ਸ੍ਰੀ ਗੁਰੂ ਹਰਿ ਰਾਇ ਜੀ ਦੇ ਮਿੱਤਰ : ‘ਦਾਰਾ ਸ਼ਿਕੋਹ’

6/4/2020 1:21:52 PM

ਅਲੀ ਰਾਜਪੁਰਾ
94176 79302

1627 ਈ ਵਿਚ ਸ਼ਹਿਨਸ਼ਾਹ ਜਹਾਂਗੀਰ ਜਹਾਨੋਂ ਕੂਚ ਕਰ ਗਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੰਬੰਧ ਉਸ ਦੇ ਜਾਨਸ਼ੀਨ ਨਾਲ ਚੰਗੇ ਰਹੇ। ਗੁਰੂ ਜੀ ਅਕਸਰ ਲਾਹੌਰ ਆਇਆ ਕਰਦੇ ਸਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਸ਼ਾਹਜਹਾਂ ਦੇ ਸਭ ਤੋਂ ਵੱਡੇ ਸ਼ਹਿਜ਼ਾਦੇ ਦਾਰਾ ਸ਼ਿਕੋਹ ਨਾਲ ਹੋਈ, ਜੋ ਉਸ ਸਮੇਂ ਪੰਜਾਬ ਦਾ ਗਵਰਨਰ ਸੀ। ਦਾਰਾ ਸ਼ਿਕੋਹ ਬੜਾ ਸੰਤ ਸੁਭਾਅ, ਪਰਹੇਜ਼ਗਾਰ, ਨਰਮ, ਮੋਮ-ਦਿਲ, ਇਕ ਉਦਾਰ ਫ਼ਕੀਰ ਸੁਭਾਅ ਵਾਲ਼ਾ ਸੀ ਅਤੇ ਹਰ ਵੇਲ਼ੇ ਪ੍ਰਮਾਤਮਾ ਦੀ ਬੰਦਗੀ ਵਿਚ ਰਹਿੰਦਾ ਸੀ। ਕਈ ਉਪਨਿਸ਼ਦਾਂ ਦਾ ਤਰਜਮਾ ਇਸ ਨੇ ਫ਼ਾਰਸੀ ਵਿਚ ਕਰਵਾਇਆ। ਇਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੰਤ ਸੁਭਾਅ ਤੇ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦਾ ਗੂੜ੍ਹਾ ਮਿੱਤਰ ਬਣ ਗਿਆ। ਦਾਰਾ ਸ਼ਿਕੋਹ ਦੇ ਕਹਿਣ ਉੱਤੇ ਗੁਰੂ ਜੀ ਨੇ ਆਪਣਾ ਬਹੁਤ ਸਮਾਂ ਲਾਹੌਰ ਵਿਚ ਬਤੀਤ ਕੀਤਾ। ਉਹ ਜਦੋਂ ਵੀ ਕਸ਼ਮੀਰ ਘੁੰਮਣ ਜਾਂਦਾ ਤਾਂ ਗੁਰੂ ਜੀ ਨੂੰ ਆਪਣੇ ਨਾਲ ਜਾਣ ਦੀ ਬੇਨਤੀ ਜਰੂਰ ਕਰਦਾ।

ਸ਼ਾਹਜਹਾਂ ਦੇ ਅਖ਼ੀਰਲੇ ਦਿਨਾਂ ਵਿਚ ਸਾਰਾ ਰਾਜ ਪ੍ਰਬੰਧ ਦਾਰਾ ਸ਼ਿਕੋਹ ਨੇ ਹੀ ਸੰਭਾਲ ਰੱਖਿਆ ਸੀ, ਕਿਉਂਕਿ ਸ਼ਾਹਜਹਾਂ ਇਤਨਾ ਨਿਢਾਲ ਹੋ ਚੁੱਕਿਆ ਸੀ ਕਿ ਉਹ ਰੋਜ਼ਾਨਾ ਦੇ ਕੰਮਾਂ-ਕਾਜਾਂ ਦਾ ਧਿਆਨ ਨਹੀਂ ਰੱਖ ਸਕਦਾ ਸੀ। ਉਸਨੇ ਅਜਿਹਾ ਪ੍ਰਬੰਧ ਕੀਤਾ ਕਿ ਰਾਜਧਾਨੀ ਦੀਆਂ ਖ਼ਬਰਾਂ ਕਿਸੇ ਸੂਬੇ ਵਿਚ ਨਾ ਪਹੁੰਚ ਸਕਣ। ਆਪਣੇ ਬੰਦੇ ਮੁੱਖ ਰਸਤਿਆਂ ਉੱਤੇ ਤਾਇਨਾਤ ਕਰ ਦਿੱਤੇ ਪਰ ਬਾਕੀ ਤਿੰਨ ਭਰਾਵਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ।

ਦਾਰਾ ਸ਼ਿਕੋਹ ਰਾਜ ਦੇ ਘਾਟੇ-ਵਾਧੇ ਦਾ ਜ਼ਿੰਮੇਵਾਰ ਸੀ ਪਰ ਉਹ ਔਰੰਗਜ਼ੇਬ ਤੋਂ ਭੈਅ ਖਾਂਦਾ ਸੀ, ਔਰੰਗਜ਼ੇਬ ਦੇ ਖ਼ਿਲਾਫ਼ ਸਾਰਾ ਬੰਦੋਬਸਤ ਕਰਨ ਦੇ ਬਾਵਜੂਦ ਵੀ ਉਹ ਔਰੰਗਜ਼ੇਬ ਨੂੰ ਮਾਤ ਨਾ ਪਾ ਸਕਿਆ। ਔਰੰਗਜ਼ੇਬ ਨੇ ਪਹਿਲਾਂ ਆਪਣੇ ਪਿਤਾ ਸ਼ਾਹਜਹਾਂ ਨੂੰ ਆਗਰੇ ਦੇ ਕਿਲ੍ਹੇ ਵਿਚ ਕੈਦ ਕਰ ਲਿਆ, ਫਿਰ ਉਸ ਨੇ ਤਖ਼ਤ ਦੇ ਵਾਰਿਸ ਦਾਰਾ ਸ਼ਿਕੋਹ ਦੀ ਜਾਨ ਵੀ ਲੈਣੀ ਚਾਹੀ। ਇਹ ਪਤਾ ਲੱਗਣ ’ਤੇ ਦਾਰਾ ਸ਼ਿਕੋਹ ਕਾਬਲ ਪਹੁੰਚਣ ਵਾਸਤੇ ਭੱਜ ਤੁਰਿਆ ਅਤੇ ਦਰਿਆ ਬਿਆਸ ਲੰਘ ਦੇ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਹਰਿ ਰਾਇ ਜੀ ਪਾਸ ਪੁੱਜਾ। ਦਾਰਾ ਸ਼ਿਕੋਹ ਦੇ ਸੰਬੰਧ ਸ਼ੁਰੂ ਤੋਂ ਹੀ ਸ੍ਰੀ ਗੁਰੂ ਹਰਿ ਰਾਇ ਜੀ ਨਾਲ ਵੀ ਚੰਗੇ ਸਨ। ਇਕ ਤਾਂ ਦਾਰਾ ਸ਼ਿਕੋਹ ਵੈਸੇ ਵੀ ਸਾਧੂ ਸੰਤਾਂ ਦਾ ਸਤਿਕਾਰ ਕਰਨ ਵਾਲ਼ਾ ਸੀ ਅਤੇ ਦੂਜਾ ਉਸ ਨੂੰ ਇਕ ਭਿਆਨਕ ਬੀਮਾਰੀ ਤੋਂ ਗੁਰੂ ਜੀ ਵੱਲੋਂ ਭੇਜੀ ਦਵਾਈ ਨਾਲ ਆਰਾਮ ਆਇਆ ਸੀ। ਦਾਰਾ ਸ਼ਿਕੋਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਔਰੰਗਜ਼ੇਬ ਦੀ ਫ਼ੌਜ ਫੜਨ ਆਈ ਹੋਈ ਹੈ।

