ਮਹਿਲਾ ਵਿਸ਼ਵ ਕੱਪ ਚੈਂਪੀਅਨ ਨੂੰ ਮਿਲੇਗੀ ਲਗਭਗ 40 ਕਰੋੜ ਰੁਪਏ ਦੀ ਇਨਾਮੀ ਰਾਸ਼ੀ

Tuesday, Sep 02, 2025 - 01:45 PM (IST)

ਮਹਿਲਾ ਵਿਸ਼ਵ ਕੱਪ ਚੈਂਪੀਅਨ ਨੂੰ ਮਿਲੇਗੀ ਲਗਭਗ 40 ਕਰੋੜ ਰੁਪਏ ਦੀ ਇਨਾਮੀ ਰਾਸ਼ੀ

ਦੁਬਈ– ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿਚ 30 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਮਹਿਲਾ ਵਨ ਡੇ ਵਿਸ਼ਵ ਕੱਪ ਵਿਚ ਜੇਤੂ ਟੀਮ ਨੂੰ 44.80 ਲੱਖ ਡਾਲਰ (ਲਗਭਗ 40 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਮਿਲੇਗੀ ਜਿਹੜੀ ਕਿ ਇਸ ਟੂਰਨਾਮੈਂਟ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੋਵੇਗੀ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜੇਤੂ ਟੀਮ ਲਈ ਇਨਾਮੀ ਰਾਸ਼ੀ ਵਿਚ 13.20 ਲੱਖ ਡਾਲਰ (ਲੱਗਭਗ 11.65 ਕਰੋੜ ਰੁਪਏ) ਦਾ ਵਾਧਾ ਕੀਤਾ ਗਿਆ ਹੈ।

ਮਹਿਲਾ ਵਨ ਡੇ ਵਿਸ਼ਵ ਕੱਪ ਵਿਚ 8 ਟੀਮਾਂ ਹਿੱਸਾ ਲੈਣਗੀਆਂ ਤੇ ਇਸਦੀ ਕੁੱਲ ਇਨਾਮੀ ਰਾਸ਼ੀ ਵਿਚ ਲਗਭਗ 4 ਗੁਣਾ ਵਾਧਾ ਕੀਤਾ ਗਿਆ ਹੈ। ਆਈ. ਸੀ. ਸੀ. ਨੇ ਇਸ ਪ੍ਰਤੀਯੋਗਿਤਾ ਲਈ ਕੁੱਲ ਇਨਾਮੀ ਰਾਸ਼ੀ 13.88 ਮਿਲੀਅਨ ਡਾਲਰ (ਲੱਗਭਗ 122.5 ਕਰੋੜ ਰੁਪਏ) ਐਲਾਨ ਕੀਤੀ ਹੈ। ਆਈ. ਸੀ. ਸੀ. ਨੇ ਇਕ ਬਿਆਨ ਵਿਚ ਕਿਹਾ ਕਿ ਆਈ. ਸੀ. ਸੀ. ਨੇ ਮਹਿਲਾ ਕ੍ਰਿਕਟ ਲਈ ਇਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ ਕਿਉਂਕਿ ਚੈਂਪੀਅਨ ਨੂੰ ਰਿਕਾਰਡ 44.8 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ।

ਨਿਊਜ਼ੀਲੈਂਡ ਵਿਚ ਖੇਡੇ ਗਏ ਪਿਛਲੇ ਮਹਿਲਾ ਵਨ ਡੇ ਵਿਸ਼ਵ ਕੱਪ ਦੀ ਕੁੱਲ ਇਨਾਮੀ ਰਾਸ਼ੀ ਲੱਗਭਗ 31 ਕਰੋੜ ਰੁਪਏ ਸੀ ਤੇ ਇਸ ਤਰ੍ਹਾਂ ਨਾਲ ਹੁਣ ਇਸ ਰਾਸ਼ੀ ਵਿਚ ਲੱਗਭਗ 297 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਮਹਿਲਾ ਵਨ ਡੇ ਵਿਸ਼ਵ ਕੱਪ ਦੀ ਕੁੱਲ ਇਨਾਮੀ ਰਾਸ਼ੀ ਆਈ. ਸੀ. ਸੀ. ਪੁਰਸ਼ ਵਨ ਡੇ ਵਿਸ਼ਵ ਕੱਪ 2023 ਦੀ ਇਨਾਮੀ ਰਾਸ਼ੀ ਤੋਂ ਵੱਧ ਹੈ, ਜਿਸ ਦੀ ਕੁੱਲ ਇਨਾਮੀ ਰਾਸ਼ੀ 10 ਮਿਲੀਅਨ ਡਾਲਰ (ਲੱਗਭਗ 88.26 ਕਰੋੜ ਰੁਪਏ) ਸੀ। ਮਹਿਲਾ ਵਨ ਡੇ ਵਿਸ਼ਵ ਕੱਪ ਦੀ ਉਪ ਜੇਤੂ ਨੂੰ ਹੁਣ 2.24 ਮਿਲੀਅਨ ਡਾਲਰ (ਲੱਗਭਗ 19.77 ਕਰੋੜ ਰੁਪਏ) ਜਦਕਿ ਸੈਮੀਫਾਈਨਲ ਵਿਚ ਹਾਰ ਜਾਣ ਵਾਲੀਆਂ ਟੀਮਾਂ ਨੂੰ 1.12 ਮਿਲੀਅਨ ਡਾਲਰ (ਲੱਗਭਗ 9.89 ਕਰੋੜ ਰੁਪਏ) ਮਿਲਣਗੇ।

ਗਰੁੱਪ ਪੜਾਅ ਵਿਚ ਜਿੱਤ ਦਰਜ ਕਰਨ ’ਤੇ ਟੀਮਾਂ ਨੂੰ 34,314 ਡਾਲਰ (ਲਗਭਗ 30.29 ਲੱਖ ਰੁਪਏ) ਮਿਲਣਗੇ। 5ਵੇਂ ਤੇ 6ਵੇਂ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ 7,00,000 ਡਾਲਰ (ਲੱਗਭਗ 62 ਲੱਖ ਰੁਪਏ) ਤੇ 7ਵੇਂ ਤੇ 8ਵੇਂ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ 2,80,000 ਡਾਲਰ (ਲੱਗਭਗ 24.71 ਲੱਖ ਰੁਪਏ) ਮਿਲਣਗੇ। ਹਰੇਕ ਮੁਕਾਬਲੇਬਾਜ਼ ਟੀਮ ਨੂੰ 2,50,000 ਡਾਲਰ (ਲੱਗਭਗ 22 ਲੱਖ ਰੁਪਏ) ਮਿਲਣਗੇ। ਆਈ. ਸੀ. ਸੀ. ਨੇ ਕਿਹਾ ਕਿ ਇਸ ਕਦਮ ਦਾ ਟੀਚਾ ਦੁਨੀਆ ਭਰ ਵਿਚ ਮਹਿਲਾ ਕ੍ਰਿਕਟ ਦੀ ਪ੍ਰਸਿੱਧੀ ਵਧਾਉਣਾ ਤੇ ਉਸ ਨੂੰ ਪੁਰਸ਼ ਕ੍ਰਿਕਟ ਦੇ ਬਰਾਬਰ ਲਿਆਉਣਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News