ਆਲਮੀ ਨਸ਼ਾ ਵਿਰੋਧੀ ਜਾਗਰੂਕਤਾ ਦਿਹਾੜਾ : ‘ਇਕ ਨਾ-ਮੁਰਾਦ ਆਦਤ’
Friday, Jun 26, 2020 - 11:31 AM (IST)
ਨਰੇਸ਼ ਕੁਮਾਰੀ
ਨਸ਼ਾ/drug abuse/substance abuse/substance use disorder ਸਭ ਇਕ ਹੀ ਨਾ-ਮੁਰਾਦ ਆਦਤ ਦੇ ਨਾਂ ਹਨ, ਜਿਸਨੇ ਦੁਨੀਆਂ ਭਰ ਵਿੱਚ ਇਨਸਾਨ ਤੇ ਇਨਸਾਨੀਅਤ ਦਾ ਬੁਰੀ ਤਰਾਂ ਘਾਣ ਕਰ ਰੱਖਿਆ ਹੈ। ਇਸ ਲਤ ਕਾਰਨ ਘਰਾਂ ਦੇ ਘਰ ਤਬਾਹ ਅਤੇ ਬਰਬਾਦ ਹੋ ਗਏ ਹਨ। ਅਸਲ ਵਿੱਚ ਇਸ ਨੂੰ ਕੋਸਣ ਦੀ ਥਾਂ, ਮਾਪਿਆਂ ਦੀ ਊਣੀ ਪਰਵਰਿਸ਼, ਸਮਾਜ ਤੇ ਸਿਸਟਮ ਨੂੰ ਕੋਸਣਾ ਚਾਹੀਦਾ ਹੈ। ਅਸਲੀ ਜ਼ਿੰਮੇਵਾਰ ਇਹ ਹਨ, ਜਿੰਨਾਂ ਦੀਆਂ ਲੋੜੀਂਦੀਆਂ ਜ਼ਿੰਮੇਵਾਰੀਆਂ ਨੂੰ ਸਮੇਂ ਸਿਰ ਨਾ ਸਮਝਣ ਦੇ ਕਾਰਣ ਅੱਜ ਦੀ ਨੌਜਵਾਨ ਪੀੜ੍ਹੀ ਇਸ ਮਕੜ ਜਾਲ ਵਿੱਚ ਅਸਾਨੀ ਨਾਲ ਫਸ ਤਾਂ ਜਾਂਦਾ ਹੈ ਪਰ ਇਸ ਚਕਰਵਿਊ ਵਿੱਚੋਂ ਨਿਕਲਣ ਦਾ ਰਸਤਾ ਨਹੀਂ ਲੱਭਦਾ। ਇਸ ਵਿੱਚ ਫੱਸ ਕੇ ਉਹ ਆਪਣਾ ਜੀਵਨ ਤਬਾਹ ਜਾਂ ਫਿਰ ਖਤਮ ਕਰ ਲੈਂਦਾ ਹੈ। ਅੱਜ 26 ਜੂਨ “ਆਲਮੀ ਨਸ਼ਾ ਵਿਰੋਧੀ ਜਾਗਰੂਕਤਾ ਦਿਵਸ” ਦੇ ਮੌਕੇ ’ਤੇ ਇਸ ਵਿਸ਼ੇ ’ਤੇ ਗਹਿਰੀ ਚਰਚਾ ਕਰਾਂਗੀ ਅਤੇ ਚਾਹਾਂਗੀ ਕਿ ਇਸ ਲੇਖ ਤੋਂ ਵੱਧ ਤੋਂ ਵੱਧ ਲੋਕ ਲਾਹਾ ਲੈ ਕੇ ਆਪਣੀ ਹੀਰਿਆਂ ਵਰਗੀ ਜ਼ਿੰਦਗੀ ਉਤੇ ਤਰਸ ਕਰਕੇ ਨਸ਼ੇ ਤੋਂ ਸਦਾ ਲਈ ਤੌਬਾ ਕਰਨ। ਅਤੇ ਨਾਲ ਹੀ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ, ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਸੁੰਦਰ ਤੇ ਅਨੰਦਮਈ ਬਣਾਉਣ। ਗੁਰਬਾਣੀ ਵਿੱਚ ਵੀ ਬਾਰ ਬਾਰ ਲਿਖਿਆ ਹੈ ਕਿ ਇਹ ਜੀਵਨ ਚੁਰਾਸੀ ਲੱਖ ਜੂਨਾਂ ਤੋਂ ਬਾਅਦ ਸੁਭਾਗ ਨਾਲ ਪ੍ਰਾਪਤ ਹੁੰਦਾ ਹੈ ਅਤੇ ਅਸੀਂ ਵਾਹਿਗੁਰੂ ਨਾਮ ਦਾ ਨਸ਼ਾ ਕਰਨ ਦੀ ਬਜਾਏ ਇਨ੍ਹਾਂ ਗੰਦੇ ਪਦਾਰਥਾਂ ਦੇ ਨਸ਼ਿਆਂ ਵਿੱਚ ਪੈ ਕੇ ਹੀਰੇ ਜਿਹਾ ਜੀਵਨ ਤਬਾਹ ਕਰਨ ਲੱਗੇ ਹੋਏ ਹਾਂ।
ਇਸ ਦਿਹਾੜੇ ਦਾ ਪਿਛੋਕੜ :
ਇਸ ਦਿਹਾੜੇ ਦੀ ਸ਼ੁਰੂਆਤ United nation general assembly ਨੇ 1987 ਵਿੱਚ ਕੀਤੀ। ਇਹ ਅਮਰੀਕਾ ਦੀ ਅਜਿਹੀ ਸਿਰਮੌਰ ਸੰਸਥਾ ਹੈ, ਜੋ ਸਿਹਤ ਤੇ ਸਮਾਜ ਵਿੱਚ ਪੱਸਰੀਆਂ ਊਣਤਾਈਆਂ ’ਤੇ ਕਾਬੂ ਪਾਉਂਦੀ ਹੈ। ਬਹੁਤ ਸਾਰੀਆਂ ਨਸ਼ੀਲੀਆਂ ਵਸਤਾਂ ਕਾਨੂੰਨੀ ਤੌਰ ’ਤੇ ਪਾਬੰਦੀ ਹੇਠਾਂ ਹਨ ਪਰ ਇਸਦੇ ਬਾਵਜੂਦ ਇਕ ਅੰਕੜੇ ਅਨੁਸਾਰ 200 ਮਿਲੀਅਨ ਲੋਕ ਵਿਸ਼ਵ ਭਰ ਵਿੱਚ ਇਨ੍ਹਾਂ ਦਾ ਨਾਜਾਇਜ਼ ਤੌਰ ’ਤੇ ਸੇਵਨ ਕਰਦੇ ਹਨ। ਇਨ੍ਹਾਂ ਵਿੱਚ ਸ਼ਰਾਬ, ਅਫੀਮ (ਡੋਡੇ) ਕੋਕੇਨ, ਚਰਸ, ਭੰਗ, ਚਿੱਟਾ, ਗਾਂਜਾ ,ਦਰਦ ਨਿਵਾਰਕ ਤੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ, ਇਥੋਂ ਤੱਕ ਕਿ ਖਾਂਸੀ ਦੀ ਦਵਾਈ ਤੇ ਸਪਿਰਿਟ ਨੂੰ ਵੀ ਨਸ਼ੇ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਇਨ੍ਹਾਂ ਨੂੰ ਵੱਖ-ਵੱਖ ਢੰਗਾਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ, ਜਿਵੇਂ ਸੂੰਘ ਕੇ, ਨਿਗਲ ਕੇ ਜਾਂ ਫਿਰ ਟੀਕਿਆਂ ਦੇ ਰੂਪ ਵਿੱਚ।
un assembly ਆਪਣੀ ਪੁਰਜ਼ੋਰ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਕਿ ਵਿਸ਼ਵ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇ। ਇਸ ਸੰਸਥਾ ਨੇ 1991 ਤੋਂ 2000 