ਜੇ ਕਰ ਤੁਸੀਂ ਇਨ੍ਹਾਂ ਨੂੰ ਦੋ ਪਹਿਰ ਦਰਿਆ ਨਾ ਪਾਰ ਹੋਣ ਦਿੱਤਾ ਤਾਂ ਮੇਰੀ ਜਾਨ ਬਚ ਜਾਵੇਗੀ। ਗੁਰੂ ਜੀ ਨੇ ਦਇਆ ਕਰਕੇ ਆਪਣੇ ਬਾਈ ਸੌ ਅਸਵਾਰ ਅਤੇ ਤਿੰਨ ਤੋਪਾਂ ਭੇਜ ਕੇ ਬਿਆਸ ਦਰਿਆ ਨੇੜੇ ਚਾਰੇ ਪਾਸੇ ਫੈਲਾਅ ਦਿੱਤੀਆ ਅਤੇ ਬੇੜੀਆ ਰੋਕ ਦਿੱਤੀਆ। ਦਾਰਾ ਸ਼ਿਕੋਹ ਨਾਲ ਉਸ ਦੀ ਆਪਣੀ ਵੀਰ ਹਜ਼ਾਰ ਦੀ ਸੈਨਾ ਵੀ ਸੀ। ਪਰ ਅਸਲ ਵਿਚ ਦਾਰਾ ਸ਼ਿਕੋਹ ਪੰਜਾਬ ਵਿਚ ਔਰੰਗਜ਼ੇਬ ਦਾ ਮੁਕਾਬਲਾ ਕਰਨ ਦੇ ਵਿਚਾਰ ਨਾਲ ਨਹੀਂ ਆਇਆ ਸੀ ਅਤੇ ਨਾ ਹੀ ਉਨ ਇੰਨੀ ਹਿੰਮਤ ਰੱਖਦਾ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਦਾਰਾ ਸ਼ਿਕੋਰ ਹਾਰ ਚੁੱਕਿਆ ਸੀ ਤੇ ਹੁਣ ਉਹ ਮੁੜ ਹਾਰ ਦਾ ਮੂੰਹ ਨਹੀਂ ਦੇਖਣਾ ਚਾਹੁੰਦਾ ਸੀ। ਗੁਰੂ ਦੀਆਂ ਫ਼ੌਜਾਂ ਨੇ ਦਰਿਆ ਦੇ ਕੰਢੇ ਉੱਪਰ ਬੇੜੀਆਂ ਰੋਕ ਦਿੱਤੀਆ ਅਤੇ ਔਰੰਗਜ਼ੇਬ ਦੀ ਫੌ਼ਜ ਦਰਿਆ ਪਾਰ ਨਾ ਕਰ ਸਕੀ। ਇਕ ਦਿਨ ਫੌ਼ਜ ਰੁਕਣ ਪਿੱਛੋਂ ਵਾਪਿਸ ਮੁੜ ਗਈ।

ਗੁਰੂ ਜੀ ਦਾ ਉਸ ਨਾਲ ਚੰਗਾ ਪ੍ਰੇਮ ਹੋਣ ਕਰਕੇ ਉਸ ਨੂੰ ਲਾਹੌਰ ਤੱਕ ਛੱਡਣ ਨਾਲ ਗਏ ਅਤੇ ਜਦੋਂ ਦਾਰਾ ਸ਼ਿਕੋਹ ਲਾਹੌਰ ਪਹੁੰਚ ਗਿਆ ਤਾਂ ਗੁਰੂ ਜੀ ਵਾਪਿਸ ਮੁੜ ਆਏ। ਇਸ ਗੱਲ ਦਾ ਔਰੰਗਜ਼ੇਬ ਨੇ ਬੁਰਾ ਮਨਾਇਆ ਤੇ ਉਸ ਦੇ ਅਹਿਲਕਾਰਾਂ ਨੇ ਬਾਦਸ਼ਾਹ ਦੀ ਨਰਾਜ਼ਗੀ ਤੋਂ ਗੁਰੂ ਜੀ ਨੂੰ ਜਾਣੂੰ ਕਰਾਇਆ। ਗੁਰੂ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਜੀ ਦਾ ਦਰ ਤਾਂ ਹਰ ਕਮਜ਼ੋਰ ਅਤੇ ਬੇ-ਸਹਾਰਿਆਂ ਲਈ ਖੁੱਲ੍ਹਾ ਹੈ।

ਇਸੇ ਤਰ੍ਹਾਂ ਸਰੂਪ ਦਾਸ ਭੱਲਾ ਮਹਿਮਾ ਪ੍ਰਕਾਸ਼ ਸਾਖੀ ਸੱਤਵੇਂ ਮਹਿਲ ਕੀ, ਸਾਖੀ ਨੰ. 3 ’ਚ ਦਰਜ ਮਿਲਦਾ ਹੈ..

“ ਤਿਨ ਜਾਇ ਲਿਖਾ ਸਤਿਗੁਰ ਕਉ ਦੀਆ
ਪੜ੍ਹ ਦੀਵਾਨ ਅਰਦਾਸ ਗੁਰਿ ਕੀਆ”
“ ਇਕ ਗਜਮੋਤੀ ਅਰ ਲੌਂਗ ਹਰੀੜ,
ਮਾਂਗੀ ਬਾਦਸ਼ਾਹ ਕਾਰਜ ਹੈ ਭੀੜ।
ਜੋ ਦੇਵੇ ਦਿਆਲ ਦੇਖ ਤਿਸ ਚਾਹ,
ਉਚਿਤ ਨਾਹੀ ਦੇਨਾ ਬਾਦਸ਼ਾਹ। ”


rajwinder kaur

Content Editor rajwinder kaur