ਯੁਵਰਾਜ ਸਿੰਘ ਦੀ ਮਾਂ ਨੂੰ ਧਮਕੀਆਂ ਦੇਣ ਵਾਲੀ ਮੁਲਜ਼ਮ ਔਰਤ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

Wednesday, Jul 26, 2023 - 12:43 PM (IST)

ਯੁਵਰਾਜ ਸਿੰਘ ਦੀ ਮਾਂ ਨੂੰ ਧਮਕੀਆਂ ਦੇਣ ਵਾਲੀ ਮੁਲਜ਼ਮ ਔਰਤ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

ਗੁਰੂਗ੍ਰਾਮ- ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਿਕਸਰ ਕਿੰਗ ਯੁਵਰਾਜ ਦੀ ਮਾਂ ਸ਼ਬਨਮ ਸਿੰਘ ਨੂੰ ਧਮਕੀਆਂ ਮਿਲੀਆਂ ਹਨ। ਇਸ ਮਾਮਲੇ 'ਚ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਯੁਵਰਾਜ ਦੀ ਮਾਂ ਨੂੰ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦੇ ਕੇ 40 ਲੱਖ ਰੁਪਏ ਦੀ ਮੰਗ ਕੀਤੀ ਸੀ।

ਪੁਲਸ ਟੀਮ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਔਰਤ ਨੂੰ 5 ਲੱਖ ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਮਾਮਲੇ 'ਚ ਡੀਐੱਲਐੱਫ ਫੇਜ਼-1 ਥਾਣੇ 'ਚ ਐੱਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮ ਔਰਤ ਦੀ ਪਛਾਣ ਹੇਮਾ ਕੌਸ਼ਿਕ ਉਰਫ ਡਿੰਪੀ ਵਜੋਂ ਹੋਈ ਹੈ। ਦੱਸ ਦੇਈਏ ਕਿ ਹੇਮਾ ਨੂੰ ਬਤੌਰ ਕੇਅਰਟੇਕਰ ਵਜੋਂ ਰੱਖਿਆ ਗਿਆ ਸੀ। ਪਰ 20 ਦਿਨਾਂ ਦੇ ਅੰਦਰ ਹੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਮੁਲਜ਼ਮ ਔਰਤ ਨੇ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦਿੱਤੀ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਾਂ ਨੇ ਕਿਹਾ ਸੀ ਕਿ ਉਸਨੇ ਆਪਣੇ ਪੁੱਤਰ ਜ਼ੋਰਾਵਰ ਦੀ ਦੇਖਭਾਲ ਲਈ ਇੱਕ ਮਹਿਲਾ ਮੈਨੇਜਰ/ਕੇਅਰਟੇਕਰ ਨੂੰ ਰੱਖਿਆ ਸੀ। ਪਰ ਉਸਦੇ ਮਾੜੇ ਵਿਵਹਾਰ ਅਤੇ ਕੰਮਾਂ ਕਾਰਨ ਉਸਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਕੰਮ ਤੋਂ ਹਟਾਏ ਜਾਣ ਤੋਂ ਬਾਅਦ ਹੇਮਾ ਨੇ ਉਨ੍ਹਾਂ ਦੇ ਪਰਿਵਾਰ ਨੂੰ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦਿੱਤੀ। ਇਸ ਦੇ ਨਾਲ ਹੀ ਅਕਸ ਖਰਾਬ ਕਰਨ ਦੀ ਧਮਕੀ ਦੇ ਕੇ 40 ਲੱਖ ਰੁਪਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਸਾਤਵਿਕ-ਚਿਰਾਗ ਦੀ ਜੋੜੀ ਰੈਂਕਿੰਗ 'ਚ ਕਰੀਅਰ ਦੇ ਸਰਵੋਤਮ ਦੂਜੇ ਸਥਾਨ 'ਤੇ ਪਹੁੰਚੀ
ਡਿਪਰੈਸ਼ਨ ਨਾਲ ਜੂਝ ਰਿਹੈ ਯੁਵਰਾਜ ਦਾ ਭਰਾ
