ਪੰਜਾਬੀ ਕਿੱਸਾ ਕਾਵਿ ਦਾ ਸੰਸਾਰ ਅਤੇ ਪੰਜਾਬ

06/13/2020 6:40:51 PM

ਇਹ ਲੇਖ ਅਸੀਂ ਜਗਬਾਣੀ ਦੇ ਪਾਠਕਾਂ ਲਈ ਪੰਜਾਬੀ ਰਸਾਲੇ 'ਪੰਜਾਬੀ ਦੁਨੀਆਂ' ਦੇ ਕਿੱਸਾ-ਕਾਵਿ ਅੰਕ ਵਿੱਚੋਂ 'ਪੰਜਾਬ ਡਿਜੀਟਲ ਲਾਇਬ੍ਰੇਰੀ-ਚੰਡੀਗੜ੍ਹ' ਦੇ ਸਹਿਯੋਗ ਨਾਲ ਪ੍ਰਕਾਸ਼ਤ ਕੀਤਾ ਹੈ।

ਪੰਜਾਬੀ ਦੁਨੀਆ ਕਿੱਸਾ – ਕਾਵਿ ਅੰਕ

ਡਾਕਟਰ ਹਰਨਾਮ ਸਿੰਘ ਸ਼ਾਨ

“ਕਿੱਸਾ ਕੋਈ ਮਾਮੂਲੀ ਜੇਹੀ ਚੀਜ਼ ਨਹੀਂ, ਨਾ ਹੀ ਇਹ ਘਿਰਣਾ ਦੇ ਯੋਗ ਹੈ। ਮਾਮੂਲੀ ਕਵੀ ਕਿੱਸਾ ਨਹੀਂ ਲਿਖ ਸਕਦਾ ਤੇ ਇਕ ਮਹਾਂ-ਕਵੀ ਹੀ ਕਿੱਸੇ ਦੀਆਂ ਸਾਰੀਆਂ ਵਿਸ਼ੇਸ਼ਤਾਈਆਂ ਪੂਰੀ ਤਰ੍ਹਾਂ ਨਿਭਾ ਸਕਦਾ ਹੈ। ” ( ਆਧੁਨਕ ਪੰਜਾਬੀ ਕਵਿਤਾ-ਲਾਹੌਰ 1941 ਪੰਨਾ 281) ਡਾਕਟਰ ਮੋਹਨ ਸਿੰਘ ਜੀ ਦਾ ਇਹ ਕਥਨ ਬਹੁਤ ਹੱਦ ਤਕ ਸੱਚ ਹੈ। ਪੰਜਾਬੀ ਕਿੱਸਾ-ਕਾਵਿ ਦਾ ਵਿਸ਼ਾ ਦਾ ਵਿਸ਼ਾ-ਵਸਤੂ ਤੇ ਰੂਪ ਰੰਗ ਇਸ ਦਾ ਗਵਾਹ ਹੈ।

ਪੰਜਾਬੀ ਵਿੱਚ ਲਿਖੇ ਗਏ ਬਹੁਤ ਸਾਰੇ ਕਿੱਸੇ ਨਿਰੇ-ਪੁਰੇ ਕਹਾਣੀਆਂ ਦੇ ਪਲੰਦੇ ਹੀ ਨਹੀਂ। ਇਨ੍ਹਾਂ ਵਿੱਚ ਕਹਾਣੀ ਦੀ ਕਿੱਲੀ ਦੁਆਲੇ ਕਿੱਸਾਕਾਰਾਂ ਦੀਆਂ ਭਿੰਨ-ਭਿੰਨ ਰੁਚੀਆਂ ਅਨੁਸਾਰ ਸਾਡਾ ਧਰਮ, ਸਾਹਿਤ ਤੇ ਸਮਾਜ, ਨੀਤੀ, ਮਿਥਿਆਸ ਤੇ ਇਤਿਹਾਸ ਉਣਿਆ ਪਿਆ ਹੈ। ਇਹ ਪੰਜਾਬੀ ਸਭਿਅਤਾ ਤੇ ਸਭਿਆਚਾਰ ਦੇ ਦਰਪਨ ਹਨ। ਇਹ ਇੱਕ ਨਹੀਂ, ਦੋ ਨਹੀਂ, ਸੈਂਕੜੇ ਪੰਜਾਬੀਆਂ ਦੀ ਕਿਰਤ ਹੋਣ ਕਰਕੇ ਲੱਖਾਂ-ਕਰੋੜਾਂ ਪੰਜਾਬੀਆਂ ਦੀ ਸਦੀਆਂ ਬੱਧੀ ਧਾਪ ਦਾ ਰੀਕਾਰਡ ਹਨ। ਇਹ ਆਪੋ ਆਪਣੇ ਸਮੇਂ ਤੇ ਤਰੇਗੜੇ ਦੇ ਆਤਮਕ ਸਮਾਜਕ ਤੇ ਸਭਿਆਚਾਰਕ ਤੇ ਰੋਮਾਂਚਕ ਜੀਵਨ ਦਾ ਅਲੌਕਿਕ ਚਿਤਰ ਹਨ। ਪੰਜਾਬ ਦੇ ਸੰਤਾਂ ਸੂਫੀਆਂ, ਆਮਾਂ ਤੇ ਖ਼ਾਸਾਂ ਨੇ ਇਨ੍ਹਾਂ ਵਿੱਚ ਲੋਕ-ਪਰਵਾਨ ਧਾਰਨਾਂ ਰਾਹੀਂ ਸਾਡੀ ਸਭਿਅਤਾ ਤੇ ਸਭਿਆਚਾਰ ਨੂੰ ਕਲਮ-ਬੰਦ ਕਰ ਦੇ ਸਾਂਭ ਦਿੱਤਾ ਹੈ। ਪੰਜਾਬੀਆਂ ਦੇ ਖੁੱਲ੍ਹੇ-ਡੁਲ੍ਹੇ ਤੇ ਰਸ-ਰੰਗ-ਰੱਤੇ ਸੁਭਾ ਨੇ ਇਨ੍ਹਾਂ ਦੇ ਪੰਨਿਆਂ ਵਿੱਚ ਰਜਵਾਂ ਬਿਆਨ ਲਿਆ ਹੈ। ਪੰਜਾਬੀ ਜੀਵਨ ਵਿੱਚ ਰੰਗੀਨੀ ਤੇ ਅਲਬੇਲਾਪਣ ਭਰਨ ਵਿੱਚ ਵੀ ਇਨ੍ਹਾਂ ਦੇ ਨਾਇਕਾਂ ਤੇ ਨਾਇਕਾਵਾਂ ਦਾ ਚੋਖਾ ਹੱਥ ਹੈ। ਪੰਜਾਬੀਆਂ ਦੀ ਸਾਫ-ਦਿੱਲੀ, ਜ਼ਿੰਦਾ-ਦਿੱਲੀ ਤੇ ਦਰਿਆ-ਦਿੱਲੀ ਉੱਤੇ ਇਨ੍ਹਾਂ ਦੀ ਛਾਪ ਲੱਗੀ ਹੋਈ ਹੈ। ਆਦਰਸ਼ ਲਈ ਮਰ-ਮਿਟਣ ਦੇ ਚਾਵਾਂ, ਰਜਵਾਂ ਖਾਣ-ਹੰਢਾਣ ਦੀਆਂ ਰੀਝਾਂ, ਸੋਹਣੇ-ਸੁਨੱਖੇ ਬਣੇ ਰਹਿਣ ਦੀਆਂ ਉਮੰਗਾਂ ਅਤੇ ਹੁਸਨ-ਜਵਾਨੀ ਦੇ ਮਾਣਾਂ ਲਈ ਪੰਜਾਬ-ਵਾਸੀ ਇਨ੍ਹਾਂ ਦੇ ਪਾਏ ਪੂਰਨਿਆਂ ਲਈ ਰਿਣੀ ਹਨ। ਉਨ੍ਹਾਂ ਦੇ ਖੁਲੇ-ਖੁਲਾਸੇ ਸੀਨਿਆਂ, ਚੌੜੀਆਂ-ਚਕਲੀਆਂ ਛਾਤੀਆਂ, ਗੋਲ-ਗੁਦਲੇ ਡੌਲਿਆਂ ਅਤੇ ਪਿਆਰ-ਰਤੀਆਂ ਅੱਖੜੀਆੰ ਵਿੱਚ ‘ਹੀਰਾਂ-ਸੋਹਣੀਆਂ’ ਦੇ ਸਿਦਕ ਤੇ ‘ਮਿਰਜ਼ਿਆਂ- ਮਹੀਵਾਲਾਂ’ ਦੇ ਤ੍ਰਾਣ ਵੀ ਕੰਮ ਕਰ ਰਹੇ ਹਨ। ਪੰਜਾਬੀ ਇਤਿਹਾਸ ਦੇ ਕਈ ਕਾਰਨਾਮੇ ਅਤੇ ਪੰਜਾਬੀ ਸੁਭਾ ਦੇ ਕਈ ਖ਼ਾਸੇ ਇਨ੍ਹਾਂ ਨਾਲ ਸਬੰਧਤ ਹਨ।

ਜਿਵੇਂ-

ਭਰਾ - “ਭਈਏ ਮੁਈਏ ਕਿਆ ਕੀਤੋ ਈ, ਅਸਾਂ ਖ਼ਬਰ ਨਾ ਕਾਈ।
ਅਸਾਂ ਸੁਣਿਆਂ ਸੰਬਲ ਆਏ, ਖ਼ਬਰ ਨਾ ਅਸਾਂ ਕਾਈ… ”

ਭੈਣ- “ ਸੁਣ ਵੀਰਾ ਖ਼ਾਨਾ ਸੁਲਤਾਨਾ ਕਿਸੇ ਤੁਸਾ ਨੂੰ ਕੁੜ ਸੁਣਾਇਆ।
ਭੁੱਖੋ ਚਾਕ ਕਿਦਾਊਂ ਆਂਏ, ਉਨ੍ਹਾਂ ਵੱਲੀ ਨੂੰ ਹੱਥ ਪਾਇਆ।
ਕੁੜੀਆਂ ਕਢੇ ਚਿਕ ਕਿਵੇਂ ਹੀ,. ਕੋਈ ਕਦਰ ਨਾ ਮੈਨੂੰ ਆਇਆ।
ਕਿਤਨੂੰ ਆਖਾਂ ਤੁਸਾਂ ਸੁਣਾਈਂ, ਕਿਛ ਅਕਬਰ ਮੱਥੋ ਧਾਇਆ। ”
(ਹੀਰ ਦਮੋਦਰ)

