ਸਰੀ ਦੀ ਵਿਸਾਖੀ ਪਰੇਡ ''ਚ ਇਸ ਵਾਰ ਸਿੱਖ ਲਾਉਣਗੇ ਅਨੋਖਾ ''ਜ਼ਿੰਦਗੀ ਦਾ ਸਟਾਲ''

04/21/2017 1:02:41 PM

ਸਰੀ— ਵਿਸਾਖੀ ਇਕ ਅਜਿਹਾ ਤਿਉਹਾਰ ਹੈ, ਜਿੱਥੇ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਲੋਕ ਮਿਲ ਕੇ ਇਕ-ਦੂਜੇ ਨੂੰ ਤੋਹਫੇ ਦਿੰਦੇ ਹਨ। ਇਸ ਦਿਨ ਨਗਰ ਕੀਰਤਨ ਸਜਾਏ  ਜਾਂਦੇ ਹਨ ਅਤੇ ਥਾਂ-ਥਾਂ ਭੋਜਨ ਅਤੇ ਹੋਰ ਸਾਮਾਨ ਦੇ ਸਟਾਲ ਲਗਾਏ ਜਾਂਦੇ ਹਨ। ਸਰੀ ਵਿਚ 22 ਅਪ੍ਰੈਲ ਨੂੰ ਵਿਸਾਖੀ ਦੇ ਸੰਬੰਧ ਵਿਚ ਅਜਿਹਾ ਹੀ ਨਗਰ ਕੀਰਤਨ ਸਜਾਇਆ ਜਾਵੇਗਾ ਪਰ ਇਸ ਨਗਰ ਕੀਰਤਨ ਵਿਚ ਇਕ ਸਟਾਲ ''ਜ਼ਿੰਦਗੀ'' ਦਾ ਵੀ ਲੱਗੇਗਾ। ਜੀ ਹਾਂ, ਸਰੀ ਵਿਚ ਸਜਾਏ ਜਾ ਰਹੇ ਵਿਸਾਖੀ ਨਗਰ ਕੀਰਤਨ ਵਿਚ ਭੋਜਨ ਅਤੇ ਖਾਣ-ਪੀਣ ਦੇ ਸਾਮਾਨ ਤੋਂ ਇਲਾਵਾ ''ਅਮਰ ਕਰਮਾ ਓਰਗਨ ਡੋਨੇਸ਼ਨ'' ਸੋਸਾਇਟੀ ਆਪਣਾ ਸਟਾਲ ਲਗਾਏਗੀ। ਇਹ ਸੋਸਾਇਟੀ ਲੋਕਾਂ ਨੂੰ ਅੰਗ ਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕਰੇਗੀ।
ਇਸ ਸੋਸਾਇਟੀ ਦੀ ਮੈਂਬਰ ਲਵਲੀਨ ਕੌਰ ਨੇ ਕਿਹਾ ਕਿ ਕੈਨੇਡਾ ਵਿਚ ਭਾਰਤੀ ਭਾਈਚਾਰੇ ਦੇ ਲੋਕ ਅੰਗਦਾਨ ਕਰਨ ਦੇ ਮਾਮਲੇ ਵਿਚ ਸਭ ਤੋਂ ਪਿੱਛੇ ਹਨ। ਉਸ ਨੇ ਕਿਹਾ ਕਿ ਇਹ ਲੋਕ ਸੋਚਦੇ ਹਨ ਕਿ ਜੇਕਰ ਉਨ੍ਹਾਂ ਨੇ ਆਪਣੇ ਅੰਗ ਦਾਨ ਕਰ ਦਿੱਤੇ ਤਾਂ ਅਗਲੇ ਜਨਮ ਵਿਚ ਉਹ ਉਸ ਅੰਗ ਤੋਂ ਬਿਨਾਂ ਪੈਦਾ ਹੋਣਗੇ। ਲਵਲੀਨ ਨੇ ਕਿਹਾ ਕਿ ਜੇਕਰ ਪਲਾਸਟਿਕ ਦਾ ਇਕ ਕੱਪ ਵੀ ਰਿਸਾਈਕਲ ਕੀਤਾ ਜਾ ਸਕਦਾ ਹੈ ਤਾਂ ਅਸੀਂ ਮਨੁੱਖ ਕਿਉਂ ਨਹੀਂ ਖੁਦ ਨੂੰ ਰਿਸਾਈਕਲ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਸੰਵਾਰਦੇ। ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਅੰਗਦਾਨ ਨਾ ਕਰਨ ਦੀ ਆਦਤ ਕਰਕੇ ਇਸ ਭਾਈਚਾਰੇ ਦੇ ਲੋੜਵੰਦ ਲੋਕਾਂ ਨੂੰ ਚੰਗੇ ਮੇਲ ਵਾਲੇ ਅੰਗ ਨਹੀਂ ਮਿਲਦੇ। ਸਰੀ ਵਿਚ ਸਜਾਇਆ ਜਾਣ ਵਾਲਾ ਵਿਸਾਖੀ ਨਗਰ ਕੀਰਤਨ ਦੁਨੀਆ ਵਿਚ ਸਭ ਤੋਂ ਵੱਡੇ ਸਮਾਗਮਾਂ ਵਿਚ ਸ਼ਾਮਲ ਹੈ। ਇਸ ਵਾਰ ਇਸ ਨਗਰ ਕੀਰਤਨ ਵਿਚ 2 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

Kulvinder Mahi

News Editor

Related News