ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਦਿੱਲੀ ਨੇ ਮੁੰਬਈ ਨੂੰ ਹਰਾਇਆ, ਪੁਆਇੰਟ ਟੇਬਲ ''ਚ ਚੋਟੀ ਦਾ ਸਥਾਨ ਕੀਤਾ ਮਜ਼ਬੂਤ
Wednesday, Mar 06, 2024 - 01:01 AM (IST)
ਸਪੋਰਟਸ ਡੈਸਕ– ਕਪਤਾਨ ਮੇਗ ਲੈਨਿੰਗ ਤੇ ਜੇਮਿਮਾ ਰੋਡ੍ਰਿਗੇਜ਼ ਦੇ ਤੂਫਾਨੀ ਅਰਧ ਸੈਂਕੜਿਆਂ ਤੋਂ ਬਾਅਦ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ-2024 ਟੀ-20 ਮੈਚ ’ਚ ਮੰਗਲਵਾਰ ਨੂੰ ਮੁੰਬਈ ਇੰਡੀਅਨਜ਼ ਨੂੰ 29 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ।
ਦਿੱਲੀ ਕੈਪੀਟਲਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ’ਤੇ 192 ਦੌੜਾਂ ਬਣਾਉਣ ਤੋਂ ਬਾਅਦ ਮੁੰਬਈ ਦੀ ਪਾਰੀ ਨੂੰ 8 ਵਿਕਟਾਂ ’ਤੇ 163 ਦੌੜਾਂ ’ਤੇ ਰੋਕ ਦਿੱਤਾ। ਦਿੱਲੀ ਦੀ ਇਹ 5 ਮੈਚਾਂ ’ਚੋਂ ਚੌਥੀ ਜਿੱਤ ਹੈ ਤੇ ਟੀਮ 8 ਅੰਕਾਂ ਨਾਲ ਅੰਕ ਸੂਚੀ ’ਚ ਚੋਟੀ ’ਤੇ ਹੈ। ਮੁੰਬਈ ਦੀ ਇਹ 5 ਮੈਚਾਂ ’ਚ ਦੂਜੀ ਹਾਰ ਹੈ।
ਇਸ ਤੋਂ ਪਹਿਲਾਂ ਲੈਨਿੰਗ ਨੇ 6 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 38 ਗੇਂਦਾਂ 'ਚ 53 ਦੌੜਾਂ ਦੀ ਪਾਰੀ ਖੇਡੀ। ਮੌਜੂਦਾ ਸੈਸ਼ਨ ਵਿਚ ਆਪਣੇ ਤੀਜੇ ਅਰਧ ਸੈਂਕੜੇ ਦੇ ਨਾਲ ਉਸ ਨੇ ਤਿੰਨ ਉਪਯੋਗੀ ਸਾਂਝੇਦਾਰੀਆਂ ਕੀਤੀਆਂ। ਜੇਮਿਮਾ ਨੇ ਇਸ ਤੋਂ ਬਾਅਦ 33 ਗੇਂਦਾਂ ’ਚ 8 ਚੌਕੇ ਤੇ 3 ਛੱਕੇ ਲਾ ਕੇ ਅਜੇਤੂ 69 ਦੌੜਾਂ ਬਣਾਈਆਂ ਤੇ ਟੀਮ ਨੂੰ 200 ਦੌੜਾਂ ਦੇ ਨੇੜੇ ਪਹੁੰਚਿਆ। ਸ਼ੈਫਾਲੀ ਵਰਮਾ (28) ਤੇ ਐਲਿਸ ਕੈਪਸੀ (19) ਨੇ ਵੀ ਹਮਲਾਵਰ ਪਾਰੀਆਂ ਖੇਡੀਆਂ।
ਟੀਚੇ ਦਾ ਬਚਾਅ ਕਰਦਿਆਂ ਮੈਰੀਜੇਨ ਕੈਪ ਤੇ ਸ਼ਿਖਾ ਪਾਂਡੇ ਨੇ ਸ਼ੁਰੂਆਤੀ ਦੋ ਓਵਰਾਂ ਵਿਚ ਕ੍ਰਮਵਾਰ ਯਸਤਿਕਾ ਭਾਟੀਆ (6) ਤੇ ਨੈਟ ਸਾਇਵਰ ਬ੍ਰੰਟ (5) ਨੂੰ ਚਲਦਾ ਕਰ ਕੇ ਦਿੱਲੀ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਦੂਜੇ ਪਾਸੇ ਤੋਂ ਹੈਲੀ ਮੈਥਿਊਜ਼ ਨੇ ਤਿੰਨ ਚੌਕੇ ਲਾ ਕੇ ਮੁੰਬਈ ਦੀ ਰਨ ਰੇਟ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਮੈਰੀਜੇਨ ਨੇ ਕਪਤਾਨ ਹਰਮਨਪ੍ਰੀਤ ਕੌਰ (6) ਨੂੰ ਪੈਵੇਲੀਅਨ ਦਾ ਰਸਤਾ ਦਿਖਾ ਕੇ ਦਿੱਲੀ ਨੂੰ ਵੱਡੀ ਸਫਲਤਾ ਦਿਵਾਈ। ਆਖਿਰ ਵਿਚ ਮੁੰਬਈ 8 ਵਿਕਟਾਂ ’ਤੇ 163 ਦੌੜਾਂ ਹੀ ਬਣਾ ਸਕੀ।
33 ਗੇਂਦਾਂ 'ਚ 8 ਚੌਕੇ ਤੇ 3 ਛੱਕੇ ਲਗਾ ਕੇ ਅਜੇਤੂ 69 ਦੌੜਾਂ ਬਣਾਉਣ ਵਾਲੀ ਦਿੱਲੀ ਦੀ ਬੱਲੇਬਾਜ਼ ਜੇਮਿਮਾ ਰੋਡਰਿਗੇਜ਼ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e