ਭਾਰਤ-ਚੀਨ ਸਰਹੱਦ 'ਤੇ ਹੋਈ ਸੈਨਿਕ ਝੜਪ ਚੀਨ ਦੀ ਬੁਖਲਾਹਟ ਦੀ ਨਿਸ਼ਾਨੀ !

06/19/2020 12:30:24 PM

ਬਿੰਦਰ ਸਿੰਘ ਖੁੱਡੀ ਕਲਾਂ
ਮੋਬ; 98786-05965

ਪੁਰੀ ਦੁਨੀਆਂ ਅੱਜ ਕੋਰੋਨਾ ਵਾਇਰਸ ਲਾਗ (ਮਹਾਮਾਰੀ) ਦੇ ਨਾਲ ਦੋ ਚਾਰ ਹੋ ਰਿਹਾ ਹੈ। ਤਕਰੀਬਨ ਸਾਰੇ ਹੀ ਮੁਲਕਾਂ ਵੱਲੋਂ ਇਸ ਮਹਾਮਾਰੀ ਨਾਲ ਨਜਿੱਠਣ ਲਈ ਇੱਕ ਦੂਜੇ ਦੀ ਮਦਦ ਲਈ ਹੱਥ ਵਧਾਇਆ ਜਾ ਰਿਹਾ ਹੈ। ਪਰ ਇਸ ਦੌਰਾਨ ਭਾਰਤ ਚੀਨ ਸਰਹੱਦ 'ਤੇ ਗਲਵਾਨ ਘਾਟੀ 'ਚ ਦੋਵੇਂ ਮੁਲਕਾਂ ਦੇ ਸੈਨਿਕਾਂ 'ਚ ਹੋਈ ਖੂਨੀ ਝੜਪ ਬੇੱਹਦ ਚਿੰਤਾ ਦਾ ਵਿਸ਼ਾ ਹੈ। ਇਸ ਝੜਪ 'ਚ ਦੋਵੇਂ ਹੀ ਮੁਲਕਾਂ ਦੇ ਸੈਨਿਕ ਅਧਿਕਾਰੀਆਂ ਅਤੇ ਜਵਾਨਾਂ ਦਾ ਜਾਨੀ ਨੁਕਸਾਨ ਹੋਇਆ ਹੈ। ਸਰਹੱਦੀ ਤਣਾਅ ਨੂੰ ਗੱਲਬਾਤ ਜ਼ਰੀਏ ਘਟਾਉਣ ਦੀਆਂ ਗੱਲਾਂ ਕਰਨ ਵਾਲੇ ਚੀਨ ਵੱਲੋਂ ਬਿਨਾਂ ਵਜ੍ਹਾ ਭਾਰਤੀ ਸੈਨਿਕਾਂ 'ਤੇ ਕੀਤਾ ਹਮਲਾ ਉਸਦੇ ਦੋਗਲੇ ਕਿਰਦਾਰ ਦੀ ਤਰਜ਼ਮਾਨੀ ਕਰ ਰਿਹਾ ਹੈ। 

ਭਾਰਤ ਅਤੇ ਚੀਨ ਦਰਮਿਆਨ ਟਕਰਾਅ ਹਮੇਸ਼ਾ ਹੀ ਬਣਿਆ ਰਿਹਾ ਹੈ। ਸਰਹੱਦੀ ਵਿਵਾਦ ਪੈਦਾ ਕਰਦੇ ਰਹਿਣਾ ਚੀਨ ਦੀ ਪੁਰਾਣੀ ਆਦਤ ਹੈ। ਪਰ ਮੀਡੀਆ ਰਿਪੋਰਟਾਂ ਅਨੁਸਾਰ ਸਰਹੱਦ 'ਤੇ ਭਾਰਤੀ ਅਤੇ ਚੀਨੀ ਸੈਨਿਕਾਂ ਦਰਮਿਆਨ ਹੋਇਆ ਇਸ ਤਰ੍ਹਾਂ ਦਾ ਖੂਨੀ ਟਕਰਾਅ ਤਕਰੀਬਨ ਪੰਤਾਲੀ ਵਰ੍ਹਿਆਂ ਬਾਅਦ ਹੋਇਆ ਹੈ। ਇਸ ਤੋਂ ਪਹਿਲਾਂ ਉੱਨੀ ਸੌ ਬਾਹਟ ਦੀ ਜੰਗ ਉਪਰੰਤ ਉੱਨੀ ਸੌ ਪਝੱਤਰ ਵਿੱਚ ਅਰੁਣਾਚਲ ਪ੍ਰਦੇਸ਼ ਖੇਤਰ 'ਚ ਇਸ ਤਰ੍ਹਾਂ ਦਾ ਟਕਰਾਅ ਸਾਹਮਣੇ ਆਇਆ ਸੀ। ਉਸ ਸਮੇਂ ਵੀ ਦੋਵੇਂ ਮੁਲਕਾਂ ਦੇ ਸੈਨਿਕਾਂ ਦਾ ਕਾਫੀ ਨੁਕਸਾਨ ਹੋਇਆ ਸੀ।

