ਕਾਮਾਯਾਬੀ ਦਾ ਸੁਭਾਅ

05/23/2017 9:55:07 AM

ਕਿਸੇ ਕਵੀ ਨੇ ਬਹੁਤ ਖੂਬ ਕਿਹਾ ਹੈ ਕਿ ਮੰਜ਼ਿਲਾਂ ਉਨ੍ਹਾਂ ਨੂੰ ਮਿਲਦੀਆਂ ਨੇ ਜਿੰਨਾਂ ਦੇ ਸੁਪਨਿਆਂ ''ਚ ਜਾਨ ਹੁੰਦੀ ਹੈ, ਖੰਭ ਨਾਲ ਨਹੀਂ ਹੌਸਲਿਆਂ ਨਾਲ ਉਡਾਣ ਹੁੰਦੀ ਹੈ। ਇਹ ਕਾਵਿ ਸਤਰਾਂ ਜ਼ਿੰਦਗੀ ਦੀ ਇਕ ਅਜਿਹੀ ਹਕੀਕਤ ਨੂੰ ਬਿਆਨ ਕਰਦੀਆਂ ਹਨ ਜਿਸਦਾ ਮਤਲਬ ਸ਼ਾਇਦ ਹਰ ਕੋਈ ਨਹੀਂ ਸਮਝ ਸਕਦਾ। ਕਾਮਯਾਬ ਲੋਕਾਂ ਦੀ ਜ਼ਿੰਦਗੀ ਬਾਰੇ ਅਸੀਂ ਆਮ ਲੋਕ ਸਿਰਫ ਅੰਦਾਜ਼ਾ ਲਾਉਂਦੇ ਹਾਂ ਅਤੇ ਜਾਂ ਤਾਂ ਚੰਗੀ ਕਿਸਮਤ ਕਹਿ ਕੇ ਜਾਂ ਕਾਮਯਾਬੀ ਨੂੰ ਕਿਸੇ ਘੋਟਾਲੇ ਦੀ ਦੇਣ ਦਰਸਾ ਕੇ ਆਪਣੇ ਮਨ ਦੀ ਤ੍ਰਿਪਤੀ ਕਰਕੇ ਆਪਣੇ ਆਪ ਨੂੰ ਤਸੱਲੀ ਦੇ ਕੇ ਬਹਿ ਜਾਂਦੇ ਹਾਂ। ਅਣਗਿਣਤ ਐਸੀਆਂ ਕਹਾਣੀਆਂ ਹਨ ਜੋ ਅਸੀਂ ਕਾਮਯਾਬ ਲੋਕਾਂ ਦੀਆਂ ਜ਼ਿੰਦਗੀਆਂ ਬਾਰੇ ਸੁਣੀਆਂ-ਪੜ੍ਹੀਆਂ ਹੋਣਗੀਆਂ, ਅਗਰ ਉਹ ਕਹਾਣੀਆਂ, ਆਤਮ ਕਥਾਵਾਂ, ਜੀਵਨੀਆਂ ਬਿਲਕੁਲ ਸਹੀ ਨਹੀਂ ਹਨ ਪਰ ਬਿਲਕੁਲ ਗਲਤ ਵੀ ਨਹੀਂ ਹਨ। ਸਫਲਤਾ ਦਾ ਨਾ ਤਾਂ ਕੋਈ ਮੰਤਰ ਹੈ ਅਤੇ ਨਾ ਹੀ ਕੋਈ ਅਜਿਹਾ ਰਸਤਾ ਜੋ ਸਾਨੂੰ ਆਸਾਨੀ ਨਾਲ ਸਫਲਤਾ ਨਾਲ ਮਿਲਾ ਦੇਵੇ। ਕਿਸੇ ਦੀ ਕਾਮਯਾਬੀ ਨੂੰ ਕਿਸਮਤ ਦਾ ਵਰਦਾਨ ਕਹਿਣ ਤੋਂ ਪਹਿਲਾਂ ਇਹ ਗੱਲ ਵਿਚਾਰਨੀ ਜ਼ਰੂਰ ਬਣਦੀ ਹੈ ਕਿ ਇਸ ਵਰਦਾਨ ਲਈ ਕਿੰਨੀ ਸਖਤ ਤਪੱਸਿਆ ਕੀਤੀ ਹੋਵੇਗੀ। 
