ਪੈਸੇ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ

01/17/2018 9:56:37 PM

ਫਰੀਦਕੋਟ,(ਰਾਜਨ)— ਵੱਖ-ਵੱਖ ਸਥਾਨਾਂ ਤੋਂ ਹਥਿਆਰਾਂ ਦੀ ਨੋਕ 'ਤੇ ਨਕਦੀ ਖੋਹਣ ਦੀਆਂ ਦਰਜਨ ਦੇ ਕਰੀਬ ਵਾਰਦਾਤਾਂ ਕਰ ਚੁੱਕੇ ਇਕ ਚਾਰ ਮੈਂਬਰੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਜ਼ਿਲਾ ਪੁਲਸ ਨੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਇਨ੍ਹਾਂ ਪਾਸੋਂ ਇਕ ਕਾਰ ਸਮੇਤ ਹੋਰ ਵੀ ਸਾਮਾਨ ਅਤੇ ਨਕਦੀ ਬਰਾਮਦ ਕੀਤੀ ਗਈ ਹੈ।
ਇਸ ਮੌਕੇ ਸੇਵਾ ਸਿੰਘ ਮੱਲ੍ਹੀ ਐੱਸ. ਪੀ. (ਡੀ) ਅਤੇ ਖੇਮ ਚੰਦ ਥਾਣਾ ਮੁਖੀ ਕੋਟਕਪੂਰਾ ਵੀ ਹਾਜ਼ਰ ਸਨ। 
 ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਬੀਤੀ 4 ਜਨਵਰੀ ਨੂੰ ਥਾਣਾ ਸਿਟੀ ਕੋਟਕਪੂਰਾ ਵਿਖੇ ਸੁਖਰਾਜ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਹਰੀਕੇ ਕਲਾਂ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 3 ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੁਖਰਾਜ ਸਿੰਘ ਆਪਣੀ ਸਵਿਫਟ 'ਤੇ ਸਵਾਰ ਹੋ ਕੇ ਐੱਚ. ਡੀ. ਐੱਫ. ਸੀ. ਬੈਂਕ ਕੋਟਕਪੂਰਾ ਵਿਚੋਂ 9,50,000 ਰੁਪਏ ਕਢਵਾ ਕੇ ਜਦ ਆਪਣੀ ਗੱਡੀ ਵਿਚ ਬੈਠਾ ਤਾਂ ਇਕ ਨੌਜਵਾਨ ਨੇ ਉਸ ਦੀ ਡਰਾਈਵਰ ਸਾਈਡ ਦਾ ਸ਼ੀਸ਼ਾ ਖੜਕਾਇਆ, ਜਦਕਿ ਦੂਜਾ ਨੌਜਵਾਨ ਕਾਰ 'ਤੇ ਪਿਸਤੌਲ ਤਾਣ ਕੇ ਸਾਹਮਣੇ ਖੜ੍ਹਾ ਹੋ ਗਿਆ। ਉਸ ਨੇ ਦੱਸਿਆ ਕਿ ਉਕਤ ਨੌਜਵਾਨ ਉਸ ਪਾਸੋਂ ਪੈਸਿਆਂ ਦੀ ਮੰਗ ਕਰਨ ਲੱਗੇ ਅਤੇ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਸਾਹਮਣੇ ਖੜ੍ਹੇ ਲੜਕੇ ਨੇ ਗੱਡੀ ਦੇ ਅਗਲੇ ਸ਼ੀਸ਼ੇ 'ਤੇ ਫਾਇਰ ਕਰ ਦਿੱਤਾ, ਜਦਕਿ ਸਾਈਡ 'ਤੇ ਖੜ੍ਹੇ ਲੜਕੇ ਨੇ ਡੰਡਾ ਮਾਰ ਕੇ ਡਰਾਈਵਰ ਸੀਟ ਦਾ ਅਗਲਾ ਸ਼ੀਸ਼ਾ ਤੋੜ ਕੇ ਸੁਖਰਾਜ ਸਿੰਘ ਪਾਸੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਅਤੇ ਇਕ ਇਨੋਵਾ ਗੱਡੀ ਵਿਚ ਜਿਸ ਵਿਚ ਪਹਿਲਾਂ ਤੋਂ ਹੀ ਦੋ ਹੋਰ ਨੌਜਵਾਨ ਸਵਾਰ ਸਨ, 'ਚ ਬੈਠ ਕੇ ਇਹ ਸਾਰੇ ਫਰੀਦਕੋਟ ਵੱਲ ਫ਼ਰਾਰ ਹੋ ਗਏ।
 ਪੁਲਸ ਮੁਖੀ ਨੇ ਦੱਸਿਆ ਕਿ ਇਸ ਵਾਰਦਾਤ 'ਤੇ ਦਰਜ ਮੁਕੱਦਮੇ ਦੇ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਅਤੇ ਤਫਤੀਸ਼ ਦੌਰਾਨ ਮਨਵਿੰਦਰਬੀਰ ਸਿੰਘ ਡੀ. ਐੱਸ. ਪੀ.(ਸਬ ਡਵੀਜ਼ਨ), ਕੋਟਕਪੂਰਾ ਅਤੇ ਸਬ ਇੰਸਪੈਕਟਰ ਖੇਮ ਚੰਦ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਵੱਲੋ ਕੀਤੀ ਗਈ ਕਾਰਵਾਈ ਵਿਚ ਗੁਰਵਿੰਦਰ ਸਿੰਘ ਉਰਫ ਮੋਟਾ ਪੁੱਤਰ ਸੋਹਣ ਸਿੰਘ, ਵਾਸੀ ਭੇਖਾ ਜ਼ਿਲਾ ਮੋਗਾ, ਗੁਰਬਿੰਦਰ ਸਿੰਘ ਉਰਫ ਸਾਲੀ ਪੁੱਤਰ ਗੁਰਦੇਵ ਸਿੰਘ ਅਤੇ ਕੁਲਦੀਪ ਸਿੰਘ ਕੀਪਾ ਪੁੱਤਰ ਦਰਸ਼ਨ ਸਿੰਘ ਵਾਸੀਆਨ ਤਲਵੰਡੀ ਭਾਈ ਜ਼ਿਲਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਪਾਸੋਂ ਇਕ ਗੱਡੀ ਕਰੋਲਾ, ਇਕ ਦੇਸੀ ਕੱਟਾ 315 ਬੋਰ, 05 ਰੌਂਦ 315 ਬੋਰ ਅਤੇ 50,000 ਰੁਪਏ ਨਕਦੀ ਬਰਾਮਦ ਕਰ ਲਈ ਗਈ।
ਇਨ੍ਹਾਂ ਦੋਸ਼ੀਆਂ ਦੀ ਸ਼ਨਾਖਤ ਅਨੁਸਾਰ ਚੌਥਾ ਸਾਥੀ ਜਗਸੀਰ ਸਿੰਘ ਉਰਫ ਸੀਰਾ ਪੁੱਤਰ ਸੁਰਜੀਤ ਸਿੰਘ ਵਾਸੀ ਭੇਖਾ ਜ਼ਿਲਾ ਮੋਗਾ ਸਾਹਮਣੇ ਆਇਆ ਹੈ, ਜਿਸਦੀ ਗ੍ਰਿਫਤਾਰੀ ਜਲਦ ਹੀ ਕਰ ਲਈ ਜਾਵੇਗੀ। 
ਪੁਲਸ ਕਪਤਾਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਮੰਨਿਆ ਕਿ ਇਨ੍ਹਾਂ ਵੱਖ-ਵੱਖ ਬੈਕਾਂ ਵਿਚੋਂ ਰਕਮ ਕੱਢਵਾ ਕੇ ਲਿਜਾ ਰਹੇ ਵਿਅਕਤੀਆਂ ਪਾਸੋਂ ਪੈਸੇ ਖੋਹਣ ਦੀਆਂ 12 ਦੇ ਕਰੀਬ ਅਤੇ ਗੱਡੀਆਂ ਖੋਹਣ ਦੀਆਂ ਦੋ ਵਾਰਦਾਤਾਂ ਕੀਤੀਆਂ ਗਈਆਂ ਹਨ।  


Related News