ਜ਼ਹੀਰ ਖਾਨ ਨੂੰ ਦੇਖ ਕੇ ਸਿੱਖਣ ਦੀ ਕੋਸ਼ਿਸ਼ ਕਰਦਾ ਸੀ : ਜੇਮਸ ਐਂਡਰਸਨ
Wednesday, Feb 28, 2024 - 06:51 PM (IST)

ਨਵੀਂ ਦਿੱਲੀ–ਇੰਗਲੈਂਡ ਦੇ ਮਹਾਨ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਕਿਹਾ ਹੈ ਕਿ ਉਸ ਨੇ ਰਿਵਰਸ ਸਵਿੰਗ ਸਮੇਤ ਤੇਜ਼ ਗੇਂਦਬਾਜ਼ੀ ਦੇ ਕੁਝ ਗੁਰ ਭਾਰਤ ਦੇ ਧਾਕੜ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਤੋਂ ਸਿੱਖੇ ਹਨ। ਐਂਡਰਸਨ 41 ਸਾਲ ਦੀ ਉਮਰ ’ਚ ਵੀ ਕੌਮਾਂਤਰੀ ਕ੍ਰਿਕਟ ਖੇਡ ਰਿਹਾ ਹੈ ਤੇ 700 ਟੈਸਟ ਵਿਕਟਾਂ ਲੈਣ ਵਾਲਾ ਦੁਨੀਆ ਦਾ ਪਹਿਲਾ ਤੇਜ਼ ਗੇਂਦਬਾਜ਼ ਬਣਨ ਤੋਂ ਸਿਰਫ 2 ਵਿਕਟਾਂ ਦੂਰ ਹੈ। ਉਸਦੇ ਨਾਂ ਲੱਗਭਗ ਇਕ ਹਜ਼ਾਰ ਕੌਮਾਂਤਰੀ ਵਿਕਟਾਂ ਦਰਜ ਹਨ। ਅਜੇ ਸਿਰਫ ਮਹਾਨ ਸਪਿਨਰ ਮੁਥੱਈਆ ਮੁਰਲੀਧਰਨ ਤੇ ਸਵ. ਸ਼ੇਨ ਵਾਰਨ ਦੇ ਨਾਂ ’ਤੇ 700 ਤੋਂ ਵੱਧ ਟੈਸਟ ਵਿਕਟਾਂ ਹਨ।
ਐਂਡਰਸਨ ਨੇ ਕਿਹਾ,‘‘ਮੈਂ ਜ਼ਹੀਰ ਖਾਨ ਨੂੰ ਕਾਫੀ ਖੇਡਦੇ ਹੋਏ ਦੇਖਿਆ ਹੈ ਤੇ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ ਹੈ। ਉਹ ਕਿਸ ਤਰ੍ਹਾਂ ਰਿਵਰਸ ਸਵਿੰਗ ਦਾ ਇਸਤੇਮਾਲ ਕਰਦਾ ਹੈ, ਜਦੋਂ ਉਹ ਗੇਂਦਬਾਜ਼ੀ ਲਈ ਦੌੜਦਾ ਹੈ ਤਾਂ ਗੇਂਦ ਨੂੰ ਕਿਵੇਂ ਛੁਪਾਉਂਦਾ ਹੈ, ਇਥੋਂ ਉਸਦੇ ਵਿਰੁੱਧ ਖੇਡ ਕੇ ਮੈਂ ਇਹ ਸਿੱਖਣ ਦੀ ਕੋਸ਼ਿਸ਼ ਕੀਤੀ।’’