ਪ੍ਰੋ. ਪੂਰਨ ਸਿੰਘ ਜੀ ਨੇ ਜਿਸ ਪੰਜਾਬ ਬਾਰੇ ਇਹ ਕਿਹਾ ਸੀ-

“ ਦਰਿਆਵਾਂ ਦੇ ਮੇਲ ਇੱਥੇ, ਦਰਿਆਵਾਂ ਵਾਲੇ ਵਿਛੋੜੇ,
ਡੁੰਘੇ ਤੇ ਲੰਮੇ ਸਾਰੇ, ਵੱਡੇ-ਵੱਡੇ ਦਰਦ ਓ!
ਇੱਥੇ ਖੁਲ੍ਹ ਦਾ ਮਦਾਨ ਹੈ,
ਇੱਥੇ ਪਿਆਰ ਦੇ ਹੜਾਂ ਦਾ ਆਵੇਸ਼ ਹੈ,
ਇੱਥੇ ਪਹਾੜ ਪਿਆਰ ਵਿੱਚ ਪਿਘਲਦੇ!
ਇੱਥੇ ਕੋਈ ਅਣਪਛਾਤਾ ਜਿਹਾ ਇਲਾਹੀ ਸਵਾਦ ਹੈ!! ( ਖੁਲੇ ਮੈਦਾਨ ਪੰਨਾ -124) 

ਉਸ ਨੂੰ ਅਜਿਹਾ ਬਣਾਉਣ ਵਿੱਚ ਪੰਜਾਬ ਦੇ ਇਨ੍ਹਾਂ ਨਾਇਕਾਂ-ਨਾਇਕਾਵਾਂ ਦਾ ਵੀ ਚੋਖਾ ਹੱਥ ਹੈ, ਜਿਨ੍ਹਾਂ ਦੇ ਚੋਜਾਂ-ਚੁਹਲਾਂ ਦੀਆ ਕਹਾਣੀਆਂ ਪੰਜਾਬ ਦੇ ਕੌਮੀ ਜੀਵਨ ਦਾ ਇੱਕ ਅਨਿੱਖੜ ਅੰਗ ਬਣ ਗਈਆਂ ਹਨ।

ਹੀਰ ਰਾਂਝਾ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ, ਰਾਜਾ ਰਸਾਲੂ ਤੇ ਸੱਸੀ ਪੁੰਨੂੰ ਆਦਿ ਚਿਰ ਕਾਲ ਤੋਂ ਪੰਜਾਬੀਆਂ ਦੇ ਮਹਿਬੂਬ ਪਾਤਰ ਬਣੇ ਹੋਏ ਹਨ। ਇਨ੍ਹਾਂ ਦੇ ਕਿਰਦਾਰਾਂ ਵਿੱਚ ਪੰਜਾਬੀ ਜਨ-ਸਾਧਾਰਨ ਦਾ ਦਿਲ ਬੋਲ ਰਿਹਾ ਹੈ। ਇਸੇ ਲਈ ਮੈਂ ਸ੍ਰ.ਕਰਮ ਜਿੰਘ ਜੀ ਹਿਸੋਟੇਰੀਅਨ, ਦੇ ਇਸ ਵਿਚਾਰ ਨਾਲ ਸਹਿਮਤ ਨਹੀਂ ਕਿ- “ ਇਹ ਸਭ ਵਿਗੜੇ ਹੋਏ ਮੁੰਡੇ-ਕੁੜੀਆਂ ਸਨ, ਜਿਨ੍ਹਾਂ ਨੇ ਆਪਣੇ ਮਾਪਿਆਂ ਤੇ ਕੌਮ ਦੀ ਇੱਜ਼ਤ ਦਾ ਖ਼ਿਆਲ ਨਾ ਕਰ ਕੇ, ਉਹ ਕੰਮ ਕੀਤੇ ਜਿਨ੍ਹਾਂ ਨੂੰ ਲੋਕੀ ਚੰਗਾ ਨਹੀਂ ਸਮਝਦੇ ਸਨ, ਪਰ ਹੋਲੀ ਹੋਲੀ ਲੋਕਾਂ ਨੇ ਉਨ੍ਹਾਂ ਦੇ ਔਗੁਣਾਂ ਨੂੰ ਗੁਣ ਬਣਾ ਦਿੱਤਾ ਤੇ ਇਨ੍ਹਾਂ ਮੁੰਡੇ-ਕੁੜੀਆਂ ਨੂੰ ਪ੍ਰੇਮ ਦਾ ਆਦਰਸ਼ ਸਮਝਣ ਲੱਗ ਪਏ….। ”

ਜੇ ਇਹ ਅਜਿਹੇ ਘਿਰਣਾਯੋਗ ਪਾਤਰ ਹੁੰਦੈ, ਜੇ ਉਨ੍ਹਾਂ ਦੀਆਂ ਕਹਾਣੀਆਂ ਵਿੱਚ ਕੋਈ ਅਗੰਮੀ ਖਿੱਚ ਨਾ ਹੁੰਦੀ, ਜੇ ਉਨ੍ਹਾਂ ਦੇ ਕੌਤਕ ਪੰਜਾਬੀ ਸੁਭਾ ਦੇ ਅਨੁਕੂਲ ਨਾ ਹੁੰਦੇ ਤਾਂ ਪੰਜਾਬੀ ਕਵੀ ਇਨ੍ਹਾਂ ਨੂੰ ਹਰ ਦੌਰ ਵਿੱਚ ਮੁੜ ਮੁੜ ਲਿਖਣ ਦੀ ਖੈਚਲ ਨਾ ਕਰਦੇ। ਭਿੰਨ-ਭਿੰਨ ਰੁਚੀਆਂ, ਰੂਪਾਂ ਤੇ ਛੰਦਾਂ ਨੂੰ ਵਰਤਣ ਦੀ ਥਾਂ ਕੇਵਲ ਇੱਕੋ ਰੁਚੀ ਦੇ ਇੱਕੋ ਕਵੀ ਦੀ ਇੱਕੋ ਜੇਹੀ ਰਚਨਾ ਹੀ ਕੰਮ ਸਾਰ ਦੇਂਦੀ। ਪਰ ਇਸ ਨਾਲ ਲੋਕ-ਰੁਚੀਆਂ ਦੀ ਤ੍ਰਿਪਤੀ ਨਹੀਂ ਸੀ ਹੁੰਦੀ। ਇਸੇ ਲਈ ਲੋਕਾਂ ਵਿੱਚੋਂ ਉਠਦੇ ਰਹੇ ਨਿੱਤ ਨਵੇਂ ਕਵੀ ਇਨ੍ਹਾਂ ਨੂੰ ਨਿਤ ਨਵੇਂ ਢੰਗਾਂ ਰਾਹੀਂ ਵਰਣਨ ਕਰਕੇ ਸਮੇਂ ਦੀ ਲੋੜ ਪੂਰਦੇ ਰਹੇ ਹਨ। ਇਕੱਲੇ ‘ਹੀਰ ਰਾਂਝੇ’ ਦੇ ਕਿੱਸੇ ਕੋਈ ਸੌ ਤੋਂ ਵਧ ਲਿਖੇ ਗਏ ਹਨ ਅਤੇ ‘ਸੰਸੀ ਪੁੰਨੂੰ’ ਦੇ ਸੌ ਦੇ ਨੇੜੇ-ਤੇੜੇ। ‘ਸ਼ੀਰੀਂ ਫ਼ਰਿਹਾਦ’, ‘ਲੈਲਾ ਮਜਨੂੰ’, ਮਾਧਵਾ ਨਲ, ‘ਕਾਮ ਕੰਦਲਾ ’ ਆਦਿ ਬਦੇਸੀ ਤੇ ਪਰ-ਪਰਾਂਤੀ ਕਹਾਣੀਆਂ ਉੱਤੇ ਵੀ ਕੁਝ ਪੰਜਾਬੀ ਕਵੀਆਂ ਨੇ ਹੱਥ ਅਜ਼ਮਾਇਆ ਹੈ ਪਰ ਇਹ ਹਕੀਕਤ ਹੈ ਕਿ ਇਨ੍ਹਾਂ ਦੇ ਪਾਤਰ ਪੰਜਾਬੀਆਂ ਦੀਆਂ ਦਿਲ-ਡੁੰਘਾਈਆਂ ਵਿੱਚ ਥਾਂ ਨਹੀਂ ਲੈ ਸਕੇ।

ਇਸ ਦੇ ਉਲਟ ਹੀਰਾਂ ਤੇ ਰਾਂਝੇ, ਸੋਹਣੀਆਂ ਤੇ ਮਹੀਵਾਲ, ਮਿਰਜ਼ੇ ਤੇ ਸਾਹਿਬਾਂ ਪੰਜਾਬੀਆਂ ਦੀ ਨੱਸ ਨੱਸ ਵਿੱਚ ਧਸ ਚੁੱਕੇ ਹਨ। ਵਰਤਮਾਨ ਵਿਗਿਆਨਕ ਯੁਗ ਵਿੱਚ ਵੀ ਉਨ੍ਹਾਂ ਨੂੰ ਆਪਣੇ ਅੰਗ-ਸੰਗ ਰੱਖਣ ਲਈ ਇਉਂ ਵਾਸਤੇ ਪਾਏ ਜਾ ਰਹੇ ਹਨ-

“ ਆ ਵੀਰਾ ਰਾਂਝਿਆ!
ਆ ਭੈਣੇ ਹੀਰੇ!
ਸਾਨੂੰ ਛੋੜ ਨਾ ਜਾਵੋ,
ਬਿਨ ਤੁਸਾਂ ਅਸੀਂ ਸੱਖਣੇ।’’1

ਪੰਜਾਬ ਨੂੰ ਮੁੜ ਸੋਹਣੀ ਜੇਹਾ ਹੋਰ ਬੁੱਤ ਢਾਲਣ ਲਈ ਤਰਲੇ ਲਏ ਜਾ ਰਹੇ ਹਨ-

“ ਆ-ਪਿਆਰ-ਪੰਜਾਬ ਤੂੰ ਮੁੜ ਆ!
ਸੋਹਣੀ ਜਿਹੀ ਮੁੜ ਕਢ ਇੱਕ ਹੋਰ ਤੂੰ!
ਕਰੀਂ ਬੁਖਾਰੇ ਦੇ ਦੇਸ ਦੇ ਮੁੜ ਚਾਕਰ,
ਪਿਆਰ ਆਪਣੇ ਦਾ ਮੁੜ ਇੱਕੇ ਵਾਰੀ ਮੁੱਲ ਦੱਸੀਂ।’’ 2

