ਆਲਮੀ ਦਿਮਾਗੀ ਕੈਂਸਰ ਚੇਤਨਾ ਦਿਹਾੜਾ: ਹਾਲਾਤਾਂ ਨਾਲ ਸਿੱਝਣ ਦਾ ਜਜ਼ਬੇ ਭਰਪੂਰ ਤਰੀਕਾ
Monday, Jun 08, 2020 - 02:43 PM (IST)
ਵੈਸੇ ਤਾਂ ਇਹ ਦਿਵਸ ਵਿਸ਼ਵ ਭਰ ਵਿੱਚ ਆਪਣੇ ਆਪਣੇ ਦੇਸ਼ ਅਨੁਸਾਰ ਹਫਤੇ ਅਤੇ ਮਹੀਨੇ ਦੇ ਹਿਸਾਬ ਨਾਲ ਵੀ ਮਨਾਇਆ ਜਾਂਦਾ ਹੈ ਪਰ ਵਿਸ਼ਵ ਪੱਧਰ ’ਤੇ ਇਹ ਦਿਨ ਅੱਠ ਜੂਨ ਨੂੰ ਸਾਂਝੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਜਰਮਨ ਦੀ ਇੱਕ ਸੰਸਥਾ Deutsche hirntumor associates ਨੇ ਸੰਨ 2000 ਵਿੱਚ ਕੀਤੀ ਸੀ। ਇਸ ਸੰਸਥਾ ਦੇ ਮੁਤਾਬਕ ਇਸ ਬੀਮਾਰੀ ਨਾਲ ਜ਼ਿਆਦਾਤਰ ਮੌਤਾਂ ਚਾਲੀ ਸਾਲ ਦੇ ਵਿੱਚ ਹੁੰਦੀਆਂ ਹਨ। ਇਸ ਸੰਸਥਾ ਦੇ ਨਿਰੀਖਣ ਮੁਤਾਬਕ ਪੰਜਾਹ ਸਾਲ ਦੀ ਉਮਰ ਤੱਕ ਦਸ ਫੀਸਦੀ ਲੋਕ ਪ੍ਰਭਾਵਿਤ ਹੁੰਦੇ ਹਨ, ਜਿੰਨਾਂ ਵਿੱਚ ਮਰਦਾਂ ਦੀ ਸੰਖਿਆ ਔਰਤਾਂ ਨਾਲੋਂ ਜ਼ਿਆਦਾ ਹੁੰਦੀ ਹੈ। ਮਰਦ ਇਸ ਅਲਾਮਤ ਤੋਂ ਲੱਗਭਗ 14 ਫੀਸਦੀ ਅਤੇ ਔਰਤਾਂ 8 ਫੀਸਦੀ ਪ੍ਰਭਾਵਿਤ ਹੁੰਦੀਆਂ ਹਨ।
ਹੋਰਾਂ ਖਾਸ ਦਿਹਾੜਿਆਂ ਵਾਂਗ ਹੀ ਉਪਰੋਕਤ ਦਿਵਸ ਵੀ ਲੋਕਾਂ ਨੂੰ ਚੇਤਨ ਕਰਨ ਤੇ ਇਸ ਰੋਗ ਦੇ ਹੋ ਜਾਣ ’ਤੇ ਹਾਲਾਤਾਂ ਨਾਲ ਸਿੱਝਣ ਦੇ ਤਰੀਕਿਆਂ ਅਤੇ ਵੱਖ-ਵੱਖ ਢੰਗਾਂ ਦਾ ਵਿਸਤ੍ਰਿਤ ਜਾਣਕਾਰੀ ਦਿੰਦਾ ਹੈ। ਇਸ ਵਿੱਚ ਹਰ ਤਰ੍ਹਾਂ ਦੇ ਮੀਡੀਆ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਵਿੱਚ ਬਹੁਤ ਸਾਰੀਆਂ ਸਥਾਨਕ ਸੋਸਾਇਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ।
ਦਿਮਾਗੀ ਕੈਂਸਰ (brain tumour) ਕੀ ਹੁੰਦਾ ਹੈ?
