ਸ਼ਰਮਨਾਕ ! ਸਕੂਲੋਂ ਆ ਰਹੀ ਕੁੜੀ ਨਾਲ ਛੇੜਛਾੜ, ਪੁਲਸ ਨੇ ਮੁਲਜ਼ਮ ਕੀਤਾ ਗ੍ਰਿਫ਼ਤਾਰ
Saturday, May 31, 2025 - 06:15 PM (IST)

ਤਰਨਤਾਰਨ (ਰਮਨ) : ਸਕੂਲ ’ਚ ਪੜ੍ਹਦੀ ਨਾਬਾਲਗ ਲੜਕੀ ਨੂੰ ਤੰਗ ਅਤੇ ਉਸ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਝਬਾਲ ਦੀ ਪੁਲਸ ਨੇ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਔਰਤ ਨੇ ਵਿਧਾਨ ਸਭਾ ਹਲਕਾ ਤਰਨਤਾਰਨ ਅਧੀਨ ਆਉਂਦੇ ਥਾਣੇ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦੀ 15 ਸਾਲਾ ਨਾਬਾਲਗ ਲੜਕੀ, ਜੋ ਸਰਕਾਰੀ ਸਕੂਲ ’ਚ ਪੜ੍ਹਦੀ ਹੈ, ਜਿਸ ਨੂੰ ਇਕ ਲੜਕਾ ਤੰਗ ਕਰਦਾ ਹੈ।
ਉਕਤ ਨੇ ਦੱਸਿਆ ਕਿ 29 ਮਈ ਨੂੰ ਜਦੋਂ ਉਸ ਦੀ ਬੇਟੀ ਸਕੂਲ ਤੋਂ ਵਾਪਸ ਘਰ ਆ ਰਹੀ ਸੀ ਤਾਂ ਗਲੀ ’ਚ ਕੋਈ ਨਾ ਹੋਣ ਕਾਰਨ ਮੋਟਰਸਾਈਕਲ ਉੱਪਰ ਸਵਾਰ ਉਕਤ ਮੁਲਜ਼ਮ ਉਸ ਦੀ ਬੇਟੀ ਨਾਲ ਛੇੜਛਾੜ ਕਰਨ ਲੱਗ ਪਿਆ । ਉਸ ਦੇ ਬੇਟੀ ਵੱਲੋਂ ਰੌਲਾ ਪਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਿਆ। ਇਸ ਤੋਂ ਬਾਅਦ ਉਹ ਉਸ ਦੇ ਘਰ ’ਚ ਤੇਜ਼ਧਾਰ ਹਥਿਆਰਾਂ ਸਮੇਤ ਹੋਰ ਮੁੰਡੇ ਬੁਲਾ ਕੇ ਬੈਠਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਝਬਾਲ ਦੀ ਸਬ-ਇੰਸਪੈਕਟਰ ਰਾਣੀ ਕੌਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।