ਅੱਤਵਾਦੀ ਹਮਲਿਆਂ ਨਾਲ ਦਹਿਲਿਆ ਸਪੇਨ, 13 ਲੋਕਾਂ ਦੀ ਮੌਤ, ਪੁਲਸ ਨੇ ਮਾਰੇ 5 ਸ਼ੱਕੀ ਅੱਤਵਾਦੀ

08/19/2017 11:55:34 AM

ਮੈਡ੍ਰਿਡ— ਸਪੇਨ ਦੇ ਬਾਰਸੀਲੋਨਾ ਅਤੇ ਕੈਮਬ੍ਰਿਲਸ 'ਚ ਵੀਰਵਾਰ ਨੂੰ ਵੱਡਾ ਅੱਤਵਾਦੀ ਹਮਲਾ ਹੋਇਆ। ਬਾਰਸੀਲੋਨਾ ਦੇ ਸਿਟੀ ਸੈਂਟਰ ਭੀੜ ਵਾਲੀ ਥਾਂ 'ਤੇ ਇਕ ਡਰਾਈਵਰ ਨੇ ਲੋਕਾਂ ਨੂੰ ਵੈਨ ਨਾਲ ਕੁਚਲ ਦਿੱਤਾ। ਇਸ ਵਿਚ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵਧ  ਲੋਕ ਜ਼ਖਮੀ ਹੋ ਗਏ। ਉੱਥੇ ਹੀ ਦੂਜਾ ਹਮਲਾ ਬਾਰਸੀਲੋਨਾ ਤੋਂ 100 ਕਿਲੋਮੀਟਰ ਦੂਰ ਕੈਮਬ੍ਰਿਲਸ 'ਚ ਹੋਇਆ। ਇਥੇ ਇਕ ਕਾਰ ਨੇ ਪੁਲਸ ਬੈਰੀਕੇਡਸ ਤੋੜ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਵਿਚ 1 ਪੁਲਸ ਕਰਮਚਾਰੀ ਸਮੇਤ 7 ਲੋਕ ਜ਼ਖਮੀ ਹੋ ਗਏ। ਹਾਲਾਂਕਿ ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ 5 ਸ਼ੱਕੀ ਅੱਤਵਾਦੀਆਂ ਨੂੰ ਮਾਰ ਡਿਗਾਇਆ ਹੈ। ਉਥੇ ਹੀ ਇਕ ਸ਼ੱਕੀ ਅੱਤਵਾਦੀ ਨੂੰ ਜ਼ਖਮੀ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੁਲਸ ਨੇ ਟਵਿੱਟਰ 'ਤੇ ਇਸ ਘਟਨਾ ਨੂੰ ਭਿਆਨਕ ਦੱਸਿਆ ਹੈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਹੈ। ਕੈਟੋਲੋਨੀਆ ਸੂਬੇ ਦੀ ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਬਾਰਸੀਲੋਨਾ ਦੇ ਲਾਸ ਰਾਮਬਲਾਸ ਇਲਾਕੇ ਵਿਚ ਇਕ ਵਿਅਕਤੀ ਨੇ ਵੈਨ ਨਾਲ ਟੱਕਰ ਮਾਰ ਦਿੱਤੀ, ਇਸ 'ਚ 100 ਲੋਕ ਜ਼ਖਮੀ ਹੋ ਗਏ। ਪੁਲਸ ਮੁਤਾਬਕ ਲਾਸ ਰਾਮਬਲਾਸ ਬਾਰਸੀਲੋਨਾ ਦਾ ਬਹੁਤ ਮਸ਼ਹੂਰ ਅਤੇ ਭੀੜ-ਭਾੜ ਵਾਲਾ ਇਲਾਕਾ ਹੈ। ਆਮ ਤੌਰ 'ਤੇ ਇੱਥੇ ਸੈਲਾਨੀਆਂ ਦੀ ਕਾਫੀ ਭੀੜ ਹੁੰਦੀ ਹੈ। ਬਾਰਸੀਲੋਨਾ 'ਚ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਦੱਸਣਯੋਗ ਹੈ ਕਿ ਸਪੇਨ ਹੁਣ ਤੱਕ ਇਸ ਤਰ੍ਹਾਂ ਦੇ ਅੱਤਵਾਦੀ ਹਮਲੇ ਤੋਂ ਬਚਿਆ ਰਿਹਾ ਹੈ, ਜੋ ਹਾਲ ਦੇ ਸਮੇਂ ਵਿਚ ਫਰਾਂਸ, ਬੈਲਜੀਅਮ ਅਤੇ ਜਰਮਨੀ ਵਿਚ ਹੋਏ ਹਨ।


Related News