ਇਹ ਅਜਿਹਾ ਜ਼ਖ਼ਮ ਹੁੰਦਾ ਹੈ, ਜੋ ਆਮ ਤੌਰ ’ਤੇ ਦਿਮਾਗ ਦੀ ਝਿੱਲੀ ਦੀਆਂ ਦੋਵਾਂ ਪਰਤਾਂ ਵਿਚਕਾਰ ਪਣਪਦਾ ਹੈ। ਇਹ ਅਸਲ ਵਿੱਚ ਕੈਂਸਰ ਹੁੰਦਾ ਹੈ, ਜਿਸ ਦੀਆਂ ਦੋ ਕਿਸਮਾਂ ਹੁੰਦੀਆਂ ਹਨ। ਵਧਣ ਵਾਲਾ ਅਤੇ ਨਾ ਵਧਣ ਵਾਲਾ। ਵਧਣ ਵਾਲਾ ਕੈਂਸਰ ਖਤਰਨਾਕ ਕਿਸਮ ਦਾ ਹੈ ਜਦਕਿ ਨਾ ਵਧਣ ਵਾਲਾ ਜਾਨੀ ਨੁਕਸਾਨ ਨਹੀਂ ਕਰਦਾ। ਇਨ੍ਹਾਂ ਨੂੰ malignant te begnign tumour ਕਿਹਾ ਜਾਂਦਾ ਹੈ। ਮੈਲਿਗਨੈਂਟ ਕੈਂਸਰ ਦੀ ਜਾਨਲੇਵਾ ਕਿਸਮ ਹੈ। ਇਹ ਸਥਾਨਕ ਹੋ ਸਕਦਾ ਹੈ ਜਾਂ ਕਿਸੇ ਹੋਰ ਅੰਗ ਦੇ ਕੈਂਸਰ ਕਾਰਣ (matstatic) ਵੀ ਹੋ ਸਕਦਾ ਹੈ। ਇਸ ਰੋਗ ਨੂੰ ਜਾਨਣ ਲਈ ਇਸ ਦੇ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵ, ਜੀਵਨ ਵਿਚ ਦਰਪੇਸ਼ ਬਦਲਾਅ, ਚੁਨੌਤੀਆਂ ਅਤੇ ਉਨ੍ਹਾਂ ਨਾਲ ਸਿੱਝਣ ਦੇ ਤਰੀਕਿਆਂ ਦਾ ਵਰਨਣ ਸਾਦੇ ਜਿਹੇ ਢੰਗ ਨਾਲ ਕਰਨਾ ਚਾਹਾਂਗੀ ਤਾਂ ਕਿ ਹਰ ਇੱਕ ਆਮ ਵਿਅਕਤੀ ਵੀ ਇਸ ਲੇਖ ਤੋਂ ਲਾਭ ਉਠਾ ਸਕੇ ਅਤੇ (world brain tumour awareness day) ਦਾ ਮਕਸਦ ਪੂਰਾ ਹੋ ਸਕੇ।
ਬਰੇਨ ਟਿਉਮਰ ਦੇ ਲੱਛਣ ਅਤੇ ਇਲਾਜ:
ਆਮ ਕੈਂਸਰ ਦੇ ਵਾਂਗ ਇਹ ਵੀ ਲਾ ਇਲਾਜ ਮਰਜ਼ ਹੈ ਪਰ ਵਕਤ ਰਹਿੰਦਿਆਂ ਇਸ ਦਾ ਪਤਾ ਲੱਗ ਜਾਣ ’ਤੇ ਡਾਕਟਰੀ ਸਹਾਇਤਾ ਲੈ ਲੈਣ ’ਤੇ ਠੀਕ ਵੀ ਹੋ ਸਕਦੀ ਹੈ। ਸਿਰਦਰਦ, ਝੌਲਾ ਦਿਖਣਾ, ਇੱਕ ਦੀ ਥਾਂ ਦੋ-ਦੋ ਨਜ਼ਰ ਆਉਣੇ, ਯਾਦਾਸ਼ਤ ਦਾ ਘਟਣਾ, ਜ਼ੁਬਾਨ ਥਥਲਾਉਣੀ, ਚਾਲ ਵਿੱਚ ਗੜਬੜ, ਕਮਜ਼ੋਰੀ, ਦਿਲ ਕੱਚਾ ਹੋਣਾ ਅਤੇ ਬਿਨਾਂ ਕਾਰਣ ਉਲਟੀਆਂ ਆਉਣੀਆਂ, ਮਨ ਕਮਜ਼ੋਰ ਮਹਿਸੂਸ ਕਰਨਾ, ਦੌਰੇ ਪੈਣੇ, ਸ਼ਖ਼ਸੀਅਤ ਵਿੱਚ ਬਦਲਾਅ, ਕਿਸੇ ਅੰਗ ਦਾ ਅਧਰੰਗ, ਕੁਝ ਸਮਝ ਜਿਹੀ ਨਾ ਪੈਣੀ, ਖਾਣਾ ਲੰਘਾਉਣ ਵਿੱਚ ਮੁਸ਼ਕਲ ਆਉਣੀ ਆਦਿ ਇਸਦੇ ਲੱਛਣ ਹਨ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਰੂਰੀ ਨਹੀਂ ਇੱਕ ਮਰੀਜ਼ ਵਿੱਚ ਇਹ ਸਾਰੇ ਹੀ ਲੱਛਣ ਹੋਣ ਸੋ ਡਾਕਟਰੀ ਸਲਾਹ ਅਤੇ ਡਾਇਗਨੋਸਟਿਕ ਤੱਥਾਂ ਤੋਂ ਬਾਅਦ ਹੀ ਕਿਸੇ ਨਤੀਜੇ ’ਤੇ ਪਹੁੰਚਣਾ ਚਾਹੀਦਾ ਹੈ ਨਾ ਕਿ ਵਹਿਮ ਪਾਲ ਲਏ ਜਾਣ।
ਪੂਰੀ ਤਰਾਂ ਡਾਇਗਨੋਸ ਬਣ ਜਾਣ ਤੇ ਕੈਂਸਰ ਦੀ ਸਟੇਜ ਮੁਤਾਬਕ ਓਪਰੇਸ਼ਨ, ਦਵਾਈਆਂ ਨਾਲ (cheotherapy) ਜਾਂ ਫਿਰ ਰੇਡੀਓਥੈਰੈਪੀ (ਰੇਡੀਓ ਕਿਰਨਾਂ) ਨਾਲ ਇਲਾਜ ਕਾਫੀ ਹੱਦ ਤੱਕ ਸੰਭਵ ਹੈ।
. ਇਸ ਤੋਂ ਇਲਾਵਾ (paliativtharapy) ਲੱਛਣਾਂ ਅਨੁਸਾਰ ਇਲਾਜ ਦਾ ਇੱਕ ਤਰੀਕਾ ਹੋਰ ਵੀ ਹੈ, ਜੋ ਰੋਗੀ ਨੂੰ ਵੱਡੀ ਰਾਹਤ ਦੇਣ ਵਿੱਚ ਸਹਾਈ ਹੁੰਦਾ ਹੈ। ਇਸ ਢੰਗ ਵਿੱਚ ਦਰਦ ਤੋਂ ਰਾਹਤ ਦਿੱਤੀ ਜਾਂਦੀ ਹੈ। ਇਸ ਵਿਧੀ ਵਿੱਚ ਦਰਦ ਨਿਵਾਰਿਕ ਦਵਾਈਆਂ ਦੇ ਕੇ, physiotherapy, ਵਾਣੀ ਦੋਸ਼ ਵਿੱਚ speech therapist ਦੀ ਸਹਾਇਤਾ ਲੈ ਕੇ, ਖਾਣਾ-ਖਾਣ ਦੀ ਮੁਸ਼ਕਲ ਵਿੱਚ ਥੋੜਾ-ਥੋੜਾ ਤੇ ਤਰਲ ਰੂਪ ਵਿੱਚ ਸਿਰ ਉੱਚਾ ਕਰਕੇ ਖਾਣੇ ਦੀ ਵਿਧੀ ਅਪਨਾ ਕੇ, ਸਾਹ ਦੀ ਦਿੱਕਤ ਵਿੱਚ (sleep apnoea) ਨੀਂਦ ਵਿੱਚ ਸਾਹ ਦਾ ਰੁਕਣਾ, ਨਕਲੀ ਸਾਹ ਦੇਣ ਵਾਲੀ ਮਸ਼ੀਨ ਦਾ ਇਸਤੇਮਾਲ ਕਰਨਾ ਆਦਿ ਇਲਾਜ ਦੀਆਂ ਵਿਧੀਆਂ ਹਨ।
ਕੁਝ ਵਿਸ਼ੇਸ਼ ਤੱਥ :
ਉਪਰੋਕਤ ਰੋਗ ਇੱਕ ਲੰਮੇ ਸਮੇਂ ਤੱਕ ਰਹਿਣ ਵਾਲਾ ਜਾਂ ਇਓਂ ਕਹਿ ਲਵੋ,ਕਿ ਬਕਾਇਆ ਉਮਰ ਕੁਝ ਕੁ ਸਰੀਰਕ ਕਮੀਆਂ ਨਾਲ ਗੁਜਾਰਣ ਵਾਲਾ ਹੋ ਸਕਦਾ ਹੈ। ਉਦਾਹਰਣ ਵਜੋਂ ਜੇ ਵਿਅਕਤੀ ਦੀ ਵਾਣੀ ਚਲੀ ਗਈ ਹੋਵੇ ਤਾਂ ਉਸਨੂੰ ਰਹਿੰਦੀ ਉਮਰ ਬੋਲਚਾਲ ਤੋਂ ਬਗੈਰ ਹੀ ਕੱਟਣੀ ਪਵੇਗੀ ਪਰ ਕਿਸੇ ਇਨਸਾਨ ਨੂੰ ਜੀਉਂਦੇ ਜੀਅ ਦੂਸਰੇ ਨੂੰ ਬਹੁਤ ਕੁਝ ਦੱਸਣ ਦੀ ਲੋੜ ਪੈਂਦੀ ਹੈ, ਜਿਵੇਂ ਭੁੱਖ ਲੱਗੀ ਹੋਵੇ, ਨਿੱਤ ਪ੍ਰਤੀ ਦੀਆਂ ਕਿਰਿਆਵਾਂ ਲਈ ਦਰਦ ਬਾਰੇ ਦੱਸਣਾ, ਜਿਹੀਆਂ ਹਜ਼ਾਰਾਂ ਜ਼ਰੂਰਤਾਂ ਹੁੰਦੀਆਂ ਹਨ। ਇਸ ਲਈ ਸਪੀਚ ਥੈਰੇਪਿਸਟ ਦੀ ਮਦਦ ਲੈ ਕੇ ਇਸ਼ਾਰਿਆਂ ਦੀ ਭਾਸ਼ਾ, ਲਿਖਤੀ ਤੇ ਅੱਜਕਲ੍ਹ ਮੋਬਾਇਲ ’ਤੇ ਟਾਈਪ ਕਰਕੇ ਦੱਸਣਾ ਅਤੇ ਮੈਸੇਜ ਭੇਜਣਾ ਆਦਿ ਸਿਖਾਇਆ ਜਾਂਦਾ ਹੈ। ਰੋਗੀ ਕੋਲ ਕਾਪੀ, ਪੈਨ, ਘੰਟੀ ਤੇ ਚਾਰਜ ਕੀਤਾ ਮੋਬਾਇਲ, ਉਸਦੀ ਪਹੁੰਚ ਵਿੱਚ ਯਕੀਨੀ ਬਣਾਇਆ ਜਾਂਦਾ ਹੈ।
