ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਰੋਸ ਪ੍ਰਦਰਸ਼ਨ

01/17/2018 6:00:08 PM


ਫ਼ਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ, ਕੁਲਦੀਪ, ਹਰਚਰਨ, ਬਿੱਟੂ) - ਆਲ ਇੰਡੀਆ ਆਂਗਨਵਾੜੀ ਵਰਕਰ-ਹੈਲਪਰ (ਏਟਕ) ਨੇ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਦੇ ਲਈ ਫਿਰੋਜ਼ਪੁਰ 'ਚ ਇਕ ਰੋਜ਼ਾ ਹੜਤਾਲ ਕਰਕੇ ਜ਼ਿਲਾ ਸੈਕਟਰੀ ਚਰਨਜੀਤ ਕੌਰ ਫਿਰੋਜ਼ਪੁਰ ਤੇ ਗੁਰਭਿੰਦਰ ਕੌਰ ਦੀ ਅਗਵਾਈ ਹੇਠ ਰੋਸ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮੰਗਾਂ ਸਬੰਧੀ ਮੰਗ-ਪੱਤਰ ਡਿਪਟੀ ਕਮਿਸ਼ਨਰ ਰਾਮਵੀਰ ਨੂੰ ਸੌਂਪਿਆ। ਇਸ ਰੋਸ ਪ੍ਰਦਰਸ਼ਨ ਵਿਚ ਪ੍ਰਦੇਸ਼ ਸੈਕਟਰੀ ਸੁਨੀਲ ਕੌਰ ਬੇਦੀ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਸਦੇ ਹੋਏ ਕਿਹਾ ਕਿ ਮੋਦੀ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਸਾਡੇ ਨਾਲ ਕਈ ਵਾਅਦੇ ਕੀਤੇ ਅਤੇ ਸੁਪਨੇ ਦਿਖਾਏ ਸਨ ਅਤੇ ਅੱਛੇ ਦਿਨ ਆਉਣ ਦਾ ਝਾਂਸਾ ਦਿੱਤਾ ਪਰ ਹੋਇਆ ਬਿਲਕੁਲ ਉਲਟ ਹੈ।
ਉਨ੍ਹਾਂ ਨੇ ਆਂਗਨਵਾੜੀ ਵਰਕਰਾਂ ਨੂੰ ਮਿਨੀਮਮ ਵੇਜ ਤਾਂ ਕੀ ਦਿੱਤਾ ਜਾਣਾ ਸੀ, ਸਰਕਾਰ ਨੇ ਤਾਂ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦੇ ਮਾਣ ਭੱਤੇ ਵਿਚ ਕੋਈ ਵਾਧਾ ਨਹੀਂ ਕੀਤਾ, ਜਿਸ ਕਾਰਨ ਵੱਧ ਰਹੀ ਮਹਿੰਗਾਈ 'ਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹੁਣ ਫਿਰ ਤੋਂ ਬਜਟ ਪੇਸ਼ ਕਰਨ ਜਾ ਰਹੀ ਹੈ, ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਇਸ ਬਜਟ 'ਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਹੱਕ ਪੇਸ਼ ਕੀਤੇ ਜਾਣ ਅਤੇ ਉਨ੍ਹਾਂ ਨੂੰ ਮਿਨੀਮਮ ਵੇਜ 'ਤੇ ਤਨਖਾਹ ਦਿੱਤੀ ਜਾਵੇ। ਆਂਗਨਵਾੜੀ ਵਰਕਰਾਂ ਨੂੰ ਪੱਕੇ ਤੌਰ 'ਤੇ ਨਰਸਰੀ ਟੀਚਰ ਭਰਤੀ ਕੀਤਾ ਜਾਵੇ ਤਾਂ ਕਿ ਆਂਗਨਵਾੜੀ ਵਰਕਰ ਆਪਣੇ ਲੰਬੇ ਤਜਰਬੇ ਦਾ ਲਾਭ ਉਠਾ ਸਕਣ। ਇਸ ਮੌਕੇ ਮਹਿੰਦਰ ਫਿਰੋਜ਼ਪੁਰ, ਕੁਲਜੀਤ ਕੌਰ, ਪ੍ਰਵੀਨ ਬਾਲਾ, ਚਰਨਜੀਤ, ਸ਼ੀਲਾ ਫਿਰੋਜ਼ਪੁਰ, ਕੁਲਜੀਤ ਬਾਰੇ ਕੇ, ਹਰਪਿੰਦਰ ਆਦਿ ਨੇ ਵਿਚਾਰ ਰੱਖੇ। 
 


Related News