈਕਲ ਸਵਾਰ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ, ਦੀ ਪਛਾਣ ਨਵਤੇਜ ਸਿੰਘ ਉਰਫ਼ ਤੇਜੀ (18) ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਮਾਨਕਪੁਰਾ, ਥਾਣਾ ਸਰਾਏ ਅਮਾਨਤ ਖਾਂ ਵਜੋਂ ਹੋਈ ਹੈ ਜਦੋਂ ਕਿ ਮ੍ਰਿਤਕ ਨੌਜਵਾਨ ਦੀ ਮਾਂ ਹਰਜੀਤ ਕੌਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਸਦਰ ਤਰਨਤਾਰਨ ਦੇ ਸਹਾਇਕ ਥਾਣੇਦਾਰ ਦੇਸਰਾਜ ਸਿੰਘ ਅਨੁਸਾਰ ਦੂਜੇ ਮੋਟਰਸਾਈਕਲ ਚਾਲਕ ਨੌਜਵਾਨ ਦੀ ਵੀ ਮੌਤ ਹੋ ਚੁੱਕੀ ਹੈ ਜਦ ਕਿ ਉਸਦਾ ਸਾਥੀ ਗੰਭੀਰ ਹਾਲਤ ਵਿਚ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਦੂਜੇ ਨੌਜਵਾਨ ਬਾਰੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸਨੂੰ ਕਿਸ ਹਸਪਤਾਲ ਵਿਖੇ ਲਿਜਾਇਆ ਗਿਆ ਸੀ। ਥਾਣੇਦਾਰ ਦੇਸਰਾਜ ਅਨੁਸਾਰ ਮ੍ਰਿਤਕ ਨਵਤੇਜ ਸਿੰਘ ਦੀ ਲਾਸ਼ ਅਤੇ ਹਾਦਸਾ ਗ੍ਰਸਤ ਵਹੀਲਕਾਂ ਨੂੰ ਕਬਜ਼ੇ ਹੇਠ ਲੈ ਕੇ ਅਗਲੇਰੀ ਤਫਤੀਸ਼ ਆਰੰਭ ਦਿੱਤੀ ਗਈ ਹੈ।


Related News