ਨਾਗਰਿਕਤਾ ਸੋਧ ਕਾਨੂੰਨ ਇਨਸਾਨੀ ਕਦਰਾਂ ਨੂੰ ਸਮਝਕੇ ਅਹਿਮਦੀਆ ਲਈ ਕੀ ਕਰੇਗਾ?

08/02/2020 12:07:47 PM

ਮਨਸੂਰ ਅਹਿਮਦ ਵੜੈਚ ਦੇ ਦਿਲ ਦੀ ਆਵਾਜ਼ :

ਹਰਪ੍ਰੀਤ ਸਿੰਘ ਕਾਹਲੋਂ

ਤਾਜ਼ਾ ਘਟਨਾ ਪਾਕਿਸਤਾਨ ਦੇ ਪੇਸ਼ਾਵਰ ਤੋਂ ਹੈ। ਬੁੱਧਵਾਰ ਈਸ਼ਨਿੰਦਾ ਦੇ ਦੋਸ਼ ’ਚ ਅਦਾਲਤ ਪਹੁੰਚੇ ਤਾਹਿਰ ਨਸੀਮ ਨੂੰ ਅਦਾਲਤ ’ਚ ਜੱਜ ਦੀ ਹਜ਼ੂਰੀ ਵਿਚ ਹੀ 6 ਗੋਲੀਆਂ ਮਾਰ ਕਤਲ ਕਰ ਦਿੱਤਾ। ਤਹਿਰ ਨਸੀਮ ਅਹਿਮਦੀਆ ਭਾਈਚਾਰੇ ਦਾ ਸੀ। ਇਕ ਰਿਪੋਰਟ ਮੁਤਾਬਕ ਪਿਛਲੇ ਦੋ ਦਹਾਕਿਆਂ ਦੌਰਾਨ 100 ਤੋਂ ਵੱਧ ਅਹਿਮਦੀਆ ਭਾਈਚਾਰੇ ਦੇ ਬੰਦਿਆਂ ਦਾ ਕਤਲ ਹੋਇਆ ਹੈ। ਇਨ੍ਹਾਂ ਦਿਨਾਂ ’ਚ ਸ਼੍ਰੀ ਕ੍ਰਿਸ਼ਨ ਮੰਦਿਰ ਦੇ ਇਸਲਾਮਾਬਾਦ ਮਸਲੇ ਵਿਚ ਪਾਕਿਸਤਾਨ ਦੇ ਘੱਟਗਿਣਤੀ ਭਾਈਚਾਰੇ ਅਤੇ ਵਿਰਾਸਤਾਂ ਦੇ ਜਾਣਕਾਰ ਲਿਖਾਰੀ ਹਾਰੂਨ ਖ਼ਾਲਿਦ ਨੇ ਬੋਲਦਿਆਂ ਕਿਹਾ ਸੀ ਕਿ ਇੱਥੇ ਹਿੰਦੂ ਸਿੱਖਾਂ ਨਾਲੋਂ ਇਸਾਈ ਅਤੇ ਅਹਿਮਦੀਆ ਭਾਈਚਾਰੇ ਦੇ ਹਾਲਾਤ ਬਹੁਤੇ ਨਾਜ਼ੁਕ ਹਨ।

