ਪ੍ਰਮਾਤਮਾ ਨੂੰ ਜਾਨਣ ਲਈ ਗੁਰੂ ਜਰੂਰੀ - ਸਾਧਵੀ ਪ੍ਰਿਯਾ

08/11/2017 2:46:12 PM

ਰੋਮ (ਕੈਂਥ)—  ਦਿਵਯ ਜੋਤੀ ਜਾਗ੍ਰਤੀ ਸੰਸਥਾਨ ਯੂਰੋਪ ਵੱਲੋਂ ਗੁਰੂ ਪੂਰਣਿਮਾ ਦਾ ਮਹਾਨ ਉਤਸਵ ਮਾਨਤੋਵਾ (ਇਟਲੀ)  ਵਿਚ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਸਵਾਮੀ ਸਤਮਿਤਰਾਨੰਦ ਜੀ (ਜਰਮਨੀ), ਸਾਧਵੀ ਭਗਤੀ ਪ੍ਰਿਆ ਭਾਰਤੀ ਜੀ (ਇੰਗਲੈਂਡ) ਅਤੇ ਸਵਾਮੀ ਕਬੀਰ ਜੀ (ਇੰਗਲੈਂਡ) ਵਿਸ਼ੇਸ਼ ਰੂਪ ਨਾਲ ਸ਼ਾਮਿਲ ਹੋਏ। ਗੁਰੂ ਪੁਰਣਿਮਾ ਇਕ ਅਜਿਹਾ ਉਤਸਵ ਹੈ ਜਿਸ ਦਾ ਇੰਤਜ਼ਾਰ ਹਰ ਇਕ ਭਗਤ ਸਾਰਾ ਸਾਲ ਕਰਦਾ ਹੈ। ਗੁਰੂ ਚਰਨਾਂ ਵਿਚ ਸ਼ਰਧਾ ਅਤੇ ਵਿਸ਼ਵਾਸ ਦੇ ਫੁੱਲ ਭੇਂਟ ਕਰਨ ਲਈ ਸੰਗਤਾਂ ਇਟਲੀ ਦੇ ਕੋਨੇ-ਕੋਨੇ ਤੋਂ ਪਹੁੰਚੀਆਂ। ਇਸ ਮੌਕੇ ਤੇ ਸਾਧਵੀ ਭਗਤੀ ਪ੍ਰਿਯਾ ਜੀ ਨੇ ਆਪਣੇ ਪ੍ਰਵਚਨਾਂ ਵਿਚ ਦੱਸਿਆ ਕਿ ਭਗਤੀ ਮਾਰਗ ਨੂੰ ਸ਼ੁਰੂ ਕਰਨ ਵਾਸਤੇ ਇਕ ਜੀਵ ਦੇ ਜੀਵਨ ਵਿਚ ਗੁਰੂ ਅਤਿ ਜ਼ਰੂਰੀ ਹੈ। ਅੱਗੇ ਉਨ੍ਹਾਂ ਕਿਹਾ ਇਹ ਸਰਿਸ਼ਟੀ ਦਾ ਅਟਲ ਨਿਯਮ ਹੈ ਕਿ ਗੁਰੂ ਦੀ ਸ਼ਰਨ ਵਿਚ ਜਾਏ ਬਿਨ੍ਹਾਂ ਕੋਈ ਵੀ ਜੀਵ ਪ੍ਰਮਾਤਮਾ ਦੇ ਅਨਾਦਿ ਰੂਪ ਨੂੰ ਸਿੱਧੇ ਪ੍ਰਾਪਤ ਨਹੀਂ ਕਰ ਸਕਿਆ। ਇਹ ਅਜਿਹਾ ਨਿਯਮ ਜਿਸ ਦਾ ਪਾਲਣ ਖੁਦ ਭਗਵਾਨ ਨੇ ਬ੍ਰਹਮਾ ਦਾ ਅਵਤਾਰ ਹੁੰਦੇ ਹੋਏ ਵੀ ਕੀਤਾ। ਜਦੋਂ ਇਕ ਭਗਤ ਆਪਣੇ ਮਨ, ਸਰੀਰ ਅਤੇ ਆਤਮਾ ਨੂੰ ਪੂਰਣ ਗੁਰੂ ਦੇ ਚਰਨਾਂ ਵਿਚ ਸਮਰਪਿਤ ਕਰ ਦਿੰਦਾ ਹੈ ਤਾਂ ਗੁਰੂ ਕ੍ਰਿਪਾ ਨਾਲ ਇਨਸਾਨ ਰੂਹਾਨੀ ਉਚਾਈਆਂ ਨੂੰ ਪ੍ਰਾਪਤ ਕਰ ਪਾਉਂਦਾ ਹੈ। ਇਸ ਮੌਕੇ ਉੱਤੇ ਸਵਾਮੀ ਸਤਮਿਤਰਾਨੰਦ ਜੀ ਨੇ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਸ਼ਾਂਤੀ ਦਾ ਸਰੋਤ ਸਿਰਫ ਬ੍ਰਹਮ ਗਿਆਨ ਹੈ। ਇਸ ਤੋਂ ਇਲਾਵਾ ਸਵਾਮੀ ਕਬੀਰ ਜੀ ਨੇ 'ਗੁਰੂ ਮਹਿਮਾ', 'ਸਾਰੀ ਦੁਨੀਆ ਮੈਂ ਛਾਏ ਹੈਂ ਜਲਵੇ ਇਸ ਦਰਬਾਰ ਕੇ' ਅਤੇ 'ਗੁਰੂ ਬਿਨਾਂ ਕੇਸੇ ਪ੍ਰਭੂ ਮਿਲੇਗੇਂ ਤਰ੍ਹਾਂ ਦੇ ਭਜਨਾਂ ਨਾਲ ਸੰਗਤਾਂ ਨੂੰ ਭਾਵ ਭਰਪੂਰ ਕਰ ਦਿੱਤਾ।


Related News