ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਉਸਾਰੀ ਗਈ ਮਸੀਤ
Monday, Jun 01, 2020 - 04:47 PM (IST)
ਅਲੀ ਰਾਜਪੁਰਾ
94176 79302
ਗੁਰੂ ਦੀ ਮਸੀਤ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ‘ਹਰਿਗੋਬਿੰਦਪੁਰ’ ਸ਼ਹਿਰ ਵਸਾਇਆ ਸੀ ਤੇ ਇਸੇ ਸ਼ਹਿਰ ਅੰਦਰ ਗੁਰੂ ਜੀ ਨੇ ਆਪਣੇ ਮੁਸਲਮਾਨ ਸੇਵਕਾਂ ਅਤੇ ਤਿੰਨ ਪੀਰਾਂ
1. ਸ਼ਾਹ ਈਮਾਨ
2. ਜਾਨੀ ਸ਼ਾਹ
3. ਗੋਦੜੀਵਾਲ
ਵਾਸਤੇ ਮਸੀਤ ਦੀ ਉਸਾਰੀ ਆਪਣੀ ਦੇਖ-ਰੇਖ ਹੇਠ ਕਰਵਾਈ। ਇਹ ਤਿੰਨੇ ਪੀਰ ਮਸੀਤ ਵਿਚ ਰਹਿੰਦੇ ਹੋਏ ਗੁਰੂ ਸਾਹਿਬ ਜੀ ਨਾਲ ਵਿਚਾਰ-ਚਰਚਾ ਕਰਿਆ ਕਰਦੇ ਸਨ। ਇਹ ਮਸੀਤ ਬਿਆਸ ਦਰਿਆ ਦੇ ਕਿਨਾਰੇ 120 ਫੁੱਟ ਉੱਚੀ ਹੈ, ਜਿਸ ਨੂੰ ਹੁਣ ਗੁਰੂ ਕੀ ਮਸੀਤ ਜਾਂ ਸ਼ਾਹੀ ਮਸੀਤ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਵਿਚ ਇਨ੍ਹਾਂ ਤਿੰਨਾਂ ਪੀਰਾਂ ਦੇ ਆਪਣੇ-ਆਪਣੇ ਮਕਬਰੇ ਵੀ ਹਨ। ਪੀਰ ਸ਼ਾਹ ਈਮਾਨ ਤੇ ਜਾਨੀ ਸ਼ਾਹ ਦੀ ਮਜ਼ਾਰ ’ਤੇ ਹਰ ਵੀਰਵਾਰ ਨੂੰ ਮੇਲਾ ਲੱਗਦਾ ਹੈ। ਇਸ ਮਸੀਤ ਦੀ ਮੁਰੰਮਤ 2003 ਵਿੱਚ ਯੂਨੈਸਕੋ ਨੇ ਕੀਤੀ ਸੀ। ਇਸ ਮਸੀਤ ’ਚ ਗੁਰੂ ਜੀ ਨੇ ਪੀਰਾਂ ਦੇ ਇਸ਼ਨਾਨ ਲਈ ਹਮਾਮ ਵੀ ਬਣਾਇਆ ਸੀ। ਇਹ ਮਸੀਤ ਸਾਂਝੀਵਾਲਤਾ ਦਾ ਪ੍ਰਤੀਕ ਹੈ। ਚਮਾਸੇ ਦੇ ਦਿਨਾਂ ਵਿਚ ਗੁਰੂ ਜੀ ਇਨ੍ਹਾਂ ਪੀਰਾਂ ਕੋਲ ਆ ਕੇ ਬੈਠਦੇ ਸਨ। ਹੁਣ ਇਸ ਮਸੀਤ ਦੀ ਦੇਖ-ਭਾਲ ਇੱਕ ਨਿਹੰਗ ਸਿੰਘ ਕਰਦਾ ਹੈ।
ਇਸ ਮਸਜਿਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ।
ਖ਼ਵਾਜ਼ਾ ਰੌਸ਼ਨ