ਅਫ਼ਗਾਨ ਸਿੱਖਾਂ ਦੇ ਹਾਲਾਤ ਵੀ ਇਨ੍ਹਾਂ ਦਿਨਾਂ ’ਚ ਬੇਹੱਦ ਨਾਜ਼ੁਕ ਮੋੜ ’ਤੇ ਪਹੁੰਚੇ ਹੋਏ ਹਨ। ਇਕ ਪਾਸੇ ਅਫਗਾਨੀ ਸਿੱਖਾਂ ਲਈ ਆਪਣੇ ਪਰਿਵਾਰਾਂ ਨੂੰ ਬਚਾਉਂਦਿਆਂ ਜਿਊਣ ਦੀ ਮਸ਼ੱਕਤ ਹੈ ਤਾਂ ਦੂਜੇ ਪਾਸੇ ਇਹ ਵਜ਼ੂਦ ਦਾ ਸਵਾਲ ਬਣਿਆ ਹੈ। ਕੀ ਅਫਗਾਨੀ ਸਿੱਖ ਆਪਣੀ ਵਿਰਾਸਤ ਨੂੰ ਬਚਾ ਸਕਣਗੇ। ਅਫਗਾਨਿਸਤਾਨ ’ਚ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਦੀਆਂ ਪੈੜਾਂ ਹਨ। ਇੱਥੇ ਸਿੱਖੀ ਇਸ ਹੱਦ ਤੱਕ ਵਧੀ ਫੁਲੀ ਸੀ ਕਿ ਬਾਅਦ ਵਿਚ ਗੁਰੂ ਅਮਰਦਾਸ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਾਬੁਲ ਦੀਆਂ ਸੰਗਤਾਂ ਦਾ ਯੋਗਦਾਨ ਵੱਡਮੁੱਲਾ ਰਿਹਾ ਹੈ। ਅਫਗਾਨੀ ਸਿੱਖ ਜੋ ਹੁਣ ਅਫਗਾਨਿਸਤਾਨ ਤੋਂ ਬਾਹਰ ਵਸੇ ਹਨ ਉਹ ਵੀ ਇਸ ਦਰਦ ਨੂੰ ਵਾਰ-ਵਾਰ ਬਿਆਨ ਕਰਦੇ ਸਾਡੇ ਸਾਹਮਣੇ ਸਵਾਲ ਖੜ੍ਹਾ ਕਰਦੇ ਹਨ।

ਗੁਰਦਾਸਪੁਰ ਤੋਂ ਅਹਿਮਦੀਆ ਭਾਈਚਾਰ ਨਾਲ ਸਬੰਧਤ ਕਾਦੀਆਂ ਦੇ ਵਾਸੀ ਮਨਸੂਰ ਅਹਿਮਦ ਵੜੈਚ ਹਨ। ਮਨਸੂਰ ਵੀ ਅਹਿਮਦੀਆ ਨੂੰ ਲੈ ਕੇ ਉਸੇ ਵਜ਼ੂਦ ਅਤੇ ਜਿਊਣ ਦੀ ਮਸ਼ਕਤ ਦੀ ਬਾਤ ਪਾਉਂਦੇ ਹਨ। ਪੇਸ਼ਾਵਰ ਦੀ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ। ਇਸਲਾਮ ਨੂੰ ਮੰਨਣ ਵਾਲਿਆਂ ਲਈ ਅਹਿਮਦੀਆ ਕਾਫਰ ਹਨ। ਅਹਿਮਦੀਆ ਭਾਈਚਾਰੇ ਦੇ ਆਪਣੇ ਵਿਸ਼ਵਾਸ਼ ਹਨ। ਵਿਚਾਰਕ ਮਤਭੇਦ ਦੇ ਬਾਵਜੂਦ ਸਵਾਲ ਇਹ ਹੈ ਕਿ ਕੀ ਇੰਝ ਦੀਆਂ ਹਿੰਸਕ ਕਾਰਵਾਈ ਆਖਰ ਕਦੋਂ ਤੱਕ ਹੁੰਦੀਆਂ ਰਹਿਣਗੀਆਂ।