ਇਹ ਇਸ ਲਈ ਕਿ ਵੇਖਣ ਵਾਲੀਆਂ ਮਾਰਮੀ ਔਖਾਂ ਨੂੰ ਉਸ ਦੀ ਝੁੱਗੀ ਦਾ ਕੇਵਲ ਤਸੱਵਰ ਹੀ ਮਘਦੇ ਭਖਦੇ ਪੰਜਾਬ ਦੇ ਸਥਿਆਤ ਦਰਸ਼ਨ ਕਰਾਉਂਦਾ ਹੈ। ਤਾਹੀਓ ਤਾਂ ਪੂਰਨ ਸਿੰਘ ਹੁਰੀ ਇੱਥੋ ਤਕ ਆਖਦੇ ਸਨ ਕਿ -

“ ਮੈਨੂੰ ਦਿਸਦੀ ਝਨਾਂ ਦੇ ਪਾਰਲੇ ਕੰਢੇ
ਦੂਰ ਨੂਰ ਵਿੱਚ ਡੁੱਬੀ ਨਿੱਕੀ ਜਿਹੀ ਝੁੱਗੀ…
ਇਹ ਸੌਹਣੀ ਦਾ ਦਿਲ ਹੈ!
ਇੱਥੇ ਵਸਦੀ ਸਦਾ ਦੀ ਜ਼ਿੰਦਗੀ,
ਪੰਜਾਬ ਦੀ ਭਖਦੀ, ਕੂਕਦੀ ਜ਼ਿੰਦਗੀ। ” (ਖੁਲ੍ਹੇ ਮੈਦਾਨ)

ਸੋ ਅਜੇਹੀਆਂ ਕਹਾਣੀਆਂ ਦੀ ਲੋਕ-ਪ੍ਰੀਯਤਾ ਤੇ ਉਨ੍ਹਾਂ ਦੇ ਪਾਤਰਾਂ ਦੀ ਸਰਬ ਸਾਂਝੀਵਾਲਤਾ ਦੀ ਇਸ ਤੋਂ ਵਧੇਰੇ ਭਰੋਸੇ-ਯੋਗ ਗਵਾਹੀ ਹੋਕ ਕੀ ਹੋ ਸਕਦੀ ਹੈ ਕਿ ਲੋਕ ਦਿਲਾਂ ਉੱਤੇ ਉਨ੍ਹਾਂ ਦੀ ਪਕੜ ਸਦੀਆਂ ਬੀਤ ਜਾਣ ’ਤੇ ਵੀ ਉਸੇ ਤਰ੍ਹਾਂ ਕਾਇਮ ਹੈ। ਹਰ ਸਮੇਂ, ਹਰ ਇਲਾਕੇ ਤੇ ਉਪ-ਬੋਲੀ ਵਿੱਚ ਦਰਜਨਾਂ ਅਜਿਹੇ ਕਵੀ ਜਾਂ ਲੇਖਕ ਨਿਤਰਦੇ ਰਹੇ ਹਨ, ਜੋ ਇਨ੍ਹਾਂ ਨੂੰ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਲਿਖਣ ਜਾਂ ਕਵਿਤਾਉਣ ਵਿੱਚ ਆਪਣੀ ਕਲਾ ਤੇ ਪ੍ਰਤਿਭਾ ਦਾ ਮਾਣ ਸਮਝਦੇ ਰਹੇ ਹਨ। ਇਨ੍ਹਾਂ ਦੀ ਖਿੱਚ ਤੇ ਪ੍ਰਭਾਵ ਦਾ ਇਸ ਤੋਂ ਵਡੇਰਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਭਿੰਨ ਭਿੰਨ ਰੁਚੀਆਂ ਦੇ ਕਵੀ ਇਨ੍ਹਾਂ ਨੂੰ ਉਹਲ਼ਾ ਜੇਹਾ ਮਿਥ ਕੇ ਆਪਣੇ ਆਤਮਕ ਅਨੁਭਵ ਜਾਂ ਦੁਨਿਆਵੀ ਤਜ਼ਰਬੇ ਜਾਂ ਨਿਜੀ ਜਜ਼ਬੇ ਬਿਆਨ ਕੇ ਆਪਣੇ ਦਿਲ ਹੌਲੇ ਕਰਦੇ ਰਹੇ ਹਨ, ਜਾਂ ਇਨ੍ਹਾਂ ਰਾਹੀਂ ਆਪਣੇ ਭਾਵ ਪ੍ਰਗਟਾਉਂਦੇ ਰਹੇ ਹਨ। ਕਿਸ ਇਨ੍ਹਾਂ ਨੂੰ ਮਿਥਿਆਸਕ ਰੰਗ ਚਾੜਿਆ, ਕਿਸੇ ਅਧਿਆਤਮਕ ਕਿਸੇ ਹਿੰਦੂਆਈ ਤੇ ਕਿਸੇ ਮੁਸਲਮਾਨੀ, ਕਿਸੇ ਰੋਮਾਂਚਕ ਤੇ ਕਿਸੇ ਇਤਿਹਾਸਕ, ਕਿਸੇ ਲੌਕਿਕ ਤੇ ਕਿਸ ਨਿੱਜੀ । ਜਿਵੇਂ-

“ਅੱਖੀ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕੋਈ।
ਸ਼ਉਂਕ ਸ਼ਉਂਕ ਉਠੀ ਹੈ ਮੈਂਢੀ, ਤਾਂ ਦਿਲ ਉਮੱਕ ਹੋਈ। ”(ਦਮੋਦਰ ਗੁਲਾਟੀ)

“ ਤਦੋਂ ਸ਼ੌਕ ਹੋਇਆ ਕਿੱਸਾ ਜੋੜਨੇ ਦਾ,
ਗੱਲ ਇਸ਼ਕ ਦੀ ਜਦੋਂ ਇਜ਼ਹਾਰ ਹੋਈ।” (ਵਾਰਸ ਸ਼ਾਹ)

 ‘‘ਸੁਣ ਸੁਣ ਹੋਤ ਸੱਸੀ ਦੀਆਂ ਬਾਤਾਂ, ਕਾਮਲ ਇਸ਼ਕ ਕਮਾਇਆ।
ਹਾਸ਼ਮ ਜੋਸ਼ ਤਬੀਅਤ ਕੀਤਾ, ਵਹਿਮ ਇਤੇ ਵਲ ਆਇਆ। ”(ਹਾਸ਼ਮ ਸ਼ਾਹ)

“ਕਰੂ ਸਾਰਦਾ ਧਿਆਨ, ਧਰ ਸੱਸੀ ਦਾ ਬਿਆਨ।
ਸੁਣੋ ਕਰ ਤੁਮ ਦਾਨ, ਸਭ ਆਸ਼ਕਾਂ ਦੀ ਭਾਖਿਆ।
ਮਿੱਤ ਸਿੰਘ ਨੂੰ ਵੀ ਆਣ ਸਾਰੇ ਆਸ਼ਕੀ ਨੇ ਬਾਣ।
ਪੁਜ ਲਿਆ ਮੈਂ ਰਵਾਨ, ਤਾਂ ਮੈਂ ਜੋੜ ਇਦੀ ਸਾਖਿਆ।”(ਮਿੱਤ ਸਿੰਘ)

“ ਲਿਖਾਂ ਮੈਂ ਦਰਦ ਆਪਣੇ ਦਾ ਫ਼ਸਾਨਾ,
ਸੱਸੀ ਪੁੰਨੂੰ ਦਾ ਕਿੱਸਾ ਕਰ ਬਹਾਨਾ।” (ਗੁਲਾਮ ਰਸੂਲ)

ਮਿਰਜ਼ਾ ਸਾਹਿਬਾਂ

PunjabKesari

ਰੋਮਾਂਚਕ ਕਵੀਆਂ ਨੇ ਤਾਂ ਇਨ੍ਹਾਂ ਦੀ ਟੇਕ ਲੈਣੀ ਹੀ ਸੀ, ਧਾਰਮਕ ਤੇ ਰਹੱਸਵਾਦੀ ਕਵੀ ਵੀ ਆਪਣੀਆਂ ਰਮਜ਼ਾਂ ਜਾਂ ਭਾਵ ਸਮਝਾਉਣ ਲਈ ਇਨ੍ਹਾਂ ਨੂੰ ਥਾਂ-ਥਾਂ ਰੁਪਕਾਂ ਤੇ ਦ੍ਰਿਸ਼ਟਾਂਤਾਂ ਵਜੋਂ ਵਰਤਦੇ ਰਹੇ ਹਨ। ਜਿਵੇਂ-

“ ਇਸ਼ਕ ਹਕੀਕੀ ਦੀ ਸਭ ਮੰਜ਼ਲ ਰਾਹ ਤਰੀਕਤ ਵਾਲਾ।
ਬੇਸ਼ਕ ਇਸ ਦੇ ਅੰਦਰ ਭਰਿਆ, ਪਾਓ ਗੰਜ ਸੁਖਾਲਾ। ” (ਮੀਰ ਹੁਸੈਨ)

“ ਹੋਤ ਲਕਬ ਹਮਨਾਮ ਮੁਹੰਮਦ, ਜਾਣੇ ਖ਼ਲਕਤ ਸਾਰੀ।
ਕੇਚ ਵਤਨ ਮਸ਼ਹੁਰ ਮਦੀਨਾ, ਅਰਬ ਅਜਮ ਸਰਦਾਰੀ। ”(ਨੂਰੁਲਦੀਨ)