ਜਿੰਨ੍ਹਾਂ ਚਿਰ ਕਲਪਨਾਵਾਂ ਨੂੰ ਭਰੋਸੇ ਦੀ ਪਾਣ ਨਹੀਂ ਚੜ੍ਹਦੀ ਉਨ੍ਹਾਂ ਚਿਰ ਸੁਪਨਿਆਂ ਅਤੇ ਹਕੀਕਤਾਂ ਦਾ ਫਾਸਲਾ ਨਹੀਂ ਮਿਟ ਸਕਦਾ। ਮੇਰੇ ਇਸ ਲੇਖ ਦਾ ਵਿਸ਼ਾ ਇਕ ਆਮ ਇਨਸਾਨ ਦੇ ਸੁਪਨਿਆਂ ਤੋਂ ਹਕੀਕਤ ਤੱਕ ਦੇ ਸਫਰ ਨੂੰ ਕਲਮ-ਬੰਦ ਕਰਨਾ ਹੈ ਤਾਂ ਜੋ ਕੋਈ ਵਿਅਕਤੀ ਜੋ ਸਫਲਤਾ ਨੂੰ ਕਿਸਮਤ, ਕਰਮਾਂ ਦਾ ਫਲ, ਠੱਗੀ ਆਦਿ ਦਾ ਨਾਂ ਦੇ ਕਿ ਆਪਣੇ ਸੁਪਨੇ ਬਿਨਾਂ ਕੋਈ ਕੋਸ਼ਸ਼ ਕੀਤੇ ਦਫਨਾ ਦੇਂਦਾ ਹੈ ਅਤੇ ਮਨ ਦੀ ਤਸੱਲੀ ਲਈ ਉਸ ''ਤੇ ਬਹਾਨਿਆਂ ਅਤੇ ਮਜਬੂਰੀਆਂ ਦੀ ਚਾਦਰ ਚੜਾ ਕੇ ਸੰਤੁਸ਼ਟ ਹੋ ਜਾਂਦਾ ਹੈ। ਸਾਡੇ ਦੇਸ਼ ਦੇ ਮਹਾਨ ਵਿਗਿਆਨੀ ਅਤੇ ਰਾਸ਼ਟਰਪਤੀ ਰਹਿ ਚੁੱਕੇ ਏ. ਪੀ. ਜੇ ਅਬਦੁਲ ਕਲਾਮ ਜੀ ਨੇ ਕਿਹਾ ਹੈ ਕਿ ਸੁਪਨਾ ਉਹ ਨਹੀਂ ਜੋ ਅਸੀਂ ਸੁੱਤੇ ਹੋਏ ਦੇਖਦੇ ਹਾਂ ਸੁਪਨਾ ਤਾਂ ਉਹ ਹੈ ਜੋ ਸੌਣ ਹੀ ਨਾ ਦੇਵੇ। ਕਿੰਨੀ ਵੱਡੀ ਤੇ ਡੂੰਘੀ ਗੱਲ ਨੂੰ ਦੋ ਸਤਰਾਂ ''ਚ ਕਹਿ ਕੇ ਪੂਰੀ ਜ਼ਿੰਦਗੀ ਦਾ ਪਾਠ ਪੜ੍ਹਾ ਦਿੱਤਾ, ਸੁਪਨੇ ਹਰ ਕੋਈ ਇਨਸਾਨ ਦੇਖਦਾ, ਹਰ ਕੋਈ ਆਪਣੀਆਂ ਖ਼ਾਹਿਸ਼ਾਂ ਨੂੰ ਪੂਰਾ ਕਰਨਾ ਚਾਉਂਦਾ, ਵਧੀਆ ਜ਼ਿੰਦਗੀ, ਸੁੱਖ-ਸਾਧਨ, ਨਾਮ-ਸ਼ੌਹਰਤ ਕੌਣ ਨਹੀਂ ਪਾਉਣ ਦਾ ਚਾਹਵਾਨ ਪਰ ਕੀ ਹਰ ਕਿਸੇ ਸੁਪਨੇ ਨੂੰ ਉਸਦੀ ਮੰਜ਼ਲ ਮਿਲਦੀ ਹੈ ਕੀ ਹਰ ਕੋਈ ਖ਼ਾਹਿਸ਼ ਹਕੀਕਤ ਦਾ ਰੂਪ ਧਾਰਨ ਕਰ ਪਾਉਂਦੀ ਹੈ, ਜਵਾਬ ਸਾਨੂੰ ਸਭ ਨੂੰ ਪਤਾ ਹੈ ਕਿ ਨਹੀਂ। 
ਹਰ ਰੋਜ਼ ਲੱਖਾਂ ਸੁਪਨੇ ਦੇਖੇ ਜਾਂਦੇ ਹਨ ਤੇ ਲੱਖਾਂ ਚਕਨਾਚੂਰ ਹੋ ਜਾਂਦੇ ਹਨ, ਪਰ ਕਿਉਂ ਕਿਸੇ ਦੇ ਸੁਪਨੇ ਸਾਕਾਰ ਹੋ ਜਾਂਦੇ ਨੇ ''ਤੇ ਕਿਸੇ ਦੇ ਜਲਦੀ ਹੀ ਦਮ ਤੋੜ ਜਾਂਦੇ ਹਨ। ਅਗਰ ਕਿਸੇ ਵੀ ਮਹਾਨ ਤੇ ਕਾਮਯਾਬ ਇਨਸਾਨ ਦੀ ਜ਼ਿੰਦਗੀ ਅਤੇ ਉਸਦੇ ਜਿੰਦਗੀ ਦੇ ਸਫਰ ਉੱਤੇ ਨਜ਼ਰ ਮਾਰੀ ਜਾਵੇ ਤਾਂ ਬਹੁਤ ਸਾਰੀਆਂ ਗੱਲਾਂ ਸਭ ''ਚ ਇੱਕੋ ਜਿਹੀਆਂ ਨਜ਼ਰ ਆਉਣਗੀਆਂ। ਉਦਾਹਰਣ ਵਜੋਂ ਉਹ ਸਾਰੇ ਇਨਸਾਨ ਇਹ ਜਾਣਦੇ ਸਨ ਕਿ ਉਹਨਾਂ ਦੀ ਜ਼ਿੰਦਗੀ ਦਾ ਟੀਚਾ ਕੀ ਹੈ, ਉਹ ਸਾਰੇ ਇਨਸਾਨ ਆਪਣੀ ਲਗਨ ਦੇ ਪੱਕੇ ਸਨ, ਉਹ ਸਾਰੇ ਇਨਸਾਨ ਬਹੁਤ ਸਾਰੇ ਸੁਪਨੇ ਦੇਖਦੇ ਸਨ ਅਤੇ ਉਨ੍ਹਾਂ ਨੂੰ ਆਪਣਿਆਂ ਸੁਪਨਿਆਂ ''ਤੇ ਯਕੀਨ ਸੀ, ਅਸਲ ''ਚ ਉਹ ਸੁਪਨੇ ਨਹੀਂ ਭਵਿੱਖ ਦੇਖਦੇ ਹਨ, ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਦੂਜਿਆਂ ਦੀਆਂ ਗ਼ਲਤੀਆਂ ਲੱਭਣਾ ਜਾਂ ਉਨ੍ਹਾਂ ਗ਼ਲਤੀਆਂ ਬਾਰੇ ਗੱਲਾਂ ਕਰਕੇ ਆਪਣਾ ਸਮਾਂ ਬਰਬਾਦ ਕਰਨਾ ਨਹੀਂ ਬਲਕਿ ਆਪਣੀਆਂ ਕਮੀਆਂ ਅਤੇ ਗ਼ਲਤੀਆਂ ਨੂੰ ਲੱਭ ਕੇ ਦੂਰ ਕਰਕੇ ਆਪਣੇ ਆਪ ਨੂੰ ਬਿਹਤਰ ਬਣਾਉਣਾ ਹੁੰਦਾ ਹੈ। ਛੋਟੇ-ਛੋਟੇ ਸੁਧਾਰ ਅਤੇ ਨਵੀਆਂ ਚੀਜਾਂ ਸਿੱਖਣ ਨਾਲ ਹੌਲੇ-ਹੌਲੇ ਇਨਸਾਨ ਦੁਨੀਆ ਦੀ ਭੀੜ ਤੋਂ ਅਲੱਗ ਹੋਣ ਲੱਗ ਜਾਂਦਾ ਹੈ। ਸਾਡੇ ''ਚੋਂ ਬਹੁਤ ਜਿਸ ਦਾ ਔਸਤ ''ਚ ਲੋਕ ਇਹੀ ਨਹੀਂ ਜਾਣਦੇ ਕਿ ਉਹਨਾਂ ਦੀ ਜ਼ਿੰਦਗੀ ਦਾ ਟੀਚਾ ਕੀ ਹੈ ਉਹ ਜ਼ਿੰਦਗੀ ਚ ਕੀ ਕਰਨਾ ਚਾਉਂਦੇ ਹਨ ''ਤੇ ਕੀ ਬਣਨਾ ਚਾਉਂਦੇ ਹਨ। 
ਨੌਜਵਾਨਾਂ ''ਚ ਅਕਸਰ ਇਸ ਚੀਜ਼ ਦੀ ਕਮੀ ਦਿਸਦੀ ਹੈ, ਵੱਡੇ-ਵੱਡੇ ਵਿੱਦਿਅਕ ਅਦਾਰਿਆਂ ''ਚ ਵੱਡੀਆਂ ਡਿਗਰੀਆਂ ਲੈਣ ਤੋਂ ਬਾਅਦ ਵੀ ਉਨ੍ਹਾਂ ਨੂੰ ਇਹ ਸਪਸ਼ਟ ਨਹੀਂ ਹੁੰਦਾ ਕਿ ਜ਼ਿੰਦਗੀ ਦਾ ਮਕਸਦ ਕੀ ਹੈ। ਕੋਰਸ ਵੀ ਇਹ ਸੋਚ ਕੇ ਚੁਣੇ ਜਾਂਦੇ ਹਨ ਕਿ ਕਿਸ ਕੋਰਸ ਨੂੰ ਕਰਨ ਤੋਂ ਬਾਅਦ ਜ਼ਿਆਦਾ ਵੇਤਨ ਹਾਸਿਲ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਦੇ ਦੋਸਤ ਇਹ ਕੋਰਸ ਕਰ ਰਹੇ ਹਨ ਪਰ ਇਹ ਗੱਲ ਜ਼ਿਆਦਾਤਰ ਅਣਗੌਲਿਆਂ ਕਰ ਦਿੱਤੀ ਕਿ ਉਹ ਚੀਜ਼ ਕਿਹੜੀ ਹੈ ਜੋ ਮੈਨੂੰ ਕਰਕੇ ਖੁਸ਼ੀ ਮਿਲਦੀ ਹੈ ''ਤੇ ਜਿਸ ਨੂੰ ਮੈਂ ਸਾਰੀ ਉਮਰ ਸ਼ੌਂਕ ਨਾਲ ਕਰ ਸਕਦਾ ਹਾਂ, ਆਪਣੇ ਸ਼ੌਕ ਆਪਣੀ ਖੁਸ਼ੀ ਨੂੰ ਕਿਵੇਂ ਪੇਸ਼ੇ ਵਜੋਂ ਚੁਣਿਆ ਜਾ ਸਕਦਾ ਹੈ ਕਿ ਉਸਨੂੰ ਪੈਸੇ ਕਮਾਉਣ ਤੇ ਆਪਣੀਆਂ ਲੋੜਾਂ ਲਈ ਵਰਤਿਆ ਜਾ ਸਕਦਾ ਹੈ। ਜਦ ਤੱਕ ਅਸੀਂ ਕਾਮਯਾਬ ਹੋਣ ਅਤੇ ਪੈਸੇ ਕਮਾਉਣ ਵਿਚਲੇ ਫਰਕ ਨੂੰ ਨਹੀਂ ਸਮਝਦੇ ਓਦੋਂ ਤੱਕ ਹਰ ਕੰਮ ਦਿਮਾਗੀ ਬੋਝ ਬਣਕੇ ਸਾਨੂੰ ਦਬਾਉਂਦਾ ਹੀ ਰਹੇਗਾ। ਪੈਸੇ ਕਮਾਉਣ ਦੀ ਦੌੜ ''ਚ ਅਗਰ ਅਸੀਂ ਆਪਣੇ-ਆਪ ਨੂੰ ਅਤੇ ਆਪਣਿਆਂ ਨੂੰ ਦਾਅ ''ਤੇ ਲਾਇਆ ਹੈ ਤਾਂ ਬਹੁਤ ਪੈਸੇ ਕਮਾਉਣ ਤੋਂ ਬਾਅਦ ਵੀ ਅਸੰਤੁਸ਼ਟੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਇਸ ਲਈ ਸਭ ਤੋਂ ਜ਼ਰੂਰੀ ਹੈ ਆਪਣੇ-ਆਪ ਨੂੰ ਅਤੇ ਸੱਚ ਨੂੰ ਸਮਝਣਾ ਅਤੇ ਅਪਣਾਉਣਾ।
ਜੋ ਲੋਕ ਆਪਣੀ ਜ਼ਿੰਦਗੀ ''ਚ ਬਹੁਤ ਕੁਝ ਹਾਸਿਲ ਕਰਨਾ ਚਾਉਂਦੇ ਹਨ ਪਰ ਕਰ ਨਹੀਂ ਪਏ ਉਹ ਅਕਸਰ ਦੂਜਿਆਂ ''ਚ ਕਮੀਆਂ ਲੱਭਣੀਆਂ ਸ਼ੁਰੂ ਕਰ ਦੇਂਦੇ ਹਨ, ਕਿਸੇ ਦੀ ਕਾਮਯਾਬੀ ਉੱਤੇ ਇਸ ਤਰਾਂ ਟਿੱਪਣੀਆਂ ਕਰਨੀਆਂ ਜੋ ਕਿ ਸਾਹਮਣੇ ਵਾਲੇ ਦੀ ਮਿਹਨਤ ''ਤੇ ਸਵਾਲੀਆ ਚਿੰਨ੍ਹ ਲਗਾਉਂਦੇ ਹਨ ਉਹ ਹਾਰੇ ਹੋਏ ਆਦਮੀ ਦੀ ਤੰਗ ਸੋਚ ਨੂੰ ਦਰਸਾਉਂਦੀ ਹੈ। ਜਿਵੇਂ ਕਿਸੇ ਨੇ 8-10 ਸਾਲ ਬਹੁਤ ਸਖਤ ਮਿਹਨਤ ਕਰਕੇ ਆਪਣੇ ਸਰੀਰ ਨੂੰ ਬਹੁਤ ਤਕੜਾ ''ਤੇ ਵੱਡਾ ਕੀਤਾ, ਅਣਗਿਣਤ ਸੱਟਾਂ, ਹਰ ਰੋਜ਼ ਘੰਟਿਆਂ ਬਧੀ ਕਸਰਤ ਕਰਨੀ, ਆਪਣਾ ਖਾਣ ਪੀਣ ਦਾ ਪੂਰਾ ਧਿਆਨ ਰੱਖਣਾ ''ਤੇ ਪਤਾ ਨਹੀਂ ਹੋਰ ਕੀ ਕੁਝ ਸਹਿ ਕੇ ਇਸ ਮੁਕਾਮ ''ਤੇ ਪਹੁੰਚਿਆ ਕੇ ਦੇਸ਼ਾਂ-ਵਿਦੇਸ਼ਾਂ ''ਚ ਜਿੱਤ ਦੇ ਝੰਡੇ ਗੱਡੇ ਅਤੇ ਸਾਡੇ ''ਚੋਂ ਕੁਝ ਲੋਕ ਜੋ ਸਿਰਫ ਆਲੋਚਨਾ ਕਰਨਾ ਜਾਣਦੇ ਹਨ ਇਕ ਸਕਿੰਟ ''ਚ ਕਹਿ ਦੇਂਦਾ ਕਿ ਇਸਨੇ ਟੀਕੇ ਲਾ ਕੇ ਸਰੀਰ ਬਣਾ ਲਿਆ, ਇਹ ਡੱਬੇ ਖਾਂਦਾ ਹੈ ''ਤੇ ਹੋਰ ਪਤਾ ਨਹੀ ਕੀ ਕੀ। ਸਾਨੂੰ ਸਭ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਗਰ ਕਿਸੇ ਦੀ ਮਿਹਨਤ ਦੀ ਸਰਾਹਣਾ ਨਹੀਂ ਕਰ ਸਕਦੇ ਤਾਂ ਕਿਸੇ ਨੂੰ ਨੀਵਾਂ ਵੀ ਨਾ ਦਿਖਾਇਆ ਜਾਵੇ। ਜਦ ਤੱਕ ਕਿਸੇ ਦੀ ਕਾਮਯਾਬੀ ਅਤੇ ਮਿਹਨਤ ਦੀ ਸਾਨੂੰ ਕਦਰ ਕਰਨੀ ਨਹੀਂ ਆਉਂਦੀ ਤਦ ਤੱਕ ਆਪਣੀ ਕਾਮਯਾਬੀ ਵੀ ਹਾਸਿਲ ਕਰਨੀ ਔਖੀ ਹੈ, ਤੰਗ ਸੋਚ ਕਦੇ ਉੱਤਮ ਵਿਚਾਰਾਂ ਨੂੰ ਜਨਮ ਨਹੀਂ ਦੇ ਸਕਦੀ। ਇਹ ਸਿਰਫ ਕਿਸੇ ਇਕ ਖੇਤਰ ਲਈ ਨਹੀਂ ਹੈ ਹਰ ਕਿਸੇ ਕਾਮਯਾਬ ਆਦਮੀ ਨੂੰ ਇਹ ਸਭ ਸੁਣਨਾ ਪੈਂਦਾ ਹੈ। ਪਰ ਇਥੇ ਵੀ ਇਕ ਵੱਡਾ ਫਰਕ ਇਹ ਹੈ ਕਿ ਸਖਤ ਨਿੰਦਾ ''ਤੇ ਨਕਾਰਾਤਮਕ ਵਿਚਾਰ ਸੁਣ ਕੇ ਵੀ ਕਾਮਯਾਬ ਵਿਅਕਤੀ ਆਪਣੀ ਮੰਜ਼ਲ ਵੱਲ ਨਿਰੰਤਰ ਚੱਲਦਾ ਰਹਿੰਦਾ ਹੈ ਕਿਉਂਕ ਇਹ ਸਭ ਬੇਬੁਨਿਆਦੀ ਗੱਲਾਂ ਉਨ੍ਹਾਂ ਦੇ ਹੌਂਸਲੇ ''ਤੇ ਕੋਈ ਅਸਰ ਨਹੀ ਕਰਦੀਆਂ। ਇਸੇ ਲਈ ਉਹ ਕਾਮਯਾਬ ਹੈ ਅਤੇ ਆਲੋਚਕ ਸਿਰਫ ਆਲੋਚਕ। ਸਾਇੰਸ ਦੇ ਮੁਤਾਬਕ ਇਨਸਾਨ ਓਹੀ ਹਾਸਲ ਕਰਦਾ ਹੈ ਜਿਸ ਨੂੰ ਉਸਦੀ ਸੋਚ ਹਾਸਿਲ ਕਰਨ ਲਈ ਪ੍ਰੇਰਦੀ ਹੈ, ਕਿਸੇ ਵੀ ਮਨੁੱਖ ਦਾ ਅਵਚੇਤਨ ਮਨ ਹਰ ਉਸ ਗੱਲ ਨੂੰ ਹਕੀਕਤ ''ਚ ਤਬਦੀਲ ਕਰਨ
ਦੀ ਸ਼ਕਤੀ ਰੱਖਦਾ ਹੈ ਜਿਸਦੀ ਉਹ ਕਲਪਨਾ ਕਰਦਾ ਹੈ, ਹੁਣ ਇਹ ਆਪਣੀ ਖ਼ੁਦ ਦੀ ਚੋਣ ਹੈ ਕਿ ਪ੍ਰਕਿਤੀ ਦੀ ਸਭ ਤੋਂ ਤਾਕਤਵਰ ਸ਼ਕਤੀ ਦਾ ਪ੍ਰਯੋਗ ਸਿਰਫ ਰੋਣ ਲਈ ਕਰਨਾ ਹੈ ਜਾਂ ਜ਼ਿੰਦਗੀ ਨੂੰ ਬਿਹਤਰ ਬਨਾਉਣ ਲਈ। ਅਵਚੇਤਨ ਮਨ ਬਾਰੇ ਪੂਰੇ ਵਿਸਥਾਰ ਨਾਲ ਗੱਲ ਕਿਸੇ ਹੋਰ ਲੇਖ ''ਚ ਕਰਾਂਗੇ ਪਰ ਹੁਣ ਲਈ ਐਨਾ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਸਾਡੀ ਕਾਮਯਾਬੀ ਜਾਂ ਨਾਕਾਮਯਾਬੀ ਸਿਰਫ ਸਾਡੇ ਆਪਣੇ ਹੱਥ ''ਚ ਹੈ। ਸੋਚ ਨੂੰ ਉਡਾਰੀ ਮਾਰਨ ਦਿਓ, ਕਲਪਨਾਵਾਂ ਨੂੰ ਸਭ ਹੱਦਾਂ ਬੰਨੇ ਤੋੜ ਲੈਣ ਦਿਓ, ਕਿਉਂਕ ਅੱਜ ਜੋ ਵੀ ਕੁਝ ਦੇਖ ਰਹੇ ਹਨ, ਵਰਤ ਰਹੇ ਹਾਂ ਕਿਸੇ ਸਮੇਂ ਇਹ ਸਿਰਫ ਇਕ ਵਿਚਾਰ, ਇਕ ਸੋਚ, ਇਕ ਕਲਪਨਾ ਹੀ ਸੀ। ਦੁਨੀਆ ਦੀ ਹਰ ਕਾਢ ਸਿਰਫ ਇਕ ਕਲਪਨਾ ਹੈ, ਪਰ ਇਹ ਕਲਪਣਾ ਐਨੀ ਸਪਸ਼ਟ ਹੈ ਕਿ ਸੋਚ ਦੇ ਛੋਟੇ ਜਿਹੇ ਬੂਟੇ ਨੂੰ ਮਿਹਨਤ ਦਾ ਪਾਣੀ ਅਤੇ ਲਗਾਤਾਰ ਪਾਲਣ-ਪੋਸ਼ਣ ਨਾਲ ਵੱਡਾ ਦਰੱਖਤ ਬਣਾ ਦਿੱਤਾ। 
ਬੂਟਾ ਜਿੰਨਾ ਮਰਜ਼ੀ ਫਲਦਾਰ ਹੋਵੇ ਉਸਦੀ ਸ਼ੁਰੂਆਤ ਹਮੇਸ਼ਾ ਇਕ ਛੋਟੇ ਜਿਹੇ ਬੀਜ ਤੋਂ ਹੀ ਹੁੰਦੀ ਹੈ। 20 ਸਾਲ ਪਹਿਲਾਂ ਤੱਕ ਮੋਬਾਇਲ ਫੋਨ ਸਿਵਾਏ ਇਕ ਸੁਪਨੇ ਤੋਂ ਵੱਧ ਕੇ ਕੁਝ ਵੀ ਨਹੀਂ ਸੀ ਪਰ ਅੱਜ ਸਾਨੂੰ ਸਭ ਨੂੰ ਇਸ ਦੇ ਪੂਰੇ ਹੋਣ ਦਾ ਪ੍ਰਮਾਣ ਦੇਣ ਦੀ ਲੋੜ ਨਹੀਂ। ਲੱਖਾਂ ਐਸੀਆਂ ਹੋਰ ਚੀਜ਼ਾਂ ਨੇ ਜਿੰਨਾ ਨੂੰ ਅਸੀਂ ਦੇਖਦੇ ਹਾਂ ਜੋ ਇਕ ਦਿਮਾਗ ਤੋਂ ਨਿਕਲ ਕੇ ਸਭ ਦੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ ਹਨ।