ਨਾਗਰਿਕਤਾ ਸੋਧ ਕਾਨੂੰਨ ਪਾਕਿਸਤਾਨ ਨੂੰ ਲੈਕੇ ਚੁੱਪ ਹੈ। ਪਾਕਿ ਵਿਚ ਹਿੰਦੂ ਸਿੱਖਾਂ ਤੋਂ ਇਲਾਵਾ ਇਸਾਈ ਅਤੇ ਅਹਿਮਦੀਆ ਭਾਏਚਾਰੇ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਲੰਮੀ ਸੂਚੀ ਹੈ। ਪਾਕਿਸਤਾਨ ਵਿਚ ਇਹ ਦਰਜ ਕੀਤਾ ਗਿਆ ਹੈ ਕਿ ਈਸ਼ਨਿੰਦਾ ਦੇ ਦੋਸ਼ ਦਾ ਮਸਲਾ ਬਦਲਾਖੋਰੀ ਵਿਚ ਵਧੇਰੇ ਵਰਤਿਆ ਜਾਂਦਾ ਹੈ। ਅਫਗਾਨ ਸਿੱਖਾਂ ਦੀ ਮਦਦ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀਜ਼ੇ ਤੋਂ ਲੈਕੇ ਹੋਰ ਮਦਦ ਲਈ ਆਪਣੀ ਭੂਮਿਕਾ ਨਿਭਾ ਰਹੀ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਜਦੋਂ ਅਹਿਮਦੀਆ ਭਾਈਚਾਰੇ ਦੇ ਪਾਕਿ ਵਿਚ ਹਾਲਾਤਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਭਾਰਤ ਸਰਕਾਰ ਨੂੰ ਯਕੀਨਨ ਨਾਗਰਿਕਤਾ ਸੋਧ ਕਾਨੂੰਨ ਦੇ ਦਾਇਰੇ ’ਚ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ।

ਮਨਸੂਰ ਅਹਿਮਦ ਵੜੈਚ ਬਟਾਲੇ ਤੋਂ ਵਕਾਲਤ ਕਰਦੇ ਹਨ। ਉਨਵਾਂ ਮੁਤਾਬਕ ਉਨ੍ਹਾਂ ਦੇ ਪਿਤਾ ਜ਼ਹੂਰ ਅਹਿਮਦ 1947 ’ਚ ਕਾਦੀਆਂ ਗੁਰਦਾਸਪੁਰ ਵਿਖੇ ਬਤੌਰ ਕਾਰਕੁੰਨ ਸ਼ਾਮਲ ਹੋਣ ਆਏ ਸਨ। ਆਜ਼ਾਦੀ ਅਤੇ ਵੰਡ ਦੇ ਦਰਮਿਆਨ ਸਿੱਖਾਂ ਦੇ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਲਈ ਅਤੇ ਇੰਝ ਗੁਰਦਾਸਪੁਰ ਕਾਦੀਆਂ ਅਹਿਮਦੀਆ ਦੇ ਕੇਂਦਰ ਲਈ ਸਬੰਧਤ ਭਾਈਚਾਰੇ ਦੇ ਕੁਝ ਬੰਦਿਆਂ ਦਾ ਬਤੌਰ ਸੇਵਾਦਾਰ ਰਹਿਣ ਦਾ ਸਮਝੌਤਾ ਵੀ ਹੋਇਆ ਸੀ। ਇਸੇ ਸਿਲਸਿਲੇ ਕਰ ਕੇ ਜ਼ਹੂਰ ਅਹਿਮਦ ਵੀ ਗੁਜਰਾਤ (ਪਾਕਿਸਤਾਨ) ਦੇ ਪਿੰਡ ਸ਼ੇਖੂਪੁਰਾ ਵੜੈਚਾਂ ਤੋਂ ਕਾਦੀਆਂ ਆ ਗਏ। ਪਿੰਡ ਸ਼ੇਖੂਪੁਰ ਵੜੈਚ ਚਨਾਬ ਦੇ ਕੰਢੇ ਪਿੰਡ ਸੀ। ਜ਼ਹੂਰ ਅਹਿਮਦ ਦੇ ਬਾਕੀ ਟੱਬਰਦਾਰ ਇਸੇ ਪਿੰਡ ਹੀ ਵੱਸੇ ਰਹੇ। ਮਨਸੂਰ ਅਹਿਮਦ ਦੱਸਦੇ ਹਨ ਕਿ ਉਹ ਆਪਣੇ ਰਿਸ਼ਤੇ ਦੇ ਚਾਚੇ ਤਾਇਆਂ ਦੇ ਪਰਿਵਾਰ ਨੂੰ ਮਿਲਣ ਪਾਕਿਸਤਾਨ ਆਪਣੇ ਪਿੰਡ ਜਾਂਦੇ ਰਹੇ ਹਨ। ਮਨਸੂਰ ਆਖਰੀ ਵਾਰ 2016 ’ਚ ਗਏ ਸਨ। ਮਨਸੂਰ ਮੁਤਾਬਕ ਇਹ ਸਮਝਣ ਦੀ ਲੋੜ ਹੈ ਕਿ ਵੰਡ ’ਚ ਦੇਸ਼ ਦੋ ਹੋ ਗਏ ਅਤੇ ਅਸੀਂ ਉਸ ਦੇਸ਼ ਦੇ ਵਾਸੀ ਹਾਂ। ਪਰ ਵੰਡ ਦੀ ਇਸ ਲਕੀਰ ਨੇ ਇਹ ਨਹੀਂ ਸਮਝਿਆ ਕਿ ਬੰਦਿਆਂ ਦੇ ਆਪਸੀ ਇਨਸਾਨੀ ਰਿਸ਼ਤਿਆਂ ਨੂੰ ਕਿਉਂ ਤਲਖੀਆਂ ਵਿਚ ਕੁਰਬਾਨ ਹੋਣਾ ਪੈਂਦਾ ਹੈ? ਉਨ੍ਹਾਂ ਦੇ ਪਿਤਾ ਸਾਰੀ ਜ਼ਿੰਦਗੀ ਕਾਦੀਆਂ ਰਹੇ। 1964 ਵਿਚ ਮੇਰਾ ਜਨਮ ਹੋਇਆ। ਮਨਸੂਰ ਮੁਤਾਬਕ ਇਕ ਪਾਸੇ ਅਸੀਂ ਭਾਰਤ ਵਿਚ ਇਥੇ ਰਹਿ ਰਹੇ ਹਾਂ। ਦੂਜੇ ਪਾਸੇ ਸਾਡੇ ਹੀ ਭਾਈਚਾਰੇ ਦੇ ਬੰਦਿਆਂ ਨੂੰ ਲੈਕੇ ਪਾਕਿਸਤਾਨ ਵਿਚ ਵਧੀਕੀਆਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।