ਤੇ ਇਨ੍ਹਾਂ ਬਾਰੇ ਲਿਖਿਆ ਬਹੁਤ ਕੁਝ ਸਾਡੇ ਸਾਹਿਤ ਦਾ ਇੱਕ ਅਨਿੱਖੜ ਅੰਗ ਬਣ ਗਿਆ ਹੈ। ਸਾਡਾ ਸਾਹਿਤ ਇਨ੍ਹਾਂ ਬਿਨਾਂ ਉਣਾ ਤੇ ਅਧੂਰਾ ਜੇਹਾ ਜਾਪਦਾ ਹੈ। ਸੱਚ ਇਹ ਹੈ ਕਿ ਜਿੱਥੋਂ ਤਕ ਸਾਡੇ ਸੰਸਾਰੀ (ਸੈਕੂਲਰ) ਸਾਹਿਤ ਦਾ ਸਬੰਧ ਹੈ, ਉਸ ਦਾ ਆਰੰਭ ਵੀ ਤਾਂ ਅਜਿਹੀਆਂ ਪ੍ਰੀਤ-ਕਹਾਣੀਆਂ ਕਵਿਤਾਉਣ ਤੋਂ ਹੀ ਹੋਇਆ ਜਾਪਦਾ ਹੈ। ਇਹੋ ਕਹਾਣੀਆਂ ਪਹਿਲਾਂ ਸਾਡੇ ਲੋਕ-ਗੀਤਾਂ ਦੇ ਰੂਪ ਵਿੱਚ ਲੋਕਾਂ ਦੀ ਮੂੰਹਾਂ ਉੱਤੇ ਖੇਡ ਰਹੀਆਂ ਸਨ। “ਦਮੋਦਰਾ ” ਤੇ “ਪੀਲਆਂ” ਨੇ ਲੋਕ-ਮੂੰਹਾਂ ਤੋਂ ਚੁੱਕ ਕੇ, ਆਪਣੀ ਕਲਾ ਤੇ ਕਲਪਨਾ ਦੀ ਪਾਣ ਚਾੜ੍ਹ ਕੇ ਇਨ੍ਹਾਂ ਦੇ ਕਿੱਸੇ ਬਣਾ ਦਿੱਤੇ। ਫਰੀਦਾਂ ਤੇ ਨਾਨਕਾਂ ਹੱਥੀ ਅਧਿਆਤਮਕ ਵਲਗਣਾਂ ਵਿੱਚ ਪਸਰ ਰਹੇ ਪੰਜਾਬੀ ਕਾਵਿ-ਪਰਵਾਹ ਨੂੰ ਇਨ੍ਹਾਂ ਹੀ ਰੋਮਾਂਚਕ ਖੇਤਰ ਵੱਲ ਮੋੜਿਆ ਅਤੇ ਇਉਂ ਪੰਜਾਬੀ ਦੀ ਇੱਕ ਮਹਾਨ ਸਾਹਿਤਕ ਪਰੰਪਰਾ ਨੂੰ ਜਮਨ ਦਿੱਤਾ। ਫਿਰ ਖ਼ੂਬੀ ਇਹ ਕਿ ਆਸਾਂ-ਖ਼ਾਸਾਂ ਨੇ ਇਨ੍ਹਾਂ ਕਿੱਸਿਆਂ ਦੇ ਨਾਇਕਾਂ, ਨਾਇਕਾਵਾਂ ਨੂੰ ਆਪਣੇ ਤਨ-ਮਨ ਵਿੱਚ ਅਜਿਹਾ ਵਸਾਇਆ ਕਿ ਹੁਸੈਨਾਂ ਤੇ ਬੁਲ੍ਹਿਆਂ ਨੇ ਪੰਜਾਬੀ ਦੇ ਸੂਫ਼ੀ-ਕਾਵਿ ਨੂੰ ਵੀ ਇਨ੍ਹਾਂ ਉੱਤੇ ਢਾਲਣਾ ਸ਼ੁਰੂ ਕਰ ਦਿੱਤਾ। ਪਰਮਾਤਮਾ ਨੂੰ “ਰਾਂਝਾ”, “ਪੁੰਨੂੰ” ਤੇ “ ਮਹੀਵਾਲ” ਦੇ ਨਾਂ ਲੈ ਕੇ ਧਿਆਇਆ ਜਾਣ ਲੱਗ ਪਿਆ ਅਤੇ ਮਨੁੱਖੀ ਆਤਮਾ ਨੂੰ ਹੀਰ ਸੱਸੀ ਤੇ ਸੋਹਣੀ ਦੇ ਚੌਖਟੇ ਵਿੱਚ ਜੜ ਕੇ ਉਸ ਦਾ ਵਿਰਦ ਕੀਤਾ ਕਰਾਇਆ ਜਾਣ ਲੱਗ ਪਿਆ। ਜਿਵੇਂ –

“ਦਰਦ ਵਿਛੋੜੇ ਦਾ ਹਾਲ ਨੀਂ ਮੈਂ ਕੈਨੂੰ ਆਖਾਂ?
ਸੂਲਾਂ ਮਾਰ ਦੀਵਾਨੀ ਕੀਤੀ, ਬਿਰਹੂੰ ਪਿਆ ਸਾਡੇ ਖ਼ਿਆਲ, ਨੀ ਮੈਂ ਕੈਨੂੰ ਆਖਾਂ?  ”
ਜੰਗਲ ਜੰਗਲ ਫਿਰਾਂ ਢੂੰਢੇਦੀ ਅਜੇ ਨਾ ਮਿਲਿਆ ਮਹੀਵਾਲ, ਨੀ ਮੈਂ ਕੈਨੂੰ ਆਖਾਂ?
“ ਰਾਂਝਾ ਰਾਂਝਾ ਕਰਦੀ ਨੀ, ਮੈਂ ਆਪੇ ਰਾਂਝਾ ਹੋਈ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ।
ਰਾਂਝਾ ਮੈਂ, ਵਿੱਚ ਮੈਂ ਰਾਂਝੇ ਵਿੱਚ, ਹੋਰ ਖ਼ਿਆਲ ਨਾ ਕੋਈ।
ਮੈਂ ਨਹੀਂ, ਉਹ ਆਪੇ ਹੈ, ਆਪਣੀ ਆਪ ਕਰੇ ਦਿਲਜੋਈ।”(ਬੁਲ੍ਹੇ ਸ਼ਾਹ)

“ਕੇਚ ਗਿਆਂ ਦੀ ਖ਼ਬਰ ਨਾ ਆਈ,
ਰੌਂਦੇ ਗਲ ਗਈ ਉਮਰਾ ਜਾਈ,
ਯਾਰ ਨਾ ਕੀਤਮ ਕਾਰੀ ਭਲੋ। ”(ਗੁਲਾਮ ਫ਼ਰੀਦ)

ਗੁਰਮਤਿ ਨੂੰ ਵਿਆਖਣ ਵਾਲਿਆਂ ਵੀ ‘ਪੀਰ ਮੁਰੀਦਾਂ ਪਿਰਹੜੀ’ ਦ੍ਰਿਸ਼ਟਾਉਣ ਲਈ ਲੋਕਾਂ ਦੇ ਇਨ੍ਹਾਂ ਮਹਿਬੂਬ ਪਾਤਰਾਂ ਨੂੰ ਵੀ ਵਰਤਿਆ ਹੈ। ਜਿਵੇਂ-

“ ਲੇਕਾ ਮਜਨੂੰ ਆਸਕੀ, ਚਹੁੰ ਚਕੀ ਜਾਤੀ।
ਸੋਰਠ ਬੀਜਾ ਗਾਵੀਐ, ਜਗ ਸੁਘੜਾ ਵਾਤੀ।
‘ਸੱਸੀ ਪੁੰਨੂੰ’ ਦੋਸਤੀ, ਹੋਇ ਜਾਤ ਅਜਾਤੀ।
‘ਮਹੀਂਵਾਲ’ ਕੋ ‘ਸੋਹਣੀ’, ਨੈਂ ਤਰਦੀ ਰਾਤੀ।
‘ਰਾਂਝਾ ਹੀਰ’ ਵਖਾਣੀਐ, ਉਹ ਪਿਰਮ ਪਰਾਤੀ।
ਪੀਰ ਮੁਰੀਦਾਂ ਪਿਰਹੜੀ, ਗਵਨ ਪਰਭਾਤੀ। (ਭਾਈ ਗੁਰਦਾਸ ਭੱਲਾ

‘ ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦਾ ਰਹਿਆ।
ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦੇ ਸਹਿਆ।
ਯਾਰੜੇ ਦਾ ਸਾਨੂੰ ਸਥਰ ਚੰਗਾ, ਭਠ ‘ਖੇੜਿਆਂ’ ਦੇ ਰਹਿਣਾ।’
( ਸ੍ਰੀ ਗੁਰੂ ਗੋਬਿੰਦ ਸਿੰਘ ਜੀ)

“335 ਗੋਪੀਆ ਕ੍ਰਿਸ਼ਨ ਮਗਰ ਜੋ, ਲੋਕੀ, ਪਏ ਸੁਣਾਵਨ।
ਲੁੱਛਣ ‘ਸੱਸੀ’ ‘ਪੁਨੂੰ’ ਪਿਛੇ ਜੋ ਥਲ ਤੜਫ਼ ਦਿਖਾਵਨ।
ਰਾਂਝੇ ਮਗਰ ‘ਹੀਰ’ ਦੀ ਘਾਬਰ, ‘ਮਜਨੂੰ’ ਦਾ ਸੁੱਕ ਜਾਣਾ।
ਏਹ ਨਹੀਂ ‘ਮੋਹ-ਨਜ਼ਾਰੇ’ ਦਿਸਦੇ, ਏ ਕੁਈ ਰਮਜ਼ ਛਿਪਾਵਨ।”
(ਭਾਈ ਵੀਰ ਸਿੰਘ)

ਉਪਰੋਕਤ ਪ੍ਰਭਾਵਾਂ ਨੂੰ ਮੁਖ ਰਖਦਿਆਂ, ਇਨ੍ਹਾਂ ਪ੍ਰੀਤ ਕਹਾਣੀਆਂ ’ਤੇ ਇਨ੍ਹਾਂ ਬਾਰੇ ਲਿਕੇ ਕਿੱਸਿਆਂ ਦੀ ਮਹੱਤਤਾ ਤੋਂ ਕਿਵੇਂ ਮੁਨਕਰ ਹੋਇਆ ਜਾ ਸਕਦਾ ਹੈ? ਭਾਈ ਵੀਰ ਸਿੰਘ ਤੇ ਉਨ੍ਹਾਂ ਦੇ ਸਮੇਂ ਦਾ ਸ਼ਾਇਦ ਹੀ ਕੋਈ ਹੋਰ ਅਜਿਹਾ ਕਵੀ ਹੋਏ ਜਿਸ ਦੀ ਰਚਨਾ ਵਿੱਚ ਇਨ੍ਹਾਂ ਨਾਇਕਾਂ, ਨਾਇਕਾਵਾਂ ਬਾਰੇ ਅਜੇਰੇ ਇਸਾਰੇ ਮੌਜੂਦ ਨਹੀਂ।
 

2.
ਪੰਜਾਬੀ ਕਿੱਸਿਆ ਨੂੰ ਰੂਪਕ ਪੱਖ ਤੋਂ ਜਾਚਿਆਂ ਪਰਖਿਆਂ ਵੀ ਉਨ੍ਹਾਂ ਦੀ ਸਾਹਿਤਕ ਮਹੱਤਤਾ ਸਾਹਵੇਂ ਸਿਰ ਝੁਕਾਣਾ ਪੈਂਦਾ ਹੈ। ਜ਼ਜਬੇ ਦੇ ਸਚਾਵੇਂ ਬਿਆਨ, ਮਾਨਸਕ ਦਸ਼ਾ ਦੇ ਸੁਚੱਜੇ ਵਿਸ਼ੇਲੇਸ਼ਨ, ਡੁਕਵੇਂ ਤੇ ਫਬਵੇਂ ਨਾਟਕੀ ਵਾਰਤਾਲਾਪ ਅਤੇ ਕਲਾ ਕਲਪਨਾ ਦੀ ਪਾਹ ਤਾਂ ਕਿਤੇ ਕਿਤੇ ਅਜਿਹੀ ਨਿਖਰੀ ਹੋਈ ਨਜ਼ਰ ਆਉਂਦੀ ਹੈ ਕਿ ਉਹ ਬੇਜੋੜ ਜੇਹੀ ਜਾਪਦੀ ਹੈ। ਜਿਵੇਂ-

“ਮੁਠੀ ਮੁਠੀ ਇਹ ਗੱਲ ਨਾ ਕਰੋ ਭੈਣੋ,
ਮੈਂ ਤਾਂ ਸੁਣਦਿਆਂ ਹੀ ਮਰ ਗਈ ਜੇ ਨੀ।
ਤੁਸਾਂ ਇਹ ਜਦੋਕਣੀ ਗੱਲ ਕੀਤੀ,
ਖਲੀ ਤਲੀ ਹੀ ਮੈਂ ਲਹਿ ਗਈ ਜੇ ਨੀ।…..”