ਤੱਕ ਦੇ ਦਹਾਕੇ ਨੂੰ ਨਸ਼ਾ ਵਿਰੋਧੀ ਦਹਾਕੇ ਦਾ ਨਾਂ ਦਿੱਤਾ ਸੀ। ਇਸਦੇ ਨਾਲ-ਨਾਲ ਵਿਸ਼ਵ ਭਰ ਦੀਆਂ ਸਰਕਾਰੀ ਤੇ ਗੈਰਸਰਕਾਰੀ ਸੰਸਥਾਵਾਂ, ਆਮ ਜਨਤਾ, ਸਮਾਜ ਸੇਵੀ ਸੰਸਥਾਵਾਂ, ਸਰਕਾਰੀ ਅਦਾਰੇ, ਸਕੂਲ, ਕਾਲੇਜ, ਹੋਰ ਸਿਖਿਆ ਸੰਸਥਾਵਾਂ, ਸਿਹਤ ਤੰਤਰ ਆਪਣੀ ਪੂਰੀ ਤਾਕਤ ਨਾਲ ਇਸ ਕੋਹੜ ਨਾਲ ਲੜਨ ਲਈ ਜੁੜੇ ਹਨ। 26 ਜੂਨ ਨੂੰ ਪੁਰਜ਼ੋਰ ਤਰੀਕੇ ਨਾਲ ਕਾਮਯਾਬ ਬਣਾਉਣ ਲਈ ਤਤਪਰ ਹਨ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੀਆਂ ਸਰਕਾਰਾਂ ਇਸਨੂੰ ਉਸ ਗੰਭੀਰਤਾ ਨਾਲ ਨਹੀਂ ਲੈ ਰਹੀਆਂ। ਜਿਨੀ ਕਿ ਲੋੜ ਹੈ, ਜਿਸ ਕਾਰਨ ਅੱਜ ਪੰਜਾਬ ਜਿਹੇ ਖੁਸ਼ਹਾਲ ਸੂਬੇ ਦੀ ਜਵਾਨੀ ਤਿਲ ਤਿਲ ਕਰਕੇ ਤਬਾਹ ਹੋਣ ਤੇ ਘਰਾਂ ਦੇ ਘਰ ਉਜੜਨ ਨੂੰ ਮਜ਼ਬੂਤ ਹਨ। ਉਪਰੋਕਤ ਆਦਤ ਪ੍ਰਯੋਗ ਤੋਂ ਸ਼ੁਰੂ ਹੋ ਕੇ ਮਨੋਰੰਜਨ ਤੋਂ ਹੁੰਦੀ ਹੋਈ, ਆਦਤ/ਲਤ ਬਣ ਜਾਂਦੀ ਹੈ। ਜਿਸਤੋਂ ਪਿੱਛਾ ਛੁਡਾਉਣਾ ਬੇਹੱਦ ਮੁਸ਼ਕਲ ਹੁੰਦਾ ਹੈ। ਬਹੁਤੀ ਵਾਰੀ ਭੋਲ਼ੇ ਭਾਲ਼ੇ ਮਾਪੇ ਤੇ ਪਰਿਵਾਰ ਦੇ ਜੀਅ ਸਮਝ ਹੀ ਨਹੀਂ ਸਕਦੇ ਕਿ ਸਾਡਾ ਕੋਈ ਪਰਿਵਾਰਕ ਮੈਂਬਰ ਨਸ਼ਾ ਕਰਦਾ ਹੈ, ਇਸਦੀ ਪਛਾਣ ਲਈ ਕੁਝ ਨਿਸ਼ਾਨੀਆਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ:
ਨਸ਼ੇ ਦੀਆਂ ਨਿਸ਼ਾਨੀਆਂ :-
ਸੁਸਤੀ, ਅੱਖਾਂ ਦਾ ਲਾਲ ਹੋਣਾ, ਗੁੱਸਾ ਜ਼ਿਆਦਾ ਆਉਣਾ, ਚਿੜਚਿੜਾਪਨ, ਭੁੱਖ ਘੱਟ ਜਾਂ ਵੱਧ ਲੱਗਣੀ, ਸਕੂਲ ਜਾਂ ਕੰਮ ’ਤੇ ਹਾਜ਼ਰੀ ਘੱਟਣੀ, ਜ਼ਿੰਮੇਵਾਰੀਆਂ ਤੋਂ ਕਤਰਾਉਣਾ ,ਕੱਪੜਿਆ ਵਿੱਚੋਂ ਉਸ ਚੀਜ਼ ਦੀ ਬਦਬੂ ਆਉਣੀ, ਜਿਸਦਾ ਨਸ਼ਾ ਕਰਦਾ ਹੋਵੇ। ਅਸਾਧਾਰਨ ਚਾਲ, ਬਾਰ-ਬਾਰ,ਹਾਦਸੇ, ਆਪਣੇ ਆਪ ਦੀ ਸਫਾਈ ਵੱਲ ਧਿਆਨ ਨਾ ਹੋਣਾ, ਬਿਨਾਂ ਕਾਰਣ ਉਲਟੀਆਂ ਹੋਣਾ, ਚੱਕਰ ਆਉਣੇ, ਗੱਲ ਗੱਲ ’ਤੇ ਲੜਨ ਪੈਣਾ, ਪੈਸਿਆਂ ਦਾ ਪਤਾ ਨਾ ਲੱਗਣਾ, ਘਰ ਦੀਆਂ ਕੀਮਤੀ ਵਸਤਾਂ ਦਾ ਘੁੰਮ ਹੋਣਾ। ਬਿਨਾਂ ਕਾਰਣ ਰੋਣ ਜਾਂ ਹੱਸਣ ਲੱਗ ਜਾਣਾ, ਬਲੱਡ ਪ੍ਰੈਸ਼ਰ ਵਧਣਾ ਜਾਂ ਘਟਣਾ, ਨੀਂਦ ਜ਼ਿਆਦਾ ਜਾਂ ਘੱਟ ਆਉਣੀ, ਮੂੰਹ ਸੁੱਕਣਾ, ਯਾਦਾਸ਼ਤ ਘੱਟਣੀ, ਗੱਲ-ਗੱਲ ’ਤੇ ਮਾਰਨ ਕੁੱਟਣ ’ਤੇ ਉਤਾਰੂ ਹੋਣਾ, ਤਲਬ ਲੱਗਣ ’ਤੇ ਪੈਸਿਆਂ ਲਈ ਕਲੇਸ਼ ਕਰਨਾ ਅਤੇ ਕਈ ਵਾਰ ਖੁਦਕੁਸ਼ੀ ਤੱਕ ਦੀ ਕੋਸ਼ਿਸ਼ ਕਰਨੀ, ਦੋਸਤਾਂ ਮਿੱਤਰਾਂ ਨੇ ਸਾਥ ਛੱਡ ਜਾਣਾ, ਸਰੀਰਿਕ ਅਤੇ ਮਾਨਸਿਕ ਸ਼ਕਤੀ ਘਟ ਜਾਣੀ। ਸੁੱਤ ਉਨੀਂਦਰਾਪਣ, ਸੋਚ ਵਿੱਚ ਕਮੀਂ, ਵਾਣੀ ਦੋਸ਼ ਤੇ ਜਲਦੀ ਨਾਲ ਤਨਾਅ ਵਿੱਚ ਆ ਜਾਣਾ ਆਦਿ ਕੁਝ ਨਸ਼ੇ ਦੇ ਆਦੀ ਮਨੁੱਖ ਦੇ ਮੋਟੇ ਮੋਟੇ ਲੱਛਣ ਹਨ। ਇਹ ਲੱਛਣ ਨਸ਼ੇ ਦੀ ਕਿਸਮ ਦੇ ਮੁਤਾਬਕ ਅੱਡ-ਅੱਡ ਤਰਾਂ ਦੇ ਹੋ ਸਕਦੇ ਹਨ।
ਕਾਰਣ :
ਇੱਕ ਵਿਅਕਤੀ ਨਸ਼ੇ ਦਾ ਆਦੀ ਕਿਵੇਂ ਅਤੇ ਕਿਉਂ ਹੁੰਦਾ ਹੈ, ਇਹ ਜਾਨਣਾ ਅਤਿ ਜ਼ਰੂਰੀ ਹੈ, ਤਾਂ ਹੀ ਅਸੀਂ ਇਸਦਾ ਢੁਕਵਾਂ ਨਿਵਾਰਣ ਤੇ ਰੋਕਥਾਮ ਕਰ ਸਕਦੇ ਹਾਂ। ਸੋ ਹੇਠਾਂ ਇਸ ਅਲਾਮਤ ਦੇ ਕਾਰਣ ਦੱਸੇ ਜਾ ਰਹੇ ਹਨ, ਜੋ ਇਸਤੋਂ ਛੁਟਕਾਰਾ ਪਾਉਣ ਵਿੱਚ ਸਹਾਈ ਹੋ ਸਕਦੇ ਹਨ:
. ਪਰਿਵਾਰਕ ਇਤਿਹਾਸ -ਉਦਾਹਰਣ ਦੇ ਤੌਰ ’ਤੇ ਜੇ ਪਿਓ ਦਾਦਾ ਤੇ ਉਸਤੋਂ ਪਹਿਲਾਂ ਵੀ ਘਰ ਵਿੱਚ ਸ਼ਰਾਬ ਆਮ ਦੀ ਤਰਾਂ ਚਲਦੀ ਰਹੀ ਹੈ ਤਾਂ ਜ਼ਿਆਦਾਤਰ ਆਉਣ ਵਾਲੀਆਂ ਪੀੜ੍ਹੀਆਂ ਵੀ ਇਸਦਾ ਸੇਵਨ ਉਸ ਹੀ ਤਰਾਂ ਕਰਦੀਆਂ ਰਹਿੰਦੀਆਂ ਹਨ।