ਪੜ੍ਹੋ ਇਹ ਵੀ - ਗੁਰਮਤਿ ਸੰਗੀਤ ਵਿੱਚ ਵਰਤੇ ਜਾਂਦੇ 'ਤੰਤੀ ਸਾਜ਼ਾਂ' ਦੀ ਮਹਾਨਤਾ

ਭਾਰਤ ਚੀਨ ਸਰਹੱਦ 'ਤੇ ਕਈ ਦਿਨਾਂ ਤੋਂ ਚੱਲ ਰਹੇ ਤਣਾਅ ਨੂੰ ਦੋਵੇਂ ਮੁਲਕਾਂ ਵੱਲੋਂ ਗੱਲਬਾਤ ਰਾਹੀਂ ਖਤਮ ਕਰਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦੌਰਾਨ ਇਸ ਤਰ੍ਹਾਂ ਦਾ ਟਕਰਾਅ ਹੋ ਜਾਣਾ ਕਈ ਤਰ੍ਹਾਂ ਦੇ ਸੁਆਲ ਖੜੇ ਕਰਦਾ ਹੈ। ਉੱਨੀ ਸੌ ਬਾਹਟ ਦੀ ਜੰਗ ਉਪਰੰਤ ਛਿੱਟਪੁੱਟ ਤਣਾਤਣੀ ਨੂੰ ਛੱਡ ਕੇ ਕਦੇ ਵੀ ਬਹੁਤੀ ਗਰਮਾ ਗਰਮੀ ਨਹੀਂ ਵੇਖੀ ਗਈ ਸੀ। ਇਸ ਮੌਜੂਦਾ ਟਕਰਾਅ ਬਾਰੇ ਕਿਹਾ ਜਾ ਰਿਹਾ ਹੈ ਕਿ ਚੀਨੀ ਸੈਨਿਕਾਂ ਨੇ ਭਾਰਤੀ ਸੈਨਿਕਾਂ 'ਤੇ ਬਿਨਾਂ ਵਜ੍ਹਾ ਹਮਲਾ ਕਰਕੇ ਬੁਖਲਾਹਟ ਦਾ ਪ੍ਰਤੱਖ ਪ੍ਰਮਾਣ ਦਿੱਤਾ ਹੈ। ਚੀਨੀ ਸੈਨਿਕਾਂ ਨੇ ਭਾਰਤੀ ਸੈਨਿਕਾਂ 'ਤੇ ਪੱਥਰਾਂ ਅਤੇ ਰਾਡਾਂ ਡੰਡਿਆਂ ਨਾਲ ਹਮਲਾ ਕੀਤਾ ਦੱਸਿਆ ਜਾ ਰਿਹਾ ਹੈ।

ਦਰਅਸਲ ਕੋਰੋਨਾ ਵਾਇਰਸ ਦੇ ਮੁੱਦੇ 'ਤੇ ਚੀਨ ਆਪਣੇ ਆਪ ਨੂੰ ਬੁਰੀ ਤਰ੍ਹਾਂ ਘਿਰਿਆ ਹੋਇਆ ਮਹਿਸੂਸ ਕਰ ਰਿਹੈ ਹੈ। ਅਮਰੀਕਾ ਵੱਲੋਂ ਚੀਨ ਨੂੰ ਕੋਰੋਨਾ ਵਾਇਰਸ ਦਾ ਜਨਮ ਦਾਤਾ ਕਹਿਕੇ ਸ਼ਰੇਆਮ ਕਟਹਿਰੇ 'ਚ ਖੜਾ ਕੀਤਾ ਜਾ ਰਿਹਾ ਹੈ। ਅਮਰੀਕਾ ਵੱਲੋਂ ਕਈ ਵਾਰ ਚੀਨ ਨਾਲੋਂ ਆਰਥਿਕ ਸੰਬੰਧ ਖਤਮ ਕਰ ਲੈਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਚੁੱਕੀਆਂ ਹਨ। ਅਮਰੀਕਾ ਵੱਲੋਂ ਕੋਰੋਨਾ ਮੁੱਦੇ 'ਤੇ ਚੀਨ ਪੱਖੀ ਰਵਈਏ ਦੇ ਕਥਿਤ ਦੋਸ਼ਾਂ ਦੌਰਾਨ ਵਿਸ਼ਵ ਸਿਹਤ ਸੰਗਠਨ ਨੂੰ ਵੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ : ਮਾਲਵੇ ਤੋਂ ਮੈਲਬਰਨ ਤੱਕ ਛਾਈ ਅਵਨੀਤ ਕੌਰ ਸਿੱਧੂ