“ ਰਾਂਝਾ ਆਖਦਾ ਹੀਰ ਨੂੰ ਮਾਂ ਤੇਰੀ,
ਸਾਨੂੰ ਫੇਰ ਅੱਜ ਰਾਤ ਦੀ ਚੰਬੜੀ ਹੈ।
ਮੀਆਂ! ਮੰਨ ਜਾ ਉਸ ਦੇ ਆਖਣੇ ਨੂੰ,
ਤੇਰੀ ਹੀਰ ਨਿਮਾਣੀ ਦੀ ਅੰਬੜੀ ਹੈ। ”(ਵਾਰਸ ਦੀ ਹੀਰ ਵਿੱਚੋਂ)

“ਚੀਰਾ ਵਾਲਾ ਛੋਕਰਾ ਬੀਬੋ! ਅੰਦਰ ਕੌਣ ਖੜਾ?
ਮਿਰਜ਼ਾ ਫੁੱਲ ਗੁਲਾਬ ਦਾ ਮੇਰੀ ਝੋਲੀ ਟੁੱਟ ਪਿਆ। ”(ਪੀਲੂੰ ਦੇ ‘ਮਿਰਜ਼ੇ’ ਵਿੱਚੋਂ)

“ਜੋ ਜਾਣਾ ਛਡ ਜਾਣ ਸੁਤੀ ਨੂੰ, ਇੱਕ ਪਲ ਪਲਕ ਨਾ ਝਮਕਾਂ।”
“ ਦਿਲ ਵਿੱਚ ਤਪਸ਼ ਥਲਾਂ ਦੀ ਗਰਮੀ, ਆਖਣ ਫ਼ਿਰਾਕ ਰਞਾਣੀ।
ਕਦ ਤਕ ਨੈਣ ਕਰਨ ਦਿਲਬਰੀਆਂ, ਚੌਣ ਲਬਾਂ ਵਿੱਚ ਪਾਣੀ।”
“ਖੁਸ਼ ਰਹੁ ਯਾਰ ਅਸਾਂ ਤੁਧ ਕਾਰਨ, ਥਲ ਵਿੱਚ ਜਾਨ ਗਵਾਈ।’’ (ਰਾਸ਼ਮ ਸ਼ਾਹ ਦੀ ਸੱਸੀ ਵਿੱਚੋ)

“ ਕੋਈ ਚੀਜ਼ ਪਸੰਦ ਨਾ ਆਉਂਦੀ ਏ, ਕੀਤਾ ਬਹੁਤ ਵਟਾਇ ਸੁਟਾਇ ਬੇਲੀ।
ਕਿਹਾ, ਹੋਰ ਬੀਂ ਜਾਇ ਖ਼ਰੀਦ ਵੀਰਾ।
ਸੋਹਣੀ ਹੋਇ ਕੇ ਬਹੁਤ ਖ਼ੁਫਾ ਬੋਲੀ।’’(ਫ਼ਜ਼ਲ ਸ਼ਾਹ ਦੀ ‘ਸੋਹਣੀ’ ਵਿੱਚੋਂ)

ਫਿਰ ਇਹ ਸਭ ਕੁਝ ਕੇਵਲ ਇੱਕੋ ਛੰਦ ਜਾਂ ਕਾਵਿ-ਰੂਪ ਵਿੱਚ ਹੀ ਕਮਲਬੰਦ ਨਹੀਂ। ਛੰਦਾ-ਬੰਦੀ ਦੀ ਵਨ-ਸੁਵੰਨਤਾ ਅਤੇ ਕਾਵਿ –ਰੂਪਾਂ ਦੀ ਬਹੁ-ਰੰਗੀ, ਪੰਜਾਬੀ ਕਿੱਸਾ-ਕਾਵਿ ਦਾ ਇੱਕ ਹੋਰ ਖ਼ਾਸਾ ਹੈ। ਨਿਰਸੰਦੇਹ ਵਾਰਸ ਨੇ ਨਿਰਾ ਬੈਂਤ ਤੇ ਹਾਸ਼ਮ ਨੇ ਦਵੱਈਆ ਹੀ ਵਰਤਿਆ ਪਰ ਆਪਣੇ ਕਿੱਸਿਆਂ ਵਿੱਚ ਜਿਨ੍ਹਾਂ ਉਚਿਆਈਆਂ ਤੇ ਉਨ੍ਹਾਂ ਪੰਜਾਬੀਆਂ ਦੇ ਇਨ੍ਹਾਂ ਮਨ-ਭਾਉਂਦੇ ਛੰਦਾਂ ਨੂੰ ਪਹੁੰਚਾਇਆ, ਉਹ ਕਿਸੇ ਤੋਂ ਗੁਈਆਂ ਛਿਪੀਆਂ ਨਹੀਂ। ਪਿਛਲੇ ਸੌ ਵਰ੍ਹੇ ਦੇ ਕਿੱਸਾਕਾਰਾਂ ਨੇ ਤਾਂ ਇਸ ਖੇਤਰ ਵਿੱਚ ਹੱਦਾਂ ਲਾਹ ਛੱਡੀਆਂ ਹਨ। ਕਾਲੀਦਾਸ ਤੇ ਦੌਲਤ ਰਾਮ ਦੇ ਕਿੱਸਿਆਂ ਦੀ ਸਰਸਰੀ ਜੇਰੀ ਫੋਲਾ ਫਾਲੀ ਹੀ ਸੂਝਵਾਨ ਪਾਠਕ ਦੀ ਨਿਸ਼ਾ ਕਰ ਦੇਂਦੀ ਹੈ। ਇਨ੍ਹਾਂ ਵਿੱਚ ਸਲੋਕ ਤੇ ਸਵੱਈਏ ਹਨ, ਚੌਪਈਆਂ ਤੇ ਕਬਿੱਤ ਹਨ, ਛਪੈ ਤੇ ਕੋਰੜੇ ਹਨ। ਸੀਹਰਫੀਆਂ ਤੇ ਪੈਂਤੀ ਅਖਰੀਆਂ, ਸਤਵਾਰੇ ਤੇ ਬਾਰਾਂਮਾਹੇ, ਥਿਤਾਂ ਤੇ ਸਾਲ-ਸ਼ਾਇਦ ਹੀ ਕੋਈ ਲੋਕ ਪਰਵਾਨ ਛੰਦ ਜਾਂ ਕਾਵਿ-ਰੂਪ ਅਣਛੋਹਿਆ ਰਹਿਣ ਦਿੱਤਾ ਨੇ।

ਹੀਰ ਅਤੇ ਰਾਂਝਾ

PunjabKesari

3.
ਜਿੱਥੇਂ ਤਕ ਬੋਲੀ ਦਾ ਸਬੰਧ ਹੈ, ਪੰਜਾਬੀ ਕਿੱਸਿਆਂ ਦੀ ਮਹੱਤਤਾ ਤੇ ਮਹਾਨਤਾ ਅਕਥਨੀਯ ਹੈ। ਪੰਜਾਬੀ ਬੋਲੀ ਦਾ ਮੂੰਹ-ਮੂਹਾਂਦਰਾ ਨਿਖਾਰਨ ਤੇ ਇਸ ਦਾ ਵਰਤਮਾਨ ਠੁਕ ਬੰਨ੍ਹਣ ਵਿੱਚ ਇਨ੍ਹਾਂ ਦੇ ਲੇਖਕਾਂ ਦਾ ਚੌਖਾ ਹੱਥ ਹੈ। ਇਨ੍ਹਾਂ ਨੇ ਹਰ ਪਰਕਾਰ ਦੇ ਪਾਠਕ ਤੇ ਸਰੋਤੇ ਦੀ ਲੋੜ ਨੂੰ ਮੁੱਖ ਰੱਖਦਿਆਂ ਠੇਟ ਅਤੇ ਠੁਕਵੀਂ, ਸਰਲ ਤੇ ਆਮ-ਫ਼ਹਿਮ, ਸਾਂਝੀ ਤੇ ਸਖੱਲੀ ਬੋਲੀ ਵਰਤੀ ਹੈ। ਨਿਰਸੰਦੇਹ ਕੁਝ ਮੁਸਲਮਾਨ ਵਿਦਵਾਨਾਂ ਦੇ ਕਿੱਸਿਆਂ ਦੀ ਬੋਲੀ ਵਿੱਚ ਅਰਬੀ, ਫ਼ਾਰਸੀ ਦੀ ਸ਼ਬਦਾਵਲੀ ਦਾ ਬੋਲ-ਬਾਲਾ ਹੈ, ਕੁਝ ਹਿੰਦੂ-ਸਿੱਖ ਲੇਖਕਾਂ ਦੀ ਬੋਲੀ ਵਿੱਚ ਹਿੰਦੀ, ਸੰਸਕ੍ਰਿਤ ਦੇ ਰਲੇ ਦੀ ਬਹੁਲਤਾ ਹੈ, ਕੁਝ ਕਿੱਸਾਕਾਰਾਂ ਦੀਆਂ ਕਿਰਤਾਂ ਵਿੱਚ ਉਨ੍ਹਾਂ ਦੀ ਸਥਾਨਕ ਭਾਖਾ ਦਾ ਹੱਥ ਉਚੇਰਾ ਹੈ। ਪਰ ਇਨ੍ਹਾਂ ਸਾਰਿਆਂ ਦੇ ਜਤਨਾਂ ਨਾਲ ਪੰਜਾਬੀ ਸ਼ਬਦ-ਭੰਡਾਰ ਵਿੱਚ ਜੋ ਵਾਧਾ ਹੋਇਆ ਹੈ, ਉਸ ਦਾ ਅਨੁਮਾਨ ਕੋਈ ਸਿਰੜੀ ਕੋਸ਼ਕਾਰ ਹੀ ਲਾ ਸਕਦਾ  ਹੈ। ਵਾਰਸ ਸ਼ਾਹ, ਮੁਹੰਮਦ ਮੁਸਲਮ, ਕਿਸ਼ਨ ਸਿੰਘ ਤੇ ਕਾਲੀਦਾਮ ਦੇ ਕਿੱਸੇ ਇਸੇ ਗੱਲ ਦੇ ਗਵਾਨ ਹਨ। ਹੇਠ ਲਿਖੀਆਂ ਦੋ ਤਿੰਨ ਉਦਾਹਰਣਾਂ ਇਨ੍ਹਾਂ ਕਿੱਸਾਕਾਰਾਂ ਦੇ ਜਤਨਾਂ ਕਾਰਣ ਸਾਡੀ ਬੋਲੀ ਵਿੱਚ ਆਈ ਅਮੀਰੀ ਤੇ ਠੇਠਤਾ ਦੀ ਸਾਖ ਭਰਦੀਆਂ ਹਨ-

