ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ

02/23/2023 6:47:01 PM

ਨਵੀਂ ਦਿੱਲੀ (ਭਾਸ਼ਾ) – ਘਰੇਲੂ ਸ਼ੇਅਰ ਬਾਜ਼ਾਰ ’ਚ ਕਮਜ਼ੋਰ ਰੁਖ ਦਰਮਿਆਨ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਬੁੱਧਵਾਰ ਨੂੰ ਵੱਡੀ ਗਿਰਾਵਟ ਆਈ। ਸਮੂਹ ਦੀਆਂ ਸਾਰੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰ ਨੁਕਸਾਨ ਨਾਲ ਬੰਦ ਹੋਏ। ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਮੁਲਾਂਕਣ ਬੁੱਧਵਾਰ ਨੂੰ 51,294.04 ਕਰੋੜ ਰੁਪਏ ਘਟ ਗਿਆ। ਬੀ. ਐੱਸ. ਈ. ’ਤੇ ਅਡਾਨੀ ਐਂਟਰਪ੍ਰਾਈਜਿਜ਼ ਦਾ ਸ਼ੇਅਰ 10.43 ਫੀਸਦੀ ਟੁੱਟ ਕੇ 1,404.85 ਰੁਪਏ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 11.94 ਫੀਸਦੀ ਟੁੱਟ ਕੇ 1,381.05 ਰੁਪਏ ਤੱਕ ਆ ਗਿਆ ਸੀ। ਅਡਾਨੀ ਪੋਰਟਸ ਦਾ ਸ਼ੇਅਰ 6.25 ਫੀਸਦੀ, ਅਡਾਨੀ ਪਾਵਰ, ਅਡਾਨੀ ਟ੍ਰਾਂਸਮਿਸ਼ਨ, ਅਡਾਨੀ ਟੋਟਲ ਗੈਸ ਸਾਰਿਆਂ ਦੇ ਸ਼ੇਅਰ 5 ਫੀਸਦੀ ਹੇਠਾਂ ਆ ਗਏ।

ਇਹ ਵੀ ਪੜ੍ਹੋ : ਅਡਾਨੀ ਸਮੂਹ ਦੀ ਕਿਸ਼ਤੀ 'ਚ ਕਈ ਵਿਦੇਸ਼ੀ ਕੰਪਨੀਆਂ ਵੀ ਸਵਾਰ, ਕੀਤਾ ਹੈ ਅਰਬਾਂ ਡਾਲਰ ਦਾ ਨਿਵੇਸ਼

ਅਡਾਨੀ ਗ੍ਰੀਨ ਐਨਰਜੀ ’ਚ 4.99 ਫੀਸਦੀ, ਅਡਾਨੀ ਵਿਲਮਰ ’ਚ 4.99 ਫੀਸਦੀ ਅਤੇ ਅੰਬੂਜਾ ਸੀਮੈਂਟਸ ’ਚ 4.92 ਫੀਸਦੀ ਦੀ ਗਿਰਾਵਟ ਆਈ। ਐੱਨ. ਡੀ. ਟੀ. ਵੀ. 4.13 ਫੀਸਦੀ ਅਤੇ ਏ. ਸੀ. ਸੀ. 3.97 ਫੀਸਦੀ ਨੁਕਸਾਨ ’ਚ ਰਿਹਾ। ਅੱਜ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੇ ਕਰੀਬ 51 ਹਜ਼ਾਰ ਕਰੋੜ ਡੁੱਬ ਗਏ। ਤੁਹਾਨੂੰ ਦੱਸ ਦਈਏ ਕਿ 24 ਜਨਵਰੀ ਨੂੰ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਦੀ ਰਿਪੋਰਟ ਦੇ ਆਉਣ ਤੋਂ ਬਾਅਦ ਗਰੁੱਪ ਦੀਆਂ ਕੰਪਨੀਆਂ ’ਚ ਜ਼ਬਰਦਸਤ ਵਿਕਰੀ ਦੇਖਣ ਨੂੰ ਮਿਲ ਰਹੀ ਹੈ। ਇਸ ਦਰਮਿਆਨ ਇਕ-ਦੋ ਦਿਨ ਸੁਧਾਰ ਦੇਖਣ ਨੂੰ ਮਿਲ ਰਿਹਾ ਸੀ ਪਰ ਅੱਜ ਬਾਜ਼ਾਰ ਦਾ ਮੁੂਡ ਖਰਾਬ ਹੋਣ ਕਾਰਣ ਮੁੜ ਭਿਆਨਕ ਵਿਕਰੀ ਦੇਖਣ ਨੂੰ ਮਿਲੀ। ਇਸ ਨਾਲ ਕਈ ਕੰਪਨੀ ਦੇ ਸ਼ੇਅਰ ’ਚ ਲੋਅਰ ਸਰਕਟ ਲੱਗ ਗਿਆ। ਗੌਤਮ ਅਡਾਨੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਿਛਲੇ 27 ਦਿਨਾਂ ’ਚ ਅਡਾਨੀ ਨੇ ਅੱਧੀ ਨਾਲੋਂ ਵੱਧ ਦੌਲਤ ਗੁਆ ਦਿੱਤੀ ਹੈ। ਕਦੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਰਹੇ ਗੌਤਮ ਅਡਾਨੀ ਦੀ ਦੌਲਤ ਡਿਗ ਕੇ 44.1 ਅਰਬ ਡਾਲਰ ’ਤੇ ਪਹੁੰਚ ਗਈ ਹੈ। ਫੋਰਬਸ ਰੀਅਲ ਟਾਈਮ ਬਿਲੇਨੀਅਰਸ ਲਿਸਟ ’ਚ ਗੌਤਮ ਅਡਾਨੀ ਦੂਜੇ ਨੰਬਰ ਤੋਂ ਡਿਗ ਕੇ 26ਵੇਂ ਸਥਾਨ ’ਤੇ ਪੁੱਜ ਗਏ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ਨੇ ਚੀਨ ਦੀ ਇਕ ਕੰਪਨੀ 'ਤੇ ਲਗਾਇਆ ਹੈ 10 ਲੱਖ ਰੁਪਏ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News