ਕੋਰੋਨਾ ਵਾਇਰਸ ਦੇ ਮੁੱਦੇ 'ਤੇ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰਦਾ ਚੀਨ ਅਪਣੀ ਆਰਥਿਕਤਾ ਨੂੰ ਲੈ ਕੇ ਡਾਹਢਾ ਫਿਕਰਮੰਦ ਵਿਖਾਈ ਦੇ ਰਿਹਾ ਹੈ। ਅਮਰੀਕਾ ਸਮੇਤ ਤਕਰੀਬਨ ਅੱਠ ਮੁਲਕਾਂ ਵੱਲੋਂ ਚੀਨ ਨਾਲੋਂ ਆਰਥਿਕ ਨਾਤਾ ਤੋੜ ਲੈਣ ਦੀਆਂ ਖਬਰਾਂ ਮੀਡੀਆ 'ਚ ਆਉਂਦੀਆਂ ਰਹੀਆਂ ਹਨ। ਅਜਿਹਾ ਹੋਣ ਨਾਲ ਵਿਕਸਤ ਮੁਲਕਾਂ ਨਾਲ ਆਰਥਿਕ ਸੰਬੰਧਾਂ ਸਹਾਰੇ ਖੜੀ ਚੀਨੀ ਅਰਥ ਵਿਵਸਥਾ ਦੇ ਡਾਵਾਂਡੋਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵਿਕਸਤ ਮੁਲਕਾਂ ਵੱਲੋਂ ਚੀਨ ਵਿੱਚੋਂ ਆਪਣੋ ਆਪਣੀਆਂ ਆਰਥਿਕ ਗਤੀਵਿਧੀਆਂ ਸਮੇਟਣ ਦੌਰਾਨ ਉਨ੍ਹਾਂ ਲਈ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਦਾ ਸਭ ਤੋਂ ਉੱਤਮ ਵਿਕਲਪ ਭਾਰਤ ਹੀ ਹੈ। ਜੇਕਰ ਵਿਕਸਤ ਮੁਲਕ ਚੀਨ ਵਿੱਚੋਂ ਆਪਣੀਆਂ ਆਰਥਿਕ ਗਤੀਵਿਧੀਆਂ ਸਮੇਟਦੇ ਹਨ ਤਾਂ ਉਨ੍ਹਾਂ ਦੇ ਭਾਰਤ ਵਿੱਚ ਸ਼ੁਰੂ ਹੋਣ ਦੀਆਂ ਪਰਿਪੱਕ ਸੰਭਾਵਨਾਵਾਂ ਹਨ।

ਹਾਲਾਂਕਿ ਭਾਰਤ ਨੇ ਕੋਰੋਨਾ ਵਾਇਰਸ ਦੇ ਜਨਮ ਦਾਤਾ ਵਜੋਂ ਚੀਨ ਬਾਰੇ ਗੱਲ ਕਰਨ ਤੋਂ ਹਮੇਸ਼ਾ ਗੁਰੇਜ਼ ਕੀਤਾ ਹੈ। ਆਰਥਿਕਤਾ ਦੇ ਮੁੱਖ ਸ੍ਰੋਤਾਂ ਦਾ ਭਾਰਤ ਵੱਲ ਝੁਕਾਅ ਚੀਨ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਕਿਹਾ ਜਾ ਸਕਦਾ ਹੈ। ਚੀਨ ਇਹ ਹਰਗਿਜ਼ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਸਦੀ ਆਰਥਿਕਤਾ ਦਾ ਆਧਾਰ ਵਿਕਸਤ ਮੁਲਕਾਂ ਦੀਆਂ ਆਰਥਿਕ ਗਤੀਵਿਧੀਆਂ ਖਿਸਕ ਕੇ ਭਾਰਤ ਵੱਲ ਜਾਣ। ਅਸਲ ਵਿੱਚ ਚੀਨ ਟੇਢੇ ਢੰਗ ਨਾਲ ਆਪਣੀ ਆਰਥਿਕਤਾ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਭਾਰਤ ਚੀਨ ਸਰਹੱਦ 'ਤੇ ਤਣਾਅ ਪੈਦਾ ਕਰਨਾ ਵੀ ਉਸ ਦੀ ਕੂਟਨੀਤਿਕ ਚਾਲ ਦਾ ਹੀ ਹਿੱਸਾ ਕਿਹਾ ਜਾ ਸਕਦਾ ਹੈ। ਇਸ ਤਣਾਅ ਜ਼ਰੀਏ ਚੀਨ ਸਮੁੱਚੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚ ਕੇ ਕੋਰੋਨਾ ਵਾਇਰਸ ਦਾ ਜਨਮ ਦਾਤਾ ਦੇ ਲੱਗੇ ਧੱਬੇ ਨੂੰ ਵੀ ਮਿਟਾਉਣ ਦੇ ਆਹਰ ਵਿੱਚ ਹੈ।

