WPL 2024 : ਟੁੱਟੀ RCB ਦੀ ਜਿੱਤ ਦੀ ਲੈਅ, ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ DC ਨੇ 25 ਦੌੜਾਂ ਨਾਲ ਹਰਾਇਆ
Friday, Mar 01, 2024 - 01:03 AM (IST)
ਸਪੋਰਟਸ ਡੈਸਕ- ਕਪਤਾਨ ਸਮ੍ਰਿਤੀ ਮੰਧਾਨਾ ਦੀ ਸ਼ਾਨਦਾਰ ਅਰਧ-ਸੈਂਕੜੇ ਵਾਲੀ ਪਾਰੀ ਵੀ ਰਾਇਲ ਚੈਲੰਜਰਸ ਬੈਂਗਲੁਰੂ (ਆਰ.ਸੀ.ਬੀ.) ਦੇ ਕੰਮ ਨਾ ਆ ਸਕੀ, ਜਿਸ ਨਾਲ ਦਿੱਲੀ ਕੈਪੀਟਲਸ ਮਹਿਲਾ ਟੀਮ ਨੇ ਵੀਰਵਾਰ ਨੂੰ ਇਥੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਟੀ-20 ਮੈਚ ’ਚ 25 ਦੌੜਾਂ ਨਾਲ ਜਿੱਤ ਦਰਜ ਕੀਤੀ।
ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (50 ਦੌੜਾਂ) ਦੇ ਤੇਜ਼ ਤਰਾਰ ਅਰਧ-ਸੈਂਕੜੇ ਨਾਲ ਦਿੱਲੀ ਕੈਪੀਟਲਸ ਨੇ 5 ਵਿਕਟਾਂ ’ਤੇ 194 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸ ਤੋਂ ਬਾਅਦ ਮੰਧਾਨਾ ਨੇ 43 ਗੇਂਦਾਂ ’ਚ 74 ਦੌੜਾਂ ਦੀ ਤੇਜ਼ ਪਾਰੀ ਖੇਡੀ, ਜਿਸ ਵਿਚ 10 ਚੌਕੇ ਅਤੇ 3 ਛੱਕੇ ਸ਼ਾਮਲ ਸਨ, ਪਰ ਮੰਧਾਨਾ ਦੇ ਅਰਧ-ਸੈਂਕੜੇ ਦੇ ਬਾਵਜੂਦ ਰਾਇਲ ਚੈਲੰਜਰਸ ਬੈਂਗਲੁਰੂ ਦੀ ਟੀਮ 9 ਵਿਕਟਾਂ ’ਤੇ 169 ਦੌੜਾਂ ਹੀ ਬਣਾ ਸਕੀ।
ਇਸ ਤਰ੍ਹਾਂ ਪਹਿਲੇ 2 ਮੈਚਾਂ ’ਚ ਜਿੱਤ ਦਰਜ ਕਰਨ ਵਾਲੀ ਆਰ.ਸੀ.ਬੀ. ਦੀ ਜਿੱਤ ਦੀ ਲੈਅ ਟੁੱਟ ਗਈ। ਮੰਧਾਨਾ ਤੋਂ ਇਲਾਵਾ ਹੋਰ ਬੱਲੇਬਾਜ਼ ਚੰਗੀ ਸ਼ੁਰੂਆਤ ਦੇ ਬਾਵਜੂਦ ਵੱਡੀ ਪਾਰੀ ਨਹੀਂ ਖੇਡ ਸਕੀ। ਮੰਧਾਨਾ ਅਤੇ ਸੋਫੀ ਡਿਵਾਈਨ (23) ਨੇ ਪਹਿਲੀ ਵਿਕਟ ਲਈ 77 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਚੰਗੀ ਸ਼ੁਰੂਆਤ ਕਰਾਈ, ਜਿਸ ਕਾਰਨ ਟੀਚਾ ਜ਼ਿਆਦਾ ਵੱਡਾ ਨਹੀਂ ਲੱਗ ਰਿਹਾ ਸੀ।