. ਜੇ ਕਿਸੇ ਨੂੰ ਕੋਈ ਮਨੋਵਿਗਿਆਨਕ ਰੋਗ ਹੈ ਅਤੇ ਉਸਨੂੰ ਦਵਾਈ ਲੈਣੀ ਪੈ ਰਹੀ ਹੈ, ਤਾਂ ਇਸ ਦਵਾਈ ਦੀ ਆਦਤ ਬਣ ਜਾਣ ਦੀ ਸੰਭਾਵਨਾ ਜ਼ਿਆਦਾ ਹੈ।
. ਘਰ ਵਿਚਲਾ ਨਿੱਤ ਦਾ ਕਲੇਸ਼, ਮਾਤਾ-ਪਿਤਾ ਦਾ ਤਲਾਕ, ਬੱਚਿਆਂ ਨੂੰ ਨਸ਼ੇ ਵੱਲ ਧੱਕਦਾ ਹੈ।
. ਅੱਜਕਲ ਕਿਸ਼ੋਰ ਉਮਰ ਦੀ ਬਹੁਤ ਵੱਡੀ ਸਮੱਸਿਆ ਹੈ। ਪਿਆਰ ਮੁਹੱਬਤ ਵਿੱਚ ਧੋਖਾ। ਇੱਕ ਤਾਂ ਇਹ ਉਮਰ ਹੀ ਬਹੁਤ ਕੱਚੀ ਹੁੰਦੀ ਹੈ। ਦੂਸਰਾ ਸਾਡੇ ਪਰਿਵਾਰਾਂ ਵਿੱਚੋਂ ਵੀ ਮਨ ਨੂੰ ਤਾਕਤ ਦੇਣ ਵਾਲੀ ਸਿੱਖਿਆ ਦੀ ਘਾਟ। ਅਜਿਹੀ ਸਥਿਤੀ ਵਿੱਚ ਬੱਚਾ ਆਪਣੇ ਮਾਤਾ-ਪਿਤਾ ਦੇ ਰੋਅਬ ’ਤੇ ਮਾਨਸਿਕ ਦੂਰੀ ਦੇ ਕਾਰਣ, ਆਪਣੀ ਸਥਿਤੀ ਸਾਂਝੀ ਨਹੀਂ ਕਰ ਸਕਦਾ। ਅੰਦਰੋਂ ਅੰਦਰ ਘੁਟੀ ਜਾਂਦਾ ਅਤੇ ਹਾਰ ਕੇ ਨਸ਼ਿਆਂ ਜਾਂ ਫਿਰ ਖੁਦਕੁਸ਼ੀ ਵਰਗੇ ਕਰਮ ਦਾ ਸਹਾਰਾ ਲੈਂਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਬੱਚਿਆਂ ਨਾਲ ਕਿਸੇ ਵੀ ਕੀਮਤ ’ਤੇ ਦੋਸਤਾਨਾ ਸੰਬੰਧ ਵਿਕਸਿਤ ਕਰਨੇ ਅਤਿ ਜ਼ਰੂਰੀ ਹਨ।
. ਇਸੇ ਕੜੀ ਵਿੱਚ ਇੱਕ ਹੋਰ ਅਤਿ ਜ਼ਰੂਰੀ ਤੇ ਧਿਆਨ ਦੇਣ ਯੋਗ ਗੱਲ ਹੈ ਕਿ,ਇਹ ਉਮਰ ਜਿੰਨਾਂ ਇਤਬਾਰ ਆਪਣੇ ਹਮਉਮਰ ਤੇ ਕਰਦੀ ਹੈ, ਉਨ੍ਹਾਂ ਹੋਰ ਕਿਸੇ ਤੇ ਨਹੀਂ। ਸੋ ਜੇ ਸਾਥੀ ਕਹਿੰਦਾ ਹੈ “ ਸਮੈਕ ਤਾਂ ਕਮਾਲ ਦੀ ਚੀਜ਼ ਹੈ ਸਾਰੀਆਂ ਟੈਨਸਨਾਂ ਮਿੰਟ ਵਿੱਚ ਭਜਾ ਦਿੰਦੀ ਹੈ” ਤਾਂ ਸੁਨਣ ਵਾਲਾ ਇਸਤੋਂ ਅਤਿ ਪ੍ਰਭਾਵਿਤ ਹੁੰਦਾ ਹੈ ਅਤੇ ਛੋਟੀ-ਛੋਟੀ ਟੈਂਸ਼ਨ ਵਿੱਚ ਨਸ਼ੇ ਦਾ ਸਹਾਰਾ ਲੈਣ ਲੱਗ ਜਾਂਦਾ ਹੈ।