ਪਾਕਿਸਤਾਨ ਨੇ 1974 ਵਿਚ ਅਹਿਮਦੀਆ ਨੂੰ ਗੈਰ ਮੁਸਲਿਮ ਐਲਾਨ ਦਿੱਤਾ। ਉਸ ਸਮੇਂ ਜ਼ੁਲਫੀਕਾਰ ਅਲੀ ਭੁੱਟੋ ਦੀ ਸਰਕਾਰ ਸੀ। 1984 ਵਿਚ ਜ਼ਿਆ ਉਲ ਹੱਕ ਨੇ ਨਮਾਜ਼ ਅਤੇ ਅਜ਼ਾਨ ਦੀ ਮਨਾਹੀ ਕਰ ਦਿੱਤੀ।ਕਲਮਾਂ ਪੜ੍ਹਣ ਵਾਲੇ ਨੂੰ ਕੈਦ ਤੱਕ ਦਾ ਬੰਦੋਬਸਤ ਕੀਤਾ। ਪਾਕਿਸਤਾਨ ਦੇ ਹਲਾਤਾਂ ਦੇ ਜਾਣਕਾਰਾਂ ਮੁਤਾਬਕ ਅਹਿਮਦੀਆ ਭਾਈਚਾਰੇ ਦਾ ਇਕ ਸਮੇਂ ਮਤਭੇਦ ਹੋਣ ਦੇ ਬਾਵਜੂਦ ਚੰਗਾ ਰਸੂਖ ਰਿਹਾ ਹੈ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਚੀਫ ਜਸਟਿਸ ਚੌਧਰੀ ਜ਼ਫਰੁੱਲਾ ਖ਼ਾਨ ਇਸੇ ਭਾਈਚਾਰੇ ਦੇ ਸਨ। ਚੌਧਰੀ ਜ਼ਫ਼ਰੁੱਲਾ ਬਰਤਾਨਵੀ ਭਾਰਤ ’ਚ ਰੇਲ ਮੰਤਰੀ ਵੀ ਸਨ। ਅਹਿਮਦੀਆ ਭਾਈਚਾਰੇ ਦੀ ਕਹਾਣੀ ਦਾ ਵੱਡਾ ਮੋੜ 60 ਦੇ ਦਹਾਕੇ ਵਿਚ ਆਉਂਦਾ ਹੈ ਜਦੋਂ ਰਬਵੇ ਚਿਨਿਓਟ ਤੋਂ ਮੌਲਾਨਾ ਅੱਤਾਉੱਲਾ ਸ਼ਾਹ ਬੁਖ਼ਾਰੀ ਨੇ ਅਹਿਮਦੀਆ ਨੂੰ ਆਪਣੀ ਤਸਵੀਰ ਸਾਫ ਕਰਨ ਦੀ ਹਦਾਇਤ ਦਿੰਦਿਆਂ ਗੈਰ ਮੁਸਲਿਮ ਐਲਾਨਣ ਨੂੰ ਕਿਹਾ। ਮੌਲਾਨਾ ਅੱਤਾਉਲਾ ਮੁਤਾਬਕ ਅਹਿਮਦੀਆ ਦੀ ਤਰਤੀਬ ਇਸਲਾਮ ਤੋਂ ਵੱਖਰੀ ਹੈ। ਰਬਵੇ ਜੋ ਚਨਾਬ ਨਗਰ ਕਰ ਕੇ ਜਾਣਿਆ ਜਾਂਦਾ ਹੈ 1953 ਵਿਚ ਮੋਰਚੇ ਦੋਰਾਨ ਮੌਲਵੀਆਂ ਦਾ ਕਤਲ ਵੀ ਹੋਇਆ ਸੀ ਜਿਹਦਾ ਦੋਸ਼ ਅਹਿਮਦੀਆਂ ’ਤੇ ਲੱਗਦਾ ਹੈ।

ਦੂਜੇ ਪਾਸੇ ਸਧਾਰਨ ਇਨਸਾਨ ਦੇ ਰੂਪ ’ਚ ਆਮ ਅਹਿਮਦੀਆ ਬੰਦੇ ਦੀਆਂ ਆਪਣੀ ਫਿਕਰਾਂ ਹਨ। ਮਨਸੂਰ ਅਹਿਮਦ ਵੜੈਚ ਮੁਤਾਬਕ ਉਨ੍ਹਾਂ ਨੂੰ ਕਾਦੀਆਂ ਵਿਖੇ 12 ਸਾਲ ਦੀ ਉਮਰ ਵਿਚ ਪਾਕਿਸਤਾਨ ਦੇ ਭੌਤਿਕ ਵਿਗਿਆਨੀ ਅਬਦੁੱਸ ਸਲਾਮ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਇਸ ਤੋਂ ਪਹਿਲਾਂ ਜਦੋਂ ਉਹ 7 ਸਾਲ ਦੇ ਸਨ ਤਾਂ ਉਦੋਂ ਕਾਦੀਆਂ ਚੌਧਰੀ ਜ਼ਫਰੁੱਲਾ ਖ਼ਾਨ ਨੂੰ ਮਿਲੇ। ਅਬਦੁੱਸ ਸਲਾਮ ਪਾਕਿਸਤਾਨ ਦੇ ਨੋਬਲ ਇਨਾਮ ਪ੍ਰਾਪਤ ਵਿਗਿਆਨੀ ਹਨ। ਦੁਨੀਆ ਉਨ੍ਹਾਂ ਨੂੰ ਪਹਿਲਾ ਪਾਕਿਸਤਾਨੀ ਅਤੇ ਮੁਸਲਮਾਨ ਨੋਬਲ ਪ੍ਰਾਪਤ ਵਿਗਿਆਨੀ ਮੰਨਦੀ ਹੈ। ਉਨ੍ਹਾਂ ਨੋਬਲ ਦੀ ਬੈਠਕ ਵਿਚ ਪੰਜਾਬੀ ਪਛਾਣ ਨੂੰ ਪੇਸ਼ ਕਰਦਿਆਂ ਪੱਗ ਬੰਨ੍ਹਕੇ ਸੰਬੋਧਤ ਕੀਤਾ ਸੀ ਪਰ ਪਾਕਿਸਤਾਨ ਨੇ ਉਨ੍ਹਾਂ ਨੂੰ ਇੱਜ਼ਤ ਨਹੀਂ ਦਿੱਤੀ। ਅਬਦੁੱਸ ਸਲਾਮ ਆਪਣੀ ਅਹਿਮਦੀਆ ਪਛਾਣ ਕਰ ਕੇ ਜ਼ਿਆ ਉਲ ਹੱਕ ਦੀ ਕੱਟੜਪੰਥੀ ਸਰਕਾਰ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਇਆ ਸੀ।