. ਫਿਸਿਓਥੈਰੇਪਿਸਟ ਦੀ ਉਨ੍ਹਾਂ ਕੇਸਾਂ ਵਿੱਚ ਮਦਦ ਲਈ ਜਾਂਦੀ ਹੈ, ਜਦੋਂ ਰੋਗੀ ਕਿਸੇ ਤਰ੍ਹਾਂ ਦੇ ਅਧਰੰਗ ਦਾ ਸ਼ਿਕਾਰ ਹੋ ਗਿਆ ਹੋਵੇ, ਜਿਵੇਂ ਪਾਸਾ ਮਾਰਿਆ ਜਾਣਾ, ਚਿਹਰੇ ਦਾ ਇਕ ਪਾਸਾ, ਲੱਤ ਜਾਂ ਬਾਂਹ ਜਾਂ ਮਾਰਿਆ ਜਾਣਾ। ਅਜਿਹੀ ਹਾਲਤ ਵਿੱਚ ਫਿਜਿਓਥੈਰੇਪਿਸਟ ਬਾਅਦ ਵਿੱਚ ਪਰਿਵਾਰ ਦਾ ਮੈਂਬਰ ਅਤੇ ਹੌਲੀ ਮਰੀਜ਼ ਆਪ ਹੀ ਇਨ੍ਹਾਂ ਅੰਗਾਂ ਦੀ ਮਾਲਿਸ਼ ਤੇ ਵਰਜਿਸ਼ ਕਰਕੇ, ਇਨ੍ਹਾਂ ਦੇ ਆਮ ਕੰਮਾਂ ਤੱਕ ਲਿਆਉਂਦੇ ਹਨ।
. ਦੌਰਿਆਂ ਦੀ ਸੂਰਤ ਵਿਚ ਰੋਗੀ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਲੰਬੇ ਸਮੇਂ ਵਾਲੇ ਕੇਸਾਂ ਲਈ ਰਿਸ਼ਤੇਦਾਰਾਂ ਨੂੰ ਅਜਿਹੀ ਹਾਲਤ ਦਾ ਉਪਚਾਰ ਸਿਖਾਇਆ ਜਾਂਦਾ ਹੈ। ਜਿਵੇਂ ਦੌਰਾ ਪੈਣ ’ਤੇ ਜੁਤੀ ਬਿਲਕੁਲ ਨਹੀਂ ਸੁੰਘਾਉਣੀ, ਸਗੋਂ ਮਰੀਜ਼ ਨੂੰ ਲਿਟਾ ਕੇ ਉਸਦਾ ਮੂੰਹ ਪਾਸੇ ਵੱਲ ਟੇਢਾ ਕਰ ਦੇਣਾ, ਕਿਉਂਕਿ ਅਜਿਹੀ ਹਾਲਤ ਵਿੱਚ ਮੂੰਹ ਵਿਚੋਂ ਲਾਰ ਵਗਕੇ ਸ਼ਾਹ ਵਾਲੀ ਨਾਲੀ ਨੂੰ ਬੰਦ ਕਰ ਦਿੰਦੀ ਹੈ ਤੇ ਮਰੀਜ਼ ਦੀ ਮੌਤ ਹੋ ਸਕਦੀ ਹੈ। ਇਸਦੇ ਨਾਲ-ਨਾਲ ਜੇ ਦੰਦਲ ਪਈ ਹੋਵੇ ਤਾਂ ਕਦੇ ਵੀ ਤੋੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਤੁਹਾਡੀ ਉਂਗਲ ਮਰੀਜ਼ ਦੇ ਦੰਦਾਂ ਹੇਠਾਂ ਆ ਕੇ ਕੱਟੀ ਜਾ ਸਕਦੀ ਹੈ। ਹਾਂ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਰੋਗੀ ਦੀ ਜ਼ਬਾਨ ਪਿੱਛੇ ਵੱਲ ਨਹੀਂ ਡਿੱਗਣੀ ਚਾਹੀ, ਇਸ ਨਾਲ਼ ਸਾਹ ਵਾਲੀ ਨਾਲੀ ਬੰਦ ਹੋ ਸਕਦੀ ਹੈ।