9ਵੇਂ ਓਵਰ ’ਚ ਡਿਵਾਈਨ ਦੇ ਆਊਟ ਹੋਣ ’ਤੇ ਇਹ ਪਾਰਟਨਰਸ਼ਿਪ ਟੁੱਟ ਗਈ, ਜਿਸ ਤੋਂ ਬਾਅਦ ਮੰਧਾਨਾ ਨੇ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ (13 ਗੇਂਦ, 19 ਦੌੜਾਂ, 2 ਛੱਕੇ) ਦੇ ਨਾਲ 45 ਦੌੜਾਂ ਜੋੜੀਆਂ ਪਰ ਉਹ ਮਰੀਜੇਨ ਕੈਪ ਦੀ ਗੇਂਦ ’ਤੇ ਬੋਲਡ ਹੋ ਗਈ। ਘੋਸ਼ ਨੇ ਲਗਾਤਾਰ 2 ਛੱਕੇ ਜੜ ਕੇ ਉਮੀਦਾਂ ਜਗਾਈਆਂ ਪਰ 15ਵੇਂ ਓਵਰ ਦੀ ਪਹਿਲੀ ਗੇਂਦ ’ਤੇ ਆਊਟ ਹੋਈ।
ਇਸ ਤੋਂ ਪਹਿਲਾਂ ਸ਼ੈਫਾਲੀ ਨੇ 31 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਪਾਰੀ ਦੌਰਾਨ 3 ਚੌਕੇ ਅਤੇ 4 ਛੱਕੇ ਮਾਰੇ। ਉਸ ਨੇ ਕਪਤਾਨ ਮੇਗ ਲੇਨਿੰਗ ਦੇ ਸ਼ੁਰੂ ’ਚ ਹੀ ਆਊਟ ਹੋਣ ਤੋਂ ਬਾਅਦ ਏਲੀਸ ਕੈਪਸੇ (6 ਦੌੜਾਂ) ਨਾਲ ਮਿਲ ਕੇ ਦੂਸਰੀ ਵਿਕਟ ਲਈ 82 ਦੌੜਾਂ ਦੀ ਪਾਰਟਨਰਸ਼ਿਪ ਨਿਭਾਈ।
ਮਰਿਜਾਨੇ ਕਾਪ ਨੇ 16 ਗੇਂਦਾਂ ’ਚ 2 ਚੌਕੇ ਅਤੇ 3 ਛੱਕਿਆਂ ਨਾਲ 32 ਦੌੜਾਂ ਤੇ ਜੇਸਨ ਜੋਨਾਸੇਲ ਨੇ 16 ਗੇਂਦਾਂ ’ਚ 4 ਚੌਕੇ ਅਤੇ 2 ਛੱਕਿਆਂ ਨਾਲ ਅਜੇਤੂ 36 ਦੌੜਾਂ ਬਣਾਈਆਂ। ਇਨ੍ਹਾਂ ਦੋਨਾਂ ਨੇ 5ਵੀਂ ਵਿਕਟ ਲਈ 58 ਦੌੜਾਂ ਦੀ ਪਾਰਟਨਰਸ਼ਿਪ ਕੀਤੀ।
ਰਾਇਲ ਚੈਲੰਜਰਸ ਬੈਂਗਲੁਰੂ ਨੂੰ ਆਲ ਰਾਊਂਡਰ ਏਲਿਸ ਪੈਰੀ ਦੇ ਬੀਮਾਰ ਹੋਣ ਕਾਰਨ ਆਰਾਮ ਕਰਨਾ ਪਿਆ ਅਤੇ ਉਸ ਦੀ ਜਗ੍ਹਾ ਨਾਦਿਨੇ ਡੀ ਕਲਾਰਕ ਨੂੰ ਸ਼ਾਮਿਲ ਕੀਤਾ ਗਿਆ ਸੀ। ਸ਼ੈਫਾਲੀ ਨੇ ਇਸ ਸੈਸ਼ਨ ’ਚ ਦੂਸਰਾ ਅਰਧ-ਸੈਂਕੜਾ ਆਫ ਸਪਿਨਰ ਸ਼੍ਰੇਯਕਾ ’ਤੇ ਮਿਡ ਵਿਕਟ ’ਤੇ ਛੱਕਾ ਜੜ ਕੇ ਪੂਰਾ ਕੀਤਾ ਪਰ ਉਹ ਅਗਲੀ ਹੀ ਗੇਂਦ ’ਤੇ ਆਊਟ ਹੋ ਗਈ।
ਦਿੱਲੀ ਦੀ ਮੈਰੀਜ਼ੇਨ ਕੈਪ ਨੂੰ ਉਸ ਦੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਲਈ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ। ਉਸ ਨੇ 16 ਗੇਂਦਾਂ 'ਚ 32 ਦੌੜਾਂ ਬਣਾਉਣ ਤੋਂ ਇਲਾਵਾ 2 ਬੱਲੇਬਾਜ਼ਾਂ ਨੂੰ ਆਊਟ ਵੀ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e