ਬਾਰਸੀਲੋਨਾ ਹਮਲੇ ਦੇ ਪੀੜਤਾਂ ਦੀ ਸਿੱਖ ਭਾਈਚਾਰਾ ਕਰ ਰਿਹੈ ਇੰਝ ਮਦਦ

08/18/2017 11:58:53 PM

ਬਾਰਸੀਲੋਨਾ — ਵਿਦੇਸ਼ਾਂ 'ਚ ਕਿਸੇ ਵੀ ਤਰ੍ਹਾਂ ਦੀ ਆਫਤ ਆਉਣ 'ਤੇ ਪੀੜਤ ਲੋਕਾਂ ਦੀ ਮਦਦ ਲਈ ਹਮੇਸ਼ਾ ਤੋਂ ਹੀ ਸਿੱਖ ਭਾਈਚਾਰੇ ਦੇ ਲੋਕ ਗੁਰਦੁਆਰਿਆਂ 'ਚ ਮਦਦ ਦੇਣ ਲਈ ਦਿਲ ਖੋਲ੍ਹ ਦਿੰਦੇ ਹਨ। ਗੁਰਦੁਆਰਿਆਂ 'ਚ ਉਨ੍ਹਾਂ ਦੇ ਖਾਣ-ਪੀਣ, ਰਹਿਣ ਅਤੇ ਹੋਰਨਾਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। 
ਵੀਰਵਾਰ ਨੂੰ ਸਪੇਨ ਦੇ ਬਾਰਸੀਲੋਨਾ 'ਚ ਹੋਏ ਅੱਤਵਾਦੀ ਹਮਲੇ ਮਗਰੋਂ ਪੀੜਤਾਂ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਕ ਵਾਰ ਮੁੜ ਤੋਂ ਮਦਦ ਲਈ ਗੁਰੂ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ। ਜਾਣਕਾਰੀ ਮੁਤਾਬਕ ਇਸ ਹਮਲੇ 'ਚ 14 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ। ਸਿੱਖ ਭਾਈਚਾਰੇ ਵੱਲੋਂ ਟਵਿੱਟਰ 'ਤੇ ਗੁਰਦੁਆਰਿਆਂ ਵੱਲੋਂ ਕੀਤੀ ਜਾ ਰਹੀ ਮਦਦ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਮੁਤਾਬਕ ਕਿਸੇ ਪੀੜਤ ਨੂੰ ਖਾਣ-ਪੀਣ, ਰਹਿਣ ਅਤੇ ਹੋਰ ਕਿਸੇ ਤਰ੍ਹਾਂ ਦੀ ਚੀਜ਼ ਲਈ ਮਦਦ ਦੀ ਲੋੜ ਹੋਵੇ ਤਾਂ ਉਸ ਲਈ ਇਸ ਸ਼ਹਿਰ ਵਿਚਲੇ ਗੁਰਦੁਆਰਿਆਂ ਦੇ ਦਰਵਾਜ਼ੇ ਖੁਲੇ ਹਨ। ਸਿੱਖ ਭਾਈਚਾਰੇ ਨੇ ਟਵੀਟ 'ਚ ਬਾਰਸੀਲੋਨਾ ਦੇ 2 ਗੁਰਦੁਆਰਿਆਂ ਦੇ ਪਤੇ ਵੀ ਸ਼ੇਅਰ ਕੀਤੇ ਹਨ ਤਾਂ ਜੋ ਕੋਈ ਲੋੜਵੰਦ ਮਦਦ ਲੈਣ ਲਈ ਇਥੇ ਪਹੁੰਚ ਸਕੇ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੁਸ਼ਟੀ ਕੀਤੀ ਕਿ ਇਸ ਹਮਲੇ 'ਚ ਕਿਸੇ ਭਾਰਤੀ ਦੀ ਮੌਤ ਨਹੀਂ ਹੋਈ। ਸੁਸ਼ਮਾ ਨੇ ਸਪੇਨ ਸਥਿਤ ਭਾਰਤੀ ਦੂਤਾਘਰ ਦਾ ਇਕ ਨੰਬਰ ਸ਼ੇਅਰ ਕਰਦਿਆਂ ਕਿਹਾ ਕਿ ਕੋਈ ਵੀ ਭਾਰਤੀ ਇਥੋਂ ਮਦਦ ਹਾਸਲ ਕਰ ਸਕਦਾ ਹੈ। ਬਾਰਸੀਲੋਨਾ ਪੁਲਸ ਨੇ ਸਥਾਨਕ ਲੋਕਾਂ ਨੂੰ ਕੁਝ ਸਮੇਂ ਲਈ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਹੈ।


Related News