ਮੁਲਜ਼ਮ ਔਰਤ ਨੂੰ ਮੰਗਲਵਾਰ (25 ਜੁਲਾਈ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਯੁਵਰਾਜ ਦਾ ਘਰ ਡੀਐੱਲਐੱਫ ਫੇਜ਼-1 'ਚ ਹੈ। ਉਸ ਦੀ ਮਾਂ ਸ਼ਬਨਮ ਸਿੰਘ ਨੇ ਥਾਣੇ 'ਚ ਸ਼ਿਕਾਇਤ ਦਿੱਤੀ ਹੈ, ਜਿਸ 'ਚ ਉਸ ਨੇ ਕਿਹਾ ਹੈ ਕਿ ਸਾਲ 2022 'ਚ ਹੇਮਾ ਨੂੰ ਯੁਵਰਾਜ ਦੇ ਭਰਾ ਜ਼ੋਰਾਵਰ ਦੀ ਦੇਖਭਾਲ ਲਈ ਰੱਖਿਆ ਗਿਆ ਸੀ। ਜ਼ੋਰਾਵਰ ਪਿਛਲੇ ਕਈ ਸਾਲਾਂ ਤੋਂ ਡਿਪਰੈਸ਼ਨ ਨਾਲ ਜੂਝ ਰਿਹਾ ਸੀ। ਸ਼ਬਨਮ ਨੇ ਦੱਸਿਆ ਕਿ ਹੇਮਾ ਨੂੰ 20 ਦਿਨਾਂ ਬਾਅਦ ਹੀ ਕੰਮ ਤੋਂ ਹਟਾ ਦਿੱਤਾ ਗਿਆ।
ਪ੍ਰੋਫੈਸ਼ਨਲ ਨਾ ਹੋਣ ਕਾਰਨ ਹੇਮਾ ਨੂੰ ਕੱਢਿਆ 
ਹੇਮਾ ਨੂੰ ਕੰਮ ਤੋਂ ਹਟਾਉਣ ਦਾ ਕਾਰਨ ਇਹ ਦੱਸਿਆ ਗਿਆ ਕਿ ਉਹ ਪ੍ਰੋਫੈਸ਼ਨਲ ਨਹੀਂ ਸੀ। ਇਸ ਦੇ ਨਾਲ ਹੀ ਉਹ ਜ਼ੋਰਾਵਰ ਸਿੰਘ ਨੂੰ ਆਪਣੇ ਜਾਲ 'ਚ ਫਸਾ ਰਹੀ ਸੀ। ਸ਼ਬਨਮ ਸਿੰਘ ਨੇ ਸ਼ਿਕਾਇਤ 'ਚ ਦੱਸਿਆ ਕਿ ਮਈ 2023 'ਚ ਹੇਮਾ ਉਰਫ਼ ਡਿੰਪੀ ਨੇ ਉਨ੍ਹਾਂ ਨੂੰ ਵਟਸਐਪ ਮੈਸੇਜ 'ਤੇ ਕਾਲ ਕਰਨੀ ਸ਼ੁਰੂ ਕਰ ਦਿੱਤੀ। ਜਿਸ 'ਚ ਉਸ ਨੇ ਧਮਕੀ ਦਿੱਤੀ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਝੂਠੇ ਕੇਸ 'ਚ ਫਸਾ ਕੇ ਬਦਨਾਮ ਕਰੇਗੀ। ਇਸ ਦੇ ਬਦਲੇ ਹੇਮਾ ਨੇ 40 ਲੱਖ ਰੁਪਏ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ-ਵਿਸ਼ਵ ਕੱਪ 'ਚ ਮਾਂ ਬਣਨ ਤੋਂ ਬਾਅਦ ਵਾਪਸੀਆਂ ਕਰਨਗੀਆਂ 3 ਖਿਡਾਰਨਾਂ, ਫੀਫਾ ਨੇ 2019 ਮਗਰੋਂ ਕੀਤੇ ਵੱਡੇ ਬਦਲਾਅ
ਪਰਿਵਾਰ ਨੂੰ ਬਦਨਾਮ ਕਰਨ ਦੀ ਦਿੱਤੀ ਸੀ ਧਮਕੀ 
19 ਜੁਲਾਈ ਨੂੰ ਹੇਮਾ ਕੌਸ਼ਿਕ ਨੇ ਇਕ ਵਟਸਐਪ ਮੈਸੇਜ 'ਚ ਧਮਕੀ ਦਿੱਤੀ ਸੀ ਕਿ ਉਹ 23 ਜੁਲਾਈ ਨੂੰ ਕੇਸ ਦਾਇਰ ਕਰੇਗੀ। ਇਸ ਤੋਂ ਬਾਅਦ ਪੂਰੇ ਪਰਿਵਾਰ ਦੀ ਬਦਨਾਮੀ ਹੋ ਜਾਵੇਗੀ। ਸ਼ਬਨਮ ਨੇ ਹੇਮਾ ਨੂੰ ਕਿਹਾ ਕਿ ਇਹ ਰਕਮ ਬਹੁਤ ਵੱਡੀ ਹੈ ਅਤੇ ਇਸ ਨੂੰ ਇਕੱਠਾ ਕਰਨ ਲਈ ਸਮਾਂ ਮੰਗਿਆ। ਸੋਮਵਾਰ ਤੱਕ 5 ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਮੰਗਲਵਾਰ ਨੂੰ ਇਸ ਨੂੰ ਟਾਲ ਦਿੱਤਾ ਗਿਆ।
ਮੰਗਲਵਾਰ ਨੂੰ ਜਦੋਂ ਮੁਲਜ਼ਮ ਔਰਤ ਹੇਮਾ 5 ਲੱਖ ਰੁਪਏ ਲੈਣ ਪਹੁੰਚੀ ਤਾਂ ਪੁਲਸ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਡੀਐੱਲਐੱਫ ਫੇਜ਼-1 ਥਾਣੇ 'ਚ ਨਾਜਾਇਜ਼ ਵਸੂਲੀ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਬਾਅਦ 'ਚ ਹੇਮਾ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Aarti dhillon

Content Editor

Related News