. ਅਗਲਾ ਕਾਰਣ ਹੈ , ਇਨ੍ਹਾਂ ਨਸ਼ੀਲੀਆਂ ਵਸਤਾਂ ਦੀ ਆਸਾਨੀ ਨਾਲ ਉਪਲੱਬਦੀ। ਪਿੱਛੇ ਜਿਹੇ ਪੰਜਾਬ ਦੇ ਇੱਕ ਇਲਾਕੇ ਦੀ ਇੱਕ ਵੀਡੀਓ ਵਿੱਚ, ਨਸ਼ੇ ਦੀ ਆਦੀ ਇੱਕ ਲੜਕੀ ਸ਼ਰੇਆਮ ਕੈਮਰੇ ਸਾਹਮਣੇ ਦਾਹਵਾ ਕਰ ਰਹੀ ਸੀ ਕਿ ਮੈਂ ਦਸ ਮਿੰਟਾਂ ਵਿੱਚ ਇੱਕ ਫੋਨ ਤੇ ਜਿੰਨਾਂ ਚਾਹਾਂ ਨਸ਼ਾ ਮੰਗਵਾ ਸਕਦੀ ਹਾਂ।
. ਇਸਦੇ ਨਾਲ-ਨਾਲ ਜੀਵਨ ਦੇ ਵੱਡੇ ਘਾਟੇ ਜਿਵੇਂ ਤਲਾਕ, ਪਰਿਵਾਰ ਦੇ ਮੈਂਬਰ/ਮੈਂਬਰਾਂ ਦਾ ਅਕਾਲ ਚਲਾਣਾ ਕਰ ਜਾਣਾ ਜਾਂ ਛੱਡ ਜਾਣਾ, ਜਿਸ ਨਾਲ ਇਕੱਲਾਪਨ ਹੋ ਜਾਣਾ, ਕੁਦਰਤੀ ਮਾਰ ਕਾਰਣ ਘਰ ਤਬਾਹ ਹੋ ਜਾਣਾ, ਜ਼ਮੀਨ ਜਾਇਦਾਦ ਵਿੱਚ ਧੋਖਾ ਹੋ ਜਾਣਾ, ਕਾਰੋਬਾਰ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪੈਣਾ, ਬੱਚਿਆਂ ਜਾਂ ਹੋਰ ਰਿਸ਼ਤੇਦਾਰਾਂ ਵੱਲੋਂ ਧੋਖਾ, ਕਰਜ਼ਾ ਆਦਿ ਚੀਜ਼ਾਂ ਵਿਅਕਤੀ ਨੂੰ ਨਸ਼ੇ ਤੇ ਖੁਦਕੁਸ਼ੀ ਵੱਲ ਪ੍ਰੇਰਦੇ ਹਨ।
. ਅੱਜ ਦੇ ਯੁਗ ਵਿੱਚ ਨਸ਼ੇ ਨੂੰ ਜ਼ਿਆਦਾਤਰ ਮਨੋਰੰਜਨ ਲਈ ਵਰਤਿਆ ਜਾਂਦਾ ਹੈ।
Complications /ਪੇਚੀਦਗੀਆ /ਦੁਸ਼ਵਾਰੀਆਂ :
ਅਸੀਂ ਸਾਰੇ ਜਾਣਦੇ ਹਾਂ ਕਿ ਨਸ਼ੇ ਦੀ ਲਤ ਵਿਅਕਤੀ ਦੇ ਨਾਲ-ਨਾਲ ਪਰਿਵਾਰ, ਸਮਾਜ ਤੇ ਫਿਰ ਸੰਪੂਰਣ ਸੰਸਾਰ ਦਾ ਜੀਵਨ ਸਿੱਧੇ ਜਾਂ ਅਸਿੱਧੇ ਤੌਰ ’ਤੇ ਤਬਾਹ ਕਰ ਦਿੰਦੀ ਹੈ। ਵਿਅਕਤੀਗਤ ਜੀਵਨ ’ਤੇ ਹੋਣ ਵਾਲੀਆਂ ਦੁਸ਼ਵਾਰੀਆਂ ਕੁਝ ਇਦਾਂ ਹਨ: ਯਾਦਾਸ਼ਤ ਦਾ ਚਲੇ ਜਾਣਾ, ਦੌਰੇ ਪੈਣੇ, ਜਿਗਰ, ਗੁਰਦਾ ਫੇਲ ਹੋਣਾ, ਦਿਲ ਦਾ ਦੌਰਾ ਪੈਣਾ, ਸ਼ੁਗਰ ਰੋਗ, ਦਿਮਾਗੀ ਨੁਕਸਾਨ, ਛੂਤ ਰੋਗ (ਏਡਜ਼), ਪਰਿਵਾਰ ਦਾ ਟੁੱਟਣਾ ਕੰਮ ’ਤੇ ਸਕੂਲ ਦੀ ਹਾਨੀ, ਦੁਰਘਟਨਾ ਅਤੇ ਮੌਤ। ਇਸਦੇ ਨਾਲ ਹੀ ਬਹੁਤ ਸਾਰੀਆਂ ਕਾਨੂੰਨੀ ਦੁਸ਼ਵਾਰੀਆਂ।
