ਗਰੀਬਾਂ ਅਤੇ ਭੁੱਖਿਆਂ ਦਾ ਸਹਾਰਾ ''ਲੰਗਰ ਵਾਲਾ ਟਰੱਕ'' (ਦੇਖੋ ਤਸਵੀਰਾਂ)

08/24/2016 4:38:25 PM

ਵਾਸ਼ਿੰਗਟਨ— ਅਮਰੀਕਾ ਦੇ ਵਾਸ਼ਿੰਗਟਨ ਦੀਆਂ ਸੜਕਾਂ ''ਤੇ ਜਦੋਂ ਨੀਲੇ ਅਤੇ ਕੇਸਰੀ ਰੰਗ ਵਾਲਾ ਟਰੱਕ ਲੰਘਦਾ ਹੈ ਤਾਂ ਕਈਆਂ ਦੇ ਚਿਹਰਿਆਂ ਦੇ ਮੁਸਕਰਾਹਟ ਆ ਜਾਂਦੀ ਹੈ। ਭੁੱਖਿਆਂ ਅਤੇ ਬੇਸਹਾਰਿਆਂ ਦੀ ਰੂਹ ਖਿੜ ਜਾਂਦੀ ਹੈ ਕਿਉਂਕਿ ਇਸ ਟਰੱਕ ਵਿਚ ਹੁੰਦਾ ਹੈ ਉਨ੍ਹਾਂ ਦੀ ਭੁੱਖ ਮਿਟਾਉਣ ਦਾ ਸਾਮਾਨ। ਇਹ ਟਰੱਕ ਕੋਈ ਆਮ ਟਰੱਕ ਨਹੀਂ ਸਗੋਂ ''ਲੰਗਰ ਵਾਲਾ ਟਰੱਕ'' ਹੈ, ਜੋ ਵਾਸਿੰਗਟਨ ਡੀ. ਸੀ. ਦੀਆਂ ਸੜਕਾਂ ਤੋਂ ਲੰਘਦਾ ਹੋਇਆ ਕਈਆਂ ਦੀ ਭੁੱਖ ਮਿਟਾਉਂਦਾ ਜਾਂਦਾ ਹੈ। ਇਸ ਟਰੱਕ ਦਾ ਨਾਂ ''ਸੇਵਾ ਟਰੱਕ'' ਹੈ, ਜੋ ਇਕ ਸਿੱਖ ਨੇ ਸ਼ੁਰੂ ਕੀਤਾ ਹੈ। ਇਸ ਸੇਵਾ ਟਰੱਕ ਦੀ ਸ਼ੁਰੂਆਤ ਕਰਨ ਵਾਲੇ 46 ਸਾਲਾ ਸੋਨੀ ਕੱਕੜ ਨੇ ਕਿਹਾ ਕਿ ਉਸ ਦੇ ਪਿਤਾ ਦਵਿੰਦਰ ਕੱਕੜ ਦਾ ਸੁਪਨਾ ਸੀ ਕਿ ਉਹ ਬੇਘਰ ਲੋਕਾਂ ਲਈ ਕੁਝ ਕਰਨ। ਸੋਨੀ ਨੇ ਦੱਸਿਆ ਜਦੋਂ ਉਸ ਨੇ ਇਹ ਸੇਵਾ ਟਰੱਕ ਸ਼ੁਰੂ ਕੀਤਾ ਤਾਂ ਉਸ ਦੇ ਪਿਤਾ ਇਸ ਦੁਨੀਆ ''ਤੇ ਸਭ ਤੋਂ ਜ਼ਿਆਦਾ ਖੁਸ਼ ਇਨਸਾਨ ਸਨ। ਸੋਨੀ ਜਦੋਂ ਪੰਜ ਸਾਲਾ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਦਿੱਲੀ ਤੋਂ ਅਮਰੀਕਾ ਆ ਕੇ ਵੱਸ ਗਿਆ ਸੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨੇ ਉਨ੍ਹਾਂ ਨੂੰ ਲੰਗਰ ਵਰਤਾਉਣ ਅਤੇ ਕਿਸੇ ਨੂੰ ਭੁੱਖੇ ਨਾ ਸੌਣ ਦੇਣਾ ਸਿਖਾਇਆ ਹੈ ਅਤੇ ਇਹ ਸੇਵਾ ਟਰੱਕ ਇਸੇ ਸਿੱਖਿਆ ਦਾ ਨਤੀਜਾ ਹੈ। 