ਮਨਸੂਰ ਅਹਿਮਦ ਵੜੈਚ ਇਸੇ ਜ਼ਿਕਰ ਵਿਚ ਕਹਿੰਦੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ’ਚ ਅਹਿਮਦੀਆ ਅਤੇ ਪਾਕਿਸਤਾਨ ਦੇ ਘੱਟਗਿਣਤੀ ਭਾਈਚਾਰੇ ਬਾਰੇ ਨਾ ਸੋਚਿਆ ਜਾਣਾ ਬੁਨਿਆਦੀ ਸਵਾਲ ਤੋਂ ਦੂਰ ਕਰਦਾ ਹੈ ਕਿ ਸਾਡੀ ਫ਼ਿਕਰ ਇਨਸਾਨੀ ਜਾਨ ਦੀ ਪਰਵਾਹ ਕਰਨਾ ਹੈ ਜਾਂ ਇਹ ਸਿਰਫ ਆਪਣੀ ਤਰ੍ਹਾਂ ਦਾ ਸਿਆਸੀ ਤਰਕਸ਼ ਹੈ। ਕਾਨੂੰਨ ਉਹ ਹੀ ਕਲਿਆਣਕਾਰੀ ਹੋ ਸਕਦਾ ਹੈ ਜੋ ਦੂਜੇ ਦੇ ਬੱਚੇ ਨੂੰ ਆਪਣਾ ਬੱਚਾ ਸਮਝੇ। ਭਾਰਤ ਸਰਕਾਰ ਨੂੰ ਇਨ੍ਹਾਂ ਦਿਨਾਂ ਦੀਆਂ ਘਟਨਾਵਾਂ ਬਾਰੇ ਵਿਚਾਰਦਿਆਂ ਸੋਚਣਾ ਚਾਹੀਦਾ ਹੈ। ਕਿਉਂਕਿ ਇਸੇ ਲੁੱਟ ਵਿਚ ਅਸੀਂ ਇਨਸਾਨੀ ਸਾਂਝ ਨੂੰ ਛਿੱਥਾ ਪੈਂਦੇ ਵੇਖ ਰਹੇ ਹਾਂ।

‘‘ਇਸ ਬਾਰੇ ਅਸੀਂ ਆਪਣੀ ਪਾਰਟੀ ਦਾ ਨਜ਼ਰੀਆ ਪਹਿਲਾ ਹੀ ਪੇਸ਼ ਕਰ ਚੁੱਕੇ ਹਾਂ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਬੀਰ ਸਿੰਘ ਬਾਦਲ ਪਾਰਲੀਮੈਂਟ ’ਚ ਵੀ ਬੋਲ ਚੁੱਕੇ ਹਨ। ਮਨੁੱਖੀ ਅਧਿਕਾਰਾਂ ਦੇ ਘਾਣ ’ਚ ਪਾਕਿਸਤਾਨ ਤੋਂ ਅਹਿਮਦੀਆ ਭਾਈਚਾਰਾ ਵੀ ਆਉਂਦਾ ਹੈ। ਅਸੀਂ ਆਪਣੇ ਇਸ ਫੈਸਲੇ ’ਤੇ ਅਟਲ ਰਹਿੰਦਿਆਂ ਆਪਣੀਆਂ ਸੀਟਾਂ ਤੱਕ ਛੱਡੀਆਂ ਹਨ।’’ ਮਨਜਿੰਦਰ ਸਿੰਘ ਸਿਰਸਾ

