ਜੁਲਾਈ ਤੋਂ ਬਦਲਣਗੇ ਕਾਰਾਂ ਤੇ ਬਾਈਕ ਦੇ ਰੇਟ, ਜਾਣੋ ਕਿੰਨਾ ਲੱਗੇਗਾ ਟੈਕਸ

06/28/2017 8:11:59 AM

ਨਵੀਂ ਦਿੱਲੀ— ਜੀ. ਐੱਸ. ਟੀ. ਲਾਗੂ ਹੋਣ 'ਚ ਸਿਰਫ ਤਿੰਨ ਦਿਨ ਬਾਕੀ ਰਹਿ ਗਏ ਹਨ। 1 ਜੁਲਾਈ ਨੂੰ ਜੀ. ਐੱਸ. ਟੀ. ਲਾਗੂ ਹੋਣ 'ਤੇ ਕਈ ਸਮਾਨ ਮਹਿੰਗੇ ਹੋ ਜਾਣਗੇ, ਜਦੋਂ ਕਿ ਕੁਝ 'ਤੇ ਰਾਹਤ ਵੀ ਮਿਲੇਗੀ। ਜੀ. ਐੱਸ. ਟੀ. ਤਹਿਤ ਕਾਰਾਂ, ਮੋਟਰਸਾਈਕਲਾਂ, ਟਰੱਕਾਂ ਅਤੇ ਬੱਸਾਂ 'ਤੇ 28 ਫੀਸਦੀ ਟੈਕਸ ਲੱਗੇਗਾ। ਹਾਲਾਂਕਿ ਇਨ੍ਹਾਂ 'ਤੇ 1 ਤੋਂ 15 ਫੀਸਦੀ ਤਕ ਸੈੱਸ ਵੀ ਲੱਗੇਗਾ। 
1,200 ਸੀਸੀ ਤੋਂ ਘੱਟ ਇੰਜਣ ਸਮਰੱਥਾ ਵਾਲੀ ਪੈਟਰੋਲ ਕਾਰ 'ਤੇ 28 ਫੀਸਦੀ ਟੈਕਸ ਅਤੇ 1 ਫੀਸਦੀ ਸੈੱਸ ਲੱਗੇਗਾ, ਯਾਨੀ ਕੁੱਲ 29 ਫੀਸਦੀ ਟੈਕਸ ਲੱਗੇਗਾ। ਉੱਥੇ ਹੀ 1,500 ਸੀਸੀ ਤੋਂ ਘੱਟ ਇੰਜਣ ਵਾਲੀ ਡੀਜ਼ਲ ਕਾਰ 'ਤੇ 28 ਫੀਸਦੀ ਟੈਕਸ ਦੇ ਨਾਲ 3 ਫੀਸਦੀ ਸੈੱਸ ਲੱਗੇਗਾ। ਜਦੋਂ ਕਿ 1,500 ਸੀਸੀ ਤੋਂ ਜ਼ਿਆਦਾ ਅਤੇ 4 ਮੀਟਰ ਤੋਂ ਵੱਡੀ ਕਾਰ 'ਤੇ ਕੁੱਲ 43 ਫੀਸਦੀ ਟੈਕਸ ਲੱਗੇਗਾ, ਜਿਸ 'ਚ 28 ਫੀਸਦੀ ਟੈਕਸ ਤੇ 15 ਫੀਸਦੀ ਸੈੱਸ ਸ਼ਾਮਲ ਹੈ। ਹਾਈਬ੍ਰਿਡ ਕਾਰਾਂ 'ਤੇ ਵੀ ਕੁੱਲ 43 ਫੀਸਦੀ ਟੈਕਸ ਲੱਗੇਗਾ। ਅਜਿਹੇ 'ਚ ਜਾਣਕਾਰਾਂ ਦਾ ਕਹਿਣਾ ਹੈ ਕੁਝ ਕਾਰਾਂ ਦੇ ਰੇਟ ਥੋੜ੍ਹੇ ਜਿਹੇ ਘਟਣਗੇ, ਜਦੋਂ ਕਿ ਹਾਈਬ੍ਰਿਡ ਕਾਰਾਂ ਮਹਿੰਗੀਆਂ ਹੋ ਜਾਣਗੀਆਂ।
ਉੱਥੇ ਹੀ ਜ਼ਿਆਦਾਤਰ ਸੂਬਿਆਂ 'ਚ ਮੋਟਰਸਾਈਕਲਾਂ 'ਤੇ ਟੈਕਸ ਘਟਣ ਦੇ ਆਸਾਰ ਹਨ। ਹਾਲਾਂਕਿ ਜੀ. ਐੱਸ. ਟੀ. ਲਾਭ ਹਰ ਸੂਬੇ 'ਚ ਵੱਖ ਹੋਵੇਗਾ, ਜੋ ਕਿ ਉੱਥੇ ਮੌਜੂਦਾ ਟੈਕਸ ਰੇਟ ਅਤੇ ਜੀ. ਐੱਸ. ਟੀ. ਰੇਟ 'ਚ ਫਰਕ ਦੇ ਹਿਸਾਬ ਨਾਲ ਹੋਵੇਗਾ। ਦੋ-ਪਹੀਆ ਵਾਹਨਾਂ 'ਤੇ 28 ਫੀਸਦੀ ਟੈਕਸ ਲੱਗੇਗਾ ਪਰ 350 ਸੀਸੀ ਤੋਂ ਉਪਰ ਦੇ ਮੋਟਰਸਾਈਕਲਾਂ 'ਤੇ 3 ਫੀਸਦੀ ਸੈੱਸ ਵੀ ਲੱਗੇਗਾ ਯਾਨੀ ਇਨ੍ਹਾਂ 'ਤੇ 31 ਫੀਸਦੀ ਟੈਕਸ ਹੋਵੇਗਾ। ਜੀ. ਐੱਸ. ਟੀ. ਦੇ ਮੱਦੇਨਜ਼ਰ ਕੁਝ ਕਾਰ ਕੰਪਨੀਆਂ ਅਤੇ ਮੋਟਰਸਾਈਕਲ ਕੰਪਨੀਆਂ ਨੇ ਆਪਣੇ ਗਾਹਕਾਂ ਨੂੰ 30 ਜੂਨ ਤਕ ਲਾਭ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਗਾਹਕਾਂ ਨੂੰ ਮੌਜੂਦਾ ਕੀਮਤ 'ਚ ਥੋੜ੍ਹੀ ਛੋਟ ਦਿੱਤੀ ਜਾ ਰਹੀ ਹੈ। ਇਸ ਤਹਿਤ ਬਜਾਜ ਦੇ ਮੋਟਰਸਾਈਕਲਾਂ 'ਤੇ ਵੀ ਛੋਟ ਦਿੱਤੀ ਜਾ ਰਹੀ ਹੈ। ਜਦੋਂ ਕਿ ਰਾਇਲ ਐਨਫੀਲਡ ਨੇ ਵੀ ਜੀ. ਐੱਸ. ਟੀ. ਲਾਭ ਦੇਣ ਦਾ ਐਲਾਨ ਕੀਤਾ ਹੈ।


Related News