ਪੜ੍ਹੋ ਇਹ ਵੀ - ਗਰਮੀਆਂ 'ਚ ਚਮੜੀ ਨੂੰ ਚਮਕਦਾਰ ਬਣਾਉਣ ਲਈ ਰੋਜ਼ ਕਰੋ ਇਹ ਕੰਮ

ਕੋਰੋਨਾ ਵਾਇਰਸ ਦੇ ਟਾਕਰੇ ਦੌਰਾਨ ਭਾਰਤ ਅਤੇ ਅਮਰੀਕਾ ਵਿਚਾਲੇ ਵਧੀਆਂ ਨਜ਼ਦੀਕੀਆਂ ਵੀ ਚੀਨ ਨੂੰ ਵਾਰ੍ਹਾ ਨਹੀਂ ਖਾ ਰਹੀਆਂ। ਚੀਨ ਅਮਰੀਕਾ ਵਾਲਾ ਸਾਰਾ ਗੁੱਸਾ ਭਾਰਤ 'ਤੇ ਕੱਢ ਦੇਣ ਲਈ ਉਤਾਵਲਾ ਹੋਇਆ ਪਿਆ ਹੈ। ਸ਼ਾਇਦ ਇਸੇ ਲਈ ਅਮਰੀਕਾ ਵੱਲੋਂ ਸ਼ਰੇਆਮ ਚੁਣੌਤੀ ਦੇਣ ਦੇ ਵਾਬਜੂਦ ਚੂੰ ਨਾ ਕਰਨ ਵਾਲਾ ਚੀਨ ਭਾਰਤ ਨਾਲ ਬਿਨਾਂ ਕਿਸੇ ਵਜ੍ਹਾ ਤੋਂ ਖਹਿੰਦਾ ਨਜ਼ਰ ਆ ਰਿਹਾ ਹੈ।

ਬੀਤੇ ਦਿਨੀਂ ਹੋਈ ਮੰਦਭਾਗੀ ਝੜਪ 'ਚ ਭਾਰਤ ਦੇ ਦੋ ਦਰਜ਼ਨ ਦੇ ਕਰੀਬ ਸੈਨਿਕ ਸ਼ਹੀਦ ਹੋਣ ਦੀਆਂ ਖਬਰਾਂ ਹਨ, ਜਿਨ੍ਹਾਂ ਵਿੱਚੋਂ ਚਾਰ ਜਵਾਨ ਪੰਜਾਬ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਜੰਗ ਕਿੰਨ੍ਹੀ ਭਿਆਨਕ ਅਤੇ ਖਤਰਨਾਕ ਹੁੰਦੀ ਹੈ, ਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਹਨ, ਜਿੰਨਾਂ ਦੀਆਂ ਆਦਰਾਂ ਸਰਹੱਦਾਂ 'ਤੇ ਤਾਇਨਾਤ ਹਨ। ਸੈਨਿਕਾਂ ਦੀ ਖੂਨੀ ਝੜਪ ਦਾ ਅਸਲ ਦਰਦ ਤਾਂ ਉਹ ਪਰਿਵਾਰ ਹੀ ਜਾਣਦੇ ਹਨ ਜਿੰਨਾ ਦੇ ਲਾਡਲੇ ਇਸ ਵਿੱਚ ਸ਼ਹੀਦ ਹੋ ਗਏ ਹਨ। ਮੌਜੂਦਾ ਸਮੇਂ 'ਚ ਜੰਗ ਦੇ ਅਰਥਾਂ ਨੂੰ ਸਮਝਦਿਆਂ ਸਰਹੱਦ ਦਾ ਤਣਾਅ ਗੱਲਬਾਤ ਰਾਹੀਂ ਘੱਟ ਕਰਨਾ ਹੀ ਸਮੇਂ ਦੀ ਮੁੱਖ ਜਰੂਰਤ ਹੈ। ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨਾਂ ਨੂੰ ਸਾਡੇ ਵੱਲੋਂ ਸ਼ਰਧਾਜਲੀਆਂ।

ਪੜ੍ਹੋ ਇਹ ਵੀ - ਹਰ ਸਾਲ ਦੁਨੀਆਂ ਦੇ 8 ਲੱਖ ਬੰਦੇ ਮਾਨਸਿਕ ਤਣਾਅ ਕਾਰਨ ਕਰਦੇ ਹਨ ਖੁਦਕੁਸ਼ੀ (ਵੀਡੀਓ)


rajwinder kaur

Content Editor

Related News