ਨਹੀਂ ਹਟਿਆ ਦੱਖਣੀ ਅਫਰੀਕਾ ਤੋਂ ''ਚੋਕਰਸ'' ਦਾ ਟੈਗ'', ਕੀਵੀਆਂ ਨੇ ਜਿੱਤਿਆ ਆਪਣਾ ''ਪਹਿਲਾ'' ਵਿਸ਼ਵ ਕੱਪ ਖ਼ਿਤਾਬ

Sunday, Oct 20, 2024 - 10:46 PM (IST)

ਸਪੋਰਟਸ ਡੈਸਕ- ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 32 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਖ਼ਿਤਾਬ 'ਤੇ ਕਬਜ਼ਾ ਕੀਤਾ ਹੈ। ਇਹ ਨਿਊਜ਼ੀਲੈਂਡ ਦਾ ਪੁਰਸ਼ ਤੇ ਮਹਿਲਾ, ਦੋਵਾਂ ਟੀਮਾਂ ਦਾ ਪਹਿਲਾ ਵਿਸ਼ਵ ਕੱਪ ਖ਼ਿਤਾਬ ਹੈ। 

ਦੱਖਣੀ ਅਫਰੀਕਾ ਵੱਲੋਂ ਦਿੱਤੇ ਗਏ 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਤੇ ਟੀਮ ਨੂੰ ਕਪਤਾਨ ਲੌਰਾ ਵੋਲਵਾਰਟ (33) ਤੇ ਤਜ਼ਮੀਨ ਬ੍ਰਿਟਸ (17) ਨੇ ਤੇਜ਼ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕੀਤੀ। 

PunjabKesari

ਇਨ੍ਹਾਂ ਤੋਂ ਬਾਅਦ ਕਲੋਈ ਟ੍ਰਾਇਨ (14) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਨੂੰ ਪਾਰ ਨਾ ਕਰ ਸਕੀ ਤੇ ਉਹ ਨਿਊਜ਼ੀਲੈਂਡ ਦੀਆਂ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਈਆਂ। ਅੰਤ ਅਫਰੀਕੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ 126 ਦੌੜਾਂ ਹੀ ਬਣਾ ਸਕੀ ਤੇ 32 ਦੌੜਾਂ ਨਾਲ ਖ਼ਿਤਾਬੀ ਮੁਕਾਬਲਾ ਹਾਰ ਗਈ। 

ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਤਰ੍ਹਾਂ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਨਿਊਜ਼ੀਲੈਂਡ ਦੀ ਟੀਮ ਨੇ ਅਮੀਲੀਆ ਕੇਰ (43), ਬਰੁੱਕ ਹੈਲੀਡੇ (38) ਤੇ ਸੂਜ਼ੀ ਬੇਟਸ (32) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 158 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ ਤੇ ਦੱਖਣੀ ਅਫਰੀਕਾ ਨੂੰ ਖ਼ਿਤਾਬ ਜਿੱਤਣ ਲਈ 159 ਦੌੜਾਂ ਦਾ ਟੀਚਾ ਦਿੱਤਾ ਸੀ। 

ਦੱਖਣੀ ਅਫਰੀਕਾ ਵੱਲੋਂ ਨੋਂਕੁਲੁਲੇਕੋ ਮਲਾਬਾ ਨੇ 2 ਬੱਲੇਬਾਜ਼ਾਂ ਨੂੰ ਆਊਟ ਕੀਤਾ, ਜਦਕਿ ਅਯਾਬੋਂਗਾ ਖਾਕਾ, ਕਲੋਈ ਟ੍ਰਾਇਨ ਤੇ ਨਾਡਾਇਨ ਡੀ ਕਲਰਕ ਨੂੰ 1-1 ਵਿਕਟ ਮਿਲੀ।


Harpreet SIngh

Content Editor

Related News