ਰੱਬ ਝੂਠ ਨਾ ਕਰੇ ਜੇ ਹੋਏ ਰਾਂਝਾ, ਤਾਂ ਮੈਂ ਚੌੜ ਹੋਈ ਮੈਨੂੰ ਪੱਟਿਆ ਸੂ।
ਅਗੇ ਅੱਗ ਫਰਾਕ ਦੀ ਸਾੜ ਸੁੱਟੀ, ਸੜੀ ਬਲੀ ਨੂੰ ਮੋੜ ਕੇ ਫੱਟਿਆ ਸੂ। ( ਹੀਰ ਵਾਰਸ

“ਅਟਕੀ ਅਟਕ ਰਹੀ ਅਟਕਾਈ, ਅਕਲ ਦਿੱਤੀ ਬਦਰਾਹੀ।
‘ ਭਲਕੇ ਆਣ ਮਿਲਸਾਂ ਕਿਉਂ ਅੱਜ, ਕਰੀਏ ਜਾਨ ਕੋਤਾਹੀ ’? 

ਇੱਕ ਧਿਰ ਇਸ਼ਕ ਸੋਹਣੀ ਨੂੰ ਆਖੋ ਸਿਦਕੋਂ ਹਾਰ ਨਾ ਮੂਲੇ।
ਸਾਹਿਬ ਸਿਦਕ ਸੌਈ ਕਰ ਲਿਖਿਆਂ, ਖੁਸ਼ ਹੋ ਮੌਤ ਕਬੂਲੇ।”(ਸੌਹਣੀ ਹਾਸ਼ਮ)

“ਰਾਜੇ ਗਰਜ ਕੇ ਕਿਹਾ ਬਸੰਤ ਤਾਈਂ, ਬੰਦ ਆਪਣੀ ਰਖ ਜ਼ਬਾਨ ਦੁਸ਼ਣਾ।
ਤੇਰੀ ਕਸਮ ਦਾ ਨਹੀਂ ਇਤਬਾਰ ਮੈਨੂੰ, ਤੈਨੂੰ ਯਾਦ ਨਹੀਂ ਸੱਚਾ ਭਗਵਾਨ ਦੁਸ਼ਟਾ” (ਰੂਪ ਬੰਸਤ ਕ੍ਰਿਤ ਦੌਲਤ ਰਾਮ)

ਰਾਂਝਾ ਕਹਿੰਦਾ ਹੀਰ ਨੂੰ, ਤੂੰ ਭੀ ਖਾ ਸੋਗੰਦ।
ਜੈ ਮੇਰੇ ਬਿਨ ਹੋਰ ਨੂੰ, ਕੀਤਾ ਤੂੰ ਪਸੰਦ।

ਤੋੜੇਂ ਯਾਰੀ ਲਾਇ ਕੇ ਜਗ ਵਿੱਚ ਚਾਹੜੇਂ ਚੰਦ।
ਔਖੀ ਪਰੀਤ ਨਿਬਾਹੁਣੀ ਹੈ ਇਹ ਕੱਚੀ ਤੰਦ। (ਹੀਰ-ਕਿਸ਼ਨ ਸਿੰਘ ਆਰਫ)

4.
ਵਿਸ਼ਾ-ਵਸਤੂ ਤੇ ਬੋਲੀ ਸ਼ੈਲੀ ਦੀ ਮਹੱਤਤਾ ਤੋਂ ਛੁੱਟ, ਹੇਠ ਲਿਖੀਆਂ ਵਿਸ਼ੇਸ਼ਤਾਈਆਂ ਵੀ ਪੰਜਾਬੀ ਕਿੱਸਾ-ਕਾਵਿ ਦੀ ਮਹਾਨਤਾ ਦੀਆਂ ਸੂਚਕ ਹਨ-

1. ਪੰਜਾਬੀ ਕਵਿਤਾ ਨੂੰ ਧਰਤੀ ਦੀ ਛੂਹ ਪਹਿਲਾਂ ਪਹਿਲ ਇਨ੍ਹਾਂ ਵਿੱਚ ਹੀ ਲੱਗੀ ਅਤੇ ਇਸ ਛੁਰ ਨੇ ਜਿੱਥੇ ਇਨ੍ਹਾਂ ਨੂੰ ਪਰਮਾਰਥਕ ਕਵਿਤਾ ਤੋਂ ਨਿਖੇੜਿਆਂ, ਉੱਥੇ ਇਨ੍ਹਾਂ ਨੂੰ ਲੋਕ-ਪਰਵਾਨਗੀ ਤੇ ਸਰਬ-ਪ੍ਰੀਯਤਾ ਵੀ ਦੁਆਈ।

2. ਇਨ੍ਹਾਂ ਦਾ ਵਿਸ਼ਾ-ਵਸਤੁ ਨਿਤ-ਵਰਤੀਂ ਦੇ ਜੀਵਨ ਦੀ ਉਪਜ ਸੀ। ਇਹ ਜਨ-ਸਾਧਾਰਨ ਦੀ ਮਾਨਸਕ ਪੱਧਰ ਤੋਂ ਉੱਚੇ ਜਾਂ ਉਰੇ-ਪਰੇ ਹੋਣ ਦੀ ਥਾਂ ਉਨ੍ਹਾਂ ਦੇ ਆਪਣੇ ਅਨੁਭਵ ਦੀ ਹੀ ਦੇਣ ਸੀ। ਇਸੇ ਕਰਕੇ ਜਨ-ਸਾਧਾਰਨ ਨੇ ਇਨ੍ਹਾਂ ਨੂੰ ਦਿਲੋਂ ਅਪਣਾਇਆ ਅਤੇ ਹੁਣ ਤੁਕ ਆਪਣੇ ਗਲ ਨਾਲ ਲਾਇਆ ਹੋਇਆ ਹੈ।

3. ਪੰਜਾਬੀ ਸਾਹਿਤ ਵਿੱਚ ਪਰਮਾਤਮਾ ਦੀ ਥਾਂ ਮਨੁੱਖ ਨੂੰ ਨਾਇਕ ਹੋਣ ਦਾ ਮਾਣ ਪਹਿਲਾਂ ਪਹਿਲ ਇਨ੍ਹਾਂ ਦੇ ਪੰਨਿਆਂ ਵਿੱਚ ਹੀ ਪ੍ਰਾਪਤ ਹੋਇਆ। ਪਰਮਾਤਮਾ ਦੇ ਚੌਜਾਂ ਤੇ ਸਿਫ਼ਤਾਂ ਦੀ ਥਾਂ ਮਨੁੱਖ ਦੇ ਦੁੱਖਾ-ਸੁੱਖਾ ਦੇ ਬਿਆਨ (ਲੋਕ – ਗੀਤਾਂ ਨੂੰ ਛੱਡ ਕੇ) ਨੇ ਆਪਣਾ ਰੂਪ ਪਹਿਲਾਂ ਪਹਿਲ ਇਨ੍ਹਾਂ ਵਿੱਚ ਹੀ ਉਘਾੜਿਆ।

4. ਮਨੁੱਖ ਅਤੇ ਹੋਣੀ ਦੀ ਟੱਕਰ ਅਤੇ ਮਨੁੱਖ ਦੀ ਜੈ ਦੀ ਸੰਭਾਵਨਾ ਦੇ ਝਲ-ਕਾਰੇ ਵੀ ਪਹਿਲਾਂ ਪਹਿਲ ਇਨ੍ਹਾਂ ਕਿੱਸਿਆਂ ਵਿੱਚ ਹੀ ਪੈਣੇ ਸ਼ੁਰੂ ਹੋਏ।

5. ਕੁਦਰਤ ਤੇ ਮਨੁੱਖ ਦੀ ਸੁੰਦਰਤਾ ਨੂੰ ਵੀ ਖੁੱਲ੍ਹਾ ਤੇ ਭਰਤਾਂ ਬਿਆਨ ਇਨ੍ਹਾਂ ਦੇ ਲੇਖਕਾਂ ਨੇ ਹੀ ਦੇਣਾ ਸ਼ੁਰੂ ਕੀਤਾ।

6. ਪੰਜਾਬ ਦੀਆਂ ਰੀਤਾਂ-ਰਸਮਾਂ, ਵਹਿਮਾਂ-ਵਿਸ਼ਵਾਸਾਂ, ਜੂਹਾਂ-ਜੰਗਲਾਂ, ਪਹਿਆਂ-ਚੁਪਾਲਾਂ, ਨਦੀਆਂ-ਨਾਲਿਆਂ ਤੇ ਰੋਹੀਆਂ ਰਕੜਾਂ ਨੂੰ ਵੀ ਇਨ੍ਹਾਂ ਕਿੱਸਿਆਂ ਵਿੱਚ ਹੀ ਇਨ੍ਹਾਂ ਦੀ ਹੱਕੀ ਥਾਂ ਮਿਲਣੀ ਸ਼ੁਰੂ ਹੋਈ। ਪੰਜਾਬੀ ਸਮਾਜ ਆਪਣੇ ਅਸਲ ਤੇ ਖੁੱਲੇ ਖੁਲਾਸੇ ਰੂਪ ਵਿੱਚ ਅਜੇ ਤਕ ਇਨ੍ਹਾਂ ਦੇ ਪੰਨਿਆਂ ਉੱਤੇ ਹੀ ਚਿਤਰਿਤ ਹੈ। ਪੰਜਾਬ ਦੀ ਦਬੀ-ਘੁਟੀ ਆਤਮਾ ਨੇ ਆਪਣਾ ਗੁਮਰ ਇਨ੍ਹਾਂ ਵਿੱਚ ਹੀ ਕਢਣਾ ਅਰੰਭਿਆ। ਮਨ-ਮਰਜ਼ੀ ਦੇ ਅੰਤਰਜਾਤੀ ਵਿਆਹਾਂ ਆਦਿ ਲਈ ਪੂਰਨੇ ਵੀ ਇੱਥੋਂ ਹੀ ਪੇਣੇ ਸ਼ੁਰੂ ਹੋਏ।