ਇਨਸਾਨ ਕੋਲ ਅਸੀਮ ਸ਼ਕਤੀ ਹੈ ਬਸ ਲੋੜ ਹੈ ਪਹਿਚਾਨਣ ਦੀ ਅਤੇ ਉਸਨੂੰ ਵਰਤੋਂ ''ਚ ਲੈ ਕੇ ਆਉਣ ਦੀ, ਆਪਣੀ ਸੋਚ ਨੂੰ ਹਮੇਸ਼ਾ ਚੰਗਾ ਸੋਚਣ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਸਾਡਾ ਦਿਮਾਗ ਮਸਲਿਆਂ ਦੇ ਹੱਲ ਲੱਭਣ ਲਈ ਕੰਮ ਕਰ ਸਕੇ ਨਾ ਕੇ ਰਾਹ ''ਚ ਰੋੜਾ ਬਣਕੇ ਸਾਡੇ ਲਈ ਅੜਚਨਾਂ ਪੈਦਾ ਕਰੇ। ਦਿਮਾਗ ਇਕ ਪੈਰਾਸ਼ੂਟ ਵਾਂਗੂ ਹੈ ਜਦ ਤਕ ਅਸੀਂ ਇਸਨੂੰ ਖੋਲਦੇ ਨਹੀਂ ਇਹ ਸਾਡੇ ਕਿਸੇ ਕੰਮ ਨਹੀਂ। ਜਦ ਤੱਕ ਅਸੀਂ ਆਪਣੇ-ਆਪ ''ਤੇ ਯਕੀਨ ਨਹੀਂ ਕਰਦੇ ਇਹ ਉਮੀਦ ਕਰਨਾ ਬੇਕਾਰ ਹੈ ਕਿ ਕੋਈ ਸਾਡੇ ''ਤੇ ਯਕੀਨ ਕਰੇ। ਕਿਸੇ ਨੂੰ ਕੁਝ ਸਾਬਿਤ ਕਰਨ ਤੋਂ ਪਹਿਲਾਂ ਆਪਣੀ ਹੋਂਦ ਆਪਣੇ-ਆਪ ਨੂੰ ਸਾਬਤ ਕਰਨੀ ਜ਼ਰੂਰੀ ਹੈ। ਗਿਲੇ, ਸ਼ਿਕਵੇ, ਮਜਬੂਰੀਆਂ, ਬਹਾਨੇ ਇਹ ਸਭ ਕਿਸੇ ਦਾ ਤਰਸ ਪਾਉਣ ''ਚ ਮਦਦ ਕਰ ਸਕਦੇ ਪਰ ਕਾਮਯਾਬੀ ਪਾਉਣ ਲਈ ਨਹੀਂ। ਸਿਰਫ ਚੰਗਾ ਸੋਚਣ ਨਾਲ ਹੀ ਕਿੰਨੇ ਵੱਡੇ ਬਦਲਾਅ ਆ ਸਕਦੇ ਹਨ ਨਤੀਜੇ ਬਹੁਤ ਹੈਰਾਨ ਕਰਨ ਵਾਲੇ ਹੋਣਗੇ। ਕੋਸ਼ਿਸ਼ ਕਰਕੇ ਦੇਖੋ।
 
ਸਨਦੀਪ ਸਿੰਘ ਸਿੱਧੂ
ਮੋਬਾ-9463661542

Related News