ਮੁਸਲਮਾਨ ਫ਼ਕੀਰ ਸੀ “ ਖ਼ਵਾਜ਼ਾ ਰੌਸ਼ਨ”। ਇਹ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਮਹਿਮਾ ਸੁਣ ਕੇ ਆਇਆ ਸੀ ਅਤੇ ਇਸ ਨੇ ਗੁਰੂ ਜੀ ਪਾਸੋਂ ਗੁਰੂ ਘਰ ਦੀ ਸੇਵਾ ਮੰਗੀ ਤਾਂ ਗੁਰੂ ਸਾਹਿਬ ਜੀ ਨੇ ਇਸ ਨੂੰ ਘੋੜਿਆਂ ਦੀ ਸੇਵਾ ਸੌਂਪੀ। ਉਹ ਚਾਹੁੰਦਾ ਸੀ ਕਿ ਗੁਰੂ ਜੀ ਦਾ ਨੂਰਾਨੀ ਚਿਹਰਾ ਹਮੇਸ਼ਾ ਉਸ ਦੀਆਂ ਨਜ਼ਰਾਂ ਸਾਹਮਣੇ ਰਵ੍ਹੇ ਅਤੇ ਉਹ ਹਮੇਸ਼ਾ ਗੁਰੂ ਜੀ ਨੂੰ ਦੇਖ ਕੇ ਖ਼ੁਸ਼ ਰਹਿੰਦਾ ਸੀ। ਉਹ ਗੁਰੂ ਜੀ ਦੇ ਘੋੜੇ ਦਾ ਵਿਸ਼ੇਸ਼ ਧਿਆਨ ਰੱਖਦਾ। ਜਦੋਂ ਇਕ ਦਿਨ ਗੁਰੂ ਜੀ ਤਿਆਰ ਹੋ ਕੇ ਜਾਣ ਲੱਗੇ ਤਾਂ ਦੱਸਿਆ ਜਾਂਦਾ ਹੈ ਖ਼ਵਾੜਾ ਰੌਸ਼ਨ ਨੂੰ ਇਉਂ ਮਹਿਸੂਸ ਹੋਇਆ ਕਿ ਗੁਰੂ ਜੀ ਉਸ ਤੋਂ ਦੂਰ ਹੋਣ ਜਾ ਰਹੇ ਹਨ ਤਾਂ ਉਹ ਗੁਰੂ ਜੀ ਦੇ ਪਿੱਛੇ-ਪਿੱਛੇ ਦੌੜਨ ਲੱਗਾ। ਉਹ ਇਸ ਤਰ੍ਹਾਂ ਕਈ ਮੀਲ ਭੱਜਦਾ ਰਿਹਾ। ਜਦੋਂ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਉਹ ਪਿੱਛੇ-ਪਿੱਛੇ ਕਿਉਂ ਭੱਜਿਆ ਆ ਰਿਹਾ ਹੈ? ਉਸ ਨੇ ਆਪਣੇ ਦਿਲ ਵਿਚਲੇ ਝੋਰੇ ਨੂੰ ਜ਼ਾਹਰ ਕੀਤਾ। ਗੁਰੂ ਜੀ ਨੇ ਇੰਨਾ ਸੁਣ ਆਪਣੀ ਛਾਤੀ ਨਾਲ ਲਾਇਆ ਤੇ ਉਸ ਨੂੰ ਧਰਮ ਪ੍ਰਚਾਰ ਲਈ ਦੁਆਬੇ ਵੱਲ ਤੋਰਿਆ ਤਾਂ ਜੋ ਖ਼ਵਾਜ਼ਾ ਰੌਸ਼ਨ ਪ੍ਰਮਾਤਮਾ ਦੀ ਰੌਸ਼ਨੀ ਨਾਲ ਅੰਧ-ਵਿਸ਼ਵਾਸ ਅਤੇ ਭਟਕਣਾਂ ਦੇ ਘੇਰੇ ਨੂੰ ਦੂਰ ਕਰ ਸਕੇ। ਖ਼ਵਾਜ਼ਾ ਰੌਸ਼ਨ ਨੇ ਗੁਰੂ ਜੀ ਦੇ ਹੁਕਮ ਦੀ ਤਾਮੀਰ ਕਰਦਿਆਂ ਨਗਰ-ਨਗਰ, ਦਰ-ਦਰ ਫਿਰ ਕੇ ਪ੍ਰਮਾਤਮਾ ਦੀ ਬਾਤ ਪਾਈ। ਜ਼ਿਲ੍ਹਾ ਜਲੰਧਰ ਤੇ ਫਿਲੌਰ ਤਹਿਸੀਲ ਦੇ ਮਸ਼ਹੂਰ ਪਿੰਡ ਮਾਊ ਸਾਹਿਬ ਵਿਖੇ ਇਸ ਨੇ ਪੱਕਾ ਟਿਕਾਣਾ ਬਣਾ ਲਿਆ, ਜਿੱਥੇ ਅੱਜਕਲ੍ਹ ਇਸ ਦੀ ਮਜ਼ਾਰ ਬਣੀ ਹੋਈ ਹੈ।