ਜਨਮ ਦਿਨ ’ਤੇ ਵਿਸ਼ੇਸ਼ : ਭਗਤੀ ਲਹਿਰ ਦੇ ਅਨਮੋਲ ਹੀਰੇ ‘ਭਗਤ ਕਬੀਰ ਜੀ’

6/5/2020 10:00:06 AM

ਬਲਕਾਰ ਸਿੰਘ ਪ੍ਰੋਫੈਸਰ
ਮੋਬਾਈਲ - 97816-27355

ਭਗਤ ਕਬੀਰ ਜੀ (1398-1518) ਬਾਰੇ ਬਹੁਤ ਕੁਝ ਲਿਖਿਆ ਗਿਆ ਪ੍ਰਾਪਤ ਹੁੰਦਾ ਹੈ ਅਤੇ ਇਸ ਵਿਚੋਂ ਭਗਤ ਕਬੀਰ ਜੀ ਦੀ ਬਹੁਪਰਤੀ-ਪਛਾਣ ਸਾਹਮਣੇ ਵੀ ਆ ਚੁੱਕੀ ਹੈ। ਕਬੀਰ ਜੀ ਦੀ ਬਹੁ-ਪਰਤੀ ਪਛਾਣ ਬਾਰੇ ਪ੍ਰਾਪਤ ਸਾਹਿਤ ਵਿਚ ਇਥੋਂ ਤੱਕ ਵੀ ਛਪਿਆ ਹੋਇਆ ਮਿਲਦਾ ਹੈ ਕਿ ਕਬੀਰ ਤਾਂ ਹੋਇਆ ਹੀ ਨਹੀਂ ਅਤੇ ਇਹ ਲੋਕ ਮਾਨਸਿਕਤਾ ਦੀਆਂ ਕਾਲਪਨਿਕ ਉਡਾਰੀਆਂ ਦਾ ਹੀ ਕ੍ਰਿਸ਼ਮਾ ਹੈ। ਭਗਤ ਬਾਣੀਕਾਰਾਂ ਬਾਰੇ ਗੁਰੂ ਅਮਰ ਦਾਸ ਜੀ ਦੇ ਬਚਨ ਚੰਗੀ ਤਰ੍ਹਾਂ ਸਪੱਸ਼ਟ ਕਰ ਦਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਭਗਤਾਂ ਦੀ ਪਛਾਣ-ਸਥਾਪਤੀ ਵਾਸਤੇ ਉਨ੍ਹਾਂ ਦੀ ਬਾਣੀ ਨੂੰ ਹੀ ਆਧਾਰ ਬਣਾਉਣਾ ਚਾਹੀਦਾ ਹੈ। ਬਾਣੀ-ਪ੍ਰਸੰਗ ਵਿਚ ਭਗਤ-ਬਾਣੀਕਾਰਾਂ ਨੂੰ ਜਨਮ-ਜਾਤਿ ਦਾ ਕੋਈ ਬੰਧਨ ਨਹੀਂ ਹੈ, ਕਿਉਂਕਿ ਉਨ੍ਹਾਂ ਨੇ ਸ਼ਬਦ-ਜੁਗਤਿ ਨਾਲ ਜੋ ਪ੍ਰਾਪਤੀਆਂ ਕਰ ਲਈਆਂ ਸਨ, ਉਨ੍ਹਾਂ ਨੂੰ ਮਾਨਤਾ ਮਿਲ ਚੁੱਕੀ ਹੈ।

