ਆਓ ਤਾਲਾਬੰਦੀ ਕਾਲ ਨੂੰ ਯਾਦਾਂ ਦੀ ਕਿਤਾਬ ਦਾ ਸੁਨਹਿਰਾ ਪੰਨ੍ਹਾ ਬਣਾਉਣ ਦੀ ਕੋਸ਼ਿਸ਼ ਕਰੀਏ !

Sunday, Jun 14, 2020 - 11:31 AM (IST)

ਆਓ ਤਾਲਾਬੰਦੀ ਕਾਲ ਨੂੰ ਯਾਦਾਂ ਦੀ ਕਿਤਾਬ ਦਾ ਸੁਨਹਿਰਾ ਪੰਨ੍ਹਾ ਬਣਾਉਣ ਦੀ ਕੋਸ਼ਿਸ਼ ਕਰੀਏ !

ਬਿੰਦਰ ਸਿੰਘ ਖੁੱਡੀ ਕਲਾਂ

ਕੋਰੋਨਾ ਤੋਂ ਬਚਾਅ ਲਈ ਮੁਲਕ 'ਚ ਲਾਗੂ ਕੀਤੀ ਤਾਲਾਬੰਦੀ ਆਪਣੇ ਆਪ 'ਚ ਮਿਸ਼ਾਲੀ ਹੈ। ਅਜਿਹਾ ਸਮਾਂ ਤੁਸੀਂ ਤਾਂ ਕੀ ਤੁਹਾਡੇ ਮਾਤਾ ਪਿਤਾ ਨੇ ਵੀ ਨਹੀਂ ਵੇਖਿਆ ਹੋਣਾ। ਤਾਲਾਬੰਦੀ ਨੇ ਜ਼ਿੰਦਗੀ ਦੇ ਹਰ ਪੱਖ ਨੂੰ ਪ੍ਰਭਾਵਿਤ ਕੀਤਾ ਹੈ। ਹਰੇਕ ਇਨਸਾਨ ਦੀ ਜ਼ਿੰਦਗੀ 'ਤੇ ਇਸ ਦੇ ਬਹੁਪੱਖੀ ਪ੍ਰਭਾਵ ਪਏ ਹਨ। ਜੇਕਰ ਵਿੱਦਿਅਕ ਖੇਤਰ ਦੀ ਗੱਲ ਕਰੀਏ ਤਾਂ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਅੱਧ ਵਿਚਾਲੇ ਲਟਕ ਕੇ ਰਹਿ ਗਈਆਂ ਸਨ। ਘਰੇਲੂ ਪ੍ਰੀਖਿਆਵਾਂ ਦੇ ਨਤੀਜੇ ਅਤੇ ਨਵੇਂ ਸੈਸ਼ਨ ਦੇ ਦਾਖਲੇ ਹੋਣੇ ਵੀ ਹਾਲੇ ਬਾਕੀ ਸਨ। ਸਾਡੇ ਸੂਬਾਈ ਬੋਰਡ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰਵੀਂ ਜਮਾਤ ਨੂੰ ਛੱਡਕੇ ਬਾਕੀ ਜਮਾਤਾਂ ਪੰਜਵੀਂ, ਅੱਠਵੀਂ ਅਤੇ ਦਸਵੀਂ ਦੇ ਨਤੀਜੇ ਲਗਾਤਾਰ ਸਮੁੱਚੇ ਮੁਲਾਂਕਣ ਦੇ ਆਧਾਰ 'ਤੇ ਘੋਸ਼ਿਤ ਕਰ ਦਿੱਤੇ ਗਏ ਹਨ।

ਇਨ੍ਹਾਂ ਨਤੀਜਿਆਂ ਦੀ ਵਿਲੱਖਣਤਾ ਇਹ ਰਹੀ ਹੈ ਕਿ ਕਿਸੇ ਜਮਾਤ ਦੇ ਨਤੀਜੇ 'ਚ ਵਿਦਿਆਰਥੀਆਂ ਦੇ ਅੰਕ ਨਹੀਂ ਦਰਸਾਏ ਗਏ। ਸਮੂਹ ਵਿਦਿਆਰਥੀਆਂ ਨੂੰ ਕੋਵਿਡ-19 ਦੇ ਹਵਾਲੇ ਨਾਲ ਗਰੇਡ ਦੇ ਕੇ ਪਾਸ ਕੀਤਾ ਗਿਆ ਹੈ। ਹੋਰ ਤਾਂ ਹੋਰ ਇਸ ਵਾਰ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਜਾ ਸਕੀ। ਓਪਨ, ਪ੍ਰਾਈਵੇਟ, ਸੁਧਾਰ ਜਾਂ ਸੁਨਹਿਰੇ ਅਵਸਰ ਵਾਲੇ ਪ੍ਰੀਖਿਆਰਥੀਆਂ ਦੀਆਂ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ ਅਤੇ ਬਾਰਵੀਂ ਜਮਾਤ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਵੀ ਸਮਾਂ ਅਨੁਕੂਲ ਹੋਣ 'ਤੇ ਕਰਵਾਈਆਂ ਜਾਣਗੀਆਂ।

ਪੂਰੇ ਮੁਲਕ 'ਚ ਮਾਰਚ ਮਹੀਨੇ ਤੋਂ ਹੋਈ ਸਕੂਲਾਂ ਦੀ ਤਾਲਾਬੰਦੀ ਹਾਲੇ ਵੀ ਜਾਰੀ ਹੈ। ਹਰ ਸਮਾਜ ਲਈ ਉਸਦੇ ਬੱਚਿਆਂ ਦੀ ਸਿਹਤ ਸਭ ਤੋਂ ਜ਼ਰੂਰੀ ਹੁੰਦੀ ਹੈ। ਇਸੇ ਲਈ ਸਾਡੀਆਂ ਸਰਕਾਰਾਂ ਸਕੂਲ਼ ਖੋਲ੍ਹ ਕੇ ਬੱਚਿਆਂ ਦੀ ਸਿਹਤ ਪ੍ਰਤੀ ਕਿਸੇ ਕਿਸਮ ਦਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀਆਂ। ਤਾਲਾਬੰਦੀ ਦੌਰਾਨ ਹੀ ਤਕਰੀਬਨ ਸਾਰੇ ਸਕੂਲਾਂ ਦਾ ਨਵਾਂ ਸ਼ੈਸ਼ਨ ਸ਼ੁਰੂ ਹੋਇਆ ਹੈ। ਸ਼ੈਸ਼ਨ ਦੀ ਪੜ੍ਹਾਈ ਜਾਰੀ ਰੱਖਣ ਲਈ ਸਕੂਲ਼ਾਂ ਵੱਲੋਂ ਆਪੋ ਆਪਣੇ ਪੱਧਰ 'ਤੇ ਆਨਲਾਈਨ ਪੜ੍ਹਾਈ ਦੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ ਦੇ ਨਾਲ-ਨਾਲ ਦੂਰਦਰਸ਼ਨ ਨੂੰ ਵੀ ਆਨਲਾਈਨ ਪੜ੍ਹਾਈ ਦਾ ਜ਼ਰੀਆ ਬਣਾਇਆ ਗਿਆ ਹੈ।

ਇਸ ਤਾਲਾਬੰਦੀ ਕਾਲ ਦੌਰਾਨ ਜਿੱਥੇ ਤੁਸੀਂ ਆਨਲਾਈਨ ਪੜ੍ਹਾਈ ਬਾਰੇ ਆਪਣੇ ਅਧਿਆਪਕਾਂ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਹੈ, ਉੱਥੇ ਹੀ ਕੋਵਿਡ-19 ਤੋਂ ਬਚਾਅ ਬਾਰੇ ਸਰਕਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਂਦਿਆਂ ਆਪਣੇ ਆਪ ਨੂੰ ਸੁਰੱਖਿਅਤ ਵੀ ਰੱਖਣਾ ਹੈ। ਆਪਣੇ ਨਜ਼ਦੀਕੀਆਂ ਨੂੰ ਵੀ ਕੋਵਿਡ-19 ਬਾਰੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਈ ਪ੍ਰੇਰਿਤ ਕਰਨਾ ਹੈ।

ਇਸ ਤਾਲਾਬੰਦੀ ਕਾਲ ਦੌਰਾਨ ਜਿੱਥੇ ਇਕ ਪਾਸੇ ਵਿਹਲ ਵਧੀ ਹੈ, ਉੱਥੇ ਹੀ ਬਾਕੀ ਲੋਕਾਂ ਨਾਲ ਮੇਲਜੋਲ ਟੁੱਟਣ ਕਾਰਨ ਕਈ ਲੋਕ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਗਏ ਹਨ। ਪਰ ਆਪਾਂ ਇਸ ਕਾਲ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣਾਉਣ ਦੀ ਬਜਾਏ ਜ਼ਿੰਦਗੀ ਦੀਆਂ ਯਾਦਾਂ ਦੀ ਕਿਤਾਬ ਦਾ ਸੁਨਹਿਰਾ ਪੰਨ੍ਹਾਂ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਇਸ ਕਾਲ ਦੌਰਾਨ ਘਰ 'ਚ ਰਹਿਕੇ ਅਜਿਹੇ ਕਾਰਜਾਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰਨੀ ਹੈ, ਜਿੰਨ੍ਹਾਂ 'ਤੇ ਆਪਾਂ ਬਾਅਦ ਵਿੱਚ ਮਾਣ ਕਰ ਸਕੀਏ। ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਪੜ੍ਹਾਈ ਕਰਨ ਉਪਰੰਤ ਵੀ ਤੁਹਾਡੇ ਸਭ ਕੋਲ ਕਾਫੀ ਸਾਰਾ ਸਮਾਂ ਬਚ ਜਾਂਦਾ ਹੈ। ਇਸ ਬਚੇ ਸਮੇਂ ਦਾ ਸਦਉਪਯੋਗ ਹੀ ਸਭ ਤੋਂ ਵੱਡੀ ਚੁਣੌਤੀ ਹੈ। ਹਰ ਇਨਸਾਨ ਅੰਦਰ ਇੱਕ ਕਲਾਕਾਰ ਛੁਪਿਆ ਹੁੰਦਾ ਹੈ। ਬੱਸ ਲੋੜ ਤਾਂ ਇਸ ਛੁਪੀ ਕਲਾ ਨੂੰ ਪਛਾਣ ਕੇ ਉਜਾਗਰ ਕਰਨ ਦੀ ਹੁੰਦੀ ਹੈ।