PunjabKesari

‘‘ਇਹ ਰੋਜ਼ੀ-ਰੋਟੀ ਦੇ ਨਾਲ ਵਜ਼ੂਦ ਦਾ ਮਸਲਾ ਵੀ ਹੈ। ਅਫਗਾਨ ਸਿੱਖਾਂ ਦੇ ਮਸਲੇ ’ਚ ਸਾਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਪੂਰੀ ਸਿੱਖ ਵਿਰਾਸਤ ਅਫਗਾਨਿਸਤਾਨ ਵਿਚ ਖਤਮ ਹੋਵੇਗੀ। ਸਿੱਖਾਂ ਦੇ ਰੂਪ ’ਚ ਅਫਗਾਨੀਆਂ ਦੀ ਇਹ ਵਿਰਾਸਤ ਵੱਡਮੁੱਲੀ ਹੈ। ਮਾਂਈ ਸੇਵਾ ਤੋਂ ਲੈਕੇ ਭਾਈ ਗੁਰਦਾਸ ਤੱਕ ਕਾਬੁਲ ਦੀਆਂ ਸੰਗਤਾਂ ਦਾ ਗੁਰੂਘਰ ਨੂੰ ਸਮਰਪਿਤ ਇਤਿਹਾਸ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਫਗਾਨੀ ਸਿੱਖਾਂ ਨੂੰ ਦੋਹਰੀ ਨਾਗਰਿਕਤਾ ਤਿਬੱਤ ਦੇ ਲੋਕਾਂ ਦੀ ਤਰਜ਼ ’ਤੇ ਦੇਵੇ ਤਾਂ ਕਿ ਵੱਡਮੁੱਲੀ ਵਿਰਾਸਤ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਬਣੇ। ਜੇ ਅਸੀਂ ਤਿੱਬਤੀ ਲੋਕਾਂ ਦੀ ਕਾਲੋਨੀ ਦਿੱਲੀ, ਮੁੱਖ ਕੇਂਦਰ ਧਰਮਸ਼ਾਲਾ ਮੈਕਲੋਡਗੰਜ ਅਤੇ 16 ਹਜ਼ਾਰ ਮਕਾਨਾਂ ਨਾਲ ਚੰਡੀਗੜ੍ਹ ਵਿਖੇ ਪ੍ਰਵਾਸੀ ਮਜ਼ਦੂਰਾਂ ਲਈ ਹੰਭਲਾ ਮਾਰਿਆ ਹੈ ਤਾਂ ਅਫਗਾਨੀ ਸਿੱਖਾਂ ਦੀ ਕਾਲੋਨੀ ਵੀ ਇਸੇ ਤਰਜ਼ ’ਤੇ ਬਣਾਉਣੀ ਚਾਹੀਦੀ ਹੈ। ਇਹ ਚੰਡੀਗੜ੍ਹ ਵਿਖੇ ਹੋਏ ਤਾਂ ਚੰਗਾ ਅਤੇ ਇਹ ਭਾਰਤ ਲਈ ਸ਼ਲਾਘਾਯੋਗ ਕਦਮ ਹੋਵੇਗਾ।’’ ਗੰਗਵੀਰ ਸਿੰਘ ਰਾਠੌੜ, ਆਲਮੀ ਪੰਜਾਬੀ ਸੰਗਤ

PunjabKesari


rajwinder kaur

Content Editor

Related News