ਅਮਰੀਕਾ ਵਿਚ ਇਕ ਸਕਿਓਰਿਟੀ ਫਰਮ ਵਿਚ ਕੰਮ ਕਰਨ ਵਾਲੇ ਸੋਨੀ ਨੇ ਦੱਸਿਆ ਕਿ ਸ਼ੁਰੂਆਤ ਵਿਚ ਇਸ ਟਰੱਕ ''ਤੇ ਉਨ੍ਹਾਂ ਨੇ 75000 ਡਾਲਰ ਯਾਨੀ ਕਿ 50.35 ਲੱਖ ਰੁਪਏ ਖਰਚ ਕੀਤੇ। ਇਸ ਟਰੱਕ ਦੇ ਅੰਦਰ ਇਕ ਰਸੋਈ ਬਣਾਈ ਗਈ ਹੈ ਅਤੇ ਇਸ ਦੀ ਖਿੜਕੀ ਤੋਂ ਲੋਕਾਂ ਨੂੰ ਭੋਜਨ ਵੰਡਿਆ ਜਾਂਦਾ ਹੈ। ਇਹ ਟਰੱਕ ਪ੍ਰਤੀਦਿਨ 250 ਭੋਜਨ ਦੇ ਪੈਕੇਟ ਵੰਡਦਾ ਹੈ ਅਤੇ ਸੋਨੀ ਦਾ ਟੀਚਾ ਇਸ ਨੂੰ 50000 ਪੈਕੇਟ ਪ੍ਰਤੀਦਿਨ ਕਰਨ ਦਾ ਹੈ। ਇਸ ਕੰਮ ਲਈ ਉਹ 2020 ਤੱਕ ਅਮਰੀਕਾ ਵਿਚ ਅਜਿਹੇ 20 ਸੇਵਾ ਟਰੱਕ ਚਲਾਉਣਾ ਚਾਹੁੰਦੇ ਹਨ। ਇਹ ਟਰੱਕ ਬਜ਼ੁਰਗਾਂ, ਅਨਾਥ ਅਤੇ ਰਿਟਾਇਰਡ ਲੋਕਾਂ ਦੇ ਇਲਾਕਿਆਂ ਵਿਚ ਜਾ ਕੇ ਵੀ ਲੰਗਰ ਦੀ ਸੇਵਾ ਕਰਦਾ ਹੈ। ਸੋਨੀ ਕੱਕੜ ਦਾ ਕਹਿਣਾ ਹੈ ਕਿ ਇਸ ਨੇਕ ਕੰਮ ਵਿਚ ਉਨ੍ਹਾਂ ਦੀ ਮਦਦ ਸਥਾਨਕ ਸਿੱਖ ਭਾਈਚਾਰੇ ਅਤੇ ਉਨ੍ਹਾਂ ਦੇ ਦੋਸਤਾਂ ਗੁਰਪਾਲ ਭੁੱਲਰ, ਅਨੂੰ ਕੌਰ, ਰੁਬਿਨ ਪਾਲ ਸਿੰਘ ਆਦਿ ਨੇ ਕੀਤੀ। ਸੋਨੀ ਨੇ ਦੱਸਿਆ ਕਿ ਇਸ ਟਰੱਕ ਵਿਚ ਪੂਰੀ ਤਰ੍ਹਾਂ ਸ਼ਾਕਾਹਾਰੀ ਭੋਜਨ ਲੋਕਾਂ ਨੂੰ ਦਿੱਤਾ ਜਾਂਦਾ ਹੈ ਪਰ ਇਹ ਭੋਜਨ ਸਿਰਫ ਭਾਰਤੀ ਹੀ ਨਹੀਂ ਹੁੰਦਾ। 
 

Kulvinder Mahi

News Editor

Related News