7. ਇਨ੍ਹਾਂ ਨੇ ਹੀ ਸਾਡੇ ਸਾਹਿਤ ਨੂੰ ਰੋਮਾਂਚਕ ਰੰਗਣ ਚਾੜ੍ਹਨੀ ਸ਼ੁਰੂ ਕੀਤੀ।

8. ਸਾਡੇ ਨਾਟਕੀ ਤੇ ਗਲਪ ਸਾਹਿਤ ਦਾ ਮੁੱਢ ਵੀ ਇਨ੍ਹਾਂ ਵਿੱਚ ਹੀ ਬਝਣਾ ਸ਼ੁਰੂ ਹੋਇਆ। ਪੰਜਾਬੀ ਦੁਖਾਂਤ ਦਾ ਮੁਢਲਾ ਰੂਪ ਵੀ ਇਨ੍ਹਾਂ ਵਿੱਚ ਹੀ ਲਭਦਾ ਹੈ।

9. ਸਾਡੇ ਵੱਡੇ-ਵਡੇਰਿਆਂ ਦੇ ਦਿਲ-ਪਰਚਾਵੇ ਤੇ ਸੁਹਜ-ਸੁਆਦ ਦੀ ਸੇਵਾ ਢੇਰ ਚਿਰ ਤਕ ਇਹੋ ਹੀ ਨਿਬਾ ਹੁੰਦੇ ਰਹੇ ਹਨ।

10. ਸਾਡੇ ਲੋਕ-ਗੀਤਾਂ ਤੋਂ ਬਾਅਦ ਲੋਕ-ਸਾਹਿਤ ਅਖਵਾਮ ਦਾ ਮਾਣ ਵੀ ਇਨ੍ਹਾਂ ਨੂੰ ਹੀ ਪ੍ਰਾਪਤ ਹੈ। ਇਹ ਲੋਕਾਂ ਵਿੱਚੋਂ ਉਠੇ ਲੋਕਾਂ ਨੇ ਲੋਕਾਂ ਲਈ ਲਿਖੇ। ਇਹ ਪਾਠ-ਪੁਸਤਕਾਂ, ਪਾਰਟੀ ਪ੍ਰਚਾਰ ਜਾਂ ਸਰਕਾਰੀ ਸਰਪਰਸਤੀ ਦੀ ਪ੍ਰਾਪਤੀ ਲਈ ਨਹੀਂ ਲਿਖੇ ਗਏ।

ਸੋਹਣੀ ਅਤੇ ਮਹੀਂਵਾਲ

PunjabKesari


5.
ਜਿਨ੍ਹਾਂ ਲਈ ਇਹ ਲਿਖੇ ਗਏ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਹ ਅਜੇ ਤਕ ਉਸੇ ਤਰ੍ਹਾਂ ਪਿਆਰੇ ਹਨ। ਪੰਜਾਬ ਪਿੰਡਾਂ ਦਾ ਦੇਸ਼ ਹੈ ਤੇ ਪਿੰਡਾ ਵਿੱਚ ‘ਦੁੱਗਲ’ ‘ਸੇਖੋ’ ਦੀਆਂ ਕਹਾਣੀਆਂ, ‘ਨਾਨਕ’, ‘ਨਰੂਲੇ’ ਦੇ ਨਾਵਲਾਂ ਤੇ  ‘ਸਫ਼ੀਰ’, ‘ਸੀਕਰੀ’ ਦੀਆਂ ਕਵਿਤਾਵਾਂ ਦੀ ਥਾਂ ਅਜੇ ਤਕ ਇਹੋ ਪ੍ਰਧਾਨ ਹਨ। ਲੱਖਾਂ ਪੰਜਾਬੀਆਂ ਦਾ ਮਾਨਸਕ ਥਕੇਵਾਂ ਲਾਹੁਣ ਦਾ ਸਾਧਨ ਅਜੇ ਤਕ ਵਾਰਸ਼ ਦੀ ‘ਹੀਰ’, ਹਾਸ਼ਮ ਦੀ ‘ਸੱਸੀ ’ ਪੀਲੂ ਦਾ ‘ਮਿਰਜ਼ਾ’ ਤੇ ਫ਼ਜ਼ਲ ਸ਼ਾਹ ਦੀ ‘ਸੋਹਣੀ’ ਵਰਗੇ ਕਿੱਸੇ ਹੀ ਹਨ। ਚਾਤ੍ਰਿਕ ਦੇ ਪੰਜਾਬ ਵਿੱਚ ਹੁਣ ਵੀ –

“ਜਦ ਰਾਤ ਚਾਨਣੀ ਖਿੜਦੀ ਹੈ, ਕੋਈ ਰਾਗ ਇਲਾਹੀ ਛਿੜਦਾ ਹੈ।
ਗਿੱਧੇ ਨੂੰ ਲੋਹੜਾ ਆਂਦਾ ਹੈ, ਜੋਬਨ ਤੇ ਬਿਰਹਾ ਭਿੜਦਾ ਹੈ।
ਵੰਝਲੀ ਵਹਿਆ ਵਿੱਚ ਰੁੜਦੀ ਹੈ, ਜਦ ਤੂੰਬਾ ਸਿਰ ਧੁਣਿਆਂਦਾ ਹੈ।
ਮਿਰਜ਼ਾ ਪਿਆ ਕੂਕਾਂ ਛਡਦਾ ਹੈ ਤੇ ਵਾਰਸ ਹੀਰ ਸੁਣਾਂਦਾ ਹੈ। ” (ਚੰਦਨ ਵਾੜੀ)

ਤੇ ਜਿਹੜੀ ਚੀਜ਼ ਲੋਕ-ਦਿਲਾਂ ਨੂੰ ਇਤਨੀ ਪਿਆਹੀ ਹੈ, ਉਸ ਦੀ ਸਾਂਭ-ਸੰਭਾਲ ਸਾਡਾ ਇੱਕ ਮੁਖ ਫਰਜ਼ ਹੈ। ਸੱਚ ਤਾਂ ਇਹ ਹੈ ਕਿ ਪੰਜਾਬੀ ਦੇ ਰਾਖਿਆਂ ਨੂੰ ਅਜੇ ਇਸ ਅਦੁੱਤੀ ਵਿਰਸੇ ਨੂੰ ਸਾਂਭਣ, ਖੋਜਣ ਤੇ ਪਰਖਣ ਦਾ ਖ਼ਿਆਲ ਹੀ ਨਹੀਂ ਆਇਆ।

6.
ਪੰਜਾਬ ਦਾ ਕਿੱਸਾ ਕਾਵਿ ਆਪਣੀ ਪੁਰਾਤਨਤਾ, ਵਿਸਤੀਰਤਾ, ਸਾਰਗਰਭਿਤਾ, ਵੰਨ-ਸੁਵੰਨਤਾ ਤੇ ਲੋਕ-ਪ੍ਰੀਯਤਾ ਆਦਿ ਵੱਚ ਬੰਗਾਲ ਦੇ ਪੋਥੀ ਸਾਹਿਤ ਨਾਲੋਂ ਸ਼ਾਇਦ ਹੀ ਕਿਸੇ ਗੱਲੋਂ ਪਿਛੋ ਹੋਏ। ਪਰ ਜੱਥੇ ਬੰਗਾਲੀ ਵਿਦਵਾਨਾਂ ਨੇ ਆਪਣੇ ‘ਪੋਥੀ ਸਾਹਿਤ’ ਨੂੰ ਸੰਭਾਲਣ ਲਈ ਚਿਰ ਤੋਂ ਸਿਰਤੋੜ ਜਤਨ ਆਰੰਭੇ ਹੋਏ ਹਨ। ਪੰਜਾਬੀ ਸਾਹਿਤਕਾਰਾਂ ਨੇ ਤਾਂ ਆਪਣੇ ਕਿੱਸਾ-ਸਾਹਿਤ ਦੀ ਅਜੇ ਮਹੱਤਤਾ ਵੀ ਅਨੁਭਵ ਨਹੀਂ ਕੀਤੀ ਜਾਪਦੀ। ਇੱਕਲੇ ਅਬਦੁਲ ਕਰੀਮ (ਪ੍ਰਸਿੱਧ ਬੰਗਾਲੀ ਸਾਹਿੱਤਕਾਰ) ਨੇ ਲਗਾਤਾਰ ਪੰਜਾਹ ਵਰ੍ਹੇ ਲਾ ਕੇ ਤਿੰਨ ਕੁ ਹਜ਼ਾਰ ‘ਪੋਥੀਆਂ ’ ਇਕੱਠੀਆਂ ਕੀਤੀਆਂ ਸਨ ਅਤੇ ਉਨ੍ਹਾਂ ਦੇ ਲੇਖਕਾਂ ਦੇ ਜੀਵਨ ਬਿਰਤਾਂਤ ਲਭਣ ਤੇ ਲਿਖਣ ਦਾ ਉਤਸ਼ਾਹ-ਜਨਕ ਜਤਨ ਕੀਤਾ ਸੀ।