ਇਲਾਜ ਤੇ ਰੋਕਥਾਮ :
ਉਪਰੋਕਤ ਵਿਸ਼ਾ ਕਾਫੀ ਵਿਸਥਾਰ ਮੰਗਦਾ ਹੈ, ਮੈਂ ਕੋਸ਼ਿਸ਼ ਕਰਾਂਗੀ ਥੋੜੇ ਵਿੱਚ ਹੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕੇ। ਐਮਰਜੈਂਸੀ , ਜਿਵੇਂ ਲਗਾਤਾਰ ਉਲਟੀਆਂ ਦਾ ਆਉਣਾ, ਦੰਦਲ ਪੈਣੀ ਬਹੁਤ ਜ਼ਿਆਦਾ ਆਪੇ ਤੋਂ ਬਾਹਰ ਹੋਣਾ ਭਾਵ ਮਾਰ ਕੁੱਟ, ਤੋੜ ਭੰਨ ਕਰਨੀ, ਖੁਦਕੁਸ਼ੀ ਜਾਂ ਦੂਸਰੇ ਦੀ ਹੱਤਿਆ ਦੀ ਕੋਸ਼ਿਸ਼ ਕਰਨੀ ਬੇਹੋਸ਼ੀ ਆਦਿ ਜਿਹਿਆਂ ਹਾਲਾਤਾਂ ਵਿੱਚ ਨਸ਼ਿਆਈ ਨੂੰ ਤੁਰੰਤ ਡਾਕਟਰੀ ਸਹਾਇਤਾ ਦੇਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਜਗ੍ਹਾ-ਜਗ੍ਹਾ ‘ਨਸ਼ਾ ਛਡਾਓ' ਕੇਂਦਰ ਬਣੇ ਹਨ, ਨਸ਼ੇ ਦੇ ਆਦੀ ਨੂੰ ਇਨਾਂ ਸੰਸਥਾਵਾਂ ਦੀ ਸਹਾਇਤਾ ਦੁਆਉਣੀ ਚਾਹੀਦੀ ਹੈ। ਆਪਣੀ ਸੁਨਾਉਣ ਦੇ ਨਾਲ-ਨਾਲ ਬੱਚੇ ਤੇ ਨਸ਼ਾ ਕਰਨ ਵਾਲੇ ਦੀ ਗੱਲ ਵੀ ਸੁਨਣੀ ਜ਼ਰੂਰੀ ਹੈ ਤਾਂ ਕਿ ਸਮੱਸਿਆ ਦਾ ਨਿਵਾਰਣ ਹੋ ਸਕੇ। ਇਲਾਜ ਨਾਲ ਡਾਕਟਰ ਦੀ ਸਲਾਹ ਮੁਤਾਬਕ ਜੁੜੇ ਰਹਿਣਾ ਚਾਹੀਦਾ ਹੈ।
ਘਰ ਪਰਿਵਾਰ ਤੇ ਸਮਾਜ ਵਿੱਚ ਵਧੀਆ ਤਾਲਮੇਲ ਹੋਣਾ ਜ਼ਰੂਰੀ ਹੈ। ਇਸਦੇ ਨਾਲ-ਨਾਲ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਨੂੰ ਨਸ਼ੇ ਤੋਂ ਦੂਰ ਰਹਿ ਕੇ ਕਸਰਤ, ਪੜ੍ਹਾਈ, ਪਾਠ ਪੂਜਾ, ਯੋਗਾ ਆਦਿ ਨਾਲ ਜੁੜਕੇ ਉਦਾਹਰਣ ਬਣਨਾ ਚਾਹੀਦਾ ਹੈ।
ਅੱਗੇ ਬਚਾਅ ’ਤੇ ਰੋਕਥਾਮ ਦੀ ਗੱਲ ਆਉਂਦੀ ਹੈ। ਸਭ ਤੋਂ ਪਹਿਲਾਂ ਪਰਿਵਾਰਕ ਜ਼ਿੰਮੇਵਾਰੀ ਆਉਂਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਬਚਪਨ ਤੋਂ ਹੀਂ ਬੱਚੇ ਨੂੰ ਪੜ੍ਹਨ ਅਤੇ ਚੰਗੇ ਸੰਸਕਾਰਾਂ ਦੀ ਸਿੱਖਿਆ ਦੇਣ। ਅੱਜ ਦੇ ਇੰਟਰਨੈੱਟ ਦੇ ਨਕਾਰਾਤਮਿਕ ਪਸਾਰੇ ਦੇ ਅਸਰ ਤੋਂ ਬਚਾਉਣ ਲਈ ਬੱਚਿਆਂ ਦੇ ਦੋਸਤ ਬਣਨ ਅਤੇ ਗੱਲਾਂ ਦਾ ਆਦਾਨ ਪ੍ਰਦਾਨ ਕਰਨਾ ਅਤਿਅੰਤ ਹੋ ਗਿਆ ਹੈ। ਇਸ ਨਾਲ ਤੁਸੀਂ ਬੱਚੇ ਦਾ ਮਨ ਅਸਾਨੀ ਨਾਲ ਪੜ੍ਹ ਸਕਦੇ ਹੋ ਤੇ ਸਹੀ ਮਾਰਗ ਦਰਸ਼ਨ ਕਰ ਸਕਦੇ ਹਾਂ।
ਮੈਡੀਕਲ ਕੌਂਸਲਿੰਗ ਜ਼ਰੂਰ ਲੈਣੀ ਚਾਹੀਦੀ ਹੈ। ਬੇਸ਼ੱਕ ਇਹ ਕੰਮ ਬੜਾ ਮੁਸ਼ਕਲ ਹੈ। ਨਸ਼ਾ ਕਰਨ ਵਾਲਾ ਆਮ ਤੌਰ ’ਤੇ ਇਨਾਂ ਚੀਜ਼ਾਂ ਤੋਂ ਮੁਨਕਰ ਹੁੰਦਾ ਹੈ ਪਰ ਸਰਪ੍ਰਸਤਾਂ ਨੂੰ ਇਹ ਕਸ਼ਟ ਤਾਂ ਝੱਲਣੇ ਹੀ ਪੈਂਦੇ ਹਨ। ਇਸਦੇ ਨਾਲ-ਨਾਲ ਸ਼ੈਲਫ਼ ਹੈਲਪ ਗਰੁੱਪਾਂ ’ਤੇ ਰਿਹੈਬਲੀਟੇਸਨ ਸੈਂਟਰਾਂ ਦੀ ਮਦਦ ਬੜੀ ਲਾਹੇਵੰਦ ਸਾਬਤ ਹੁੰਦੀ ਹੈ।
ਇਸ ਸੰਬੰਧੀ ਮੇਰਾ ਵਿਅਕਤੀਗਤ ਮਨਣਾ ਹੈ ਕਿ ਕੋਈ ਵੀ ਇਨਸਾਨ ਜਦੋਂ ਕਿਸੇ ਚੀਜ਼ (ਡਰੱਗ ਆਦਿ) ਦਾ ਆਦੀ ਬਣਦਾ ਹੈ ਤਾਂ ਉਸ ਵਿੱਚ ਉਸਦੀ ਕਮਜ਼ੋਰ ਮਨਾਸਥਿਤੀ ਸਭਤੋਂ ਵੱਡਾ ਕਾਰਣ ਹੁੰਦੀ ਹੈ। ਸੋ ਜੇਕਰ ਅਸੀਂ ਆਪਣੀ ਮਾਨਸਿਕਤਾ ਨੂੰ ਮਜ਼ਬੂਤ ਕਰ ਲਈਏ ਤਾਂ ਅਜਿਹੀ ਸਥਿਤੀ ਪੈਦਾ ਹੀ ਨਹੀਂ ਹੋਵੇਗੀ। ਮਨ ਨੂੰ ਮਜ਼ਬੂਤ ਕਰਨ ਵਾਲੇ ਬੜੇ ਹੀ ਸਰਲ ਪਰ ਉਨ੍ਹੇ ਹੀ ਮੁਸ਼ਕਿਲ ਢੰਗ ਹਨ, ਕਿਉਂਕਿ ਇਨਾਂ ਲਈ ਮਨ ਨੂੰ ਬੰਨਣਾ ਪੈਂਦਾ ਹੈ। ਉਹ ਹਨ, ਪ੍ਰਭ ਸਿਮਰਣ, ਵਰਜਿਸ਼,ਯੋਗ, ਚੰਗੀਆਂ ਪੁਸਤਕਾਂ ਪੜ੍ਹਨੀਆਂ ,ਚੰਗੇ ਲੋਕਾਂ ਦਾ ਸਾਥ ਕਰਨਾ, ਨੇਕ ਆਚਰਣ ਤੇ ਆਤਮ-ਵਿਸ਼ਵਾਸ ਬਣਾ ਕੇ ਰੱਖਣਾ। ਇਨ੍ਹਾਂ ਚੀਜ਼ਾਂ ਦਾ ਸਾਥ ਤੁਹਾਨੂੰ ਕਿਸੇ ਵੀ ਹਾਲਾਤ ਵਿੱਚ ਡੋਲਣ ਨਹੀਂ ਦਵੇਗਾ ਤੇ ਨਸ਼ਾ ਕੀ, ਤੁਸੀਂ ਕਿਸੇ ਵੀ ਚੀਜ਼ ਦੇ ਵੱਸ ਵਿੱਚ ਨਹੀਂ ਪਵੋਗੇ।