. ਸਲੀਪ ਐਪਨੀਆ (ਸੁੱਤੇ ਸਮੇਂ ਸ਼ਾਹ ਦਾ ਰੁਕ ਜਾਣਾ) ਦੇ ਕੇਸ ਵਿੱਚ ਰਾਤ ਸਮੇਂ ਜਾਂ ਤਾਂ ਮਸ਼ੀਨ ਪੂਰੀ ਰਾਤ ਵਾਸਤੇ ਲਗਾ ਦੇਣੀ ਚਾਹੀਦੀ ਹੈ ਜਾਂ ਫਿਰ ਪਰਿਵਾਰਕ ਮੈਂਬਰਾਂ ਨੂੰ ਵਾਰੀ ਵਾਰੀ ਬੀਮਾਰ ਕੋਲ ਬੈਠਣਾ ਚਾਹੀਦਾ ਹੈ, ਤਾਂ ਜੋ ਅਜਿਹੀ ਹਾਲਤ ਨੂੰ ਲੋੜ ਸਮੇਂ ਹੱਲ ਕੀਤਾ ਜਾ ਸਕੇ।
. ਅੱਗੇ ਹੈ ਸਾਹ ਵਿੱਚ ਦਿੱਕਤ ਆਉਣੀ। ਇਸ ਹਾਲਤ ਵਿੱਚ ਆਕਸੀਜਨ ਸਿਲੰਡਰ ਤੇ ਉਸਨੂੰ ਖੋਲਣ ਵਾਲੀ ਸਹੀ ਤੇ ਸੌਖੇ ਤਰੀਕੇ ਵਾਲੀ ਚਾਬੀ ਹਮੇਸ਼ਾ ਤਿਆਰ/ਮਰੀਜ਼ ਦੇ ਬਿਸਤਰੇ ਕੋਲ ਹੋਣੀ ਚਾਹੀਦੀ ਹੈ, ਤਾਂ ਜੋ ਲੋੜ ਪੈਣ ’ਤੇ ਬਿਨਾਂ ਵਕਤ ਗਵਾਇਆਂ ਆਕਸੀਜਨ ਦੇ ਕੇ ਰੋਗੀ ਦੀ ਜਾਨ ਬਚਾਈ ਜਾ ਸਕੇ। ਇਸ ਨੂੰ ਚਲਾਉਣ ਦੀ ਅਤੇ ਸਪੀਡ ਮੇਨਟੇਨ ਕਰਨ ਦੀ ਹਰ ਉਸ ਵਿਅਕਤੀ ਨੂੰ ਭਲੀ ਭਾਂਤ ਜਾਂਚ ਹੋਣੀ ਚਾਹੀਦੀ ਹੈ, ਜਿਸਨੇ ਮਰੀਜ਼ ਦੀ ਦੇਖ ਭਾਲ ਕਰਨੀ ਹੋਵੇ।
. ਰੋਗੀ ਨੂੰ ਇਸ ਹਾਲਤ ਵਿੱਚ ਉਸਨੂੰ ਇਕੱਲੇ ਨਹੀਂ ਚੱਲਣ ਦੇਣਾ ਚਾਹੀਦਾ, ਕਿਉਂਕਿ ਇਨ੍ਹਾਂ ਦੋਸ਼ਾਂ ਕਾਰਣ ਉਸਦਾ ਨਿਰਨਾ ਗਲਤ ਹੋ ਸਕਦਾ ਹੈ ਅਤੇ ਹੇਠਾਂ ਡਿੱਗ ਕੇ ਉਸ ਦੇ ਸੱਟ ਲੱਗ ਸਕਦੀ ਹੈ।
. ਆਖਰ ਵਿੱਚ ਮਰੀਜ਼ ਦੀ ਮਨੋਵਿਗਿਆਨਕ ਦਸ਼ਾ ਦਾ ਜ਼ਿਕਰ ਤੇ ਉਸ ਵਿੱਚ ਆਈਆਂ ਤਬਦੀਲੀਆਂ ਕਾਰਣ ਵਿਕਾਰਾਂ ਦੇ ਹੱਲ ’ਤੇ ਰੌਸ਼ਨੀ ਪਾਵਾਂਗੀ। ਜਿਵੇਂ ਲੱਛਣਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹੇ ਮਰੀਜ਼ ਜ਼ਿਆਦਾਤਰ ਲੰਬੇ ਸਮੇ ਤੱਕ ਕੁਝ ਸਰੀਰਕ ਕਮੀਆਂ ਨਾਲ ਜੀਣ ਲਈ ਮਜ਼ਬੂਰ ਹੁੰਦੇ ਹਨ। ਇਸ ਲਈ ਉਨਾਂ ਦੀ ਮਾਨਸਿਕਤਾ ਕਾਫੀ ਪਤਲੀ ਪੈ ਜਾਂਦੀ ਹੈ, ਕਿਉਂਕਿ ਰਹਿੰਦੀ ਉਮਰ ਉਸਨੂੰ ਕਿਸੇ ਦੂਸਰੇ ’ਤੇ ਨਿਰਭਰ ਰਹਿਣਾ ਪੈਣਾ ਹੈ, ਬਾਕੀ ਪਲ ਪਲ ਕੈਂਸਰ ਦੇ ਰੋਗ ਕਾਰਨ ਮਰਨ ਦਾ ਡਰ ਸਤਾਉਂਦਾ ਹੈ।
ਸੋ ਇਥੈ ਮਨੋਵਿਗਿਆਨਕ ਸਹਾਰੇ (psychological support) ਦੀ ਬੜੀ ਲੋੜ ਹੁੰਦੀ ਹੈ, ਜਿਵੇਂ ਕਿ ਉਸਨੂੰ ਵੀ ਪਤਾ ਹੈ ਕਿ ਉਸਨੇ ਮਰ ਜਾਣਾ ਹੈ, ਸੋ ਉਸਨੂੰ ਸਦਾ ਚੜਦੀ ਕਲਾ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਵੇਂ ਬਾਬਾ ਜੀ ਪੋਤੇ ਦਾ ਵਿਆਹ ਦੇਖ ਲਿਆ ? ਖ਼ੁਸ਼ ਹੋ ਨਾ? ਅਜਿਹੀਆਂ ਖੁਸ਼ੀਆਂ ਕਿਸੇ ਕਿਸੇ ਨੂੰ ਹੀ ਮਿਲਦੀਆਂ ਹਨ। ਤੁਸੀਂ ਕਿਸਮਤ ਵਾਲੇ ਹੋ। ਤੁਸੀਂ ਤਾਂ ਪਾਸਾ ਮਾਰਿਆ ਜਾਣ ਦੇ ਬਾਵਜੂਦ ਵੀ ਤੁਰਨ ਲੱਗ ਗਏ ਹੋ, ਕਈ ਤਾਂ ਸਾਰੀ ਸਾਰੀ ਉਮਰ ਨਹੀਂ ਉੱਠਦੇ। ਇਸਦੇ ਨਾਲ-ਨਾਲ ਰੋਗੀ ਨੂੰ ਬੋਲਣ ਦਾ ਮੌਕਾ ਦੇ ਕੇ , ਉਸਦੇ ਅੰਦਰ ਦੇ ਮਲਾਲ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਕਿ ਉਸਦਾ ਮਨ ਹਲਕਾ ਹੋਣ ਦੇ ਨਾਲ-ਨਾਲ ਤੁਸੀਂ ਉਸਦੀਆਂ ਗੁੰਝਲਾਂ ਦਾ ਹੱਲ ਵੀ ਦੱਸ ਸਕੋ।
ਸੋ ਇਸ ਦਿਹਾੜੇ ਨੂੰ ਮਨਾਉਣ ਦਾ ਮਕਸਦ ਇਸ ਮਰਜ਼ ਨਾਲ ਜੂਝ ਰਹੇ ਰੋਗੀਆਂ ਨੂੰ ਵੱਧ ਤੋਂ ਵੱਧ ਆਮ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰਨਾ ਹੈ।