ਬੰਗਾਲੀਆਂ ਨੇ ਹੁਣ ਤਕ ਸਾਢੇ ਅੱਠ ਕੁ ਹਜ਼ਾਰ ਪੋਥੀਆਂ ਇਕਠੀਆਂ ਕਰ ਲਈਆਂ ਹਨ। 1 ਇਸ ਦੇ ਉਲਟ, ਅਸਾਂ ਕੁਝ ਕਿੱਸੇ ਤਾਂ ਨਾਲੋ ਨਾਲ ਭੁਲਾ-ਵਿਸਾਰ ਦਿੱਤੇ, ਕੁਝ ਸੰਤਾਲੀ ਦੇ ਘਲੂਘਾਰੇ ਦੀ ਭੇਟ ਚੜ੍ਹਾ ਦਿੱਤੇ ਅਤੇ ਰਹਿੰਦੇ ਸਾਡੀ ਅਣਗਹਿਲੀ ਕਾਰਣ ਦਿਨੋ-ਦਿਨ ਅਲੋਪ ਹੋ ਰਹੇ ਹਨ। ਪੰਜਾਬੀ ਕਿੱਸਾ-ਕਾਵਿ ਦੀਆਂ ਸ਼ਾਨਦਾਰ ਰਵਾਇਤਾਂ ਦੇ ਹੋ ਰਹੇ ਘਾਣ ਦਾ ਇੱਕ ਵੱਡਾ ਤੇ ਦੁਖਦਾਈ ਸਬੂਤ ਇਨ੍ਹਾਂ ਦੇ ਇੱਕ ਬਹੁਤ ਵੱਡੇ ਪ੍ਰਕਾਸ਼ਕ ਮੀਆਂ ਚੰਨਣ ਦੀਨ ਦਾ ਆਪਣੀ ਹੱਟੀ (ਅੱਲਾ ਵਾਲੇ ਦੀ ਕੌਮੀ ਦੁਕਾਨ) ਨੂੰ, ਪੰਜਾਬੀਆਂ ਦੀ ਬੇਪਰਵਾਹੀ ਤੇ ਬੇਕਦਰੀ ਤੋਂ ਮਜਬੂਰ ਹੋ ਕੇ, ਵਾਣ ਸੁਤਰਨ ਦੇ ਹੱਟ ਵਿੱਚ ਬਦਲ ਦੇਣਾ ਹੈ।  

ਪੂਰਬੀ ਪੰਜਾਬ ਵਿੱਚ ਆ ਵੱਸੇ ਕਈ ਕਿੱਸੇ ਵੇਚਣ ਵਾਲਿਆਂ ਨੇ, ਲੋਕ-ਰੁਚੀ ਦਾ ਪਾਸਾ ਪਰਤਿਆ ਵੇਖ, ਕਿੱਸਿਆਂ ਦੀ ਥਾਂ ਫ਼ਿਲਮੀ ਕਹਾਣੀਆਂ ਤੇ ਗਾਣਿਆਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਹੈ। ਸਾਨੂੰ ਤਾਂ ਇਸ ਨੁਕਸਾਨ ਦੀ ਹੋਸ਼ ਹੀ ਸ਼ਾਇਦ ਉਦੋਂ ਆਵੇਗੀ ਜਦੋਂ ਖੇਡ ਬਿਲਕੁਲ ਹੀ ਵਿਚਲ ਜਾਵੇਗੀ। ਜਦੋਂ ਲਭਣ ਲਈ ਚੇਤੰਨ ਜਤਨ ਕਰਨ ਤੇ ਵੀ ਸ਼ਾਇਦ ਹੀ ਕੋਈ ਲੋੜੀਂਦਾ ਕਿੱਸਾ ਲਭ ਸਕੇਗਾ। ਦੂਰ ਕੀ ਜਾਣਾ, ਪਿਛਲੇ ਪੰਜਾ ਸਤਾਂ ਵਰ੍ਹਿਆਂ ਦੀ ਹੀ ਗੱਲ ਇਸ ਅਧੋਗਤੀ ਦੀ ਸਚੂਕ ਹੈ। ਆਪਣਾ ਪੁਸਤਕਾਲਾ ਰਾਵਲਪਿੰਡੀ ਹੀ ਖੁੱਝਾ ਆਉਣ ਤੋਂ ਬਾਅਦ, ਲਗਾਤਾਰ ਜਤਨਾਂ ਤੇ ਦੌੜ-ਭੱਜ ਦੇ ਬਾਵਜੂਦ, ਮੈਂ ਹੁਣ ਤਕ ਕੇਵਲ ਪੰਜ ਕੁ ਸੌ ਕਿੱਸੇ ਇਕੱਠੇ ਕਰ ਸਕਿਆ ਹਾਂ। ਸੱਚ ਜਾਣਨਾ, ਇਹ ਬੜੇ ਵੱਡੇ ਬੋਹਲ ਵਿੱਚੋਂ ਮਸਾਂ ਇੱਕ ਦੋ ਦਾਣੇ ਹੀ ਜੋ।

ਸੱਸੀ ਪੁੰਨੂੰ

PunjabKesari

ਸਮੇਂ ਦੀਆਂ ਨਵੀਆਂ ਕਦਰਾਂ ਤੇ ਰੁਚੀਆਂ ਨੇ ਕਿੱਸਾਕਾਰੀ ਦਾ ਰਿਵਾਜ ਵੀ ਘਟਾ ਦਿੱਤਾ ਹੈ। ਅਸੀਂ ਨਵੇਂ ਕਿੱਸੇ ਤਾਂ ਰਚਣੋਂ ਰਹੇ ਪਰ ਪੁਰਾਣੇ ਲਿਖਿਆਂ ਨੂੰ ਵੀ ਉੱਕਾ ਹੀ ਭੁਲਾ ਆਪਣੇ ਵੱਡ-ਮੁੱਲੇ ਵਿਰਸੇ ਤੋਂ ਹੱਥ ਥੋ ਬਹਿਣਾ ਹੈ।

ਕਈ ਵਰ੍ਹੇ ਹੋਏ, ਸਰ ਰਿਚਰਡ ਟੈਂਪਲ, ਮਿਸਿਜ਼ ਸਟੀਲ, ਮਿ.ਐੱਚ.ਏ. ਰੋਜ਼, ਮਿ. ਸਵਿਨਰਟਨ ਅਤੇ ਮਿ. ਲਾਂਗਵਰਥ ਡੇਮਜ਼ ਆਦਿ ਪੱਛਮੀ ਵਿਦਵਾਨਾਂ ਨੇ ਇਸ ਬੋਹਲ ਨੂੰ ਸਾਂਭਣ ਤੇ ਇਸ ਬਾਰੇ ਲਿਖਣ ਦੀ ਪਹਿਲ ਕੀਤੀ ਸੀ। ਸ਼ਾਇਦ ਉਨ੍ਹਆੰ ਤੋਂ ਹੀ ਪਰੇਰਤ ਹੋ ਕੇ ਮੀਆਂ ਮੌਲਾ ਬਖਸ਼ ਕੁਸ਼ਤਾ, ਬਾਵਾ ਬੁਧ ਸਿੰਘ, ਡਾ. ਮੋਹਨ ਸਿੰਘ, ਡਾ.ਮੁੰਹਮਦ ਬਾਕਰ, ਡਾ. ਸ਼ੇਰ ਸਿੰਘ, ਡਾ. ਬਰਾਨਸੀ ਦਾਸ ਜੈਨ, ਪ੍ਰਿੰ. ਤੇਜਾ ਸਿੰਘ ਤੇ ਪ੍ਰੋ. ਸ.ਸ. ਅਮੋਲ ਆਦਿ ਨੇ ਸਮੇਂ ਸਮੇਂ ਕੁਝ ਜਤਨ ਕੀਤੇ ਸਨ। ਇਨ੍ਹਾਂ ਵਿੱਚ ਬਾਵਾ ਬੁਧ ਸਿੰਘ ਤੇ ਡਾ. ਮੋਹਨ ਸਿੰਘ ਜੀ ਦਾ ਕੰਮ ਚੋਖਾ ਨਿੱਗਰ, ਵਿਆਪਕ ਤੇ ਰਾਹ ਦਰਸਾਊ ਹੈ।

ਪਰ ਸਾਨੂੰ ਤਾਂ ਇਸ ਵੇਲੇ ਕੋਈ ‘ ਅਬਦੁਲ ਕਰੀਮ ’ ਚਾਹੀਦਾ ਹੈ ਜੋ ਸਾਡੇ ਇਸ ਕੌਮੀ ਸਰਮਾਏ ਨੂੰ ਲਭੇ ਤੇ ਸੰਭਾਲੇ, ਕਿਸੇ  ‘ ਦਖਨਾ ਰੰਜਨ ’ ਦੀ ਲੋੜ ਹੈ ਜੋ ਇਸ ਨੂੰ ਪਰਖੇ ਤੇ ਪੜਚੋਲੇ। ਕੋਈ ‘ ਟੈਨੀਸਨ ’ ਨਿਤਰੇ ਜੋ ਇਸ ਨੂੰ ਨਵੇ ਸਾਂਚੇ ਵਿੱਚ ਢਾਲੇ, ਕੋਈ ‘ ਨਜ਼ਰੁਲ ਸਮਾਲ ’ ਹੋਵੇ ਜੋ ਇਸ ਦੀਆਂ ਰਵਾਇਤਾਂ ਨੂੰ ਸੁਰਜੀਤ ਕਰੇ ਅਤੇ ਇਨ੍ਹਾਂ ਵਿੱਚ ਵਰਤੀ ਹੋਈ ਠੇਠ ਪੰਜਾਬੀ ਤੇ ਨਿਰੋਲ ਪੰਜਾਬੀਅਤ ਨੂੰ ਉਜਾਗਰ ਕਰੇ।

ਹੁਣ ਹਵਾ ਕੁਝ ਸਰਕੀ ਤਾਂ ਹੈ। ਪ੍ਰੋ. ਜੀਤ ਸਿੰਘ ਸੀਤਲ, ਪ੍ਰੋ. ਪਿਆਰਾ ਸਿੰਘ ਤੇ ਹਰਨਾਮ ਸਿੰਘ ਸ਼ਾਨ ਦੇ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤੀ ਲਈ ਚੁਣੇ ਵਿਸ਼ੇ ( ਹੀਰ ਵਾਰਸ, ਹੀਰ ਸਾਹਿਤ ਤੇ ਸੋਹਣੀ ਸਾਹਿਤ ) ਇਸ ਵਿਰਸੇ ਦੀ ਮਹੱਤਤਾ ਬਾਰੇ ਆ ਰਹੀ ਸੋਝੀ ਤੇ ਦਿਲਚਸਪੀ ਦੇ ਲਖਾਇਕ ਹਨ। ਹਰਨਾਮ ਸਿੰਘ ਦੀ ‘ ਸੱਸੀ-ਹਾਸ਼ਮ ’ ਵੀ ਇਸੇ ਰੁਚੀ ਦਾ ਇੱਕ ਨਿਮਾਣਾ ਜੇਹਾ ਪ੍ਰਗਟਾਅ ਹੈ।

ਪੰਜਾਬੀ ਦੁਨੀਆ, ਪਟਿਆਲਾ ਜੁਲਾਈ – ਅਗਸਤ 1956               


rajwinder kaur

Content Editor

Related News