ਇਹ ਵੀ ਕਹਿ ਸਕਦੇ ਹਾਂ ਕਿ ਕਬੀਰ ਜੀ ਦਾ ਜੋ ਬਿੰਬ ਕਬੀਰ-ਪੰਥੀਆਂ ਵਿਚ ਪ੍ਰਚਲਿਤ ਹੈ, ਉਹ ਉਨ੍ਹਾਂ ਦੀ ਬਾਣੀ ਨਾਲੋਂ ਬਹੁਤਾ ਉਨ੍ਹਾਂ ਬਾਰੇ ਪ੍ਰਚਲਿਤ ਮਿਥਿਹਾਸਕ ਸੂਚਨਾਵਾਂ ’ਤੇ ਆਧਾਰਤ ਹੈ, ਕਿਉਂਕਿ ਅਜਿਹੀ ਲੋੜ ਕਿਸੇ ਵੀ ਭਗਤ-ਪੰਥੀਆਂ ਦੀ ਹੀ ਹੋ ਸਕਦੀ ਹੈ। ਇਸੇ ਕਰਕੇ ਭਗਤ ਕਬੀਰ ਇਕੋ ਹੀ ਵੇਲੇ ਸਾਗਰ ਵਰਗੇ ਵਿਸ਼ਾਲ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਆਭਾ ਵਿਚ ਵਿਚਾਰਧਾਰਾਵਾਂ ਦੀਆਂ ਵਿਭਿੰਨ ਨਦੀਆਂ ਨੂੰ ਆਪਣੇ ਅੰਦਰ ਸਮਾ ਸਕਣ ਦੀ ਸਮਰੱਥਾ ਕਾਇਮ ਰਹਿੰਦੀ ਹੈ। ਇਸੇ ਕਰਕੇ ਉਨ੍ਹਾਂ (ਕਬੀਰ) ਬਾਰੇ ਪ੍ਰਾਪਤ ਸਾਹਿਤ ਵਿਚ ਉੇਹ ਏਕੀਸ਼ਵਰਵਾਦੀ ਵੀ ਹੈ, ਅਦਵੈਤੀਆ ਵੀ ਹੈ, ਸੂਫ਼ੀ ਵੀ ਹੈ, ਨਿਰਗੁਣਵਾਦੀ ਵੀ ਹੈ, ਨਾਥਪੰਥੀ ਵੀ ਹੈ ਅਤੇ ਤਾਂਤ੍ਰਿਕ ਵੀ ਹੈ।

ਕਬੀਰ ਸਾਹਿਬ ਦੀ ਸਾਰਿਆਂ ਨੂੰ ਨਾਲ ਲੈਕੇ ਤੁਰਨ ਵਾਲੀ ਇਹੀ ਪਹੁੰਚ ਹੀ ਸੀ, ਜਿਸ ਨੇ ਭਗਤ-ਪਰੰਪਰਾ ਨੂੰ ਕਿਸੇ ਕਿਸਮ ਦੀ ਨਿਰੰਤਰਤਾ ਦੀ ਮਜ਼ਬੂਰੀ ਤੋਂ ਮੁਕਤ ਕਰਕੇ ਸੁਤੰਤਰ ਸਥਾਪਨਾਵਾਂ ਵਾਲੇ ਪਾਸੇ ਤੋਰ ਦਿਤਾ ਸੀ। ਇਹ ਸਥਾਪਤ ਤੱਥ ਹੈ ਕਿ ਕਬੀਰ ਜੀ ਨੇ ਵੇਦ ਦੀ ਪਰੰਪਰਿਕ-ਸਰਦਾਰੀ ਨਹੀਂ ਮੰਨੀ ਸੀ। ਆਪਣੀ ਬਾਣੀ ਸੰਸਕ੍ਰਿਤ ਦੀ ਥਾਂ ਆਮ ਬੰਦੇ ਦੀ ਭਾਸ਼ਾ ਵਿਚ ਲਿਖੀ ਸੀ। ਉਨ੍ਹਾਂ ਨੇ ਸਪਸ਼ਟ ਰੂਪ ਵਿਚ ਕਿਹਾ ਸੀ ਕਿ ਉਸ ਨੂੰ ਅਜਿਹੇ ਸੰਤ ਚੰਗੇ ਨਹੀਂ ਲਗਦੇ ਜੋ ਮੂਲ ਨੂੰ ਹੀ ਟਹਿਣੀਆਂ ਸਮੇਤ ਖਾ ਜਾਣ ਤੋਂ ਗੁਰੇਜ਼ ਨਹੀਂ ਕਰਦੇ।ਇਹ ਪਹੁੰਚ, ਅਧਿਆਤਮਿਕ ਪਹਿਲ-ਤਾਜ਼ਗੀ ਨੂੰ ਬਚਾਉਣ ਦੀ ਹੈ ਅਤੇ ਇਸ ਨੂੰ ਕਿਸੇ ਤਰ੍ਹਾਂ ਵੀ ਮਹਿਜ਼ ਧਾਰਮਿਕਤਾ ਤੱਕ ਸੀਮਿਤ ਕਰਕੇ ਨਹੀਂ ਵੇਖਣਾ ਚਾਹੀਦਾ।


rajwinder kaur

Content Editor rajwinder kaur