ਤੁਹਾਡੇ ਵਿੱਚੋਂ ਬਹੁਤ ਸਾਰੇ ਵਧੀਆ ਅਦਾਕਾਰ, ਚਿੱਤਰਕਾਰ, ਗਾਇਕ ਅਤੇ ਹੋਰ ਕਲਾਵਾਂ ਦੇ ਮਾਲਕ ਹਨ ਪਰ ਇਨ੍ਹਾਂ ਦੀ ਪ੍ਰਫੁੱਲਤਾ ਲਈ ਸਮਾਂ ਨਾ ਮਿਲਣ ਕਾਰਨ ਇਹ ਦੱਬ ਕੇ ਰਹਿ ਜਾਂਦੀਆਂ ਹਨ। ਕੁੜੀਆਂ ਮਾਵਾਂ ਨਾਲ ਘਰ ਦੀ ਰਸੋਈ 'ਚ ਖਾਣਾ ਪਕਾਉਣ ਦਾ ਹੁਨਰ ਸਿੱਖ ਸਕਦੀਆਂ ਹਨ। ਪਾਠਕ੍ਰਮ ਦੀ ਪੜ੍ਹਾਈ ਤੋਂ ਇਲਾਵਾ ਹੋਰ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਹਨ ਅਤੇ ਤੁਸੀਂ ਖੁਦ ਵੀ ਰਚਨਾਵਾਂ ਲਿਖ ਸਕਦੇ ਹੋ। ਪਾਠਕ੍ਰਮ ਤੋਂ ਬਾਹਰ ਦੀਆਂ ਪੁਸਤਕਾਂ ਕਿਸੇ ਵੀ ਵਿਅਕਤੀ ਦੇ ਸਰਵਪੱਖੀ ਵਿਕਾਸ ਦਾ ਮੁੱਖ ਵਸੀਲਾ ਹੁੰਦੀਆਂ ਹਨ। ਪੁਸਤਕਾਂ ਪੜ੍ਹਕੇ ਹੀ ਇਨਸਾਨ ਨੂੰ ਦੂਜਿਆਂ ਦੀ ਜੀਵਨ ਗਾਥਾ ਦਾ ਪਤਾ ਲੱਗਦਾ ਹੈ।

ਤਾਲਾਬੰਦੀ ਦਾ ਇਹ ਸਮਾਂ ਜ਼ਿੰਦਗੀ ਦੀ ਯਾਦ ਜ਼ਰੂਰ ਬਣਨਾ ਹੈ। ਜਿਹੜਾ ਵਿਅਕਤੀ ਇਸ ਕਾਲ ਦਾ ਸਦਉਪਯੋਗ ਕਰ ਲਵੇਗਾ, ਉਸ ਦੀ ਯਾਦਾਂ ਦਾ ਕਿਤਾਬ ਵਿੱਚ ਇਹ ਸੁਨਹਿਰੀ ਪੰਨ੍ਹੇ ਵਜੋਂ ਦਰਜ ਹੋਵੇਗਾ। ਇਸ ਸਮੇਂ ਦੌਰਾਨ ਸਿੱਖੀ ਜਾਂ ਪ੍ਰਫੁੱਲਿਤ ਕੀਤੀ ਕਲਾ ਦਾ ਸਵਾਦ ਵੱਖਰਾ ਹੀ ਹੋਣਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਗਤੀਵਿਧੀਆਂ ਦੇ ਰੁਝੇਵੇਂ 'ਚ ਪਾਉਣ ਨਾਲ ਇਨਸਾਨ ਬੇਲੋੜੇ ਮਾਨਸਿਕ ਤਣਾਅ ਤੋਂ ਵੀ ਮੁਕਤ ਹੋ ਜਾਂਦਾ ਹੈ। ਇਸ ਕਾਲ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਕਈ ਪੱਖਾਂ ਤੋਂ ਬੇਸਹਾਰਾ ਬਣਾ ਦਿੱਤਾ ਹੈ। ਇਨ੍ਹਾਂ ਦੀ ਮਦਦ ਕਰਕੇ ਵੀ ਯਾਦਾਂ ਦੀ ਪਟਾਰੀ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਘਰ ਬੈਠਿਆਂ ਹੀ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਸਮੇਂ ਨੇ ਗੁਜ਼ਰ ਜਾਣਾ ਹੈ, ਬੱਸ ਬਾਕੀ ਰਹਿਣਾ ਹੈ ਯਾਦਾਂ ਦਾ ਸਰਮਾਇਆ। ਆਓ ਸਿਰਜ ਲਈਏ ਕੁੱਝ ਸੁਨਹਿਰੀ ਯਾਦਾਂ ਦਾ ਸਰਮਾਇਆ।


author

rajwinder kaur

Content Editor

Related News